ਅਫ਼ਗਾਨਿਸਤਾਨ ਵਿਚ ਸਮਝੌਤੇ ਸਬੰਧੀ ਗੱਲਬਾਤ ਸਕਾਰਾਤਮਕ ਰੂਪ ਨਾਲ ਜਾਰੀ : ਅਮਰੀਕੀ ਰਾਸ਼ਟਰਪਤੀ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਕਿ ਅਫ਼ਗਾਨਿਸਤਾਨ ਵਿੱਚ 17 ਸਾਲ ਤੋਂ ਵੱਧ ਸਮੇਂ ਤੱਕ ਚੱਲ ਰਹੇ ਯੁੱਧ ਨੂੰ ਖ਼ਤਮ ਕਰਨ ਲਈ ਤਾਲਿਬਾਨ ਨਾਲ ਗੱਲਬਾਤ ਸਕਾਰਾਤਮਕ ਰੂਪ ਨਾਲ ਚੱਲ ਰਹੀ ਹੈ। ਅਫ਼ਗਾਨਿਸਤਾਨ ਦੇ ਸੁਲਾਹ-ਮਸ਼ਵਰੇ ਲਈ ਅਮਰੀਕੀ ਵਿਸ਼ੇਸ਼ ਪ੍ਰਤੀਨਿਧੀ ਜ਼ਲਮੇ ਖ਼ਲੀਲਜਦ ਦੇ ਪਿਛਲੇ ਹਫ਼ਤੇ ਕਤਰ ਵਿਖੇ ਤਾਲਿਬਾਨ ਨਾਲ ਚੌਥੇ ਗੇੜ ‘ਚ ਗੱਲਬਾਤ ਕਰਨ ਤੋਂ ਬਾਅਦ ਸ੍ਰੀ ਟਰੰਪ ਨੇ ਇਹ ਗੱਲ ਕਹੀ ਸੀ। ਟਵੀਟ ਦੀ ਇੱਕ ਲੜੀ ਵਿੱਚ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਲੜਾਈ ਜਾਰੀ ਹੈ ਪਰ ਅਫ਼ਗਾਨਿਸਤਾਨ ਦੇ ਲੋਕ ਇਸ ਕਦੀ ਨਾ ਖ਼ਤਮ ਹੋਣ ਵਾਲੀ ਲੜਾਈ ਵਿੱਚ ਸ਼ਾਂਤੀ ਚਾਹੁੰਦੇ ਹਨ।
ਖ਼ਲੀਲਜਦ ਨੇ ਦੋਹਾ ਵਿਖੇ ਤਾਲਿਬਾਨ ਪ੍ਰਤੀਨਿਧਾਂ ਨਾਲ ਛੇ ਦਿਨਾਂ ਤੱਕ ਤੀਬਰ ਗੱਲਬਾਤ ਕੀਤੀ। ਗੱਲਬਾਤ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਅਮਰੀਕਾ ਅਤੇ ਤਾਲਿਬਾਨ ਨੇ ਇੱਕ ਸਮਝੌਤੇ ਦੇ ਢਾਂਚੇ ਦਾ ਖਰੜਾ ਤਿਆਰ ਕੀਤਾ ਹੈ, ਜੋ ਕਾਬੁਲ ਨਾਲ ਸ਼ਾਂਤੀ ਵਾਰਤਾ ਲਈ ਰਾਹ ਤਿਆਰ ਕਰ ਸਕਦਾ ਹੈ।