ਅੱਜ ਤੋਂ ਭਾਜਪਾ ਦੀ ਕੌਮੀ ਪਰਿਸ਼ਦ ਬੈਠਕ ਨਵੀਂ ਦਿੱਲੀ ‘ਚ ਸ਼ੁਰੂ 

ਅੱਜ ਨਵੀਂ ਦਿੱਲੀ ਵਿਖੇ ਰਾਮਲੀਲਾ ਮੈਦਾਨ ਵਿੱਚ ਭਾਜਪਾ ਕੌਮੀ ਪਰਿਸ਼ਦ ਦੀ ਦੋ ਦਿਨੀਂ ਬੈਠਕ ਸ਼ੁਰੂ ਹੋਵੇਗੀ। ਭਾਜਪਾ ਪ੍ਰਧਾਨ ਅਮਿਤ ਸ਼ਾਹ ਇਸ ਸੰਮੇਲਨ ਦਾ ਉਦਘਾਟਨ ਕਰਨਗੇ। ਨਵੀਂ ਦਿੱਲੀ ‘ਚ ਮੀਡੀਆ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਯੁਵਾ ਵਿੰਗ ਦੇ ਪ੍ਰਧਾਨ ਪੂਨਮ ਮਹਾਜਨ ਨੇ ਦੱਸਿਆ ਕਿ ਦੇਸ਼ ਦੇ ਸਾਰੇ ਹਿੱਸਿਆਂ ਤੋਂ ਲਗਭਗ 12 ਹਜ਼ਾਰ ਡੈਲੀਗੇਟ ਇਸ ਸਮਾਗਮ ਵਿਚ ਸ਼ਾਮਿਲ ਹੋਣਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸੰਮੇਲਨ ਦੇ ਆਖ਼ਰੀ ਸੈਸ਼ਨ ਨੂੰ ਸੰਬੋਧਨ ਕਰਨਗੇ। ਸਾਡੇ ਪੱਤਰਕਾਰਾਂ ਦੀਆਂ ਰਿਪੋਰਟਾਂ ਅਨੁਸਾਰ ਪਾਰਟੀ ਨੇ ਆਪਣੇ ਸਾਰੇ ਚੁਣੇ ਗਏ ਮੈਂਬਰਾਂ ਨੂੰ ਸਥਾਨਕ ਚੋਣ ਤੋਂ ਲੈ ਕੇ ਇਸ ਦੇ ਸੰਸਦ ਮੈਂਬਰਾਂ ਤੱਕ ਅਤੇ ਦੇਸ਼ ਭਰ ਦੇ ਸੰਗਠਨਾਤਮਕ ਨੇਤਾਵਾਂ ਨੂੰ ਇਸ ਬੈਠਕ ਲਈ ਸੱਦਾ ਦਿੱਤਾ ਹੈ।
ਇਹ ਕੌਮੀ ਪਰਿਸ਼ਦ ਇਸ ਸਾਲ ਹੋਣ ਵਾਲੀਆਂ ਆਮ ਚੋਣਾਂ ਲਈ ਮਹੱਤਤਾ ਰੱਖਦੀ ਹੈ। ਇਸ ਬੈਠਕ ਦੌਰਾਨ ਹੋਰ ਮੁੱਦਿਆਂ ਸਮੇਤ ਚੋਣਾਂ ਲਈ ਪਾਰਟੀ ਦੀ ਰਣਨੀਤੀ ‘ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਨਰਿੰਦਰ ਮੋਦੀ ਦੀ ਸਰਕਾਰ ਦੇ ਦਲਿਤਾਂ ਪ੍ਰਤੀ ਸਮਾਜਿਕ ਨਿਆਂ, ਪੱਛੜੀਆਂ ਸ਼੍ਰੇਣੀਆਂ ਅਤੇ ਜਰਨਲ ਸ਼੍ਰੇਣੀ ਦੇ ਮੁੱਦੇ ਬੈਠਕ ਵਿੱਚ ਇੱਕ ਪ੍ਰਮੁੱਖ ਵਿਸ਼ਾ ਬਣਨ ਦੀ ਸੰਭਾਵਨਾ ਹੈ।