ਪੁਲਵਾਮਾ ਫ਼ਿਦਾਇਨ ਹਮਲੇ ਪਿੱਛੇ ਪਾਕਿ ਸਾਜਿਸ਼

ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ‘ਚ ਕੇਂਦਰੀ ਰਿਜ਼ਰਵ ਪੁਲਿਸ ਫੋਰਸ, ਸੀ.ਆਰ.ਪੀ.ਐਫ. ਦੇ ਕਾਫ਼ਲੇ ‘ਤੇ ਹੋਏ ਫ਼ਿਦਾਇਨ ਹਮਲੇ ‘ਚ 40 ਤੋਂ ਵੀ ਵੱਧ ਜਵਾਨ ਵੀਰਗਤੀ ਨੂੰ ਪ੍ਰਾਪਤ ਹੋ ਗਏ। ਇਸ ਅੱਤਵਾਦੀ ਹਮਲੇ ਪਿੱਛੇ ਪਾਕਿਸਤਾਨ ਸਮਰਥਨ ਪ੍ਰਾਪਤ ਜੈਸ਼-ਏ-ਮੁਹੰਮਦ ਅੱਤਵਾਦੀ ਸਗੰਠਨ ਦਾ ਹੱਥ ਹੈ।ਕਸ਼ਮੀਰ ‘ਚ ਇਹ ਅੱਜ ਤੱਕ ਦਾ ਸਭ ਤੋਂ ਵੱਡਾ ਅਤੇ ਭਿਆਨਕ ਅੱਤਵਾਦੀ ਹਮਲਾ ਦੱਸਿਆ ਜਾ ਰਿਹਾ ਹੈ।ਸਤੰਬਰ 2016 ‘ਚ ਉੜੀ ਵਿਖੇ ਸਰਹੱਦੀ ਸੁਰੱਖਿਆ ਬਲ ਦੇ ਕੈਂਪ ‘ਤੇ ਇਸੇ ਤਰ੍ਹਾਂ ਦਾ ਹੀ ਆਤਮਘਾਤੀ ਹਮਲਾ ਹੋਇਆ ਸੀ, ਜਿਸ ‘ਚ 18 ਫੌਜੀ ਜਵਾਨ ਸ਼ਹੀਦ ਹੋ ਗਏ ਸਨ। ਇਸ ਹਮਲੇ ਪਿੱਛੇ ਭਾਰਤ ਦੇ ਪੱਛਮ ‘ਚ ਪੈਂਦੇ ਗੁਆਂਢੀ ਮੁਲਕ ਦੇ ਸਿੱਧੇ ਤੌਰ ‘ਤੇ ਹੱਥ ਹੋਣ ਦੀ ਗੱਲ ਸਪਸ਼ੱਟ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਮਲੇ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕਰਦਿਆਂ ਇਸ ਨੂੰ ਕਾਇਰਤਾਪੂਰਨ ਹਮਲਾ ਦੱਸਿਆ ਹੈ।ਉਨ੍ਹਾਂ ਕਿਹਾ ਹੈ ਕਿ ਸ਼ਹੀਦਾ ਦਾ ਬਲਿਦਾਨ ਵਿਅਰਥ ਨਹੀਂ ਜਾਵੇਗਾ।
ਦੁਨੀਆ ਭਰ ‘ਚ ਇਸ ਹਮਲੇ ਦੀ ਸਖਤ ਸ਼ਬਦਾਂ ‘ਚ ਨਿੰਦਾ ਕੀਤੀ ਜਾ ਰਹੀ ਹੈ। ਅਮਰੀਕਾ ਨੇ ਪੁਲਵਾਮਾ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਅਮਰੀਕਾ ਅੱਤਵਾਦ ਦੇ ਖਾਤਮੇ ਲਈ ਭਾਰਤ ਦੇ ਨਾਲ ਖੜ੍ਹਾ ਹੈ।ਰੂਸ , ਫਰਾਂਸ , ਨੇਪਾਲ, ਸ੍ਰੀਲੰਕਾ, ਬੰਗਲਾਦੇਸ਼, ਭੂਟਾਨ ਅਤੇ ਮਾਲਦੀਵ ਨੇ ਵੀ ਇਸ ਆਤਮਘਾਤੀ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਇਸ ਆਲਮੀ ਬੁਰਾਈ ਦਾ ਮਿਲ ਕੇ ਸਾਹਮਣਾ ਕਰਨ ‘ਤੇ ਜ਼ੋਰ ਦਿੱਤਾ ਹੈ।
ਜੈਸ਼-ਏ-ਮੁਹੰਮਦ ਅੱਤਵਾਦੀ ਸਗੰਠਨ ਪਹਿਲਾਂ ਵੀ ਕਈ ਵਾਰ ਭਾਰਤ ‘ਚ ਆਪਣੇ  ਗਲਤ ਮਨਸੂਬਿਆਂ ਨੂੰ ਅੰਜਾਮ ਦੇ ਚੁੱਕਾ ਹੈ।ਇਸ ਸੰਗਠਨ ਦਾ ਮੁੱਖੀ ਮੌਲਾਨਾ ਮਸੂਦ ਅਜ਼ਹਰ ਇੱਕ ਗਲੋਬਲ ਦਹਿਸ਼ਤਗਰਦ ਹੈ ਅਤੇ ਉਹ ਪਾਕਿਸਤਾਨੀ ਸਰਪ੍ਰਸਤੀ ਹੇਠ ਆਜ਼ਾਦ ਘੁੰਮ ਰਿਹਾ ਹੈ। 2008 ‘ਚ ਹੋਏ ਮੁਬੰਈ ਹਮਲੇ ਪਿੱਛੇ ਵੀ ਅਜ਼ਹਰ ਦਾ ਹੱਥ ਸੀ, ਪਰ ਪਾਕਿ ਅਧਿਕਾਰੀ ਅਜ਼ਹਰ ਦੀਆਂ ਗਤੀਵਿਧੀਆਂ ਨੂੰ ਅੱਖੋਂ ਓਹਲੇ ਕਰ ਰਹੇ ਹਨ।
ਭਾਰਤ ਜੰਮੂ-ਕਸ਼ਮੀਰ ‘ਚ ਵਿਕਾਸ ਨੀਤੀ ਤਹਿਤ ਕੰਮ ਕਰ ਰਿਹਾ ਹੈ।ਨਵੀਂ ਦਿੱਲੀ ਚਾਹੁੰਦਾ ਹੈ ਕਿ ਇਸ ਸੂਬੇ ਨੂੰ ਵੀ ਦੇਸ਼ ਦੇ ਪ੍ਰਮੁੱਖ ਵਿਕਸਿਤ ਰਾਜਾਂ ‘ਚ ਸ਼ਾਮਿਲ ਕੀਤਾ ਜਾਵੇ। ਨਵੀਂ ਦਿੱਲੀ ਵਾਦੀ ‘ਚ ਘੁਸਪੈਠ ‘ਤੇ ਰੋਕ ਲਗਾਉਣ ਲਈ ਵੀ ਯਤਨਸ਼ੀਲ ਹੈ ।ਭਾਰਤੀ ਸੁਰੱਖਿਆ ਬਲਾਂ ਨੇ ਕਦੇ ਵੀ ਹਾਰ ਨਹੀਂ ਮੰਨੀ ਹੈ ਅਤੇ ਸਰਹੱਦ ਪਾਰ ਤੋਂ ਅੱਤਵਾਦੀਆਂ ਗਤੀਵਿਧੀਆਂ ‘ਤੇ ਰੋਕ ਲਗਾਉਣ ਲਈ ਕੰਮ ਕੀਤਾ ਹੈ।
ਹੁਣ ਸਮਾਂ ਆ ਗਿਆ ਹੈ ਕਿ ਇਸ ਆਲਮੀ ਬੁਰਾਈ ਦੇ ਖ਼ਾਤਮੇ ਲਈ ਦੁਨੀਆ ਭਰ ਦੇ ਮੁਲਕ ਇਕ ਵਿਆਪਕ ਕਾਰਵਾਈ ਨੂੰ ਅੰਜਾਮ ਦੇਣ ਅਤੇ ਨਾਲ ਹੀ ਪਾਕਿਸਤਾਨ ਨੂੰ ਵੀ ਉਸਦੀਆਂ ਨਾਪਾਕ ਗਤੀਵਿਧੀਆਂ ਲਈ ਜ਼ਿੰਮੇਵਾਰ ਠਹਿਰਾਇਆ ਜਾਵੇ।
2018 ‘ਚ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ‘ਚ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਆਲਮੀ ਸੰਸਥਾ ਨੂੰ ਸੂਚਿਤ ਕੀਤਾ ਸੀ ਕਿ ਅੱਤਵਾਦ ਦੇ ਮੁੱਦੇ ‘ਤੇ ਪਾਕਿਸਤਾਨ ਦੋਹਰੀ ਚਾਲ ਖੇਡ ਰਿਹਾ ਹੈ। ਉਹ ਕਹਿ ਤਾਂ ਕੁੱਝ ਹੋਰ ਰਿਹਾ ਹੈ ਪਰ ਕਾਰਵਾਈ ਕਰਨ ਮੌਕੇ ਅੱਤਵਾਦ ਦੀ ਹਿਮਾਇਤ ‘ਚ ਹੀ ਖੜ੍ਹਾ ਹੈ।
ਪਾਕਿਸਤਾਨ ਆਪਣੀਆਂ ਚਾਲਾਂ ਚੱਲਣ ਤੋਂ ਪਿੱਛੇ ਨਹੀਂ ਹੱਟ ਰਿਹਾ ਹੈ ਪਰ ਉਸ ਸਮਾਂ ਦੂਰ ਨਹੀਂ ਹੈ ਜਦੋਂ ਇਸਲਾਮਾਬਾਦ ਨੂੰ ਕੌਮਾਂਤਰੀ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਘਰੇਲੂ ਪੱਧਰ ‘ਤੇ ਪਾਕਿਸਤਾਨ ਪਹਿਲਾਂ ਹੀ ਕਈ ਸਮੱਸਿਆਵਾਂ ਨਾਲ ਜੂਝ ਰਿਹਾ ਹੈ, ਪਰ ਫਿਰ ਵੀ ਅੱਤਵਾਦ ਖਿਲਾਫ ਕੋਈ ਸਪਸ਼ੱਟ ਨੀਤੀ ਨਹੀਂ ਹੈ। ਦਰਅਸਲ ਇਸ ਗੱਲ ਤੋਂ ਸਾਰੇ ਮੁਲਕ ਭਲੀ ਭਾਂਤੀ ਵਾਕਿਫ ਹਨ ਕਿ ਪਾਸਿਕਤਾਨ ਦੀ ਸਰਜ਼ਮੀਨ ‘ਤੇ ਸਾਰੇ ਅੱਤਵਾਦੀ ਸੰਗਠਨਾਂ ਦੇ ਸੁਰੱਖਿਅਤ ਠਿਕਾਣੇ ਮੌਜੂਦ ਹਨ।
ਅਸਲ ‘ਚ ਜਦੋਂ ਕੁੱਝ ਸਾਲ ਪਹਿਲਾਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਜਨਾਬ ਨਵਾਜ਼ ਸ਼ਰੀਫ ਨੇ ਕੁੱਝ ਅੱਤਵਾਦੀ ਸੰਗਠਨਾਂ ਖਿਲਾਫ ਕਾਰਵਾਈ ਕਰਨ ਦੀ ਇੱਛਾ ਪ੍ਰਗਟ ਕੀਤੀ ਸੀ ਤਾਂ ਉਨ੍ਹਾਂ ਦੀ ਫੌਜ ਵੱਲੋਂ ਹੀ ਉਸ ਸਮੇਂ ਤਖਤਾ ਪਲਟ ਦਿੱਤਾ ਗਿਆ ਸੀ।ਇਸ ‘ਚ ਕੋਈ ਦੋ ਰਾਏ ਨਹੀਂ ਹੈ ਕਿ ਆਈ.ਐਸ.ਆਈ. ਵਰਗੀਆਂ  ਪਾਕਿਸਤਾਨੀ ਏਜੰਸੀਆਂ ਵੱਲੋਂ ਅੱਤਵਾਦੀਆਂ ਨੂੰ ਸਿਖਲਾਈ ਪ੍ਰਦਾਨ ਕੀਤੀ ਜਾਂਦੀ ਹੈ। ਤਕਰੀਬਨ ਭਾਰਤ ‘ਚ ਕੀਤੇ ਗਏ ਸਾਰੇ ਅੱਤਵਾਦੀ ਹਮਲਿਆਂ ਨੇ ਇਹ ਪੇਸ਼ ਕੀਤਾ ਹੈ ਕਿ ਹਮਲਾਵਰਾਂ ਨੂੰ ਪਾਕਿ ਫੌਜ ਵੱਲੋਂ ਸਿਖਲਾਈ ਦਿੱਤੀ ਗਈ ਸੀ।
ਇਹ ਵੀ ਸੱਚ ਹੈ ਕਿ ਪਾਕਿਸਤਾਨ ਖੁੂਨ ਬਹਾਉਣ ਦੀ ਨੀਤੀ ‘ਤੇ ਚੱਲ ਰਿਹਾ ਹੈ।ਭਾਰਤ ਵੱਲੋਂ ਸਰਜੀਕਲ ਸਟਰਾਇਕ ਕਰਕੇ ਪਾਕਿਸਤਾਨ ਨੂੰ ਢੁਕਵਾਂ ਜਵਾਬ ਵੀ ਦਿੱਤਾ ਗਿਆ ਸੀ।ਪਰ ਫਿਰ ਵੀ ਪਾਕਿਸਤਾਨ ਭਾਰਤ ਨੂੰ ਤੰਗ ਕਰਨ ਤੋਂ ਪਿੱਛੇ ਨਹੀਂ ਹੱਟ ਰਿਹਾ ਹੈ। ਪਾਕਿਸਤਾਨ ਨੂੰ ਚੰਗੀ ਤਰ੍ਹਾਂ ਦਾ ਪਤਾ ਹੈ ਕਿ ਉਹ ਦੇ ਅੱਗੇ ਕੁੱਝ ਵੀ ਨਹੀਂ ਹੈ ਪਰ ਫਿਰ ਵੀ ਅੱਤਵਾਦੀ ਹਮਲ਼ਿਆਂ ਰਾਂਹੀ ਉਹ ਭਾਰਤ ਨੂੰ ਹਿਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਹੁਣ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦਰਮਿਆਨ ਸਬੰਧਾਂ ‘ਚ ਵਧੇਰੇ ਖਟਾਸ ਆ ਸਕਦੀ ਹੈ। ਉੱਚ ਪੱਧਰੀ ਵਾਰਤਾ ਮੁਅੱਤਲ ਹੋਏ ਵੀ ਚਾਰ ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ ਹੈ।
2015 ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੀਆਂ ਨੀਤੀਆਂ ਤੋਂ ਪਰੇ ਹੱਟ ਕੇ ਲਾਹੌਰ ਦਾ ਦੌਰਾ ਕੀਤਾ ਸੀ। ਪਰ ਇਕ ਹਫ਼ਤੇ ਬਾਅਦ ਹੀ ਪਾਕਿਸਤਾਨ ਨੇ ਪਠਾਨਕੋਟ ਵਿਖੇ ਭਾਰਤੀ ਹਵਾਈ ਫੌਜ ਦੇ ਆਧਾਰ ‘ਤੇ ਹਮਲਾ ਕਰ ਦਿੱਤਾ ਸੀ।ਸਾਬਕਾ ਪ੍ਰਧਾਨ ਮੰਤਰੀ ਮਰਹੂਮ ਅਟਲ ਬਿਹਾਰੀ ਵਾਜਪਾਈ ਨੇ 1999 ‘ਚ ਦਿੱਲੀ-ਲਾਹੌਰ ਬੱਸ ਸੇਵਾ ਦਾ ਆਗਾਜ਼ ਕੀਤਾ ਸੀ ਅਤੇ ਉਸੇ ਸਮੇਂ ਦੌਰਾਨ ਪਾਕਿਸਤਾਨ ਨੇ ਕਾਰਗਿਲ ਜੰਗ ਛੇੜੀ ਸੀ।ਇਸ ਤਰ੍ਹਾਂ ਜਦੋਂ ਵੀ ਭਾਰਤ ਨੇ ਸ਼ਾਂਤੀ ਲਈ ਹੱਥ ਅੱਗੇ ਵਧਾਇਆ ਉਦੋਂ ਹੀ ਪਾਕਿਸਤਾਨ ਨੇ ਦੁਵੱਲੇ ਸਬੰਧਾਂ ਨੂੰ ਖ਼ਰਾਬ ਕੀਤਾ ਹੈ।
ਭਾਰਤ ਵੱਲੋਂ ਕਦੇ ਵੀ ਪਹਿਲ ਨਹੀਂ ਕੀਤੀ ਗਈ ਹੈ। ਪਰ ਹੁਣ ਨਵੀਂ ਦਿੱਲੀ ਕਦੋਂ ਤੱਕ ਚੁੱਪ ਰਹੇਗਾ।ਚੰਗਾ ਹੋਵੇਗਾ ਕਿ ਪਾਕਿਸਤਾਨ ਆਪਣੀ ਕਥਨੀ ਅਤੇ ਕਰਨੀ ‘ਚ ਇਕਸਾਰਤਾ ਲਿਆਵੇ। ਭਾਰਤੀ ਜਵਾਨਾਂ ਦੀ ਸ਼ਹਾਦਤ ਦੇ ਦੋਸ਼ੀਆਂ ਨੂੰ ਕਾਨੂੰਨੀ ਕਾਰਵਾਈ ਹੇਠ ਲਿਆਉਣ ਲਈ ਇਸਲਾਮਾਬਾਦ ਨੂੰ ਸਖਤ ਨੀਤੀਆਂ ਅਪਣਾਉਣ ਦੀ ਲੋੜ ਹੈ। ਪਾਕਿਸਤਾਨ ਨੂੰ ਚਾਹੀਦਾ ਹੈ ਕਿ ਉਹ ਆਪਣੀ ਸਰਜ਼ਮੀਨ ਤੋਂ ਸਾਰੇ ਹੀ ਅੱਤਵਾਦੀ ਸੰਗਠਨਾਂ ਅਤੇ ਦਹਿਸ਼ਤਗਰਦਾਂ ਨੂੰ ਬਾਹਰ ਦਾ ਰਸਤਾ ਵਿਖਾਵੇ। ਅਜਿਹੀ ਸਥਿਤੀ ‘ਚ ਹੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਬੰਧਾਂ ‘ਚ ਸੁਧਾਰ ਹੋ ਸਕਦਾ ਹੈ।