ਬੰਗਲਾਦੇਸ਼ ਦੇ ਲਈ ਭਾਰਤ ਦੇ ਰੇਲ ਅਤੇ ਬਿਜਲੀ ਸਪਲਾਈ ਪ੍ਰੋਜੈਕਟ

ਇੱਕ ਮਹੱਤਵਪੂਰਣ ਗਤੀਵਿਧੀ ਦੇ ਤੌਰ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੰਗਲਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਸਾਂਝੇ ਤੌਰ ਤੇ ਤਿੰਨ ਵਿਕਾਸ ਸੰਬੰਧੀ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ।  ਜ਼ਿਕਰਯੋਗ ਹੈ ਕਿ ਇਸ ਮੌਕੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਕੁਮਾਰ ਦੇਬ ਵੀ ਹਾਜ਼ਿਰ ਸਨ।

ਬੰਗਲਾਦੇਸ਼ ਦੇ ਵਿਕਾਸ ਸੰਬੰਧੀ ਪ੍ਰੋਜੈਕਟਾਂ ਵਿੱਚ ਭਾਰਤ ਤੋਂ ਬੰਗਲਾਦੇਸ਼ ਨੂੰ 500 ਮੈਗਾਵਾਟ ਬਿਜਲੀ ਦੀ ਵਾਧੂ ਸਪਲਾਈ ਅਤੇ ਦੋ ਰੇਲ ਪ੍ਰੋਜੈਕਟ ਸ਼ਾਮਿਲ ਹਨ। ਕਾਬਿਲੇਗੌਰ ਹੈ ਕਿ ਇਸ ਵਿੱਚ ਅਖੌਰਾ-ਅਗਰਤਲਾ ਰੇਲ ਸੰਪਰਕ ਅਤੇ ਬੰਗਲਾਦੇਸ਼ ਰੇਲ-ਮਾਰਗ ਦੇ ਕੁਲੌਰਾ-ਸ਼ਾਹਬਾਜਪੁਰ ਖੰਡ ਦੀ ਪੁਨਰ-ਬਹਾਲੀ ਵੀ ਸ਼ਾਮਿਲ ਹੈ। ਜਿਸ ਦਾ ਉਦੇਸ਼ ਦੱਖਣੀ ਏਸ਼ੀਆ ਦੇ ਦੋ ਮੁਲਕਾਂ ਵਿਚਕਾਰ ਵਪਾਰ ਅਤੇ ਵਣਜ ਦੇ ਨਾਲ-ਨਾਲ ਰੇਲ ਸੰਪਰਕ ਵਿੱਚ ਸੁਧਾਰ ਕਰਨਾ ਵੀ ਹੈ।

ਵੀਡੀਓ ਕਾਨਫਰੰਸ ਦੇ ਜ਼ਰੀਏ ਤਿੰਨ ਮਹੱਤਵਪੂਰਨ ਪ੍ਰੋਜੈਕਟਾਂ ਦੇ ਉਦਘਾਟਨ ਨੇ ਨਵੀਂ ਦਿੱਲੀ ਅਤੇ ਢਾਕੇ ਦੇ ਵਿੱਚ ਮਿੱਤਰਤਾ ਪੂਰਨ ਸੰਬੰਧਾਂ ਨੂੰ ਹੋਰ ਮਜ਼ਬੂਤੀ ਪ੍ਰਦਾਨ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸਮਾਰੋਹ ਦੇ ਤੁਰੰਤ ਬਾਅਦ ਟਵੀਟ ਕੀਤਾ ਕਿ ਭਾਰਤ ਅਤੇ ਬੰਗਲਦੇਸ਼ ਦੀ ਗੂੜ੍ਹੀ ਹੁੰਦੀ ਦੋਸਤੀ, ਬਿਹਤਰ ਸੰਪਰਕ ਅਤੇ ਸੁਧਰਦਾ ਜੀਵਨ ਪੱਧਰ। ਇਹ ਸਾਰੀਆਂ ਗੱਲਾਂ ਇਨ੍ਹਾਂ ਤਿੰਨਾਂ ਪ੍ਰੋਜੈਕਟਾਂ ਦੀ ਅਹਿਮਅਤ ਨੂੰ ਦਰਸਾਉਂਦੀਆਂ ਹਨ।

ਇਸ ਮੌਕੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਕਿਹਾ ਕਿ ਬੰਗਲਾਦੇਸ਼ ਦੇ ਭੋਰਾਮਾਰਾ  ਅਤੇ ਭਾਰਤ ਦੇ ਬਹਿਰਾਮਪੁਰ ਵਿੱਚ ਟਰਾਂਸਮਿਸ਼ਨ ਲਾਈਨਾਂ ਦੇ ਮਾਧਿਅਮ ਨਾਲ ਬੰਗਲਾਦੇਸ਼ ਨੂੰ ਵਾਧੂ 500 ਮੈਗਾਵਾਟ ਬਿਜਲੀ ਦੀ ਸਪਲਾਈ ਕਰਨ ਦਾ ਫੈਸਲਾ ਭਾਰਤ ਦੀ ਇਸ ਇੱਛਾ ਨੂੰ ਦਰਸਾਉਂਦਾ ਹੈ ਕਿ 2021 ਤੱਕ ਮੱਧਮ ਕਮਾਈ ਵਾਲੇ ਦੇਸ਼ ਅਤੇ 2041 ਤੱਕ ਇੱਕ ਵਿਕਸਿਤ ਦੇਸ਼ ਬਣਨ ਦੀ ਬੰਗਲਾਦੇਸ਼ ਦੀ ਯਾਤਰਾ ਵਿੱਚ ਭਾਰਤ ਭਾਗੀਦਾਰ ਬਣਨਾ ਚਾਹੁੰਦਾ ਹੈ।

ਸ਼੍ਰੀ ਮੋਦੀ ਨੇ ਆਉਣ ਵਾਲੇ ਦੋ ਦਹਾਕਿਆਂ ਵਿੱਚ ਆਪਣੇ ਦੇਸ਼ ਨੂੰ ਮੱਧਮ ਕਮਾਈ ਵਾਲੇ ਦੇਸ਼ ਤੋਂ ਇੱਕ ਵਿਕਸਤ ਦੇਸ਼ ਵਿੱਚ ਬਦਲਣ ਦੇ ਪ੍ਰਧਾਨ ਮੰਤਰੀ ਹੁਸੀਨਾ ਦੇ ਵਿਕਾਸ ਟੀਚਿਆਂ ਦੀ ਸਰਾਹਨਾ ਵੀ ਕੀਤੀ। ਜ਼ਿਕਰਯੋਗ ਹੈ ਕਿ ਇਸ ਸਮਾਰੋਹ ਵਿੱਚ ਭਾਰਤ ਅਤੇ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਵੀ ਸ਼ਾਮਿਲ ਹੋਏ ਸਨ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਬਿਜਲੀ ਟ੍ਰਾਂਸਮਿਸ਼ਨ ਸੰਪਰਕ ਦੇ ਪੂਰਾ ਹੋਣ ਨਾਲ ਬੰਗਲਾਦੇਸ਼ ਨੂੰ ਸਪਲਾਈ ਕੀਤੀ ਜਾਣ ਵਾਲੀ ਕੁਲ ਬਿਜਲੀ ਹੁਣ 1.16 ਗੀਗਾਵਾਟ ਹੋ ਗਈ ਹੈ। ਉਨ੍ਹਾਂ ਨੇ ਮੈਗਾਵਾਟ ਤੋਂ ਗੀਗਾਵਾਟ ਤੱਕ ਦੀ ਯਾਤਰਾ ਨੂੰ ਭਾਰਤ ਅਤੇ ਬੰਗਲਾਦੇਸ਼ ਦੇ ਵਿੱਚ ਸੰਬੰਧਾਂ ਦਾ ਸੁਨਹਿਰਾ ਯੁੱਗ ਕਿਹਾ।

ਅਖੌਰਾ-ਅਗਰਤਲਾ ਰੇਲ ਸੰਪਰਕ ਬਾਰੇ ਬੋਲਦੇ ਹੋਇਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦੋਨਾਂ ਦੇਸ਼ਾਂ ਵਿੱਚ ਸੀਮਾ ਪਾਰ ਸੰਪਰਕਾਂ ਨੂੰ ਇਸ ਨਾਲ ਗਤੀ ਮਿਲੇਗੀ। ਸ਼੍ਰੀ ਮੋਦੀ ਨੇ ਕਿਹਾ ਕਿ ਦੋਨਾਂ ਦੇਸ਼ਾਂ ਦੇ ਲੋਕਾਂ ਦੇ ਨਜ਼ਦੀਕ ਆਉਣ ਨਾਲ ਵਿਕਾਸ ਨਵੀਆਂ ਸਿਖਰਾਂ ਨੂੰ ਛੂਹੇਗਾ।

ਉਨ੍ਹਾਂ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਇਸ ਟੀਚੇ ਦੀ ਦਿਸ਼ਾ ਵਿੱਚ ਲਗਾਤਾਰ ਤਰੱਕੀ ਹੋਈ ਹੈ ਅਤੇ ਇਨ੍ਹਾਂ ਤਿੰਨਾਂ ਪ੍ਰੋਜੈਕਟਾਂ ਦੇ ਉਦਘਾਟਨ ਨਾਲ ਭਾਰਤ ਅਤੇ ਬੰਗਲਾਦੇਸ਼ ਦੋਨਾਂ ਦੇਸ਼ਾਂ ਦੇ ਵਿੱਚ ਬਿਜਲੀ ਅਤੇ ਰੇਲ ਸੰਪਰਕਾਂ ਵਿੱਚ ਵਾਧਾ ਹੋਇਆ ਹੈ। ਬੰਗਲਾਦੇਸ਼ ਨੂੰ ਵਾਧੂ ਊਰਜਾ ਦੀ ਸਪਲਾਈ ਅਤੇ ਤ੍ਰਿਪੁਰਾ ਵਿੱਚ ਅਗਰਤਲਾ ਅਤੇ ਬੰਗਲਾਦੇਸ਼ ਦੇ ਕੁਲੌਰਾ-ਸ਼ਾਹਬਾਜ਼ਪੁਰ ਖੰਡ ਦੀ ਪੁਨਰ-ਬਹਾਲੀ ਦੋਨਾਂ ਦੇਸ਼ਾਂ ਲਈ ਮਹੱਤਵਪੂਰਨ ਹੈ। ਇਸ ਨਾਲ ਦੋਨਾਂ ਦੇਸ਼ਾਂ ਨੂੰ ਇੱਕ-ਦੂਜੇ ਦੇ ਵਿਕਾਸ ਤੋਂ ਫਾਇਦਾ ਹੋਵੇਗਾ।

ਕਾਬਿਲੇਗੌਰ ਹੈ ਕਿ ਇਨ੍ਹਾਂ ਰੇਲ ਪ੍ਰੋਜੈਕਟਾਂ ਨਾਲ ਭਾਰਤ ਦੇ ਉੱਤਰ-ਪੂਰਬੀ ਰਾਜਾਂ ਨੂੰ ਬੰਗਲਾਦੇਸ਼ ਅਤੇ ਦੱਖਣ-ਪੂਰਬੀ ਏਸ਼ੀਆ ਦੇ ਨਾਲ ਜੋੜਨ ਦੀ ਯੋਜਨਾ ਹੈ ਤਾਂ ਕਿ ਰੇਲ-ਮਾਰਗ ਦੁਆਰਾ ਦੇਸ਼ ਦੇ ਹਾਲੇ ਤੱਕ ਨਜ਼ਰਅੰਦਾਜ਼ ਕੀਤੇ ਗਏ ਰਾਜਾਂ ਵਿੱਚ ਵਪਾਰ ਅਤੇ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਜਾ ਸਕੇ।

ਇਸ ਰੇਲ ਮਾਰਗ ਦੀ ਬਹਾਲੀ ਦੇ ਬਾਅਦ ਇਹ ਯੋਜਨਾ ਪ੍ਰਸ਼ਾਂਤ ਪਾਰ ਰੇਲ ਪ੍ਰੋਜੈਕਟਾਂ ਦਾ ਅਹਿਮ ਹਿੱਸਾ ਹੋਵੇਗੀ ਜੋ ਦੱਖਣੀ ਏਸ਼ੀਆ ਨੂੰ ਦੱਖਣ-ਪੂਰਬੀ ਏਸ਼ਿਆਈ ਦੇਸ਼ਾਂ ਨਾਲ ਜੋੜੇਗੀ। ਉਮੀਦ ਹੈ ਕਿ 15.5 ਕਿਲੋਮੀਟਰ ਲੰਮਾ ਅਖੌਰਾ-ਅਗਰਤਲਾ ਰੇਲ-ਮਾਰਗ ਦੁਨੀਆ ਦੀ ਬਹੁਤ ਹੀ ਰੁੱਝੀ ਹੋਈ ਬੰਦਰਗਾਹ ਮੰਨੀ ਜਾਣ ਵਾਲੀ ਚਟਗਾਂਵ ਬੰਦਰਗਾਹ ਦੇ ਮਾਧਿਅਮ ਨਾਲ ਭਾਰਤ ਅਤੇ ਬੰਗਲਾਦੇਸ਼ ਦੇ ਵਿਚਕਾਰ ਵਪਾਰ ਨੂੰ ਹੋਰ ਵੀ ਗਤੀ ਪ੍ਰਦਾਨ ਕਰੇਗਾ। ਕਾਬਿਲੇਗੌਰ ਹੈ ਕਿ ਸਾਲ 2010 ਵਿੱਚ ਸ਼ੇਖ ਹਸੀਨਾ ਦੀ ਭਾਰਤ ਯਾਤਰਾ ਦੌਰਾਨ ਤਿਆਰ ਇਸ ਰੇਲ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ। ਇਸ ਨਾਲ ਤ੍ਰਿਪੁਰਾ ਤੇ ਅਸਾਮ ਅਤੇ ਪੱਛਮੀ ਬੰਗਾਲ ਵਿਚਕਾਰ ਦੂਰੀ ਅਤੇ ਯਾਤਰਾ ਦਾ ਸਮਾਂ ਕਾਫ਼ੀ ਘੱਟ ਜਾਵੇਗਾ ਕਿਉਂਕਿ ਇਸ ਨਾਲ ਬੰਗਲਾਦੇਸ਼ ਦੇ ਅਖੌਰਾ ਤੋਂ ਹੁੰਦੇ ਹੋਏ ਕੋਲਕਾਤਾ ਪੁੱਜਿਆ ਜਾ ਸਕਦਾ ਹੈ। ਜੇਕਰ ਸਾਰਾ ਕੁਝ ਯੋਜਨਾ ਦੇ ਮੁਤਾਬਿਕ ਹੁੰਦਾ ਰਿਹਾ ਤਾਂ ਇਹ ਪ੍ਰੋਜੈਕਟ ਦੋ ਸਾਲ ਵਿੱਚ ਪੂਰੀ ਤਰ੍ਹਾਂ ਨੇਪਰੇ ਚੜ੍ਹਨ ਦੀ ਸੰਭਾਵਨਾ ਹੈ।

ਮਹੱਤਵਪੂਰਣ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ-ਬੰਗਲਾਦੇਸ਼ ਦੁਵੱਲੇ ਵਪਾਰ ਅਤੇ ਵਣਜ ਸੰਬੰਧਾਂ ਨੂੰ ਇੱਕ ਮਾਡਲ ਦੇ ਰੂਪ ਵਿੱਚ ਦਿਖਾਏ ਜਾਣ ਦੀ ਮੰਗ ਕੀਤੀ ਹੈ। ਇਸ ਮੌਕੇ ਉਨ੍ਹਾਂ ਨੇ ਗੁਆਂਢੀ ਮੁਲਕਾਂ ਨਾਲ ਕਿਹੋ ਜਿਹੇ ਸੰਬੰਧ ਹੋਣੇ ਚਾਹੀਦੇ ਹਨ, ਇਸ ਬਾਰੇ ਵੀ ਆਪਣੀ ਧਾਰਨਾ ਨੂੰ ਸਪੱਸ਼ਟ ਕੀਤਾ।