ਆਈ.ਈ.ਓ. ਨੇ ਭਾਰਤ ਦੇ ਬਿਜਲਈਕਰਨ ਅਤੇ ਸਵੱਛ ਈਂਧਣ ਪਹਿਲਕਦਮੀਆਂ ਦੀ ਕੀਤੀ ਤਾਰੀਫ਼

ਵਿਸ਼ਵ ਦੀ ਊਰਜਾ ਸਲਾਹਕਾਰ ਏਜੰਸੀ, ਇੰਟਰਨੈਸ਼ਨਲ ਐਨਰਜੀ ਅਲਾਇੰਸ (ਆਈ.ਈ.ਓ.) ਨੇ ਵਿਸ਼ਵ ਊਰਜਾ ਸੰਬੰਧੀ ਆਪਣੀ 2018 ਦੀ ਰਿਪੋਰਟ ਵਿੱਚ ਭਾਰਤ ਦੁਆਰਾ ਵੱਡੇ ਪੱਧਰ‘ਤੇ ਬਿਜਲਈਕਰਨ ਅਤੇ ਸਵੱਛ ਈਂਧਣ ਵਰਗੀਆਂ ਪਹਿਲਕਦਮੀਆਂ ਦੀ ਸਿਫ਼ਤ ਕੀਤੀ ਹੈ। ਏਜੰਸੀ ਮੁਤਾਬਿਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਆਪਣੇ ਨਿਰਧਾਰਿਤ ਰਸਤੇ ‘ਤੇ ਸਹੀ ਦਿਸ਼ਾ ਵਿੱਚ ਅੱਗੇ ਵੱਧ ਰਿਹਾ ਹੈ। ਅੰਤਰਰਾਸ਼ਟਰੀ ਨਵਿਆਉਣਯੋਗ ਊਰਜਾ ਏਜੰਸੀ (ਆਈ.ਆਰ.ਈ.ਐੱਨ.ਏ.), ਸੰਯੁਕਤ ਰਾਸ਼ਟਰ ਸਾਂਖਿਅਕੀ ਵਿਭਾਗ (ਯੂ.ਐੱਨ.ਐੱਸ.ਡੀ.), ਵਿਸ਼ਵ ਬੈਂਕ ਅਤੇ ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਦੇ ਸਹਿਯੋਗ ਨਾਲ ਤਿਆਰ 2030 ਦੇ ਊਰਜਾ ਟੀਚਿਆਂ ਬਾਰੇ ਵਿਸ਼ਵ ਦੀ ਤਰੱਕੀ ਦਾ ਹਵਾਲਾ ਦਿੰਦੇ ਹੋਇਆਂ ਕਿਹਾ ਗਿਆ ਹੈ ਕਿ ਵਿਸ਼ਵੀ ਊਰਜਾ ਦੇ ਆਪਣੇ ਨਿਰਧਾਰਤ ਟੀਚੇ ਤੱਕ ਅਪੜਨ ਲਈ ਦੁਨੀਆ ਸਹੀ ਰਸਤੇ ਉੱਤੇ ਹੈ ਜੋ ਕਿ ਟਿਕਾਊ ਵਿਕਾਸ ਟੀਚਿਆਂ ਦਾ ਹਿੱਸਾ ਹਨ।ਖਾਸ ਗੱਲ ਇਹ ਹੈ ਕਿ ਇਸ ਨੇ ਬਿਜਲੀ ਦੀ ਪਹੁੰਚ ਵਿੱਚ ਸੁਧਾਰ ਅਤੇ ਖਾਣਾ ਪਕਾਉਣ ਦੇ ਸਵੱਛ ਬਾਲਣ ਵਰਗੀਆਂ ਭਾਰਤ ਦੀਆਂ ਪਹਿਲਾਂ ‘ਤੇ ਵੀ ਆਪਣਾ ਧਿਆਨ ਕੇਂਦ੍ਰਿਤ ਕੀਤਾ ਹੈ।

ਰਿਪੋਰਟ ਵਿੱਚ ਸਾਰੇ ਈਂਧਣਾਂ ਅਤੇ ਤਕਨਾਲੋਜੀਆਂ ਵਿੱਚ ਊਰਜਾ ਪ੍ਰਣਾਲੀ ਲਈ ਵੱਖਰੇ ਸੰਭਾਵਿਤ ਕਾਰਜਾਂ ਦੀ ਰੂਪ-ਰੇਖਾ ਉਲੀਕੀ ਗਈ ਹੈ। ਇਹ ਪੈਰਿਸ ਸਮਝੌਤੇ ਦੇ ਤਹਿਤ ਦੀਰਘਕਾਲਿਕ ਜਲਵਾਯੂ ਟੀਚਿਆਂ ਨੂੰ ਪੂਰਾ ਕਰਨ, ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਅਤੇ ਪੂਰੀ ਦੁਨੀਆ ਵਿੱਚ ਊਰਜਾ ਦੀ ਪਹੁੰਚ ਯਕੀਨੀ ਬਣਾਉਣ ਲਈ ਵਿਉਂਤਬੱਧ ਨੀਤੀਆਂ ਦਰਸਾਉਂਦਾ ਹੈ। ਆਈ.ਈ.ਓ. ਦੇ ਕਾਰਜਕਾਰੀ ਨਿਰਦੇਸ਼ਕ ਡਾ. ਫਾਤੀਹ ਬਿਰੋਲ ਨੇ ਕਿਹਾ ਹੈ ਕਿ ਸਾਡੇ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ ਵਿਸ਼ਵੀ ਊਰਜਾ ਨਿਵੇਸ਼ ਦਾ 70 ਫੀਸਦੀ ਤੋਂ ਜ਼ਿਆਦਾ ਸਰਕਾਰਾਂ ਦੁਆਰਾ ਸੰਚਾਲਿਤ ਹੋਵੇਗਾ ਅਤੇ ਇਸ ਤਰ੍ਹਾਂ ਦੇ ਸੰਦੇਸ਼ ਤੋਂ ਸਪੱਸ਼ਟ ਹੈ ਕਿ ਦੁਨੀਆ ਦੀ ਊਰਜਾ ਨੀਤੀ ਸਰਕਾਰੀ ਫੈਸਲਿਆਂ ਦੀ ਅਨੁਸਾਰੀ ਹੈ। ਢੁਕਵੀਆਂ ਨੀਤੀਆਂ ਅਤੇ ਫੈਸਲਿਆਂ ਨਾਲ ਊਰਜਾ ਦੀ ਸਪਲਾਈ ਨੂੰ ਸੁਰੱਖਿਅਤ ਕਰਨ, ਕਾਰਬਨ ਉਤਸਰਜਨ ਨੂੰ ਘੱਟ ਕਰਨ, ਸ਼ਹਿਰੀ ਇਲਾਕਿਆਂ ਵਿੱਚ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਅਤੇ ਅਫਰੀਕਾ ਸਮੇਤ ਹੋਰ ਥਾਵਾਂ ਵਿੱਚ ਊਰਜਾ ਦੀ ਪਹੁੰਚ ਦੇ ਵਿਸਥਾਰ ਵਰਗੇ ਆਮ ਟੀਚਿਆਂ ਨੂੰ ਹਾਸਿਲ ਕਰਨਾ ਮਹੱਤਵਪੂਰਨ ਹੋਵੇਗਾ।

ਦੇਸ਼ ਦੇ ਸਾਰੇ ਪਿੰਡਾਂ ਵਿੱਚ ਬਿਜਲੀ ਪੁਹੰਚਾਉਣ ਦੇ ਭਾਰਤ ਦੇ ਉਪਰਾਲੇ ਅਤੇ ਇਸ ਵਿੱਚ ਮਿਲ ਰਹੀ ਸਫ਼ਲਤਾ ਦੀ ਪੂਰੀ ਦੁਨੀਆ ਵਿੱਚ ਚਰਚਾ ਹੋ ਰਹੀ ਹੈ। ਲੋਕਾਂ ਨੂੰ ਖਾਣਾ ਪਕਾਉਣ ਦੇ ਲਈ ਐਲ.ਪੀ.ਜੀ. ਗੈਸ ਸਿਲੰਡਰ ਪ੍ਰਦਾਨ ਕਰਨਾ ਭਾਰਤ ਦੀ ਇੱਕ ਹੋਰ ਸ਼ਲਾਘਾਯੋਗ ਉਪਲਬਧੀ ਹੈ ਜਿਸ ਨਾਲ ਕਿ ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਅਕਾਲ ਮੌਤਾਂ ‘ਤੇ ਵੀ ਠੱਲ੍ਹ ਪਾਈ ਗਈ ਹੈ। ਆਈ.ਈ.ਓ. ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਜਿਹੀਆਂ ਪਹਿਲਕਦਮੀਆਂ ਉਤਪਾਦਕਤਾ ਨੂੰ ਵਧਾਉਂਦੀਆਂ ਹਨ ਜਿਸ ਦਾ ਸਿੱਧਾ ਅਸਰ ਆਰਥਿਕ ਖੁਸ਼ਹਾਲੀ ਦੇ ਤੌਰ ਤੇ ਦਿਖਾਈ ਦਿੰਦਾ ਹੈ। ਇੰਨਾ ਹੀ ਨਹੀ ਸਗੋਂ ਇਸ ਨਾਲ ਨਵੀਨਤਮ ਖੋਜਾਂ ਨੂੰ ਬਲ ਮਿਲਦਾ ਹੈ ਜਿਸ ਨਾਲ ਛੋਟੇ ਕੰਮ-ਧੰਦਿਆਂ ਦੀ ਤਰੱਕੀ, ਖੇਤੀਬਾੜੀ ਉਪਜ ਵਿੱਚ ਵਾਧਾ ਅਤੇ ਸਕੂਲਾਂ, ਬੈਂਕਾਂ ਅਤੇ ਡਾਕਟਰੀ ਸੇਵਾਵਾਂ ਦੇ ਵਿਕਾਸ ਵਿੱਚ ਮਦਦ ਮਿਲ ਸਕਦੀ ਹੈ।

ਕਾਬਿਲੇਗੌਰ ਹੈ ਕਿ ਇਹ ਰਿਪੋਰਟ ਉਸ ਦੇ ਇੱਕ ਦਿਨ ਬਾਅਦ ਆਈ ਹੈ ਜਦੋਂ ਕਿ ਪ੍ਰਧਾਨ ਮੰਤਰੀ ਮੋਦੀ ਨੇ ਐਲਾਨ ਕੀਤਾ ਸੀ ਕਿ ਭਾਰਤ ਨੇ ਨਿਰਧਾਰਿਤ ਟੀਚੇ ਤੋਂ ਪਹਿਲਾਂ ਹੀ 100ਫ਼ੀਸਦੀ ਪਿੰਡਾਂ ਵਿੱਚ ਬਿਜਲੀ ਪਹੁੰਚਾਉਣ ਦਾ ਕੰਮ ਮੁਕੰਮਲ ਕਰ ਲਿਆ ਹੈ। ਅਜਿਹੇ ਅਨੇਕਾਂ ਸਬੂਤ ਹਨ ਜਿਨ੍ਹਾਂ ਤੋਂ ਪਤਾ ਚੱਲਦਾ ਹੈ ਕਿ ਸਹੀ ਦ੍ਰਿਸ਼ਟੀਕੋਣ ਅਤੇ ਨੀਤੀਆਂ ਦੇ ਨਾਲ, ਦੇਸ਼ ਸਵੱਛ ਊਰਜਾ ਅਤੇ ਊਰਜਾ ਪਹੁੰਚ ਵਿੱਚ ਸਮਰੱਥ ਹੋ ਸਕਦੇ ਹਨ ਜਿਸ ਨਾਲ ਕਿ ਲੱਖਾਂ ਲੋਕਾਂ ਦੇ ਜੀਵਨ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ। ਗ੍ਰਾਮੀਣ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ ਲਿਮਿਟਡ, ਜੋ ਕਿ ਪਿੰਡਾਂ ਵਿੱਚ ਬਿਜਲੀ ਪਹੁੰਚਾਉਣ ਵਰਗੇ ਕਾਰਜਾਂ ਨੂੰ ਨੇਪਰੇ ਚਾੜ੍ਹਨ ਵਾਲੀ ਸਰਕਾਰੀ ਏਜੰਸੀ ਹੈ, ਨੇ ‘ਸੁਭਾਗਯ’ ਅਤੇ ‘ਦੀਨ ਦਿਆਲ ਉਪਾਧਿਆਏ ਗ੍ਰਾਮ ਜਿਓਤੀ ਯੋਜਨਾ’ ਵਰਗੀਆਂ ਸਕੀਮਾਂ ਦੇ ਤਹਿਤ 100 ਫ਼ੀਸਦੀ ਘਰਾਂ ਵਿੱਚ ਬਿਜਲੀ ਪਹੁੰਚਾਉਣ ਦਾ ਬੇਹੱਦ ਮਹੱਤਵਪੂਰਨ ਕੰਮ ਪੂਰਾ ਕੀਤਾ ਹੈ।

ਆਈ.ਈ.ਓ. ਦੀ ਰਿਪੋਰਟ ਮੁਤਾਬਿਕ ਬਿਜਲੀ ਦੀ ਪਹੁੰਚ ਅਤੇ ਖਾਣਾ ਪਕਾਉਣ ਲਈ ਸਵੱਛ ਈਂਧਣ ਦੀ ਉਪਲਬਧਤਾ ਨਾਲ ਲੋਕਾਂ ਨੂੰ ਕਾਫੀ ਫਾਇਦਾ ਪੁੱਜਾ ਹੈ। ਇਸ ਸੰਦਰਭ ਵਿੱਚ ਆਈ.ਈ.ਓ. ਨੇ ਗਰੀਬ ਪਰਿਵਾਰਾਂ ਨੂੰ ਐੱਲ.ਪੀ.ਜੀ. ਪ੍ਰਦਾਨ ਕਰਨ ਦੇ ਆਪਣੇ ਮਿਸ਼ਨ ਦੀ ਸਫ਼ਲਤਾ ਲਈ ਭਾਰਤ ਦੀ ਵਾਹਵਾਹੀ ਕੀਤੀ ਹੈ। ਭਾਰਤ ਵਿੱਚ 2015 ਤੋਂ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਤਹਿਤ ਗਰੀਬ ਪਰਿਵਾਰਾਂ ਨੂੰ 50 ਮਿਲੀਅਨ ਮੁਫਤ ਐੱਲ.ਪੀ.ਜੀ. ਸਟੋਵ ਅਤੇ ਸ਼ੁਰੂਆਤੀ ਰਿਫਿਲ ਪ੍ਰਦਾਨ ਕੀਤੇ ਗਏ ਹਨ ਅਤੇ ਸਰਕਾਰ ਨੇ 2020 ਤੱਕ 80ਮਿਲੀਅਨ ਪਰਿਵਾਰਾਂ ਨੂੰ ਐੱਲ.ਪੀ.ਜੀ. ਕਨੈਕਸ਼ਨ ਪ੍ਰਦਾਨ ਕਰਨ ਦਾ ਟੀਚਾ ਮਿਥਿਆ ਹੈ। ਦਰਅਸਲ ਭਾਰਤ ਦਾ ਸਾਰੇ ਗ੍ਰਾਮੀਣ ਪਰਿਵਾਰਾਂ ਨੂੰ ਬਿਜਲੀ ਪਹੁੰਚਾਉਣ ਵਿੱਚ ਸਫ਼ਲਤਾ ਅਸਲ ਵਿੱਚ ਵਿਸ਼ਾਲ ਆਬਾਦੀ, ਦੂਰ-ਦੁਰਾਡੇ ਰਹਿੰਦੇ ਆਖਰੀ ਵਿਅਕਤੀ ਤੱਕ ਪਹੁੰਚ ਦੇ ਮਾਮਲੇ ਵਿੱਚ ਚੁਣੌਤੀਆਂ ਨੂੰ ਦੇਖਦੇ ਹੋਇਆਂ ਕਾਬਿਲੇਤਾਰੀਫ਼ ਹੈ। ਨੀਤੀ ਘਾੜਿਆਂ ਨੂੰ ਮਹਿੰਗੀ ਪਰੰਪਰਕ ਊਰਜਾ ਉੱਤੇ ਨਿਰਭਰਤਾ ਨੂੰ ਘੱਟ ਕਰਨ ਲਈ ਸਮੁਦਾਇਕ ਪੱਧਰ ‘ਤੇ ਨਵਿਆਉਣਯੋਗ ਊਰਜਾ ਉਤਪਾਦਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਰਿਪੋਰਟ ਦੇ ਮੁਤਾਬਿਕ ਦੁਨੀਆ ਦੀਆਂ ਊਰਜਾ ਲੋੜਾਂ ਦਾ ਤਕਰੀਬਨ 40 ਫ਼ੀਸਦੀ 2023 ਤੱਕ ਨਵਿਆਉਣਯੋਗ ਊਰਜਾ ਸਰੋਤਾਂ ਦੁਆਰਾ ਪੂਰਾ ਕੀਤਾ ਜਾਵੇਗਾ। ਅਗਲੇ ਪੰਜ ਸਾਲਾਂ ਵਿੱਚ ਭਾਰਤ ਦੇ ਊਰਜਾ ਖੇਤਰ ਵਿੱਚ ਨਵਿਆਉਣਯੋਗ ਊਰਜਾ ਦਾ ਹਿੱਸਾ ਅਜੋਕੇ 5.3 ਫ਼ੀਸਦੀ ਤੋਂ ਵੱਧ ਕੇ 16 ਫ਼ੀਸਦੀ ਹੋ ਜਾਵੇਗਾ। ਆਈ.ਈ.ਓ. ਦੇ ਮੁਤਾਬਿਕ 2040 ਤੱਕ ਊਰਜਾ ਦੀ ਮੰਗ ਵਿੱਚ 25 ਫ਼ੀਸਦੀ ਤੋਂ ਜ਼ਿਆਦਾ ਦਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਸਰਕਾਰ ਨਵਿਆਉਣਯੋਗ ਊਰਜਾ ਪ੍ਰੋਗਰਾਮਾਂ ‘ਤੇ ਕਾਫੀ ਜ਼ੋਰ ਦੇ ਰਹੀ ਹੈ। ਕਾਬਿਲੇਗੌਰ ਹੈ ਕਿ ਭਾਰਤ ਸੌਰ-ਊਰਜਾ ਦੇ ਖੇਤਰ ਵਿੱਚ ਦੁਨੀਆ ਦਾ ਦੂਜਾ ਸਭ ਤੋਂ ਜ਼ਿਆਦਾ ਵੱਧਦਾ ਹੋਇਆ ਬਾਜ਼ਾਰ ਹੈ। ਆਈ.ਈ.ਓ. ਨੇ ਸੰਸਾਰ ਦੀਆਂ ਊਰਜਾ ਲੋੜਾਂ ਬਾਰੇ ਅੰਦਾਜ਼ੇ ਲਾਉਂਦਿਆਂ ਕਿਹਾ ਹੈ ਕਿ ਪੌਣ ਊਰਜਾ ਨਵਿਆਉਣਯੋਗ ਸਮਰੱਥਾ ਵਿੱਚ ਵਾਧੇ ਲਈ ਦੂਜਾ ਸਭ ਤੋਂ ਅਹਿਮ ਕਾਰਕ ਬਣੀ ਹੋਈ ਹੈ, ਹਾਲਾਂਕਿ 2023 ਤੱਕ ਪਣ-ਬਿਜਲੀ ਹੀ ਧਰਤੀ ‘ਤੇ ਸਭ ਤੋਂ ਵੱਡਾ ਊਰਜਾ ਦਾ ਸਰੋਤ ਬਣਿਆ ਰਹੇਗਾ।