ਪੰਜਾਬ ਭਰ ਵਿੱਚ ਮਨਾਇਆ ਜਾ ਰਿਹਾ ਬੰਦੀ ਛੋੜ ਦਿਵਸ, ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਵਿਸ਼ੇਸ਼ ਆਯੋਜਨ

ਅੱਜ ਬੰਦੀ ਛੋੜ ਦਿਵਸ ਮੌਕੇ ਸੰਗਤਾਂ ਬੜੀ ਹੀ ਸ਼ਰਧਾ ਤੇ ਉਤਸ਼ਾਹ ਨਾਲ ਗੁਰਦੁਆਰਿਆਂ ਵਿੱਚ ਪੁੱਜ ਰਹੀਆਂ ਹਨ। ਪੰਜਾਬ ਸਮੇਤ ਦੇਸ਼ ਦੀ ਰਾਜਧਾਨੀ ਦਿੱਲੀ ਦੇ ਗੁਰਦੁਆਰਿਆਂ ਵਿੱਚ ਵੀ ਬੰਦੀ ਛੋੜ ਦਿਵਸ ਨੂੰ ਲੈ ਕੇ ਵਿਸ਼ੇਸ਼ ਆਯੋਜਨ ਕੀਤੇ ਗਏ ਹਨ। ਇਸ ਮੌਕੇ ਕਥਾ ਅਤੇ ਕੀਰਤਨ ਦੇ ਵਿਸ਼ੇਸ਼ ਪ੍ਰੋਗਰਾਮ ਉਲੀਕੇ ਗਏ ਹਨ। ਸਵੇਰ ਤੋਂ ਹੀ ਸੰਗਤਾਂ ਇਸ ਪਵਿੱਤਰ ਦਿਹਾੜੇ ਮੌਕੇ ਗੁਰਦੁਆਰਿਆਂ ਵਿੱਚ ਮੱਥਾ ਟੇਕਣ ਲਈ ਕਤਾਰਾਂ ਵਿੱਚ ਖੜ੍ਹੀਆਂ ਹਨ।

ਕਾਬਿਲੇਗੌਰ ਹੈ ਕਿ ਇਸ ਦਿਹਾੜੇ ਦਾ ਸੰਬੰਧ ਸਿੱਖ ਇਤਿਹਾਸ ਨਾਲ ਹੈ। ਸਿੱਖਾਂ ਦੇ ਛੇਵੇਂ ਗੁਰੂ ਮੀਰੀ-ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਜਦੋਂ ਗਵਾਲੀਅਰ ਦੇ ਕਿਲ੍ਹੇ ‘ਚੋਂ 52 ਰਾਜਿਆਂ ਸਮੇਤ ਰਿਹਾਅ ਹੋ ਕੇ ਸ਼੍ਰੀ ਅੰਮ੍ਰਿਤਸਰ ਪੁੱਜੇ ਸਨ ਤਾਂ ਉਦੋਂ ਤੋਂ ਹੀ ਸਿੱਖਾਂ ਵਿੱਚ ਇਸ ਦਿਹਾੜੇ ਨੂੰ ਬੜੀ ਹੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਖੁਸ਼ੀ ਦਾ ਪ੍ਰਗਟਾਵਾ ਕਰਨ ਲਈ ਸ਼ਰਧਾਲੂਆਂ ਦੁਆਰਾ ਦੀਵੇ ਜਗਾਏ ਜਾਂਦੇ ਹਨ ਤੇ ਆਤਿਸ਼ਬਾਜ਼ੀ ਵੀ ਕੀਤੀ ਜਾਂਦੀ ਹੈ। ਇਸ ਪਾਵਨ ਦਿਹਾੜੇ ਮੌਕੇ ਸ਼੍ਰੀ ਹਰਿਮੰਦਿਰ ਸਾਹਿਬ ਦੀ ਦੀਵਾਲੀ ਦੇਖਣ ਯੋਗ ਹੁੰਦੀ ਹੈ।

ਬੰਦੀ ਛੋੜ ਦਿਵਸ ਸੰਬੰਧੀ ਮੁੱਖ ਆਯੋਜਨ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਕੀਤੇ ਜਾ ਰਹੇ ਹਨ। ਦੂਰ-ਦੁਰਾਡੇ ਤੋਂ ਸੰਗਤਾਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਬੜੀ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਇੱਥੇ ਪੁੱਜ ਕੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰ ਰਹੀਆਂ ਹਨ। ਕੀਰਤਨ ਅਤੇ ਲੰਗਰ ਦਾ ਪ੍ਰਵਾਹ ਸਵੇਰ ਤੋਂ ਹੀ ਜਾਰੀ ਹੈ। ਗੁਰਦੁਆਰੇ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ। ਲਾਈਟਾਂ ਦਾ ਵੀ ਵਿਸ਼ੇਸ਼ ਇੰਤਜ਼ਾਮ ਕੀਤਾ ਗਿਆ ਹੈ। ਇਸ ਮੌਕੇ ‘ਤੇ ਸ਼ਾਮ ਨੂੰ ਆਤਿਸ਼ਬਾਜ਼ੀ ਵੀ ਕੀਤੀ ਜਾਵੇਗੀ।