ਯੂਰਪੀ ਸੰਘ ਦੀ ਸੰਸਦ ਨੇ ਹੰਗਰੀ ਨੂੰ ਸਜ਼ਾ ਦੇਣ ਦੇ ਹੱਕ ‘ਚ ਕੀਤੀ ਵੋਟਿੰਗ

ਯੂਰਪੀ ਸੰਘ ਦੇ ਮੈਂਬਰਾਂ ਨੇ ਲੋਕੰਤਤਰੀ ਮੁੱਲਾਂ ਦੀ ਉਲੰਘਣਾ ਦੇ ਮੁੱਦੇ ਤੇ ਹੰਗਰੀ ਦੀ ਸਰਕਾਰ ਖਿਲਾਫ਼ ਕਾਰਵਾਈ ਸ਼ੁਰੂ ਕਰਨ ਦੇ ਪੱਖ ਵਿੱਚ ਵੋਟ ਦਿੱਤਾ। ਜ਼ਿਕਰਯੋਗ ਹੈ ਕਿ ਯੂਰਪੀ ਸੰਸਦ ਦੇ ਦੋ ਤਿਹਾਈ ਤੋਂ ਜ਼ਿਆਦਾ ਮੈਂਬਰਾਂ ਨੇ ਸੰਸਦ ਵਿੱਚ ਪੇਸ਼ ਕੀਤੇ ਗਏ ਨਿੰਦਾ ਸੰਬੰਧੀ ਮਤੇ ਦਾ ਸਮਰਥਨ ਕੀਤਾ। ਇਹ ਪਹਿਲੀ ਵਾਰੀ ਹੋਇਆ ਹੈ ਜਦੋਂ ਯੂਰਪੀ ਸੰਘ ਦੇ ਕਿਸੇ ਮੈਂਬਰ ਦੇਸ਼ ਦੇ ਖਿਲਾਫ਼ ਇਸ ਤਰ੍ਹਾਂ ਦੀ ਕੋਈ ਕਾਰਵਾਈ ਕੀਤੀ ਗਈ ਹੈ। ਫਰਾਂਸ ਦੇ ਸ਼ਹਿਰ ਸਟ੍ਰਾਸਬਰਗ ਵਿੱਚ ਹੋਈ ਇਸ ਕਾਰਵਾਈ ਦੇ ਬਾਅਦ ਹੰਗਰੀ, ਯੂਰਪੀ ਸੰਘ ਵਿੱਚ ਵੋਟਿੰਗ ਕਰਨ ਦੇ ਅਧਿਕਾਰ ਤੋਂ ਵਾਂਝਾ ਹੋ ਜਾਵੇਗਾ।

ਕਾਬਿਲੇਗੌਰ ਹੈ ਕਿ 2010 ਵਿੱਚ ਸੱਤਾ ਸੰਭਾਲਣ ਮਗਰੋਂ ਹੰਗਰੀ ਦੇ ਪ੍ਰਧਾਨ ਮੰਤਰੀ ਵਿਕਟਰ ਓਰਬਾਨ ਨੇ ਅਦਾਲਤਾਂ, ਮੀਡੀਆ ਅਤੇ ਗੈਰ-ਸਰਕਾਰੀ ਸਮੂਹਾਂ ਉੱਤੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਨਾਲ ਹੀ ਯੂਰਪ ਵਿੱਚ ਆਉਣ ਵਾਲੇ ਸ਼ਰਨਾਰਥੀਆਂ ਨੂੰ ਵੀ ਸ਼ਰਨ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ। ਹਾਲਾਂਕਿ ਯੂਰਪੀ ਯੂਨੀਅਨ ਨੇ ਇਨ੍ਹਾਂ ਗੱਲਾਂ ਦਾ ਭਾਰੀ ਵਿਰੋਧ ਕੀਤਾ ਪਰ ਹੰਗਰੀ ਦੇ ਪ੍ਰਧਾਨ ਮੰਤਰੀ ਓਰਬਾਨ ਤੇ ਇਸ ਦਾ ਕੋਈ ਅਸਰ ਨਾ ਹੋਇਆ, ਜਿਸ ਦੇ ਮੱਦੇਨਜ਼ਰ ਯੂਰਪੀ ਯੂਨੀਅਨ ਨੂੰ ਇਹ ਸਖ਼ਤ ਕਦਮ ਚੁੱਕਣਾ ਪਿਆ ਹੈ।