ਪੀ.ਐੱਸ.ਯੂ. ਬੈਂਕਾਂ ਨੇ 4 ਸਾਲਾਂ ਦੌਰਾਨ 2.33 ਲੱਖ ਕਰੋੜ ਰੁਪਏ ਦੇ ਡੁੱਬੇ ਹੋਏ ਕਰਜ਼ੇ ਦੀ ਕੀਤੀ ਵਸੂਲੀ

ਵਿੱਤ ਰਾਜ ਮੰਤਰੀ ਸ਼੍ਰੀ ਸ਼ਿਵ ਪ੍ਰਤਾਪ ਸ਼ੁਕਲਾ ਨੇ ਸੰਸਦ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਕਿ ਜਨਤਕ ਖੇਤਰ ਦੇ ਬੈਂਕਾਂ ਨੇ ਮਾਲੀ ਸਾਲ 2014-15 ਤੋਂ ਮਾਲੀ ਸਾਲ 2017-18 ਤੱਕ ਚਾਰ ਸਾਲਾਂ ਦੌਰਾਨ 2.33 ਲੱਖ ਕਰੋੜ ਰੁਪਏ ਦੇ ਡੁੱਬੇ ਹੋਏ ਕਰਜ਼ੇ ਦੀ ਵਸੂਲੀ ਕੀਤੀ ਹੈ।

ਬੀਤੇ ਦਿਨ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਸ਼੍ਰੀ ਸ਼ੁਕਲਾ ਨੇ ਦੱਸਿਆ ਕਿ ਮਾਲੀ ਸਾਲ 2014-15 ਤੋਂ 2017-18 ਦੇ ਦੌਰਾਨ ਪੀ.ਐੱਸ.ਬੀ. ਦੇ ਗਲੋਬਲ ਸੰਚਾਲਨ ਬਾਰੇ ਆਰ.ਬੀ.ਆਈ. ਦੇ ਅੰਕੜਿਆਂ ਮੁਤਾਬਿਕ ਪੀ.ਐੱਸ.ਬੀ. ਨੇ 2,33,339 ਕਰੋੜ ਰੁਪਏ ਵਸੂਲ ਕੀਤੇ ਹਨ, ਜਿਨ੍ਹਾਂ ਵਿੱਚੋਂ 32, 693 ਕਰੋੜ ਰੁਪਏ ਲਿਖਤੀ ਬੰਦ ਖਾਤਿਆਂ ਦੇ ਹਨ।

ਮੰਤਰੀ ਨੇ ਇਹ ਵੀ ਕਿਹਾ ਕਿ ਰਿਜ਼ਰਵ ਬੈਂਕ ਤੋਂ ਪ੍ਰਾਪਤ ਅੰਕੜਿਆਂ ਰਾਹੀਂ ਪਤਾ ਚੱਲਦਾ ਹੈ ਕਿ 30 ਸਤੰਬਰ, 2018 ਤੱਕ ਦੇਸ਼ ਦੇ ਸਭ ਤੋਂ ਜ਼ਿਆਦਾ ਕਰਜ਼ਾ ਦੇਣ ਵਾਲੇ ਐੱਸ.ਬੀ.ਆਈ. ਦਾ 2.02 ਲੱਖ ਕਰੋੜ ਰੁਪਏ ਦਾ ਕੁੱਲ ਕਰਜ਼ਾ ਡੁੱਬੇ ਹੋਏ ਕਰਜ਼ੇ ਦੀ ਸ਼੍ਰੇਣੀ ਵਿੱਚ ਹੈ।