ਕਰਨਾਟਕ : ਕਾਂਗਰਸ-ਜੇ.ਡੀ. (ਐੱਸ) ਗੱਠਜੋੜ ਨੇ ਦੋ ਲੋਕ ਸਭਾ, ਦੋ ਵਿਧਾਨ ਸਭਾ ਸੀਟਾਂ ਜਿੱਤੀਆਂ; ਸ਼ਿਮੋਗਾ ਲੋਕ ਸਭਾ ਸੀਟ ਭਾਜਪਾ ਦੇ ਖਾਤੇ ‘ਚ

ਕਰਨਾਟਕ ਵਿੱਚ ਹੋਈਆਂ ਜ਼ਿਮਨੀ ਚੋਣਾਂ ਦੌਰਾਨ ਕਾਂਗਰਸ-ਜੇ.ਡੀ. (ਐੱਸ) ਗੱਠਜੋੜ ਨੇ ਦੋ ਲੋਕ ਸਭਾ ਅਤੇ ਦੋ ਵਿਧਾਨ ਸਭਾ ਸੀਟਾਂ ਜਿੱਤੀਆਂ ਹਨ ਜਦੋਂ ਕਿ ਬੀਜੇਪੀ ਨੇ ਸ਼ਿਮੋਗਾ ਲੋਕ ਸਭਾ ਸੀਟ ਤੇ ਜਿੱਤ ਪ੍ਰਾਪਤ ਕੀਤੀ ਹੈ।

ਰਾਮਾਨਗਰਮ ਵਿੱਚ ਮੁੱਖ ਮੰਤਰੀ ਐੱਚ.ਡੀ. ਕੁਮਾਰਸਵਾਮੀ ਦੀ ਪਤਨੀ ਅਨੀਤਾ ਕੁਮਾਰਸਵਾਮੀ ਨੂੰ ਇੱਕ ਲੱਖ 9 ਹਜ਼ਾਰ ਵੋਟਾਂ ਦੇ ਫਰਕ ਨਾਲ ਜੇਤੂ ਘੋਸ਼ਿਤ ਕੀਤਾ ਗਿਆ ਹੈ। ਜਾਮਕਾਹਾਂਡੀ ਤੋਂ ਕਾਂਗਰਸ ਦੇ ਆਨੰਦ ਸਿੱਧੂ ਨਾਇਮਗੌੜਾ ਨੇ 39, 000 ਤੋਂ ਜ਼ਿਆਦਾ ਵੋਟਾਂ ਦੇ ਅੰਤਰ ਨਾਲ ਜਿੱਤ ਪ੍ਰਾਪਤ ਕੀਤੀ ਹੈ।

ਸ਼ਿਮੋਗਾ ਲੋਕ ਸਭਾ ਸੀਟ ਬੀ.ਜੇ.ਪੀ. ਦੇ ਖਾਤੇ ਵਿੱਚ ਗਈ ਹੈ। ਉਸ ਦੇ ਉਮੀਦਵਾਰ ਬੀ.ਵਾਈ. ਰਾਘਵੇਂਦਰ ਨੇ 52148 ਵੋਟਾਂ ਦੇ ਅੰਤਰ ਨਾਲ ਇਹ ਸੀਟ ਜਿੱਤੀ ਹੈ। ਕਾਂਗਰਸ ਦੇ ਵੀ.ਐੱਸ ਉਗਰੱਪਾ ਨੇ ਬੱਲੇਰੀ ਵਿੱਚ ਦੋ ਲੱਖ 43 ਹਜ਼ਾਰ ਵੋਟਾਂ ਦੇ ਅੰਤਰ ਨਾਲ ਇਹ ਸੀਟ ਜਿੱਤੀ ਹੈ। ਇਹ ਸੀਟ ਪਹਿਲਾਂ ਬੀ.ਜੇ.ਪੀ. ਦੇ ਸ਼੍ਰੀਰਾਮੁਲੂ ਦੇ ਕੋਲ ਸੀ।

ਮਾਂਡੀਆ ਲੋਕ ਸਭਾ ਸੀਟ ਵਿੱਚ ਜੇ.ਡੀ. (ਐੱਸ) ਦੇ ਸ਼ਿਵਰਾਮ ਗੌੜਾ ਨੇ ਬੀ.ਜੇ.ਪੀ. ਦੇ ਆਪਣੇ ਵਿਰੋਧੀ ਉਮੀਦਵਾਰ ਡਾ. ਸਿੱਧਾਰਮੱਈਆ ਨੂੰ 3, 24, 000 ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ।

ਕਾਬਿਲੇਗੌਰ ਹੈ ਕਿ 2014 ਵਿੱਚ ਬੀ.ਜੇ.ਪੀ. ਨੇ ਕਰਨਾਟਕ ਦੀਆਂ 23 ਲੋਕ ਸਭਾ ਸੀਟਾਂ ਵਿੱਚੋਂ 17 ਤੇ ਜਿੱਤ ਪ੍ਰਾਪਤ ਕੀਤੀ ਸੀ। ਕਾਂਗਰਸ ਨੇ 9 ਅਤੇ ਐੱਚ.ਡੀ. ਕੁਮਾਰਸਵਾਮੀ ਦੀ ਜਨਤਾ ਦਲ ਸੈਕੂਲਰ ਨੇ 2 ਸੀਟਾਂ ਜਿੱਤੀਆਂ ਸਨ।