ਅਬੂ ਧਾਬੀ ਵੱਲੋਂ ਹਿੰਦੀ ਨੂੰ ਅਦਾਲਤਾਂ ‘ਚ ਤੀਜੀ ਅਧਿਕਾਰਤ ਭਾਸ਼ਾ ਐਲਾਨੇ ਜਾਣ ਨਾਲ ਨਿਆਂ ਦੀ ਪਹੁੰਚ ਹੋਵੇਗੀ ਸਰਲ: ਸੁਸ਼ਮਾ ਸਵਰਾਜ

ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਅਬੂ ਧਾਬੀ ਵੱਲੋਂ ਹਿੰਦੀ ਨੂੰ ਆਪਣੀਆਂ ਅਦਾਲਤਾਂ ‘ਚ ਤੀਜੀ ਸਰਕਾਰੀ ਭਾਸ਼ਾ ਹੋਣ ਦਾ ਮਾਣ ਦਿੱਤਾ ਗਿਆ ਹੈ ਅਤੇ ਇਸ ਪਹਿਲ ਨਾਲ ਨਿਆਂ ਪ੍ਰਾਪਤੀ ਪ੍ਰਣਾਲੀ ਪਹਿਲਾਂ ਨਾਲੋਂ ਸਰਲ ਅਤੇ ਹਰ ਕਿਸੇ ਦੀ ਪਹੁੰਚ ‘ਚ  ਹੋਵੇਗੀ। ਸੰਯੁਕਤ ਅਰਬ ਅਮੀਰਾਤ ‘ਚ ਵਸੇ ਪ੍ਰਵਾਸੀ ਭਾਰਤੀਆਂ ਲਈ ਇਹ ਬਹੁਤ ਵਧੀਆ ਪਹਿਲ ਸਾਬਿਤ ਹੋਵੇਗੀ। ਸ੍ਰੀਮਤੀ ਸਵਰਾਜ ਨੇ ਟਵੀਟ ਕਰਦਿਆਂ ਅਬੂ ਧਾਬੀ ਦੇ ਇਸ ਫ਼ੈਸਲੇ ਦਾ ਨਿੱਘਾ ਸਵਾਗਤ ਕੀਤਾ ਅਤੇ ਨਾਲ ਹੀ ਦਿੱਲੋਂ ਧੰਨਵਾਦ ਵੀ ਕੀਤਾ।
ਦੱਸਣਯੋਗ ਹੈ ਕਿ ਅਬੂ ਧਾਬੀ ਨਿਆਂਇਕ ਵਿਭਾਗ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਸੀ ਕਿ ਨਿਆਂ ਪਹੁੰਚ ਬਹਿਤਰ ਬਣਾਉਣ ਲਈ ਹਿੰਦੀ ਨੂੰ ਅਦਾਲਤਾਂ ‘ਚ ਤੀਜੀ ਸਰਕਾਰੀ ਭਾਸ਼ਾ ਹੋਣ ਦਾ ਰੁਤਬਾ ਦਿੱਤਾ ਗਿਆ ਹੈ।ਇਸ ਤੋਂ ਪਹਿਲਾਂ ਅਰਬੀ ਅਤੇ ਅੰਗ੍ਰੇਜ਼ੀ ਨੂੰ ਅਦਾਲਤਾਂ ‘ਚ ਸਰਕਾਰੀ ਭਾਸ਼ਾ ਹੋਣ ਦਾ ਮਾਣ ਪ੍ਰਾਪਤ ਹੈ।