ਅਲ-ਅਜ਼ੀਜ਼ੀਆ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਰੀਫ ਨੂੰ ਸੁਣਾਈ ਗਈ 7 ਸਾਲ ਜੇਲ੍ਹ ਦੀ ਸਜ਼ਾ

ਪਾਕਿਸਤਾਨ ਦੀ ਇੱਕ ਭ੍ਰਿਸ਼ਟਾਚਾਰ ਵਿਰੋਧੀ ਅਦਾਲਤ ਨੇ ਸੋਮਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਸੱਤ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ ਅਤੇ ਨਾਲ ਹੀ 2.5 ਮਿਲੀਅਨ ਅਮਰੀਕੀ ਡਾਲਰ ਦਾ ਜੁਰਮਾਨਾ ਵੀ ਲਗਾਇਆ ਹੈ। ਕਾਬਿਲੇਗੌਰ ਹੈ ਕਿ ਇਹ ਫੈਸਲਾ ਅਲ-ਅਜ਼ੀਜ਼ੀਆ ਸਟੀਲ ਮਿੱਲ ਭ੍ਰਿਸ਼ਟਾਚਾਰ ਮਾਮਲੇ ਵਿੱਚ ਸਾਹਮਣੇ ਆਇਆ ਹੈ।

ਅਦਾਲਤ ਨੇ ਅਲ-ਅਜ਼ੀਜ਼ੀਆ ਅਤੇ ਹਿਲ ਮੈਟਲ ਦੀਆੰ ਸੰਪਤੀਆਂ ਨੂੰ ਵੀ ਜ਼ਬਤ ਕਰਨ ਦਾ ਵੀ ਆਦੇਸ਼ ਦਿੱਤਾ ਹੈ। ਹਾਲਾਂਕਿ ਅਦਾਲਤ ਨੇ ਉਨ੍ਹਾਂ ਨੂੰ ਬਹੁ-ਚਰਚਿਤ ਪਨਾਮਾ ਪੇਪਰਸ ਧੋਖਾਧੜੀ ਮਾਮਲੇ ਵਿੱਚ ਲੱਗੇ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤੋਂ ਬਰੀ ਕਰ ਦਿੱਤਾ ਹੈ।

ਅਦਾਲਤ ਨੇ ਸ਼ਰੀਫ ਪਰਿਵਾਰ ਦੇ ਖਿਲਾਫ਼ ਇਨ੍ਹਾਂ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਫੈਸਲਾ ਅਦਾਲਤੀ ਕਾਰਵਾਈ ਦੇ ਮੁਕੰਮਲ ਹੋਣ ਦੇ ਇੱਕ ਹਫ਼ਤਾ ਬਾਅਦ ਸੁਣਾਇਆ ਹੈ। ਫੈਸਲਾ ਸੁਣਾਏ ਜਾਣ ਦੇ ਮੌਕੇ ਸ਼ਰੀਫ ਅਦਾਲਤ ਵਿੱਚ ਮੌਜੂਦ ਸਨ।