ਛੱਤੀਸਗੜ੍ਹ ਵਿੱਚ ਦੇਸ਼ ਦੇ ਪਹਿਲੇ ਕਬਾਇਲੀ ਸੈਰ-ਸਪਾਟਾ ਸਰਕਿਟ ਦਾ ਅੱਜ ਹੋਵੇਗਾ ਆਗਾਜ਼

ਸਵਦੇਸ਼ ਦਰਸ਼ਨ ਸਕੀਮ ਦੇ ਤਹਿਤ ਦੇਸ਼ ਦੇ ਪਹਿਲੇ ਕਬਾਇਲੀ ਸੈਰ-ਸਪਾਟਾ ਸਰਕਿਟ ਪਰਿਯੋਜਨਾ ਦੀ ਸ਼ੁਰੂਆਤ ਅੱਜ ਛੱਤੀਸਗੜ੍ਹ ਦੇ ਗੰਗਰੇਲ ਵਿੱਚ ਕੀਤੀ ਜਾਵੇਗੀ। ਕੇਂਦਰੀ ਸੈਰ-ਸਪਾਟਾ ਮੰਤਰੀ ਕੇ.ਜੇ.ਅਲਫੋਂਸ ਇਸ ਪ੍ਰੋਜੈਕਟ ਦਾ ਰਸਮੀ ਉਦਘਾਟਨ ਕਰਨਗੇ। ਜ਼ਿਕਰਯੋਗ ਹੈ ਕਿ ਇਸ ਸਰਕਿਟ ਵਿੱਚ ਛੱਤੀਸਗੜ੍ਹ ਦੀਆਂ 13 ਥਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਨ੍ਹਾਂ ਥਾਵਾਂ ਵਿੱਚ ਜਸ਼ਪੁਰ, ਕੁੰਕੁਰੀ, ਮੇਨਪਤ, ਕਮਲੇਸ਼ਪੁਰ, ਮਹੇਸ਼ਪੁਰ, ਕੁਰਦਾਰ, ਸਰੋਦਾਦਦਾਰ, ਗੰਗਰੇਲ, ਕੋਂਡਾਗਾਓਂ, ਨਥੀਆ ਨਵਾਗਾਂਵ, ਜਗਦਲਪੁਰ, ਚਿਤਰਕੂਟ ਅਤੇ ਤੀਰਥਗੜ੍ਹ ਵਰਗੇ ਮਹੱਤਵਪੂਰਨ ਇਲਾਕੇ ਸ਼ਾਮਿਲ ਹਨ।

ਕਾਬਿਲੇਗੌਰ ਹੈ ਕਿ ਦੇਸ਼ ਦਰਸ਼ਨ ਯੋਜਨਾ ਦੀ ਸ਼ੁਰੂਆਤ 2014-15 ਵਿੱਚ ਕੀਤੀ ਗਈ ਸੀ ਅਤੇ ਇਸ ਦਾ ਮਕਸਦ ਇੱਕ ਯੋਜਨਾਬੱਧ ਤਰੀਕੇ ਨਾਲ ਦੇਸ਼ ਵਿੱਚ ਸੈਰ-ਸਪਾਟੇ ਦੀਆਂ ਸਹੂਲਤਾਂ ਨੂੰ ਵਿਕਸਿਤ ਕਰਨਾ ਹੈ।

ਮਿਲੀ ਜਾਣਕਾਰੀ ਮੁਤਾਬਿਕ ਇਸ ਸੰਬੰਧੀ ਮੰਤਰਾਲੇ ਨੇ ਹਾਲੇ ਤੱਕ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਛੇ ਹਜ਼ਾਰ ਕਰੋੜ ਰੁਪਏ ਦੀਆਂ 74 ਪਰਿਯੋਜਨਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।ਇਨ੍ਹਾਂ ਵਿੱਚੋਂ 30 ਪਰਿਯੋਜਨਾਵਾਂ ਦੇ ਇਸ ਸਾਲ ਪੂਰਾ ਹੋਣ ਦੀ ਉਮੀਦ ਹੈ। ਇਸ ਯੋਜਨਾ ਦੇ ਤਹਿਤ ਮੰਤਰਾਲੇ ਨੇ ਨਾਗਾਲੈਂਡ, ਤੇਲੰਗਾਨਾ ਅਤੇ ਛੱਤੀਸਗੜ੍ਹ ਦੀਆਂ 380 ਕਰੋੜ ਰੁਪਏ ਦੀਆਂ 4 ਪਰਿਯੋਜਨਾਵਾਂ ਨੂੰ ਮਨਜ਼ੂਰੀ ਦਿੱਤੀ ਹੈ।