ਬੋਲਸੋਨਾਰੋ ਦੀ ਜਿੱਤ ਅਤੇ ਭਾਰਤ-ਬ੍ਰਾਜ਼ੀਲ ਸੰਬੰਧ

ਬ੍ਰਾਜ਼ੀਲ ਦੇ ਰਾਸ਼ਟਰਪਤੀ ਦੇ ਤੌਰ ਤੇ ਸ਼੍ਰੀ ਜੇਅਰ ਬੋਲਸੋਨਾਰੋ ਦੇ ਚੁਣੇ ਜਾਣ ਨੂੰ ਲੈ ਕੇ ਪੂਰੀ ਦੁਨੀਆ ਵਿੱਚ ਚਰਚਾਵਾਂ ਦਾ ਦੌਰ ਜਾਰੀ ਹੈ। ਸੰਸਾਰ ਪੱਧਰ ‘ਤੇ ਇਸ ਨੂੰ ਇੱਕ ਮਹੱਤਵਪੂਰਨ ਤਬਦੀਲੀ ਮੰਨਿਆ ਜਾ ਰਿਹਾ ਹੈ। ਕਾਬਿਲੇਗੌਰ ਹੈ ਕਿ ਸ਼੍ਰੀ ਜੇਅਰ ਬੋਲਸੋਨਾਰੋ ਲੰਮੇ ਸਮੇਂ ਤੋਂ ਰਿਓ ਡੀ ਜਿਨੇਰੀਓ ਤੋਂ ਕਾਂਗਰਸ ਦੇ ਮੈਂਬਰ ਰਹੇ ਹਨ। ਇਸ ਤੋਂ ਪਹਿਲਾਂ ਉਹ ਬ੍ਰਾਜ਼ੀਲੀ ਫੌਜ ਵਿੱਚ ਕਪਤਾਨ ਦੇ ਅਹੁਦੇ ਦੇ ਵੀ ਰਹਿ ਚੁੱਕੇ ਹਨ। ਹੁਣ ਉਨ੍ਹਾਂ ਦੇ ਰਾਸ਼ਟਰਪਤੀ ਚੁਣੇ ਜਾਣ ਮਗਰੋਂ ਬ੍ਰਾਜ਼ੀਲ ਦੀ ਵਿਦੇਸ਼ ਨੀਤੀ ਵਿੱਚ ਵੱਡੇ ਪੱਧਰ ‘ਤੇ ਤਬਦੀਲੀ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਇਸ ਦਾ ਕਾਰਨ ਇਹ ਹੈ ਕਿ ਉਹ ਮੁਲਕ ਦੀ ਮੌਜੂਦਾ ਵਿਦੇਸ਼ ਨੀਤੀ ਦੇ ਆਲੋਚਕ ਰਹੇ ਹਨ ਤੇ ਹਾਲੀਆ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਨੇ ਇਸ ਮੁੱਦੇ ਨੂੰ ਬੜੇ ਜ਼ੋਰਾਂ-ਸ਼ੋਰਾਂ ਨਾਲ ਚੁੱਕਿਆ ਸੀ। ਬੋਲਸੋਨਾਰੋ ਦੇ ਸਮਰਥਕਾਂ ਮੁਤਾਬਿਕ ਉਹ ਮੌਜੂਦਾ ਨੀਤੀਆਂ ਦੇ ਵਿਰੋਧ ਦੀ ਅਗਵਾਈ ਕਰਦੇ ਹਨ। ਬ੍ਰਾਜ਼ੀਲ ਜਿੱਥੇ ਕਿ ਹਰ ਸਾਲ 60,000 ਦੇ ਲਗਭਗ ਕਤਲ ਦੀਆਂ ਵਾਰਦਾਤਾਂ ਅਤੇ ਵੱਡੇ ਪੱਧਰ ‘ਤੇ ਭ੍ਰਿਸ਼ਟਾਚਾਰ ਦੇ ਮਾਮਲੇ ਉਜਾਗਰ ਹੁੰਦੇ ਹਨ, ਉਨ੍ਹਾਂ ਦੀ ਸ਼ਾਨਦਾਰ ਜਿੱਤ ਨੂੰ ਮਹੱਤਵਪੂਰਣ ਮੰਨਿਆ ਜਾ ਰਿਹਾ ਹੈ।

ਕਾਬਿਲੇਗੌਰ ਹੈ ਕਿ 2003 ਤੋਂ 2016 ਤੱਕ ਬ੍ਰਾਜ਼ੀਲ ਉੱਤੇ ਖੱਬੇ-ਪੱਖੀ ਵਰਕਰਸ ਪਾਰਟੀ ਦਾ ਹੀ ਸ਼ਾਸਨ ਸੀ। ਇਸ ਨੇ ਗਰੀਬੀ ਅਤੇ ਅਸਮਾਨਤਾ ਦੇ ਖਿਲਾਫ਼ ਛੇੜੀ ਮੁਹਿੰਮ ਵਿੱਚ ਕਾਫੀ ਸਫ਼ਲਤਾ ਪ੍ਰਾਪਤ ਕੀਤੀ ਸੀ। ਪਰ ਖੱਬੇ-ਪੱਖੀ ਸੋਚ ਵਾਲੀ ਸਰਕਾਰ ਦੀਆਂ ਇਨ੍ਹਾਂ ਸਫ਼ਲਤਾਵਾਂ ਦੇ ਬਾਵਜੂਦ ਵੱਡੇ ਪੱਧਰ ‘ਤੇ ਭ੍ਰਿਸ਼ਟਾਚਾਰ ਅਤੇ ਘੁਟਾਲਿਆਂ ਦੇ ਉਜਾਗਰ ਹੋਣ ਅਤੇ ਦੇਸ਼ ਵਿੱਚ ਪੱਸਰੇ ਗੰਭੀਰ ਰਾਜਨੀਤਕ ਅਤੇ ਆਰਥਿਕ ਮੰਦਹਾਲੀ ਦੇ ਸੰਕਟ ਨਾਲ ਨਜਿੱਠਣ ਵਿੱਚ ਰਾਸ਼ਟਰਪਤੀ ਦਿਲਮਾ ਰੋਸੇਫ ਦੁਆਰਾ ਕੀਤੀ ਗਈ ਕੁਤਾਹੀ ਕਾਰਨ ਉਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ। ਚੋਣਾਂ ਦੌਰਾਨ ਵੋਟਰਾਂ ਵਿੱਚ ਇਸ ਤਰ੍ਹਾਂ ਦੇ ਮਾਮਲਿਆਂ ਦਾ ਖੂਬ ਪ੍ਰਚਾਰ ਕਰਕੇ, ਸੱਤਾ ਦੇ ਖਿਲਾਫ਼ ਉਨ੍ਹਾਂ ਨੂੰ ਇਕਜੁਟ ਕੀਤਾ ਗਿਆ, ਜਿਸ ਦੇ ਸਿੱਟੇ ਵਜੋਂ ਲੋਕਾਂ ਨੇ ਸ਼੍ਰੀ ਬੋਲਸੋਨਾਰੋ ਦੇ ਹੱਕ ਵਿੱਚ ਵੋਟਾਂ ਪਾ ਕੇ ਸੱਤਾ ਪਰਿਵਰਤਨ ਦਾ ਆਪਣਾ ਫੈਸਲਾ ਸੁਣਾਇਆ।

ਨਵੇਂ ਚੁਣੇ ਗਏ ਰਾਸ਼ਟਰਪਤੀ ਦੀ ਅਗਵਾਈ ਵਿੱਚ ਬ੍ਰਾਜ਼ੀਲ ਹੁਣ ਆਪਣੀਆਂ ਨੀਤੀਆਂ ਵਿੱਚ ਕਿਹੋ ਜਿਹੇ ਬਦਲਾਅ ਲਿਆਉਂਦਾ ਹੈ, ਇਸ ਬਾਰੇ ਹੁਣੇ ਤੋਂ ਕਿਆਸ ਲਾਏ ਜਾ ਰਹੇ ਹਨ। ਸ਼੍ਰੀ ਬੋਲਸੋਨਾਰੋ ਨੇ ਬ੍ਰਾਜ਼ੀਲ ਨੂੰ ਫਿਰ ਤੋਂ ਮਹਾਨ ਬਣਾਉਣ ਦਾ ਨਾਅਰਾ ਦਿੱਤਾ ਹੈ ਅਤੇ ਇਸ ਦੇ ਮੱਦੇਨਜ਼ਰ ਉਨ੍ਹਾਂ ਵਿਦੇਸ਼ ਨੀਤੀ ਵਿੱਚ ਮਹੱਤਵਪੂਰਣ ਤਬਦੀਲੀ ਕਰਨ ਦੇ ਸੰਕੇਤ ਵੀ ਦਿੱਤੇ ਹਨ। ਉਨ੍ਹਾਂ ਨੇ ਐੱਮ.ਈ.ਆਰ.ਸੀ.ਓ.ਐੱਸ.ਯੂ.ਆਰ. (ਦੱਖਣੀ ਅਮਰੀਕੀ ਆਮ ਬਾਜ਼ਾਰ) ਅਤੇ ਬ੍ਰਿਕਸ (ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਦਾ ਸਮੂਹ) ਦੀ ਮੈਂਬਰੀ ਬਾਰੇ ਵੀ ਮੁੜ ਵਿਚਾਰ ਕਰਨ ਦੀ ਗੱਲ ਕੀਤੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਚੋਣ ਪ੍ਰਚਾਰ ਦੌਰਾਨ ਬਤੌਰ ਉਮੀਦਵਾਰ ਬੋਲਸੋਨਾਰੋ ਨੇ ਭਾਵੇਂ ਜੋ ਵੀ ਕਿਹਾ ਹੋਵੇ ਪਰ ਰਾਸ਼ਟਰਪਤੀ ਚੁਣੇ ਜਾਣ ਮਗਰੋਂ ਬੋਲਸੋਨਾਰੋ ਦੇ ਲਈ ਅਜਿਹਾ ਕਰਨਾ ਮੁਮਕਿਨ ਨਹੀਂ ਜਾਪਦਾ। ਸੱਤਾ ਵਿੱਚ ਆਉਣ ਮਗਰੋਂ ਮੁਲਕ ਦੇ ਆਰਥਿਕ ਹਿੱਤਾਂ ਅਤੇ ਸਿਆਸੀ ਵਿਹਾਰ ਦੇ ਮੱਦੇਨਜ਼ਰ ਜਾਪਦਾ ਹੈ ਕਿ ਉਹ ਜੋਸ਼ ਵਿੱਚ ਆ ਕੇ ਕੋਈ ਨਿਰਣਾ ਨਹੀਂ ਲੈਣਗੇ।

ਕਾਬਿਲੇਗੌਰ ਹੈ ਕਿ ਅਗਲੇ ਸਾਲ ਅਕਤੂਬਰ ਵਿੱਚ ਬ੍ਰਾਜ਼ੀਲ ਨੇ 11ਵੇਂ ਬ੍ਰਿਕਸ ਸੰਮੇਲਨ ਦੀ ਮੇਜਬਾਨੀ ਕਰਨੀ ਹੈ। ਹਾਲਾਂਕਿ ਸਾਬਕਾ ਰਾਸ਼ਟਰਪਤੀ ਮਾਈਕਲ ਟੇਮਰ ਨੇ ਸ਼ਿਆਮੇਨ ਅਤੇ ਜੋਹਾਨਸਬਰਗ ਵਿਖੇ ਹੋਏ ਬ੍ਰਿਕਸ ਸੰਮੇਲਨ ਵਿੱਚ ਸ਼ਮੂਲੀਅਤ ਕੀਤੀ ਸੀ, ਪਰ ਬ੍ਰਾਜ਼ੀਲ ਹੌਲੀ-ਹੌਲੀ ਪੱਛਮੀ ਹਿੱਤਾਂ ਦੇ ਪੱਖ ਵਿੱਚ ਬ੍ਰਿਕਸ ਆਦਰਸ਼ਾਂ ਤੋਂ ਦੂਰ ਜਾ ਰਿਹਾ ਹੈ। ਹੁਣ ਬ੍ਰਿਕਸ ਅਤੇ ਐੱਮ.ਈ.ਆਰ.ਸੀ.ਓ.ਐੱਸ.ਯੂ.ਆਰ. ਬਾਰੇ ਬ੍ਰਾਜ਼ੀਲ ਦੇ ਨਵੇਂ ਰਾਸ਼ਟਰਪਤੀ ਦੀਆਂ ਕਿਹੜੀਆਂ ਪ੍ਰਾਥਮਿਕਤਾਵਾਂ ਹੋਣਗੀਆਂ, ਇਹ ਦੇਖਣ ਵਾਲੀ ਗੱਲ ਹੈ। ਜਿਸ ਤਰ੍ਹਾਂ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਉੱਤਰੀ ਅਮਰੀਕਾ ਖੁੱਲ੍ਹਾ ਵਪਾਰ ਸਮਝੌਤਾ (ਐੱਨ.ਏ.ਐੱਫ.ਟੀ.ਏ.) ਬਾਰੇ ਮੁੜ ਤੋਂ ਵਿਚਾਰ ਕੀਤੀ ਸੀ, ਹੋ ਸਕਦਾ ਹੈ ਸ਼੍ਰੀ ਬੋਲਸੋਨਾਰੋ ਵੀ ਐੱਮ.ਈ.ਆਰ.ਸੀ.ਓ.ਐੱਸ.ਯੂ.ਆਰ. ਨੂੰ ਲੈ ਕੇ ਨਵਿਓਂ ਸਿਰਿਓਂ ਗੱਲਬਾਤ ਕਰਨਾ ਚਾਹੁਣ।

ਗੌਰਤਲਬ ਹੈ ਕਿ ਬ੍ਰਾਜ਼ੀਲ ਅਤੇ ਭਾਰਤ ਵਿੱਚ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਹਨ। ਭਾਰਤ ਵਿਸ਼ਵ ਦੀ ਪੰਜਵੀਂ ਸਭ ਤੋਂ ਵੱਡੀ ਅਰਥ-ਵਿਵਸਥਾ ਹੈ ਜਦਕਿ ਬ੍ਰਾਜ਼ੀਲ ਸਤਵੀਂ ਥਾਂ ‘ਤੇ ਹੈ।ਪੂਰੇ ਵਿਸ਼ਵ ਵਿੱਚ ਭਾਰਤ ਅਤੇ ਬ੍ਰਾਜ਼ੀਲ ਦੀ ਆਪੋ-ਆਪਣੀ ਮਹੱਤਤਾ ਹੈ। ਇਨ੍ਹਾਂ ਦੋਵਾਂ ਲੋਕਤੰਤਰੀ ਮੁਲਕਾਂ ਦੇ ਕੋਲ ਅਜਿਹੇ ਆਗੂ ਹਨ ਜਿਨ੍ਹਾਂ ਕੋਲ ਆਪਣੇ ਦੇਸ਼ ਨੂੰ ਮਹਾ-ਸ਼ਕਤੀ ਬਣਾਉਣ ਦੀ ਸਮਰੱਥਾ ਹੈ। ਭਾਰਤ ਦੇ ਨੀਤੀ ਘਾੜਿਆਂ ਅਤੇ ਰਣਨੀਤੀ ਬਣਾਉਣ ਵਾਲਿਆਂ ਨੇ ਭਾਰਤ-ਬ੍ਰਾਜ਼ੀਲ ਸਾਂਝੇਦਾਰੀ ਦੇ ਮਹੱਤਵ ਉੱਤੇ ਆਪਣਾ ਧਿਆਨ ਕੇਂਦ੍ਰਿਤ ਨਹੀਂ ਕੀਤਾ ਹੈ। ਦੋਵਾਂ ਮੁਲਕਾਂ ਵਿੱਚ ਨਾ ਸਿਰਫ਼ ਸਥਿਰ ਲੋਕਤੰਤਰ ਹੈ; ਬਲਕਿ ਹੁਣ ਇਹ ਟ੍ਰਿਲੀਅਨ ਡਾਲਰ ਤੋਂ ਵੱਧ ਦੇ ਵੱਡੇ ਅਰਥਚਾਰੇ ਹਨ। ਭਾਰਤ ਵਾਂਗ ਬ੍ਰਾਜ਼ੀਲ ਨੇ ਵੀ ਕੌਮਾਂਤਰੀ ਮੁੱਦਿਆਂ ਸਮੇਤ ਵਿਸ਼ਵ ਪੱਧਰ ਦੇ ਰਣਨੀਤਕ ਮਾਮਲਿਆਂ ਵਿੱਚ ਤੇਜ਼ੀ ਨਾਲ ਆਪਣੀ ਕਾਰਗੁਜ਼ਾਰੀ ਨੂੰ ਦਰਸਾਇਆ ਹੈ। ਜੇਕਰ ਭਾਰਤ ਨੇ ਵਿਸ਼ਵ ਸ਼ਕਤੀ ਬਣਨ ਲਈ ਆਪਣੀ ਵਿਦੇਸ਼ ਨੀਤੀ ਨੂੰ ਨਵਾਂ ਸਰੂਪ ਦਿੱਤਾ ਹੈ ਤਾਂ ਬ੍ਰਾਜ਼ੀਲ ਵੀ ਵਿਸ਼ਵ ਪੱਧਰ ‘ਤੇ ਆਪਣੀ ਛਾਪ ਛੱਡਣ ਦੀ ਤਾਂਘ ਰੱਖਦਾ ਹੈ। ਪਿਛਲੇ ਦਹਾਕਿਆਂ ਵਿੱਚ ਬ੍ਰਾਜ਼ੀਲ ਨੇ ਵਿਸ਼ਵ ਪੱਧਰ ‘ਤੇ ਆਪਣੀ ਅਹਿਮੀਅਤ ਦਰਸਾਉਣ ਲਈ ਬਹੁ-ਪੱਖੀ ਸੰਸਥਾਵਾਂ ਦੀ ਵਰਤੋਂ ਨਾਲ ਆਪਣੇ ਦਾਅਵੇ ਨੂੰ ਮਜ਼ਬੂਤੀ ਨਾਲ ਰੱਖਿਆ ਹੈ। ਇਸ ਸਭ ਦੇ ਮੱਦੇਨਜ਼ਰ ਉਸ ਨੇ ਪ੍ਰਮੁੱਖ ਸ਼ਕਤੀਆਂ ਅਤੇ ਪੂਰੇ ਦੱਖਣੀ ਇਲਾਕੇ ਵਿੱਚ ਇੱਕ ਪੁਲ ਵਜੋਂ ਆਪਣੇ ਆਪ ਨੂੰ ਪੇਸ਼ ਕੀਤਾ ਹੈ। ਕਾਬਿਲੇਗੌਰ ਹੈ ਕਿ ਬ੍ਰਾਜ਼ੀਲ ਹੋਰਨਾਂ ਵਿਕਾਸਸ਼ੀਲ ਮੁਲਕਾਂ ਦੇ ਨਾਲ ਹੀ ਭਾਰਤ ਨੂੰ ਵੀ ਆਪਣੇ ਅਨਿੱਖੜਵੇਂ ਅੰਗ ਦੇ ਤੌਰ ਤੇ ਮੰਨਦਾ ਹੈ, ਜਿਸ ਨਾਲ ਸੰਬੰਧਾਂ ਨੂੰ ਮਜ਼ਬੂਤ ਕਰਕੇ ਉਹ ਆਪਣੇ ਆਰਥਿਕ ਹਿੱਤਾਂ ਦੀ ਪੂਰਤੀ ਕਰ ਸਕਦਾ ਹੈ। ਲੈਟਿਨ ਅਮਰੀਕੀ ਖੇਤਰ ਵਿੱਚ ਬ੍ਰਾਜ਼ੀਲ, ਭਾਰਤ ਦਾ ਸਭ ਤੋਂ ਵੱਡਾ ਵਪਾਰਕ ਸਾਂਝੀਦਾਰ ਮੁਲਕ ਹੈ। ਆਪਸੀ ਹਿੱਤਾਂ ਦੇ ਮੱਦੇਨਜ਼ਰ ਦੋਵਾਂ ਦੇਸ਼ਾਂ ਵਿੱਚ ਰਣਨੀਤਕ ਸਾਂਝੇਦਾਰੀ ਦੇ ਵਧਣ ਦੀ ਵੀ ਕਾਫੀ ਸੰਭਾਵਨਾ ਹੈ।

ਸ਼੍ਰੀ ਬੋਲਸੋਨਾਰੋ ਦਾ ਸਭ ਤੋਂ ਪਹਿਲਾ ਕੰਮ ਬ੍ਰਾਜ਼ੀਲ ਦੀ ਮਾਲੀ ਹਾਲਤ ਨੂੰ ਸਥਿਰ ਕਰਨਾ ਹੋਵੇਗਾ। ਇਸ ਦੇ ਲਈ ਜ਼ਰੂਰੀ ਹੈ ਕਿ ਮੁਲਕ ਵਿੱਚ ਸ਼ਾਂਤੀ ਬਣੀ ਰਹੇ ਅਤੇ ਟਕਰਾਅ ਦੀ ਰਾਜਨੀਤੀ ਤੋਂ ਕਿਨਾਰਾ ਕੀਤਾ ਜਾਵੇ। ਇਸੇ ਲਈ ਰਾਸ਼ਟਰਪਤੀ ਚੁਣੇ ਜਾਣ ਮਗਰੋਂ ਉਨ੍ਹਾਂ ਨੇ ਵੋਟਰਾਂ ਨੂੰ ਭਰੋਸਾ ਦਿੰਦਿਆ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਵੋਟ ਨਹੀਂ ਦਿੱਤੀ, ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਇੱਕ ਤਰ੍ਹਾਂ ਨਾਲ ਉਨ੍ਹਾਂ ਨੇ ਆਪਣੇ ਆਪ ਨੂੰ ਦੇਸ਼-ਭਗਤ ਦੇ ਤੌਰ ਤੇ ਉਭਾਰਨ ਦਾ ਉਪਰਾਲਾ ਕੀਤਾ ਹੈ ਜੋ ਕਿ ਸੰਕਟਾਂ ਵਿੱਚ ਘਿਰੇ ਆਪਣੇ ਮੁਲਕ ਨੂੰ ਉਸ ‘ਚੋਂ ਬਾਹਰ ਕੱਢਣ ਲਈ ਯਤਨਸ਼ੀਲ ਹੈ।

ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਨਵਾਂ ਪ੍ਰਸ਼ਾਸਨ ਵਿਸ਼ਪ ਪੱਧਰ ‘ਤੇ ਆਪਣੀ ਕਾਰਗੁਜ਼ਾਰੀ ਦਰਸਾਉਣ ਲਈ ਵਿਸ਼ਵ ਭਰ ਦੇ ਮੁਲਕਾਂ ਨਾਲ ਆਪਣੀ ਸਾਂਝੇਦਾਰੀ ਵਧਾਉਣ ਵੱਲ ਧਿਆਨ ਦੇ ਸਕਦਾ ਹੈ। ਹਾਲਾਂਕਿ ਇਸ ਨਾਲ ਵਿਸ਼ਵੀ ਸ਼ਕਤੀ ਵਜੋਂ ਏਸ਼ੀਆ ਦੇ ਉਭਾਰ ਨੂੰ ਨਜ਼ਰਅੰਦਾਜ਼ ਕੀਤੇ ਜਾਣ ਦਾ ਤੌਖ਼ਲਾ ਵੀ ਬਣਿਆ ਹੋਇਆ ਹੈ। ਜਿੱਥੋਂ ਤੱਕ ਭਾਰਤ-ਬ੍ਰਾਜ਼ੀਲ ਸਾਂਝੇਦਾਰੀ ਦਾ ਸੰਬੰਧ ਹੈ, ਇਹ ਸਿਰਫ਼ ਭਾਰਤ ਬ੍ਰਾਜ਼ੀਲ ਦੱਖਣੀ ਅਫਰੀਕਾ (ਆਈ.ਬੀ.ਐੱਸ.ਏ. ਸਮੂਹ) ਜਾਂ ਬ੍ਰਿਕਸ ਢਾਂਚੇ ਤੱਕ ਹੀ ਸੀਮਤ ਨਹੀਂ ਹੈ। ਗੌਰਤਲਬ ਹੈ ਕਿ ਮਜ਼ਬੂਤ ਦੁ-ਪੱਖੀ ਵਪਾਰ ਅਤੇ ਨਿਵੇਸ਼ ਤੋਂ ਇਲਾਵਾ ਦੋਵਾਂ ਮੁਲਕਾਂ ਦੀ ਵਿਸ਼ਵੀ ਸੰਸਥਾਵਾਂ ਵਿੱਚ ਸੁਧਾਰ ਕਰਨ ਬਾਰੇ ਵੀ ਇੱਕ ਰਾਇ ਹੈ।