ਪਾਕਿਸਤਾਨ ‘ਚ ਔਰਤਾਂ ਦੀ ਸਥਿਤੀ

ਪਾਕਿਸਤਾਨ ਵਿਚ ਔਰਤਾਂ ਦੀ ਸਥਿਤੀ ਬੇਹਦ ਚਿੰਤਾਜਨਕ ਹੈ। ਇਸ ਦੀ ਮੁੱਖ ਵਜਹ ਇਥੋਂ ਦੇ ਸਮਾਜ ‘ਚ ਔਰਤਾਂ ਨੂੰ ਬਰਾਬਰ ਹੱਕ ਨਾ ਮਿਲਣਾ ਹੈ। ਇਥੇ ਸਮਾਜਿਕ ਅਤੇ ਆਰਥਿਕ ਵਿਕਾਸ ਚ ਵੱਡੇ ਅੰਤਰ ਕਰਕੇ ਪਿੰਡਾਂ, ਸ਼ਹਿਰਾਂ, ਜਾਤੀ ਅਤੇ ਧਰਮ ਦੇ ਹਿਸਾਬ ਨਾਲ ਔਰਤਾਂ ਦੀ ਸਥਿਤੀ ‘ਚ  ਵੀ ਕਾਫ਼ੀ ਵੱਡਾ ਫਰੱਕ ਵਿਖਾਈ ਦਿੰਦਾ ਹੈ। ਹਾਲਾਂਕਿ, ਜੇਕਰ ਮਰਦਾਂ ਦੀ ਸਥਿਤੀ ਦੀ ਗੱਲ ਕਰੀਏ ਤਾਂ ਇਹਨਾਂ ਦਾ ਸਮਾਜਿਕ ਰੁਤਬਾ ਜਾਤੀ ਅਤੇ ਪੁਸ਼ਤੈਨੀ ਰੁਤਬੇ ਦੇ ਹਿਸਾਬ ਨਾਲ ਹੀ ਜਿਆਦਾਤਰ ਤੈਅ ਹੁੰਦਾ ਹੈ।

ਪਾਕਿਸਤਾਨ ‘ਚ ਲਿੰਗ ਅਧਾਰਿਤ ਹਿੰਸਾ ਸਾਰੇ ਸਮਾਜਾਂ ਦੀ ਇਕ ਕੌੜੀ ਸੱਚਾਈ ਹੈ, ਜੋ ਮਰਦਾਂ ਦੀ ਪ੍ਰਧਾਨਗੀ ਵਾਲੇ ਇਸ ਮੁਲਕ ਦੀ ਤਰੱਕੀ ‘ਚ ਬਹੁਤ ਵੱਡਾ ਰੋੜਾ ਹੈ। ਪਾਕਿਸਤਾਨ ਇੱਕ ਅਜਿਹਾ ਮੁਲਕ ਹੈ, ਜਿੱਥੇ ਪੁਸ਼ਤੈਨੀ ਅਤੇ ਕਬਾਇਲੀ ਸਿਸਟਮ ਕਰਕੇ ਘਰੇਲੂ ਹਿੰਸਾ ਇੱਕ ਆਮ ਗੱਲ ਹੈ। ਇਸ ਤੋਂ ਇਲਾਵਾ, ਇੱਥੇ ਸੱਭਿਆਚਾਰਕ ਅਦਾਰੇ, ਵਿਸ਼ਵਾਸ ਅਤੇ ਰੂੜੀਵਾਦੀ ਰਿਵਾਇਤਾਂ ਵੀ ਔਰਤਾਂ ਨੂੰ ਲਗਾਤਾਰ ਸਮਾਜ ਦੀ ਮੁੱਖ ਧਾਰਾ ਤੋਂ ਵੱਖ ਕਰਦੀਆਂ ਹਨ। ਮਰਦਾਂ ਵੱਲੋਂ ਔਰਤਾਂ ਪ੍ਰਤੀ ਕੀਤਾ ਜਾਣ ਵਾਲਾ ਗੈਰ-ਮਨੁੱਖੀ ਵਤੀਰਾ ਵੀ ਇਸ ਮੁਲਕ ਦੀਆਂ ਔਰਤਾਂ ਨੂੰ  ਨਿਰਾਸ਼ਾ ਅਤੇ ਕੁਝ ਨਾ ਕਰ ਪਾਉਣ ਦੀ ਹੀਣ ਭਾਵਨਾ ਦੇ ਸਮੁੰਦਰ  ‘ਚ ਲਗਾਤਾਰ ਡੁੱਬੋਈ ਜਾਂਦਾ ਹੈ।  ਉਹ ਜ਼ੋਰਦਾਰ ਢੰਗ ਨਾਲ ਇਹ ਦਾਅਵਾ ਕਰਦੀਆਂ ਹਨ ਕਿ ਜੇਕਰ ਉਨ੍ਹਾਂ ਨੂੰ ਇੱਕ ਮੌਕਾ ਦਿੱਤਾ ਜਾਵੇ, ਤਾਂ ਉਹ ਸਾਰੇ ਸਮਾਜਿਕ ਪਹਿਲੂਆਂ ਦੇ ਵਿਕਾਸ ‘ਚ ਮਰਦਾਂ ਨਾਲੋਂ ਵੱਧ ਸਕਾਰਾਤਮਕ ਯੋਗਦਾਨ ਪਾ ਸਕਦੀਆਂ ਹਨ।  ਪਾਕਿਸਤਾਨ ਦਾ ਮਰਦ ਪ੍ਰਧਾਨ ਸਮਾਜ ਆਮ ਤੌਰ ‘ਤੇ ਔਰਤਾਂ ਨੂੰ ਆਪਣੇ ਦੁਸ਼ਮਣ ਦੇ ਤੌਰ ‘ਤੇ ਵੇਖਦਾ ਹੈ। ਔਰਤਾਂ ਨਾ ਸਿਰਫ਼  ਜ਼ਿੰਦਗੀ ਦੇ ਸਾਰੇ ਖੇਤਰਾਂ ਵਿਚ ਬਰਾਬਰੀ ਦੇ ਹੱਕਾਂ ਤੋਂ ਵਾਂਝੀਆਂ ਹਨ, ਸਗੋਂ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਪੱਖਾਂ ਦੇ ਰੂਪ ਵਿਚ ਵੀ ਉਹ ਲਗਾਤਾਰ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ।  ਇਸਤੋਂ ਇਲਾਵਾ, ਜਨਤਕ ਅਤੇ ਨਿੱਜੀ ਖੇਤਰਾਂ ਵਿੱਚ ਉਨ੍ਹਾਂ ਦੇ ਅਧਿਕਾਰਾਂ ਦਾ ਸ਼ਰੇਆਮ ਹਣਨ ਕੀਤਾ ਜਾ ਰਿਹਾ ਹੈ। ਦੇਸ਼ ਦੇ ਬੁਨਿਆਦੀ ਢਾਂਚੇ ‘ਚ ਮਰਦ ਅਤੇ ਔਰਤ ਲਈ ਵੱਖ-ਵੱਖ ਸੋਚ ਹੋਣ ਦੇ ਚਲਦਿਆਂ ਇਥੇ ਔਰਤਾਂ ਦੀ ਆਬਾਦੀ ਵੀ ਮਰਦਾਂ ਨਾਲੋਂ ਕਾਫ਼ੀ ਘੱਟ ਹੈ।

 

ਕੁੜੀਆਂ ਲਈ ਸਿੱਖਿਆ ਦੀ ਘਾਟ, ਪਾਕਿਸਤਾਨ ਵਿਚ ਲਿੰਗ ਅਸਮਾਨਤਾ ਦੀ ਇਕ ਵੱਡੀ ਵਜਹ ਹੈ।  ਇਸ ਦੇਸ਼ ਵਿੱਚ ਬੱਚੇ ਦੇ ਜਨਮ ਵੇਲ੍ਹੇ ਸਹੀ ਡਾਕਟਰੀ ਸਹੁਲਤਾਂ ਨਾ ਮਿਲਣ ਕਰਕੇ ਔਰਤਾਂ ਦੀ ਮੌਤ ਦੀ ਦਰ ਪੂਰੇ ਏਸ਼ੀਆਂ ‘ਚ ਸਭ ਤੋਂ ਵੱਧ ਹੈ। ਔਰਤਾਂ ਅਤੇ ਧੀਆਂ ਖਿਲਾਫ਼  ਹਿੰਸਾ – ਜਿਸ ਵਿੱਚ ਬਲਾਤਕਾਰ, ਕਥਿਤ ਤੌਰ ਤੇ ਆਨਰ ਕਿਲਿੰਗ, ਐਸਿਡ ਅਟੈਕ/ਤੇਜ਼ਬੀ ਹਮਲਾ, ਘਰੇਲੂ ਹਿੰਸਾ, ਜਬਰਨ ਵਿਆਹ ਅਤੇ ਬਾਲ ਵਿਆਹ ਵਰਗ੍ਹੇ ਅਪਰਾਧ  ਇਸ ਮੁਲਕ ਦੇ ਸਮਾਜ ਲਈ ਇੱਕ ਗੰਭੀਰ ਸਮੱਸਿਆ ਬਣੇ ਹੋਏ ਹਨ। ਪਾਕਿਸਤਾਨ ਦੇ ਸਮਾਜਿਕ ਕਾਰਕੁੰਨਾਂ ਦੇ ਇੱਕ ਅੰਦਾਜ਼ੇ ਮੁਤਾਬਕ, ਇਥੇ ਹਰ ਸਾਲ ਲਗਭਗ 1000 ਆਨਰ ਕਿਲਿੰਗ ਦੇ ਮਾਮਲੇ ਸਾਹਮਣੇ ਆਉਂਦੇ ਹਨ।  21 ਫੀਸਦੀ ਬੱਚੀਆਂ ਦਾ ਨਾਬਾਲਿਗ ਉਮਰ ‘ਚ ਹੀ ਨਿਕਾਹ ਕਰ ਦਿੱਤਾ ਜਾਂਦਾ ਹੈ।  ਸਕੂਲ ਦਾ ਮੁੰਹ ਵੀ ਨਾ ਵੇਖਣ ਵਾਲੀਆਂ ਬੱਚਿਆ ਦੀ ਗਿਣਤੀ ਵੀ ਕਾਫ਼ੀ ਜ਼ਿਆਦਾ ਹੈ। ਮੁਲਕ ਦੇ ਸਿੱਖਿਅਕ ਢਾਂਚੇ ਵਿੱਚ ਵੀ ਕੁੜੀਆਂ ਅਤੇ ਮੁੰਡਿਆਂ ਦੀ ਗਿਣਤੀ ‘ਚ ਭਾਰੀ ਅਸਮਾਨਤਾ ਹੈ। ਕੁਝ ਇਲਾਕਿਆਂ ਦੇ ਸਮਾਜਿਕ ਹਾਲਾਤ ਤਾਂ ਹੋਰ ਵੀ ਬਦਤਰ ਹੈ। ਜੇਕਰ ਗੱਲ ਬਲੋਚਿਸਤਾਨ ਦੀ ਕਰੀਏ ਤਾਂ ਇੱਥੇ  ਸਾਲ 2014-15 ਵਿੱਚ ਪੜ੍ਹੀਆਂ-ਲਿੱਖੀਆਂ ਔਰਤਾਂ ਦਾ ਅਨੁਪਾਤ ਬੇਹਦ ਘੱਟ ਪਾਇਆ ਗਿਆ ਹੈ।  52 ਫੀਸਦੀ ਮਰਦਾਂ ਦੇ ਮੁਕਾਬਲੇ ਚ 81 ਫੀਸਦੀ ਔਰਤਾਂ ਤਾਂ ਪ੍ਰਾਈਮਰੀ ਸਕੂਲ ਦੀ ਸਿੱਖਿਆ ਵੀ ਹਾਸਿਲ ਨਹੀਂ ਕਰ ਸਕੀਆਂ, ਜਦਕਿ  40 ਫੀਸਦੀ ਮਰਦਾਂ ਦੀ ਤੁਲਣਾ ਵਿਚ 75 ਫ਼ੀਸਦੀ ਔਰਤਾਂ ਨੇ ਕਦੇ ਵੀ ਸਕੂਲ ਦਾ ਮੁੰਹ ਤੱਕ ਹੀ ਨਹੀਂ ਤੱਕਿਆ।

 

ਜੁਲਾਈ 2018 ਵਿਚ ਚੁਣੀ ਗਈ ਇਮਰਾਨ ਖਾਨ ਸਰਕਾਰ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਕਿਹਾ ਸੀ ਕਿ ਮੁਲਕ ਵਿੱਚ ਕਰੀਬ 22.5 ਮਿਲੀਅਨ ਬੱਚੇ ਸਕੂਲੀ ਸਿੱਖਿਆ ਤੋਂ ਵਾਂਝੇ ਹਨ, ਜਿਨ੍ਹਾਂ ‘ਚ ਕੁੜੀਆਂ ਦੀ ਗਿਣਤੀ ਮੁੰਡਿਆਂ ਨਾਲੋਂ ਕਾਫ਼ੀ ਵੱਧ ਹੈ। ਮੁੰਡਿਆਂ ਦੇ 21 ਫੀਸਦੀ ਦੇ ਮੁਕਾਬਲੇ ‘ਚ  32 ਫੀਸਦੀ ਕੁੜੀਆਂ ਕਦੇ ਸਕੂਲ ਹੀ ਨਹੀਂ ਗਈਆਂ।  49 ਫੀਸਦੀ ਲੜਕਿਆਂ ਦੀ ਤੁਲਣਾ ‘ਚ ਪੰਜਵੀਂ ਜਮਾਤ ਤੱਕ ਪੜ੍ਹਣ ਤੋਂ ਬਾਅਦ 59 ਫੀਸਦੀ ਕੁੜੀਆਂ ਦੀ ਪੜ੍ਹਾਈ ਛੁੜਵਾ ਦਿੱਤੀ ਜਾਂਦੀ ਹੈ। ਉਹਨਾਂ ਨੂੰ ਘਰਾਂ ਦੇ ਕੰਮਾਂ ‘ਚ ਲੱਗਾ ਦਿੱਤਾ ਜਾਂਦਾ ਹੈ ਜਾਂ ਫਿਰ ਕੱਚੀ ਉਮਰ ‘ਚ ਹੀ ਉਹਨਾਂ ਦਾ ਵਿਆਹ ਕਰ ਦਿੱਤਾ ਜਾਂਦਾ ਹੈ। ਸਿਰਫ਼ 13 ਫੀਸਦੀ ਕੁੜੀਆਂ ਹੀ ਨੌਵੀਂ ਜਮਾਤ ਤੱਕ ਪਹੁੰਚ ਸਕੀਆਂ ਹਨ। ਲੜਕੇ ਅਤੇ ਲੜਕੀਆਂ ਦੋਵੇਂ ਹੀ ਸਿੱਖਿਆ ਤੋਂ ਵਾਂਝੇ ਹਨ, ਪਰ ਕੁੜੀਆਂ ਦਾ ਤਾਂ ਬਹੁਤ ਹੀ ਮਾੜਾ ਹਾਲ ਹੈ। ਸਿਆਸੀ ਅਸਥਿਰਤਾ, ਸੁਰੱਖਿਆ ਬਲਾਂ ਦਾ ਦੇਸ਼ ਦੀ ਸੱਤਾ ਤੇ ਵੱਧ ਪ੍ਰਭਾਵ ਹੋਣਾ, ਸਿਵਲ ਸੁਸਾਇਟੀ ਅਤੇ ਮੀਡੀਆਂ ਦਾ ਸ਼ੋਸ਼ਨ, ਹਿੰਸਕ ਬਗ਼ਾਵਤ, ਅਤੇ ਸਮਾਜਿਕ ਅਤੇ ਧਾਰਮਿਕ ਤਣਾਅ ਪਾਕਿਸਤਾਨ ਦੇ ਮੌਜੂਦਾ ਸਮਾਜਿਕ ਢਾਂਚੇ ‘ਤੇ ਬਹੁਤ ਹੀ ਬੁਰਾ ਪ੍ਰਭਾਵ ਪਾ ਰਹੇ ਹਨ। ਜਿਸਦਾ ਸੱਭ ਤੋਂ ਵੱਧ ਨੁਕਸਾਨ ਕੁੜੀਆਂ ਨੂੰ ਝੱਲਣਾ ਪੈ ਰਿਹਾ ਹੈ।

 

ਪਿਛਲੇ ਅੱਧੇ ਦਹਾਕੇ ਦੌਰਾਨ ਔਰਤਾਂ ਨੂੰ ਕੇਂਦ੍ਰਿਤ ਕਰ ਕਈ ਕਾਨੂੰਨ ਬਣਾਉਣ ਦੇ ਦਾਅਵੇ ਕੀਤੇ ਗਏ, ਜਿਸ ‘ਚ ਇੱਕ ਅਹਿਮ ਬਿੱਲ ਘਰੇਲੂ ਹਿੰਸਾ ਖਿਲਾਫ਼ ਵੀ ਸੀ, ਜਿਸਨੂੰ ਹਰ ਸੂਬੇ ‘ਚ ਪਾਸ ਕਰਵਾਉਣਾ ਜਰੂਰੀ ਕੀਤਾ ਗਿਆ ਸੀ। ਪਰ ਇਮਰਾਨ ਖਾਨ ਦੀ ਪਾਰਟੀ ਤਹਰੀਕ-ਏ-ਇੰਨਸਾਫ਼ ਦੀ ਸਰਕਾਰ ਹੀ ਇਸ ਬਿੱਲ ਨੂੰ ਆਪਣੇ ਪ੍ਰਾਂਤ ਖੈਬਰ ਪਖਤੂਨਵਾਂ ‘ਚ ਪਾਸ ਕਰਾਉਣ ‘ਚ ਨਾਕਾਮਯਾਬ ਰਹੀ। ਉਹ ਵੀ ਅਜਿਹੇ ਸਮੇਂ ‘ਚ, ਜਦੋਂ ਔਰਤਾ ਦੇ ਅਧਿਕਾਰਾਂ ਦੀ ਆਵਾਜ਼ ਲਗਾਤਾਰ ਬੁਲੰਦ ਹੁੰਦੀ ਜਾ ਰਹੀ ਹੈ। ਇਸ ਬਿਲ ਦਾ ਪਾਸ ਨਾ ਹੋਣਾ ਪਾਕਿਸਤਾਨ ਦੀ ਮੌਜੂਦਾ ਸਰਕਾਰ ‘ਤੇ ਕਈ ਵੱਡੇ ਸਵਾਲੀਆਂ ਨਿਸ਼ਾਨ ਖੜੇ ਕਰਦਾ ਹੈ ਅਤੇ ਮੁਲਕ ਦੀਆਂ ਔਰਤਾਂ ਦੀ ਸਥਿਤੀ ਨੂੰ ਬਿਹਤਰ ਬਣਾਉਣ  ਦੇ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲਦਾ ਨਜ਼ਰ ਆ ਰਿਹਾ ਹੈ। ਔਰਤਾਂ ਦੇ ਹੱਕ ‘ਚ ਅੱਜ ਤੱਕ ਕੋਈ ਠੋਸ ਕਦਮ ਨਾ ਚੁੱਕੇ ਜਾਣ ਦੀ ਵਜਹ ਕਰਕੇ ਹੀ ਸ਼ਾਇਦ ਪਾਕਿਸਤਾਨ ਦੀਆਂ ਔਰਤਾਂ ਦੀ ਸਥਿਤੀ ਅੱਜ ਦੇ ਅਤਿ-ਆਧੁਨਿਕ ਸਮੇਂ ‘ਚ ਵੀ ਬੇਹਦ ਤਰਸਯੋਗ ਹੈ।