ਸਰਬ ਸਾਂਝੀਵਾਲ: ਬਾਦਸ਼ਾਹ ਦਰਵੇਸ਼ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ ਸ਼ਾਹ ਸ਼ਹਨਸ਼ਾਹ ਗੁਰੂ ਗੋਬਿੰਦ ਸਿੰਘ ॥
ਸਾਹਿਬ-ਏ-ਕਮਾਲ, ਸਰਬੰਸਦਾਨੀ,ਦਸਮ ਪਾਤਸ਼ਾਹਬਾਦਸ਼ਾਹ ਦਰਵੇਸ਼ ਧੰਨ-ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪੋਹ ਸੁਦੀ 7, ਦਿਨ ਸ਼ਨੀਵਾਰ 23 ਪੋਹਸੰਮਤ 1723 (22 ਦਸੰਬਰ 1666) ਪਟਨਾਬਿਹਾਰ ਵਿਖੇ 9ਵੇਂ ਗੁਰੂ ਤੇਗ਼ ਬਹਾਦੁਰ ਜੀ ਦੇ ਘਰ ਮਾਤਾ ਗੁਜਰੀ ਜੀ ਦੀ ਕੁੱਖੋਂ ਹੋਇਆ। ਆਪ ਦਾ ਬਚਪਨ ਦਾ ਨਾਮ ਗੋਬਿੰਦ ਰਾਇ ਸੀ। ਗੁਰੂ ਜੀ ਨੇ ਸੰਸਾਰ ਵਿੱਚ ਆਪਣੇ ਪ੍ਰਕਾਸ਼ ਬਾਰੇ ਆਪਣੀ ਸਵੈ-ਜੀਵਨੀ ਬਚਿਤ੍ਰ ਨਾਟਕ’ ਵਿੱਚ ਲਿਖਿਆ ਹੈ:-

ਮੁਰ ਪਿਤ ਪੂਰਬ ਕੀਯਸਿ ਪਯਾਨਾ॥ ਭਾਂਤਿ ਭਾਂਤਿ ਕੇ ਤੀਰਥਿ ਨਾਨਾ॥

ਜਬ ਹੀ ਜਾਤ ਤ੍ਰਿਬੇਣੀ ਭਏ॥ ਪੁੰਨ ਦਾਨ ਦਿਨ ਕਰਤ ਬਿਤਏ॥

ਤਹੀ ਪ੍ਰਕਾਸ ਹਮਾਰਾ ਭਯੋ॥ ਪਟਨਾ ਸਹਰ ਬਿਖੈ ਭਵ ਲਯੋ॥

ਆਪਣੇ ਮਨੁੱਖੀ ਜਾਮੇਂ ਵਿੱਚ ਆਉਣ ਦੇ ਮੰਤਵ ਨੂੰ ਗੁਰੂ ਸਾਹਿਬ ਨੇ ਇਨ੍ਹਾਂ ਸਤਰਾਂ ਵਿੱਚ ਬਿਆਨ ਕੀਤਾ ਹੈ:-

ਯਾਹੀ ਕਾਜ ਧਰਾ ਹਮ ਜਨਮੰ॥

ਸਮਝ ਲੇਹੁ ਸਾਧੂ ਸਭ ਮਨਮੰ॥

ਧਰਮ ਚਲਾਵਨ ਸੰਤ ਉਬਾਰਨ॥

ਦੁਸਟ ਸਭਨ ਕੋ ਮੂਲ ਉਪਾਰਨ॥ (ਬਚਿਤ੍ਰ ਨਾਟਕ)

ਉਸ ਸਮੇਂ ਮੁਗਲ ਸ਼ਾਸ਼ਕਾਂ ਦਾ ਅੱਤਿਆਚਾਰ ਬਹੁਤ ਵੱਧ ਚੁੱਕਾ ਸੀ ਇਸ ਲਈ ਪਿਤਾ ਗੁਰੂ ਤੇਗ ਬਹਾਦਰ ਜੀ ਨੇ ਆਪ ਨੂੰ ਉੱਚ ਵਿੱਦਿਆ ਪ੍ਰਦਾਨ ਕਰਵਾਉਣ ਦੇ ਨਾਲ-ਨਾਲ ਸ਼ਾਸ਼ਤਰ ਵਿੱਦਿਆ ਤੋਂ ਵੀ ਚੰਗੀ ਤਰ੍ਹਾਂ ਜਾਣੂ ਕਰਵਾਇਆ ਸੀ। ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਕਾਲ ਬੇਸ਼ਕ ਬਹੁਤ ਲੰਬਾ ਨਹੀਂ ਸੀ ਪਰੰਤੂ ਉਨ੍ਹਾਂ ਦਾ ਜੀਵਨ ਵਿਸ਼ੇਸ ਘਟਨਾਵਾਂ ਨਾਲ ਭਰਿਆ ਹੋਇਆ ਸੀਜਿਨ੍ਹਾਂ ਸਦਕਾ ਉਹਨਾਂ ਨੂੰ ਸ਼ਾਇਦ ਹੀ ਕਿਤੇ ਅਰਾਮ ਮਿਲਿਆ ਹੋਵੇ।

ਗੁਰੂ ਸਾਹਿਬ ਨੇ ਆਪਣਾ ਜੀਵਨ ਸਾਂਝੀਵਾਲਤਾ ਦੇ ਉਦੇਸ਼ ਨੂੰ ਨਾਲ ਲੈ ਕੇ ਜੀਵਿਆਬਚਪਨ ਵਿੱਚ ਜਦੋਂ ਉਨ੍ਹਾਂ ਦੀ ਉਮਰ ਸਿਰਫ਼ ਨੌਂ ਸਾਲ ਦੀ ਸੀਤਾਂ ਉਨ੍ਹਾਂ ਨੇ ਪਿਤਾ ਗੁਰੂ ਤੇਗ ਬਹਾਦਰ ਜੀ ਨੂੰ ਕਸ਼ਮੀਰੀ ਪੰਡਿਤਾਂ ਦੀ ਸਹਾਇਤਾ ਅਤੇ ਉਨ੍ਹਾਂ ਦੀ ਰੱਖਿਆ ਕਰਨ ਲਈ ਕੁਰਬਾਨੀ ਦੇਣ ਲਈ ਭੇਜ ਦਿੱਤਾ ਸੀ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਪਿੱਛੋਂ 1675  ਈ. ਵਿਚ ਸਾਲ ਦੀ ਉਮਰ ਵਿਚ ਆਪ ਜੀ ਨੂੰ ਸ਼੍ਰੀ ਗੁਰੂ ਨਾਨਕ ਜੋਤ ਦੇ ਦਸਵੇਂ ਵਾਰਸ ਦੇ ਰੂਪ ਵਿੱਚ ਗੁਰਿਆਈ ਪ੍ਰਾਪਤ ਹੋਈ। ਸਿਰਫ਼ 42 ਸਾਲ ਦੀ ਉਮਰ ਤੱਕ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਅਰੰਭ ਕੀਤੇ ਸਿੱਖ ਧਰਮ ਦੇ ਕ੍ਰਾਂਤੀਕਾਰੀ ਦਾਰਸ਼ਨਿਕ ਸਿਧਾਂਤਾਂ ਨੂੰ ਤੀਬਰਤਾ ਤੇ ਕੁਸ਼ਲਤਾ ਨਾਲ ਸਿਖਰ ਤੇ ਪਹੁੰਚਾਇਆ।

ਦਸ਼ਮ ਪਾਤਸ਼ਾਹ ਸਾਂਝੀਵਾਲਤਾ ਦੇ ਉਦੇਸ਼ ਨਾਲ ਚੱਲਦੇ ਹੋਏ ਕਿਸੇ ਵੀ ਇਲਾਕੇਧਰਮਜਾਤਨਸਲ ਅਤੇ ਕੌਮ ਦੇ ਵਿਰੁੱਧ ਕੋਈ ਵਿਰੋਧ ਨਹੀਂ ਰੱਖਦੇ ਸਨ ਸਗੋਂ ਉਹ ਸਾਰੀ ਲੋਕਾਈ ਨੂੰ:-

ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ॥

ਦੇ ਸਿਧਾਂਤ ਦੇ ਅਨੁਸਾਰ ਨਾਲ ਲੈ ਕੇ ਚੱਲਦੇ ਸਨ। ਸਾਂਝੀਵਾਲਤਾ ਦਾ ਉਪਦੇਸ਼ ਸੰਸਾਰ ਨੂੰ ਸਮਝਾਉਣ ਲਈ ਗੁਰੂ ਸਾਹਿਬ ਆਪਣੀ ਬੁਲੰਦ ਅਵਾਜ਼ ਵਿੱਚ ਪੁਕਾਰਦੇ ਹਨ ਕਿ:

ਕੋਊ ਭਇਓ ਮੁੰਡੀਆ ਸੰਨਿਆਸੀ ਕੋਊ ਜੋਗੀ ਭਇਓ ਕੋਊ ਬ੍ਰਹਮਚਾਰੀ ਕੋਊ ਜਤੀ ਅਨੁਮਾਨਬੋ॥

ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ॥

ਇਸ ਤਰ੍ਹਾਂ ਗੁਰੂ ਸਾਹਿਬ ਸਮੁੱਚੀ ਮਨੁੱਖ ਜਾਤੀ ਨੂੰ ਸਾਂਝੀਵਾਲਤਾ ਦਾ ਉਪਦੇਸ਼ ਦਿੰਦੇ ਹਨ। ਉਸ ਸਮੇਂ ਮੁਗਲ ਰਾਜੇ, ਸ਼ਾਸਕ ਗਰੀਬਾਂਅਨਾਥਾਂਕਿਰਤੀਆਂ ਅਤੇ ਇਸਤਰੀ ਜਾਤੀ ਆਦਿ ਦਾ ਧਰਮ ਦੇ ਨਾਮ ਤੇ ਸ਼ੋਸ਼ਣ ਕਰਦੇ ਸਨ ਅਤੇ ਉਨ੍ਹਾਂ ਤੇ ਜ਼ੁਲਮ ਢਾਹੁੰਦੇ ਸਨ। ਇਨ੍ਹਾਂ ਗਰੀਬ ਲੋਕਾਂ ਕਿਰਤੀਆਂਅਤੇ ਸਮਾਜ ਦੇ ਉਥਾਨਸਨਮਾਨ, ਮਨੁੱਖੀ ਬਰਾਬਰੀ ਅਤੇ ਉੱਚੀਆਂ ਮਾਨਵੀ ਕਦਰਾਂ-ਕੀਮਤਾਂ ਲਈ ਹੀ ਗੁਰੂ ਸਾਹਿਬ ਨੇ ਧਰਮ ਯੁੱਧ’ ਚਲਾਇਆ ਤਾਂ ਜੋ ਸਰਬ ਧਰਮ ਦੀ ਰੱਖਿਆ ਹੋ ਸਕੇ। ਆਪ ਬਾਰੇ ਗੱਲ ਕਰਦੇ ਹੋਏ ਮੈਕਾਲਿਫ਼ ਕਹਿੰਦਾ ਹੈ ਕਿ, ‘ਆਪ ਨੇ ਲਿਤਾੜੇ ਹੋਏ ਲੋਕਾਂ ਨੂੰ ਸੰਸਾਰ ਦੇ ਪ੍ਰਸਿੱਧ ਯੋਧੇ ਬਣਾ ਦਿੱਤਾ।’ ਇਸ ਕਾਰਨ ਉਸ ਸਮੇਂ ਦੇ ਪ੍ਰਸਿੱਧ ਮੁਸਲਮਾਨ ਪੀਰਾਂਫਕੀਰਾਂਚੌਧਰੀਆਂ ਜਿਨ੍ਹਾਂ ਨੇ ਸੱਚ ਨੂੰ ਪਹਿਚਾਣਿਆ’ ਸੀ,ਉਨ੍ਹਾਂ ਨੇ ਹਮੇਸ਼ਾ ਹੀ ਸਤਿਗੁਰਾਂ ਦਾ ਸਾਥ ਦਿੱਤਾ ਅਤੇ ਉਨ੍ਹਾਂ ਦੀ ਸਤਿ ਦੀ ਸ਼ਕਤੀ’ ਨੂੰ ਪਹਿਚਾਣ ਕੇ ਸਦਾ ਹੀ ਉਨ੍ਹਾਂ ਨੂੰ ਪ੍ਰਣਾਮ ਕੀਤਾ।

ਗੁਰੂ ਸਾਹਿਬ ਦੇ ਇਨ੍ਹਾਂ ਕਾਰਜਾਂ ਕਾਰਨ ਬਹੁਤ ਸਾਰੇ ਹੋਰ ਲੋਕ ਵੀ ਉਨ੍ਹਾਂ ਦੇ ਪੈਰੋਕਾਰ ਬਣਦੇ ਜਾ ਰਹੇ ਸਨਹੌਲੀ ਹੌਲੀ ਗੁਰੂ ਸਾਹਿਬ ਨੇ ਆਪਣੇ ਪੈਰੋਕਾਰਾਂ ਨੂੰ ਇੱਕਠੇ ਕਰਨ ਲਈ 13 ਅਪ੍ਰੈਲ 1699 ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਥਾਪਨਾ ਕੀਤੀ। ਇਸ ਸਮੇਂ ਅੰਮ੍ਰਿਤ ਤਿਆਰ ਕੀਤਾ ਗਿਆ ਅਤੇ ਗੁਰੂ ਸਾਹਿਬ ਨੇ ਉੱਥੇ ਮੌਜੂਦ ਸੰਗਤ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਵਿੱਚੋਂ ਪੰਜ ਨਿਡਰ ਯੋਧਿਆਂ ਦੀ ਚੋਣ ਕੀਤੀ,ਜਿਹਨਾਂ ਨੂੰ ਬਾਅਦ ਵਿੱਚ ਪੰਜ ਪਿਆਰਿਆਂ ਦਾ ਦਰਜਾ ਦਿੱਤਾ ਗਿਆ। ਇਨ੍ਹਾਂ ਪੰਜ ਪਿਆਰਆਂ ਨੂੰ ਅੰਮ੍ਰਿਤ ਛਕਾਇਆ ਗਿਆ ਤੇ ਫਿਰ ਗੁਰੂ ਸਾਹਿਬ ਨੇ ਆਪ ਉਨ੍ਹਾਂ ਤੋਂ ਅੰਮ੍ਰਿਤ ਛਕਿਆ। ਇਸੇ ਲਈ ਫੁਰਮਾਇਆ ਗਿਆ ਹੈ:-

ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ!!

ਗੁਰੂ ਜੀ ਅੰਦਰ ਸਾਂਝੀਵਾਲਤਾ ਦਾ ਸੰਦੇਸ਼ ਇਸ ਗੱਲ ਤੋਂ ਵੀ ਮਿਲਦਾ ਹੈ ਕਿ ਉਨ੍ਹਾਂ ਦੁਆਰਾ ਚੁਣੇ ਗਏ  ਪੰਜ ਪਿਆਰੇ ਕਿਸੇ ਇੱਕ ਜਾਤੀ ਜਾਂ ਧਰਮ ਨਾਲ ਸੰਬੰਧਿਤ ਨਹੀਂ ਸਨ ਸਗੋਂ ਇਹ ਵੱਖ-ਵੱਖ ਜਾਤਾਂ ਨਾਲ ਸੰਬੰਧ ਰੱਖਦੇ ਸਨ। ਬਾਅਦ ਵਿੱਚ ਗੁਰੂ ਜੀ ਗੋਬਿੰਦ ਰਾਏ ਤੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਣ ਗਏ ਅਤੇ ਇਸ ਦੇ ਨਾਲ ਹੀ ਉਨ੍ਹਾਂ ਪੰਜਾ ਪਿਆਰਿਆਂ ਅਤੇ ਆਪਣੇ ਹੋਰ ਸਿੱਖਾਂ ਨੂੰ ਆਪਣੇ ਨਾਮ ਨਾਲ ਸਿੰਘ ਅਤੇ ਇਸਤਰੀਆਂ ਨੂੰ ਕੌਰ ਸ਼ਬਦ ਲਗਾਉਣ ਦਾ ਆਦੇਸ਼ ਦਿੱਤਾ। ਇਸ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਸਿੱਖ ਅੰਮ੍ਰਿਤ ਛਕ ਕੇ ਸਿੰਘ ਬਣਨ ਲੱਗੇ। ਉਸ ਇੱਕ ਪ੍ਰਮਾਤਮਾ ਵਿੱਚ ਵਿਸ਼ਵਾਸ਼ ਰੱਖਦੇ ਹੋਏ ਗੁਰੂ ਸਾਹਿਬ ਆਪਣੇ ਸਿੱਖਾਂ ਨੂੰ ਵੀ ਇਸ ਮਾਰਗ ਤੇ ਚੱਲਣ ਅਤੇ ਸਾਰੀਆਂ ਮੁਰਾਦਾਂ ਪ੍ਰਮਾਤਮਾ ਪਾਸੋਂ ਪ੍ਰਾਪਤ ਕਰਨ ਦਾ ਉਪਦੇਸ਼ ਦਿੱਤਾ। ਖਾਲਸਾ ਦੀ ਸਥਾਪਨਾ ਦੀ ਵਿਸ਼ੇਸ਼ਤਾ ਨੂੰ ਕੁੱਝ ਇੰਝ ਪੇਸ਼ ਕਰਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਫੁਰਮਾਇਆ :-

ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋ।

ਨ ਡਰੋ ਅਰਿ ਸੋ ਜਬ ਜਾਇ ਲਰੇ ਨਿਸਚੈ ਕਰਿ ਅਪੁਨੀ ਜੀਤ ਕਰੋ।

ਅਰੁ ਸਿਖ ਹੋ ਆਪਨੇ ਹੀ ਮਨ ਕੋ ਇਹ ਲਾਲਚ ਹਉ ਗੁਨ ਤਉ ਉਚਰੋ।

ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤੁਬ ਜੂਝ ਮਰੋ। ੨੩੧। ਚੰਡੀ ਚਰਿਤ੍ਰ (ਉਕਤਿ ਬਿਲਾਸ)”

ਸਰਬ ਧਰਮਾਂ ਦੀ ਰੱਖਿਆ ਅਤੇ ਲਿਤਾੜੇ ਹੋਏ ਲੋਕਾਂ ਦੀ ਰੱਖਿਆ ਲਈ ਗੁਰੂ ਸਾਹਿਬ ਨੇ ਨਾ ਸਿਰਫ਼ ਆਪਣਾ ਜੀਵਨ ਹੀ ਲਾਇਆ ਸਗੋਂ ਉਨ੍ਹਾਂ ਨੇ ਪੂਰਾ ਸਰਬੰਸ ਧਰਮ ਦੀ ਰੱਖਿਆ ਲਈ ਵਾਰ ਦਿੱਤਾ। ਗੁਰੂ ਜੀ ਨੂੰ ਜੀਵਨ ਕਾਲ ਵਿਚ ਲੱਗਭਗ 14 ਜੰਗਾਂ ਲੜਨੀਆਂ ਪਈਆਂ। ਪਹਿਲੀ ਜੰਗ ਭੰਗਾਣੀ ਦੀ ਅਤੇ ਆਖਰੀ ਜੰਗ ਉਨ੍ਹਾਂ ਨੇ (ਖਿਦਰਾਣੇ ਦੀ ਢਾਬ) ਮੁਕਤਸਰ ਸਾਹਿਬ ਦੇ ਸਥਾਨ ਤੇ ਲੜੀ। ਚਮਕੌਰ ਸਾਹਿਬ ਦੇ ਸਥਾਨ ਤੇ ਉਨ੍ਹਾਂ ਦੀ ਜੰਗ ਦੁਨੀਆ ਦੇ ਇਤਿਹਾਸ ਵਿੱਚ ਬੇਮਿਸਾਲ ਅਤੇ ਲਾਸਾਨੀ ਸੀ। ਉਨ੍ਹਾਂ ਨੇ ਭੁੱਖੇ-ਭਾਣੇ 40 ਸਿੰਘਾਂ ਨਾਲ ਬਹੁਤ ਵੱਡੀ ਦੁਸ਼ਮਣ ਦੀ ਫੌਜ ਦਾ ਮੁਕਾਬਲਾ ਕੀਤਾ। 1705 ਈ. ਵਿੱਚ ਖਿਦਰਾਣੇ ਦੀ ਢਾਬ ਦੇ ਅਸਥਾਨ ਤੇ ਉਨ੍ਹਾਂ ਨੇ ਫੇਰ ਮੁੱਠੀ ਭਰ ਸਿੰਘਾਂ ਨਾਲ ਸਰਹੰਦ ਦੀ ਮੁਗਲ ਫੌਜ ਦੇ ਦੰਦ ਖੱਟੇ ਕੀਤੇ। ਇਹ ਦੋਵੇ ਜੰਗਾਂ ਸੰਸਾਰ ਵਿਚ ਸਭ ਤੋਂ ਵੱਧ ਅਸਾਂਵੀਆਂ ਸਨ। ਇਨ੍ਹਾਂ ਵਿਚ ਗੁਰੂ ਜੀ ਨੇ ਸਿੱਧ ਕਰ ਦਿੱਤਾ ਸੀ ਕਿ ਇੱਕ-ਇੱਕ ਸਿੰਘ ਅਣਗਿਣਤ ਦੁਸ਼ਮਣਾਂ ਦਾ ਦਲੇਰੀ ਨਾਲ ਸਾਹਮਣਾ ਕਰਨ ਦੀ ਸ਼ਕਤੀ ਰੱਖਦਾ ਹੈ।

ਸਵਾ ਲਾਖ ਸੇ ਏਕ ਲੜਾਊਂ।। ਤਬੇ ਗੋਬਿੰਦ ਸਿੰਘ ਨਾਮ ਕਹਾਊਂ।।

ਬਾਦਸ਼ਾਹ ਦਰਵੇਸ਼ ਗੁਰੂ  ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਬਜ਼ਾਦੇ-ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ ਅਤੇ ਉਨ੍ਹਾਂ ਦੇ ਛੋਟੇ ਦੋ ਸਾਹਿਬਜ਼ਾਦਿਆਂ- ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਸਰਹਿੰਦ ਦੇ ਸੂਬੇਦਾਰ ਵੱਲੋਂ ਗ੍ਰਿਫ਼ਤਾਰ ਕਰ ਕੇ ਨੀਹਾਂ ਵਿੱਚ ਚਿਣਵਾ ਕੇ ਸ਼ਹੀਦ ਕਰ ਦਿੱਤਾ ਗਿਆ ਅਤੇ ਮਾਤਾ ਗੁਜਰੀ ਜੀ ਸਰਹੰਦ ਦੇ ਠੰਡੇ ਬੁਰਜ਼ ਵਿੱਚ ਸ਼ਹੀਦੀ ਪਾ ਗਏ। ਸਭ ਕੁਝ ਕੁਰਬਾਨ ਹੋ ਜਾਣ ਦੇ ਬਾਵਜੂਦ ਵੀ ਗੁਰੂ ਸਾਹਿਬ ਅਡੋਲਸਹਿਜ ਅਤੇ ਚੜ੍ਹਦੀ ਕਲਾ ਵਿਚ ਰਹੇ। ਉਨ੍ਹਾਂ ਦਾ ਨਿਸ਼ਾਨਾ ਮੁਗਲਾਂ ਦੇ ਜ਼ੁਲਮ ਦੀਆਂ ਜੜ੍ਹਾਂ ਪੁੱਟਣਾ ਸੀ। ਚਮਕੌਰ ਦੀ ਜੰਗ ਵਿੱਚ ਪੁੱਤਰਾਂ ਅਤੇ ਬਹੁਤ ਸਾਰੇ ਸਿੰਘਾਂ ਦੇ ਸ਼ਹੀਦ ਹੋ ਜਾਣ ਉਪਰੰਤ ਪੰਜ ਸਿੰਘਾਂ ਵੱਲੋਂ ਗੁਰੂ ਰੂਪ ਹੋ ਕੇ ਗੁਰਮਤੇ ਦੁਆਰਾ ਕੀਤੇ ਹੁਕਮਾਂ ਦੀ ਪਾਲਣਾ ਕਰਦਿਆਂ ਚਮਕੌਰ ਤੋਂ ਚੱਲ ਕੇ ਮਾਛੀਵਾੜੇ ਦੀ ਧਰਤੀ ਉੱਤੇ ਪਹੁੰਚੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੀਨਾ ਕਾਂਗੜ ਤੋਂ ਔਰੰਗਜ਼ੇਬ ਨੂੰ ਫਤਿਹ ਦਾ ਪੱਤਰ ਲਿਖਿਆ ਜਿਸ ਨੂੰ ਜ਼ਫ਼ਰਨਾਮਾ’ ਜਾਂ “ਫ਼ਤਿਹ ਦੀ ਚਿੱਠੀ” ਕਿਹਾ ਜਾਂਦਾ ਹੈ। ਇਸ ਵਿੱਚ ਗੁਰੂ ਜੀ ਨੇ ਔਰੰਗਜ਼ੇਬ ਨੂੰ ਲਿਖਿਆ ਕਿ ਨਾ ਤੂੰ ਧਾਰਮਿਕ ਹੈਂਨਾ ਬਹਾਦਰ ਹੈਂ ਅਤੇ ਨਾ ਚੰਗਾ ਰਾਜਨੀਤਕ ਹੈਂ। ਤੂੰ ਕੁਰਾਨ ਦੀਆਂ ਸੌਹਾਂ ਖਾ ਕੇ ਤੋੜੀਆਂ ਹਨ।‘ ਕੁਰਾਨ ਦੀ ਸਿੱਖਿਆ ਦੇ ਉਲਟ ਮਾਸੂਮ ਬੱਚਿਆਂ ਦਾ ਕਤਲ ਕੀਤਾ ਹੈ। ਤੂੰ ਪਰਜਾ ਨਾਲ ਬੇ-ਇਨਸਾਫੀ ਕਰਦਾ ਹੈਂ। ਇਸ ਤਰ੍ਹਾਂ ਉਨ੍ਹਾਂ ਨੇ ਔਰੰਗਜ਼ੇਬ ਨੂੰ ਧਰਮ ਅਤੇ ਨੈਤਿਕਤਾ ਦਾ ਉਪਦੇਸ਼ ਕੀਤਾ ਅਤੇ ਨਾਲ ਹੀ ਕਿਹਾ ਕਿ ਕੀ ਹੋਇਆ ਜੇ ਮੇਰੇ ਚਾਰ ਬੱਚੇ ਮਾਰੇ ਗਏ ਹਨ ਪਰ ਤੇਰੇ ਜ਼ੁਲਮ ਦਾ ਟਾਕਰਾ ਕਰਨ ਲਈ ਅਜੇ ਮੇਰਾ ਪੰਜਵਾਂ ਪੁੱਤਰ ਖਾਲਸਾ ਤਿਆਰ ਹੈ। ਉਨ੍ਹਾਂ ਕਿਹਾ

ਚਾਰ ਮੁਏ ਤੋ ਕਿਆ ਹੁਆ । । ਜੀਵਤ ਕਈ ਹਜ਼ਾਰ । ।

ਗੁਰੂ ਸਾਹਿਬ ਕਹਿੰਦੇ ਹਨ ਕਿ ਜਦੋਂ ਸਾਰੇ ਹੀਲੇ ਖਤਮ ਹੋ ਜਾਣ ਤਾਂ ਰੱਖਿਆ ਲਈ ਕਿਰਪਾਨ ਉਠਾਉਣਾ ਯੋਗ ਹੁੰਦਾ ਹੈ।  ਉਨ੍ਹਾਂ ਬਾਦਸ਼ਾਹ ਔਰੰਗਜੇਬ ਨੂੰ ਲਿਖਿਆ ਕਿ ਮੈਂ ਦੀਨ-ਦੁਨੀਆ ਦੇ ਭਲੇ ਲਈ ਹੱਕਸੱਚ ਲਈ ਕਿਰਪਾਨ ਉਠਾਈ ਹੈ:

ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸਤ॥

ਹਲਾਲੱਸਤ ਬੁਰਦਨ ਬ ਸ਼ਮਸ਼ੀਰ ਦਸਤ॥ (ਜ਼ਫ਼ਰਨਾਮਾ)

ਦਸ਼ਮ ਪਾਤਸ਼ਾਹ ਧੰਨ-ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਦਿ ਗ੍ਰੰਥਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸ਼ਾਮਿਲ ਕੀਤੀ ਅਤੇ ਗੁਰੂ ਗ੍ਰੰਥ ਸਾਹਿਬਨੂੰ ਗੁਰੂ ਦਾ ਦਰਜਾ ਦਿੱਤਾ। ਉਨ੍ਹਾਂ ਕਿਹਾ ਧਰਮਅਰਥਦਾਸਸੇਖ ਚਾਰ ਪਦਾਰਥਾਂ ਦੀ ਦਾਤੀ ਗੁਰਬਾਣੀ ਸਰਵ ਸ਼ਕਤੀਮਾਨ ਹੈ। ਇਸ ਤਰ੍ਹਾਂ ” ਗੁਰੂ ਗ੍ਰੰਥ ਸਾਹਿਬ” ਨੂੰ ਗੁਰੂ ਦੀ ਪਦਵੀ ਦੇ ਕੇਅਖੀਰ  ਕੱਤਕ ਸੁਦੀ ਪੰਚਮੀ, 7 ਕੱਤਕਸੰਮਤ 1765 ਅਨੁਸਾਰ 7ਅਕਤੂਬਰ, 1708 ਈ. ਨੂੰ ਆਪ ਅਕਾਲ ਪੁਰਖ ਵੱਲੋਂ ਸੂਚਿਤ ਕੀਤਾ ਫਰਜ਼ ਨਿਭਾਉਣ ਅਤੇ ਕਾਰਜ ਸੰਪੰਨ ਕਰਨ ਉਪਰੰਤ ਨਾਂਦੇੜ ਦੀ ਧਰਤੀ ਨੂੰ ਹਮੇਸ਼ਾ ਲਈ ਪਾਕ ਪਵਿੱਤਰ ਕਰ ਕੇ ਜੋਤੀ-ਜੋਤਿ ਸਮਾ ਗਏ। ਅੱਜ ਇਸ ਪਵਿੱਤਰ ਸਥਾਨ ਉੱਤੇ ਸੱਚਖੰਡ ਤਖਤ ਸ਼੍ਰੀ ਹਜ਼ੂਰ ਸਾਹਿਬਅਬਿਚਲ ਨਗਰ ਸੁਸ਼ੋਭਿਤ ਹੈ।

ਅਜੋਕੇ ਸਮੇਂ ਵਿੱਚ ਸਮਾਜ ਵਿੱਚ ਧਰਮਜਾਤਰੰਗਨਸਲ ਦੇ ਨਾਮ ਤੇ ਵਿਤਕਰਾ ਅਤੇ ਨੇਕੀ ਤੇ ਬਦੀ ਦੀ ਲੜਾਈ ਜਾਰੀ ਹੈ। ਸਮਾਜ ਵਿੱਚ ਬਦੀ ਦੀਆ ਤਾਕਤਾਂ ਭਾਰੂ ਹੁੰਦੀਆਂ ਜਾ ਰਹੀਆਂ ਹਨ। ਹਰ ਖੇਤਰ ਵਿਚ ਛਲਕਪਟਧੋਖਾ ਤੇ ਭ੍ਰਿਸ਼ਾਟਾਚਾਰ ਫੈਲਿਆ ਹੋਇਆ ਹੈ। ਸਮਾਜ ਵਿੱਚ ਮੌਜੂਦ ਇਹ ਤਾਕਤਾਂ ਸਮਾਜ ਨੂੰ ਘੁਣ ਵਾਂਗ ਖਾ ਰਹੀਆਂ ਹਨ। ਲੋੜ ਹੈ ਸਾਨੂੰ ਆਪਣੇ ਜੀਵਨ ਆਚਰਨ ਨੂੰ ਗੁਰੂ ਸਾਹਿਬ ਦੁਆਰਾ ਦਿੱਤੀਆਂ ਸਿੱਖਿਆਵਾਂ ਅਨੁਸਾਰ ਚੱਲ ਕੇ ਸੁਧਾਰਨ ਦੀ ਤਾਂ ਜੋ ਸਮਾਜ ਅਤੇ ਇਸ ਵਿੱਚ ਵਸਦੀ ਲੋਕਾਈ ਦੀ ਬਿਹਤਰੀ ਵਾਲਾ ਮਾਹੌਲ ਪੈਦਾ ਕੀਤਾ ਜਾ ਸਕੇ।