ਰੁੱਤ ਫਿਰ ਪਈ ਸੁਹਾਵੀ ਪਹੁੰਚ ਬਸੰਤ ਪਿਆ ਵੇ : ਬਸੰਤ ਪੰਚਮੀ

 

ਬਸੰਤ ਪੰਚਮੀ ਭਾਰਤ ਸਮੇਤ ਕਈ ਹੋਰ ਏਸ਼ੀਆਈ ਮੁਲਕਾਂ ਵਿਚ ਮਨਾਇਆ ਜਾਣ ਵਾਲਾ ਤਿਓਹਾਰ ਹੈ। ਇਹ ਦੇਸੀ ਮਹੀਨੇ ਮਾਘ ਦੇ ਸ਼ੁਕਲ ਪੱਖ ਦੀ ਪੰਜਵੀਂ ਤਰੀਕ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ‘ਰੁੱਤਾਂ ਦੀ ਰਾਣੀ’ ਅਖਵਾਉਣ ਵਾਲੀ ਬਸੰਤ ਰੁੱਤ ਕੁਦਰਤ ਦੀ ਗੋਦ ਵਿਚ ਅੰਗੜਾਈ ਲੈਂਦੀ ਹੈ। ਬਸੰਤ ਰੁੱਤ ਦੀ ਆਮਦ ਨਾਲ ਨਾਲ ਕੜਾਕੇ ਨਾਲ ਪੈ ਰਹੀ ਠੰਡ ਦਾ ਅਸਰ ਘਟ ਜਾਂਦਾ ਹੈ। ਇਸੇ ਕਰਕੇ ਲੋਕ-ਮੁਹਾਵਰੇ ਵਜੋਂ ਕਿਹਾ ਜਾਂਦਾ ਹੈ

“ਆਈ ਬਸੰਤ ਪਾਲਾ ਉਡੰਤ ।।

ਇਹੀ ਸਮਾਂ ਹੁੰਦਾ ਹੈ ਜਦੋਂ ਬਾਗਾਂ ਵਿਚ ਬਹਾਰ ਆਉਂਦੀ ਹੈ, ਖੇਤਾਂ ਵਿਚ ਪੀਲੀ ਸਰੋਂ ਸੋਨੇ ਵਾਂਗ ਚਮਕਣ ਲੱਗਦੀ ਹੈ, ਜੌਂ ਅਤੇ ਕਣਕ ਦੀਆਂ ਬੱਲੀਆਂ ਖਿੜਦੀਆਂ ਹਨ, ਅੰਬੀਆਂ ਨੂੰ ਬੂਰ ਪੈਂਦਾ ਹੈ। ਅੰਤਾਂ ਦੀ ਸਰਦੀ ਨਾਲ ਝੰਬੀ ਕੁਦਰਤ ਕਿਸੇ ਨਵ-ਵਿਆਹੀ ਨਾਰ ਵਾਂਗ ਮੁੜ ਸ਼ਿੰਗਾਰੀ ਜਾਂਦੀ ਹੈ। ਬਸੰਤ ਪੰਚਮੀ ਦੇ ਤਿਓਹਾਰ ਦਾ ਸੰਬੰਧ ਲਾਹੌਰ ਦੇ ਬਾਲ ਹਕੀਕਤ ਰਾਏ ਨਾਲ ਵੀ ਜਾ ਜੁੜਦਾ ਹੈ ਜਿਸਨੇ ਆਪਣੀ ਧਰਮ ਦੀ ਰਾਖੀ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀਪੁਰਾਣਾਂ ਵਿਚ ਦਰਜ ਕਥਾਵਾਂ ਅਨੁਸਾਰ ਸ਼ਬਰੀ ਅਤੇ ਭਗਵਾਨ ਰਾਮ ਦਾ ਮੇਲ ਇਸੇ ਦਿਨ ਹੋਇਆ ਸੀ। ਇਕ ਹੋਰ ਕਥਾ ਮੁਤਾਬਿਕ ਹਿੰਦੂ ਰਾਜਪੂਤ ਰਾਜੇ ਪ੍ਰਿਥਵੀ ਰਾਜ ਚੌਹਾਨ ਨੇ ਇਸੇ ਦਿਨ ਧਾੜਵੀ ਮੁਹੰਮਦ ਗੌਰੀ ਨੂੰ ਹਰਾਇਆ ਸੀ। ਵੱਖ-ਵੱਖ ਧਰਮ ਅਤੇ ਲੋਕ ਵਿਸ਼ਵਾਸਾਂ ਦੇ ਸੰਜੋਗ ਨਾਲ ਇਹ ਤਿਓਹਾਰ ਸਾਰੇ ਭਾਰਤ ਵਿਚ ਪੂਰੇ ਜੋਸ਼ ਅਤੇ ਖਿੜੇ ਮਨਾਂ ਨਾਲ ਮਨਾਇਆ ਜਾਂਦਾ ਹੈ।

ਪੰਜਾਬ ਵਿਚ ਬਸੰਤ ਪੰਚਮੀ ਸ਼ਰਧਾ ਭਰਿਆ ਤਿਓਹਾਰ ਵੀ ਹੈ। ਗੁਰੂ ਤੇਗ ਬਹਾਦਰ ਜੀ ਨਾਲ ਜੁੜੇ ਇਕ ਵਿਸ਼ਵਾਸ ਕਾਰਨ ਪਟਿਆਲੇ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਇਕ ਵੱਡਾ ਮੇਲਾ ਭਰਦਾ ਹੈ ਅਤੇ ਸਾਰੀਆਂ ਸੰਗਤਾਂ ਗੁਰੂ ਘਰ ਇਸ਼ਨਾਨ ਕਰਨ ਦਾ ਸੁਭਾਗ ਪ੍ਰਾਪਤ ਕਰਦੀਆਂ ਹਨ। ਬਸੰਤ ਰੁੱਤ ਦਾ ਸੁਆਗਤ ਕਰਨ ਲਈ ਬਸੰਤ ਪੰਚਮੀ ਵਾਲੇ ਦਿਨ ਮਾਤਾ ਸਰਸਵਤੀ ਦੀ ਵੀ ਪੂਜਾ ਕੀਤੀ ਜਾਂਦੀ ਹੈ ਅਤੇ ਤਿਓਹਾਰ ਦੇ ਚਾਅ ਵਿਚ ਸਾਰੇ ਪੀਲੇ ਕੱਪੜੇ ਪਹਿਨਦੇ ਹਨ ਅਤੇ ਪੀਲੇ ਪਕਵਾਨ ਜਿਵੇਂ ਕੜ੍ਹਾਹ, ਚੌਲ ਆਦਿ ਖਾਂਦੇ ਹਨ। ਇਸ ਤਰ੍ਹਾਂ, ਬਸੰਤ ਪੰਚਮੀ ਨਵੀਂਆਂ ਸੱਧਰਾਂ ਅਤੇ ਉਮੰਗਾਂ ਦਾ ਤਿਓਹਾਰ ਹੈ। ਇਸ ਦਿਨ ਪਤੰਗਬਾਜ਼ੀ ਦੇ ਮੁਕਾਬਲੇ ਆਯੋਜਿਤ ਹੁੰਦੇ ਹਨ। ਪਤੰਗਬਾਜ਼ੀ ਦਾ ਰੁਝਾਨ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਨਾਲ ਜਾ ਜੁੜਦਾ ਹੈ। ਉਨ੍ਹਾਂ ਦੇ ਸ਼ਾਸਨ-ਕਾਲ ਤੋਂ ਹੀ ਪੰਜਾਬ ਵਿਚ ਬਸੰਤ ਪੰਚਮੀ ਵਾਲੇ ਦਿਨ ਪਤੰਗ ਉੜਾਏ ਜਾਂਦੇ ਰਹੇ ਹਨ। ਅਜੋਕੇ ਸਮੇਂ ਵਿਚ ਬਸੰਤ ਪੰਚਮੀ ਅਤੇ ਪਤੰਗਬਾਜ਼ੀ ਦਾ ਇਕ ਅਟੁੱਟ ਰਿਸ਼ਤਾ ਹੈ। ਦੇਸ਼-ਵਿਦੇਸ਼ ਚ ਵਸਦੇ ਪੰਜਾਬੀ ਬਸੰਤ ਪੰਚਮੀ ਦਾ ਤਿਉਹਾਰ ਬਹੁਤ ਹੀ ਚਾਵਾਂ ਨਾਲ ਮਨਾਉਂਦੇ ਹਨ।ਲਹਿੰਦੇ ਪੰਜਾਬ ਚ ਵੀ ਇਸ ਦੀਆਂ ਰੌਣਕਾਂ ਵੇਖਿਆਂ ਹੀ ਬਣਦੀਆਂ ਹਨ।

ਬਸੰਤ ਪੰਚਮੀ ਮੌਕੇ ਕੁਦਰਤ ਦੇ ਨਵੇਂ ਪੁੰਗਰੇ ਰੂਪ ਨੂੰ ਵੱਖ-ਵੱਖ ਰੂਪਕਾਂ ਰਾਹੀਂ ਸਾਡੇ ਗੁਰੂ ਸਾਹਿਬਾਨਾਂ ਅਤੇ ਹੋਰ ਪੰਜਾਬੀ ਕਵੀਆਂ ਨੇ ਆਪੋ-ਆਪਣੇ ਅੰਦਾਜ਼ ਵਿਚ ਪੇਸ਼ ਕੀਤਾ ਹੈ। ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨੇ ਬਸੰਤ ਦੇ ਸ਼ੁਰੂ ਹੋਣ ਨਾਲ ਉਪਜੇ ਮਨੋ-ਭਾਵਾਂ ਦਾ ਜ਼ਿਕਰ ਆਪਣੀ ਬਾਣੀ ‘ਬਾਰਾ ਮਾਹ ਰਾਗ ਤੁਖਾਰੀ’ ਵਿਚ ਇਉਂ ਕੀਤਾ ਹੈ :

ਚੇਤੁ ਬਸੰਤੁ ਭਲਾ ਭਵਰ ਸੁਹਾਵੜੇ ।।

ਬਨ ਫੂਲੇ ਮੰਝ ਬਾਰਿ ਮੈ ਪਿਰੁ ਘਰਿ ਬਾਹੁੜੈ ।।

(ਗੁਰੂ ਨਾਨਕ ਦੇਵ ਜੀ; ਬਾਰਾ ਮਾਹ)

ਸੂਫੀ ਸ਼ਾਇਰ ਬਾਬਾ ਬੁੱਲ੍ਹੇ ਸ਼ਾਹ ਬਸੰਤ ਰੁੱਤ ਦੀ ਆਮਦ ’ਤੇ ਪੈਦਾ ਹੋਈ ਪ੍ਰੀਤਮ ਨੂੰ ਮਿਲਣ ਦੀ ਤਾਂਘ ਦਾ ਬਿਆਨ ਆਪਣੇ ਬਾਰਾ ਮਾਹ ਵਿਚ ਕਰਦੇ ਹਨ। ਉਨ੍ਹਾਂ ਦੀ ਇਹ ਬਿਰਹੋਂ-ਸੁਰ ਬਾਬੇ ਨਾਨਕ ਨਾਲ ਮੇਲ ਖਾਂਦੀ ਹੈ।

ਮਾਘ ਮਹੀਨੇ ਗਏ ਉਲਾਂਘ, ਨਵੀਂ ਮੁਹੱਬਤ ਬਹੁਤੀ ਤਾਂਘ,

ਇਸ਼ਕ ਮੁਅੱਜ਼ਨ ਦਿੱਤੀ ਬਾਂਗ, ਪੜ੍ਹਾਂ ਨਮਾਜ਼ ਪੀਆ ਦੀ ਤਾਂਘ

ਫੱਗਣ ਫੁਲੇ ਖੇਤ ਜਿਉਂ ਬਣ ਤਿਣ ਫੂਲ ਸਿੰਗਾਰ।

ਹਰ ਡਾਲੀ ਫੁੱਲ ਪੱਤੀਆਂ ਗਲ ਫੂਲਣ ਦੇ ਹਾਰ।

ਭਗਤ ਕਬੀਰ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਆਪਣੀ ਬਾਣੀ ਵਿਚ ਰਾਗ ਬਸੰਤ ਦੇ ਤਹਿਤ ਫਰਮਾਉਂਦੇ ਹਨ :

ਮਉਲੀ ਧਰਤੀ ਮਉਲਿਆ ਅਕਾਸੁ

ਘਟਿ ਘਟਿ ਮਉਲਿਆ ਆਤਮ ਪ੍ਰਗਾਸੁ ।।

ਰਾਜਾ ਰਾਮੁ ਮਉਲਿਆ ਅਨਤ ਭਾਇ

ਜਹ ਦੇਖਉ ਤਹ ਰਹਿਆ ਸਮਾਇ ।। ਰਹਾਉ ।।

ਕਈ ਪੰਜਾਬੀ ਕਵੀਆਂ ਨੇ ਵੀ ਬਸੰਤ ਰੁੱਤ ਦੇ ਸੋਹਲਿਆਂ ਨੂੰ ਕਲਮ-ਬੱਧ ਕੀਤਾ ਹੈ। ਜਦ ਸਾਰੀ ਕੁਦਰਤ ਇਕ ਰੰਗ-ਰੋਗਣ ਵਿਚ ਮੜੀ ਜਾਂਦੀ ਹੈ ਤਾਂ ਇਸ ਦਾ ਰੂਪ ਦੇਖਣ ’ਤੇ ਹੀ ਬਣਦਾ ਹੈ। ਅਜਿਹੀ ਸਥਿਤੀ ਵਿਚ ਪ੍ਰੀਤਮ ਤੋਂ ਹਰ ਜਿੰਦ ਕੂੰਜਾਂ ਵਾਂਗ ਕੁਰਲਾਉਂਦੀ ਹੈ। ਉਹ ਇਸ ਨਵੇਂ ਬਦਲਾਅ ਨੂੰ ਪ੍ਰੀਤਮ ਦੀ ਸੰਗਤ ਵਿਚ ਮਾਨਣਾ ਚਾਹੁੰਦੀ ਹੈ।

ਫੱਗਣ ਫੁੱਲੇ ਗੁਲਸ਼ਨ ਮੇਰੇ, ਮਿਲੀਆਂ ਆਣ ਨਵੀਦਾਂ ਨੇ ।

ਵਾਂਗੂ ਕਲੀਆਂ ਟਾਹ ਟਾਹ ਕਰਕੇ, ਖਿੜੀਆਂ ਕੁਲ ਉਮੀਦਾਂ ਨੇ।

-(ਫੀਰੋਜ਼ਦੀਨ ਸ਼ਰਫ)

ਚੜ੍ਹਦੇ ਚੇਤ ਨਹੀਂ ਘਰ ਜਾਨੀ ਰੋ ਰੋ ਆਹੀਂ ਮਾਰਾਂ ਮੈਂ ।

ਫਲਿਆ ਬਾਗ਼ ਪੱਕੇ ਸਭ ਮੇਵੇ ਕਿਸਦੀ ਨਜ਼ਰ ਗੁਜ਼ਾਰਾਂ ਮੈਂ ।

-(ਹਿਦਾਇਤਉੱਲਾ)

ਬਸੰਤ ਰੁੱਤ ਪਤਝੜ ਰੁੱਤ ਤੋਂ ਬਾਅਦ ਆਉਂਦੀ ਹੈ। ਨਵੇਂ ਰੁੱਖ-ਪੌਦੇ ਬਿਨਸਦੇ ਹਨ। ਪੱਛਮੀ ਮੁਲਕਾਂ ਤੋਂ ਪਰਵਾਸੀ ਪੰਛੀ ਪੰਜਾਬ ਦੇ ਆਸਮਾਨ ਨੂੰ ਸਤਰੰਗੀ ਬਣਾ ਦਿੰਦੇ ਹਨ। ਕੂੰਜਾਂ, ਪੰਛੀ, ਫੁੱਲ, ਭੌਰੇ, ਤਿਤਲੀਆਂ ਆਦਿ ਜੀਵ ਇਸ ਰੁੱਤ ਨੂੰ ਹੋਰ ਵੀ ਸੁਹਾਵਣਾ ਬਣਾ ਦਿੰਦੇ ਹਨ। ਖੁਸ਼ੀ ਤੇ ਖੇੜੇ ਭਰੇ ਇਸ ਤਿਓਹਾਰ ਮੌਕੇ ਨਵੀਂ ਚੇਤਨਾ ਵੀ ਪ੍ਰਵਾਜ਼ ਭਰਦੀ ਹੈ। ਇਕ ਪੰਜਾਬੀ ਕਵੀ ਇਸ ਦ੍ਰਿਸ਼ ਨੂੰ ਇਵੇਂ ਬਿਆਨਦਾ ਹੈ :

ਕੱਕਰਾਂ ਨੇ ਲੁੱਟ-ਪੁੱਟ ਨੰਗ ਕਰ ਛੱਡੇ ਰੁੱਖ ।

ਹੋ ਗਈਆਂ ਨਿਹਾਲ ਅੱਜ ਪੁੰਗਰ ਕੇ ਡਾਲੀਆਂ ।

ਰੁੱਤ ਫਿਰ ਪਈ ਸੁਹਾਵੀ ਪਹੁੰਚ ਬਸੰਤ ਪਿਆ ਵੇ

ਆ ਗਿਆ ਫੱਗਣ ਮਹੀਨਾ ਪੀਲੀ ਪੀਲੀ ਮੈਂ ਪਈਆਂ ।

-(ਭਾਈ ਵੀਰ ਸਿੰਘ; ਕੰਤ ਮਹੇਲੀ)

ਨਿਕਲੀ ਬਸੰਤ ਵੇਸ ਕਰ, ਫੁੱਲਾਂ ਦੀ ਖਾਰੀ ਸਿਰ ਤੇ ਧਰ

ਖਿੜਦੀ ਤੇ ਹੱਸਦੀ ਗਾਉਂਦੀ, ਨੱਚਦੀ ਤੇ ਪੈਲਾਂ ਪਾਉਂਦੀ ।

-(ਧਨੀ ਰਾਮ ਚਾਤ੍ਰਿਕ)

ਪੰਜਾਬੀ ਲੋਕ ਕਾਵਿ ਵਿਚ ਇਸ ਮੌਸਮ ਦਾ ਜ਼ਿਕਰ ਇਉਂ ਮਿਲਦਾ ਹੈ

ਚੇਤਰ ਨਾ ਜਾਈਂ ਚੰਨਾ, ਖਿੜੀ ਬਹਾਰ ਵੇ ।

ਬਸੰਤ ਪੰਚਮੀ ਨਵੀਂ ਚੇਤਨਾ ਦੇ ਜਸ਼ਨ ਦਾ ਸਬੱਬ ਹੈ। ਇਹ ਗਿਆਨ, ਕਲਾ ਅਤੇ ਸੰਗੀਤ ਨੂੰ ਸਮਰਪਿਤ ਪੰਜਾਬ ਦਾ ਇਕਲੌਤਾ ਤਿਓਹਾਰ ਹੈ। ਇਸ ਦਿਨ ਦੇਵੀ ਸਰਸਵਤੀ ਦੀ ਪੂਜਾ ਦਾ ਵੀ ਇਹੀ ਮੰਤਵ ਹੈ ਕਿਉਂਕਿ ਉਨ੍ਹਾਂ ਨੂੰ ਸੰਗੀਤ ਅਤੇ ਕਲਾ ਦੀ ਦੇਵੀ ਮੰਨਿਆ ਜਾਂਦਾ ਹੈ। ਇਕ ਦੂਜੇ ਦੇ ਘਰ ਮਿਠਾਈਆਂ ਅਤੇ ਪੀਲੇ ਪਕਵਾਨ ਭੇਜਣੇ ਅਤੇ ਇਕੱਠਿਆਂ ਹੋ ਕੇ ਪਤੰਗਬਾਜ਼ੀ ਕਰਨ ਜਿਹੇ ਕਾਰਜ ਮਹਿਜ਼ ਰਿਵਾਜ਼ ਨਹੀਂ, ਸਗੋਂ ਪੰਜਾਬੀ ਲੋਕਾਈ ਦੀ ਰਮਜ਼ ਨੂੰ ਵੀ ਦਰਸਾਉਂਦੇ ਹਨ। ਪੰਜਾਬੀਆਂ ਵਿਚ ਜਸ਼ਨ ਦਾ ਸਬੱਬ ‘ਇਕੱਠ’ ਹੈ। ਸਾਡੇ ਗੁਰੂ-ਸਾਹਿਬਾਨਾਂ ਨੇ ਸਾਨੂੰ ਹਰ ਤਿਓਹਾਰ ਇਕੱਠਿਆਂ ਹੋ ਕੇ ਅਤੇ ਰਲ-ਮਿਲ ਕੇ ਮਨਾਉਣ ਦਾ ਗੁਰ ਦਿੱਤਾ ਸੀ। ਲੋਹੜੀ, ਮਾਘੀ, ਬਸੰਤ, ਹੋਲੀ, ਦੀਵਾਲੀ ਮਹਿਜ਼ ਤਿਓਹਾਰ ਨਹੀਂ, ਪੰਜਾਬੀਆਂ ਲਈ ਇਕੱਠੇ ਹੋ ਕੇ ਆਪਣੇ ਇਤਿਹਾਸ ਅਤੇ ਕੁਦਰਤ ਦੇ ਸੋਹਿਲੇ ਗਾਉਣ ਦੇ ਵਸੀਲੇ ਹਨ। ਆ ਰਹੀਆਂ ਨਵੀਆਂ ਕਦਰਾਂ-ਕੀਮਤਾਂ ਨੇ ਇਨ੍ਹਾਂ ਵਸੀਲਿਆਂ ਨੂੰ ਸਭਿਆਚਾਰਕ ਤੌਰ ’ਤੇ ਬੇਹੱਦ ਪ੍ਰਭਾਵਿਤ ਕੀਤਾ ਹੈ। ਪਰ ਹੁਣ ਸਾਡੇ ਕੋਲ ਇਕੱਠਿਆਂ ਹੋਣ ਦੇ ਮੌਕੇ ਘਟ ਗਏ ਹਨ ਜਾਂ ਕਹਿ ਲਓ ਸਾਡੇ ਕੋਲ ਉਨ੍ਹਾਂ ਲਈ ਸਮਾਂ ਹੀ ਨਹੀਂ ਬਚ ਰਿਹਾ ਹੈ। ਇਕਲਾਪੇ ਵਾਲਾ ਜੀਵਨ ਸਾਡੇ ਜੀਵਨ ਨੂੰ ਹੋਰ ਤਨਾਅ ਭਰਪੂਰ ਬਣਾਈ ਜਾ ਰਿਹਾ ਹੈ। ਸਮਕਾਲ ਵਿਚ ਬਹੁਤ ਸਾਰੀਆਂ ਸਮੱਸਿਆਵਾਂ ਅਤੇ ਕੁਰੀਤੀਆਂ ਦੀ ਜੜ੍ਹ ਅਜੋਕੇ ਸਮੇਂ ਵਿਚਲੀ ਸੰਵਾਦ ਦੀ ਘਾਟ ਹੈ। ਬਸੰਤ ਰੁੱਤ ਦਾ ਤਿਓਹਾਰ ਨਵੀਆਂ ਸੰਭਾਵਨਾਵਾਂ ਲੈ ਕੇ ਜਨਮਦਾ ਹੈ। ਸੁੱਕੇ ਪੱਤਿਆਂ ਨੂੰ ਮੁੜ ਹਰਾ ਹੁੰਦਾ ਦੇਖਣਾ ਮਨੁੱਖ ਲਈ ਇਕ ਪ੍ਰੇਰਨਾ ਭਰਿਆ ਦ੍ਰਿਸ਼ ਹੈ। ਜੇਕਰ ਕਿਸੇ ਕਾਰਨ ਜੀਵਨ ਚ ਅਸਫਲਤਾ ਮਿਲ ਵੀ ਜਾਵੇ ਤਾਂ ਨਿਰਾਸ਼ ਨਹੀਂ ਹੋਣਾ ਚਾਹੀਦਾ ਸਗੋਂ ਰੁੱਤਾਂ ਦੇ ਚੱਕਰ ਤੋਂ ਸੇਧ ਲੈਂਦਿਆਂ ਮੁੜ ਸਫਲਤਾ ਦੀ ਪੌੜੀ ਚੜ੍ਹਣਾ ਚਾਹੀਦਾ ਹੈ। ਜਿਵੇਂ ਰੁੱਖ ਆਪਣੇ ਪੱਤਿਆਂ ਦੇ ਝੜ੍ਹ ਜਾਣ ਤੋਂ ਬਾਅਦ ਮੁੜ ਆਪਣੀ ਸੁੰਦਰਤਾ ਨੂੰ ਬਰਕਰਾਰ ਰੱਖਣ ਲਈ ਨਵੇਂ ਪੱਤਿਆ ਨੂੰ ਉਗਾਉਂਦੇ ਹਨ ਉਸੇ ਤਰ੍ਹਾਂ ਹੀ ਮਨੁੱਖ ਨੂੰ ਵੀ ਆਪਣੀ ਅੰਦਰੂਨੀ ਸੁੰਦਰਤਾ ਨੂੰ ਕਿਸੇ ਵੀ ਕੀਮਤ ਤੇ ਮਰਨ ਨਹੀਂ ਦੇਣਾ ਚਾਹੀਦਾ ਹੈ ਅਤੇ ਹਰ ਹਾਲਾਤਾਂ ਚ ਆਪਣੀ ਹੋਂਦ ਕਾਇਮ ਰੱਖਣ ਦੇ ਵਸੀਲੇ ਕਰਦੇ ਰਹਿਣਾ ਚਾਹੀਦਾ ਹੈ।

ਅਜਿਹੇ ਸਮਿਆਂ ਵਿਚ ਅਜਿਹੇ ਤਿਉਹਾਰਾਂ ਦੀ ਪ੍ਰਸੰਗਿਕਤਾ ਹੋਰ ਵੀ ਵਧ ਜਾਂਦੀ ਹੈ। ਇਸ ਲਈ ਬਸੰਤ ਪੰਚਮੀ ਦੇ ਤਿਓਹਾਰ ਤੋਂ ਸਾਨੂੰ ਆਪਣੇ ਜੀਵਨ ਨੂੰ ਕੁਦਰਤ ਵਾਂਗ ਹਰਿਆ ਭਰਿਆ ਰੱਖਣ ਦਾ ਸਬਕ ਮਿਲਦਾ ਹੈ। ਆਓ ਬਸੰਤ ਪੰਚਮੀ ਦੇ ਤਿਓਹਾਰ ਦੀ ਤਾਜ਼ਗੀ ਨੂੰ ਜ਼ਿੰਦਾ ਰੱਖਦੇ ਹੋਏ, ਆਪਸੀ ਮੇਲ ਮਿਲਾਪ ਅਤੇ ਸਾਂਝ ਦੀਆਂ ਜੜ੍ਹਾਂ ਨੂੰ ਹੋਰ ਮਜ਼ਬੂਤ ਕਰੀਏ ਤਾਂ ਜੋ ਆਉਂਦੀਆਂ ਪੀੜ੍ਹੀਆਂ ਵੀ ਇੰਨਾਂ ਤਿਓਹਾਰਾਂ ਦੇ ਮਹੱਤਵ ਨੂੰ ਸਮਝ ਸਕਣ।