ਸੁਰੇਸ਼ ਪ੍ਰਭੂ ਅਰਜਨਟੀਨਾ ਵਿੱਚ ਜੀ-20 ਵਪਾਰ ਅਤੇ ਨਿਵੇਸ਼ ਬਾਰੇ ਬੈਠਕ ਵਿੱਚ ਅੱਜ ਹੋਣਗੇ ਸ਼ਾਮਿਲ

ਵਣਜ ਅਤੇ ਉਦਯੋਗ ਮੰਤਰੀ ਸੁਰੇਸ਼ ਪ੍ਰਭੂ ਅੱਜ ਅਰਜਨਟੀਨਾ ਦੇ ਮਾਰ ਡੇਲ ਪਲਾਟਾ ਵਿੱਚ ਆਯੋਜਿਤ ਹੋਣ ਵਾਲੀ ਜੀ-20 ਵਪਾਰ ਅਤੇ ਨਿਵੇਸ਼ ਦੀ ਮੰਤਰੀ ਪੱਧਰ ਦੀ ਬੈਠਕ ਵਿੱਚ ਹਿੱਸਾ ਲੈਣਗੇ। ਵਿਸ਼ਵ ਦੇ ਵੱਖ-ਵੱਖ ਖੇਤਰਾਂ ਵਿੱਚ ਵਪਾਰ ਦੇ ਵਾਧੇ ਵਿੱਚ ਪੇਸ਼ ਆ ਰਹੀਆਂ ਚੁਣੌਤੀਆਂ ਅਤੇ ਨਵੀਂ ਉਦਯੋਗਿਕ ਕ੍ਰਾਂਤੀ ਵਰਗੇ ਮੁੱਦਿਆਂ ਉੱਤੇ ਇਸ ਬੈਠਕ ਵਿੱਚ ਚਰਚਾ ਹੋਣ ਦੀ ਸੰਭਾਵਨਾ ਹੈ।

ਆਪਣੇ ਇੱਕ ਟਵੀਟ ਵਿੱਚ ਸ਼੍ਰੀ ਪ੍ਰਭੂ ਨੇ ਕਿਹਾ ਹੈ ਕਿ ਵਿਸ਼ਵ ਵਪਾਰ ਸੰਗਠਨ (ਡਬਲਿਊ.ਟੀ.ਓ.) ਵਿੱਚ ਸੁਧਾਰ ਦੀ ਗੁੰਜਾਇਸ਼ ਚਾਹੁੰਦਾ ਹੈ।  ਪਰ ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਜਤਾਇਆ ਕਿ ਵਿਸ਼ਵ ਵਪਾਰ ਵਿੱਚ ਇਸ ਸੰਗਠਨ ਦੀ ਆਪਣੀ ਵਿਸ਼ੇਸ਼ ਅਹਿਮੀਅਤ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਸਾਰੇ ਮਹੱਤਵਪੂਰਨ ਦੇਸ਼ਾਂ ਦੇ ਨਾਲ ਆਪਸੀ ਵਪਾਰ ਵਿੱਚ ਅੱਗੇ ਵਧਣਾ ਚਾਹੁੰਦਾ ਹੈ। ਵਿਸ਼ਵ ਵਪਾਰ ਵਿੱਚ ਤੇਜ਼ੀ ਅਤੇ ਸੁਧਾਰ ਲਿਆਏ ਜਾਣ ਵਾਲੇ ਕਈ ਅਹਿਮ ਮਸਲਿਆਂ ਨੂੰ ਭਾਰਤ ਜੀ-20 ਦੀ ਇਸ ਬੈਠਕ ਵਿੱਚ ਉਠਾਵੇਗਾ।

ਜ਼ਿਕਰਯੋਗ ਹੈ ਕਿ ਅਮਰੀਕਾ ਦੁਆਰਾ ਹਾਲ ਹੀ ਵਿੱਚ ਸਟੀਲ ਅਤੇ ਐਲੂਮੀਨੀਅਮ ਵਰਗੇ ਉਤਪਾਦਾਂ ਤੇ ਲਾਏ ਜਾਣ ਵਾਲੇ ਟੈਕਸ ਵਿੱਚ ਵਾਧਾ ਕੀਤਾ ਹੈ। ਇਸ ਬੈਠਕ ਵਿੱਚ ਇਸ ਮਹੱਤਵਪੂਰਨ ਮੁੱਦੇ ਤੇ ਵੀ ਚਰਚਾ ਕੀਤੇ ਜਾਣ ਦੀ ਸੰਭਾਵਨਾ ਹੈ। ਕਾਬਿਲੇਗੌਰ ਹੈ ਕਿ ਜੀ-20 ਵਿੱਚ ਭਾਰਤ, ਅਰਜਨਟੀਨਾ, ਬ੍ਰਾਜ਼ੀਲ, ਚੀਨ, ਅਮਰੀਕਾ, ਯੂਰਪੀ ਸੰਘ, ਫ਼ਰਾਂਸ ਅਤੇ ਜਰਮਨੀ ਸ਼ਾਮਿਲ ਹਨ।