ਮਸੂਦ ਨੂੰ ਕੌਮਾਂਤਰੀ ਅੱਤਵਾਦੀ ਐਲਾਨੇ ਜਾਣ ਦੀ ਰਾਹ ‘ਚ ਚੀਨ ਨੇ ਮੁੜ ਪਾਇਆ ਅੜਿੱਕਾ

ਪਾਕਿਸਤਾਨ ਅਧਾਰਿਤ ਜੈਸ਼-ਏ-ਮੁਹੰਮਦ ਅੱਤਵਾਦੀ ਸੰਗਠਨ  ਦੇ ਸਰਗਨਾ ਮਸੂਦ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨੇ ਜਾਣ ਦੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਕਾਰਵਾਈ ਨੂੰ ਉਸ ਸਮੇਂ ਵੱਡਾ ਝੱਟਕਾ ਲੱਗਿਆ ਜਦੋਂ ਚੀਨ ਨੇ ਇਕ ਵਾਰ ਫਿਰ ਆਪਣੀ ਵੀਟੋ ਦਾ ਇਸਤੇਮਾਲ ਕਰਦਿਆਂ ਇਸ ਸਬੰਧੀ ਪ੍ਰਸਤਾਵ ਨੂੰ ਰੱਦ ਕਰ ਦਿੱਤਾ।ਜੈਸ਼-ਏ-ਮੁਹੰਮਦ ਅੱਤਵਾਦੀ ਸੰਗਠਨ ਨੇ ਪਿਛਲੇ ਮਹੀਨੇ ਪੁਲਵਾਮਾ ਫਿਦਾਇਨ ਹਮਲੇ ਦੀ ਜ਼ਿੰਮੇਵਾਰੀ ਲਈ ਸੀ।ਇਸ ਅੱਤਵਾਦੀ ਹਮਲੇ ‘ਚ 40 ਤੋਂ ਵੀ ਵੱਧ ਭਾਰਤੀ ਸੁਰੱਖਿਆ ਜਵਾਨਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਸੀ। ਇਸ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਾਲੇ ਸਬੰਧਾਂ ‘ਚ ਵਧੇਰੇ ਸੰਵੇਦਨਸ਼ੀਲਤਾ ਵੇਖੀ ਗਈ ਹੈ।ਪੁਲਵਾਮਾ ਹਮਲੇ ਤੋਂ ਬਾਅਦ ਅਮਰੀਕਾ, ਬਰਤਾਨੀਆ ਅਤੇ ਫਰਾਂਸ ਵੱਲੋਂ ਮਸੂਦ ਅਜ਼ਹਰ ‘ਤੇ ਪਾਬੰਦੀ ਲਗਾਉਣ ਲਈ ਪ੍ਰਸਤਾਵ ਪੇਸ਼ ਕੀਤਾ ਗਿਆ ਸੀ, ਪਰ ਚੀਨ ਨੇ ਵੀਟੋ ਰਾਹੀਂ ਇਸ ਪ੍ਰਸਤਾਵ ਨੂੰ ਮੁੜ ਰੱਦ ਕਰ ਦਿੱਤਾ ਹੈ। ਇਸ ਪ੍ਰਸਤਾਵ ਦੇ ਸਮਰਥਨ ‘ਚ ਆਏ ਮੈਂਬਰ ਮੁਲਕਾਂ ਨੇ ਚੀਨ ਦੀ ਇਸ ਕਾਰਵਾਈ ਦੀ ਤਿੱਖੇ ਸ਼ਬਦਾਂ ‘ਚ ਆਲੋਚਨਾ ਕੀਤੀ ਹੈ।
ਅਸਲ ‘ਚ ਚੀਨ ਪਾਕਿਸਤਾਨ ਦਾ ਨਜ਼ਦੀਕੀ ਮਿੱਤਰ ਮੁਲਕ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਚੀਨ ਨੂੰ ਡਰ ਹੈ ਕਿ ਜੇਕਰ ਉਹ ਅਜ਼ਹਰ ‘ਤੇ ਪਾਬੰਦੀ ਲਗਾਉਣ ਲਈ ਅੰਤਰਰਾਸ਼ਟਰੀ ਭਾਈਚਾਰੇ ਨਾਲ ਜਾਂਦਾ ਹੈ ਤਾਂ ਉਸ ਨੂੰ ਆਪਣੇ ਚੀਨ-ਪਾਕਿ ਆਰਥਿਕ ਗਲਿਆਰੇ ਪ੍ਰਾਜੈਕਟ ‘ਚ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਚੀਨ ਨੂੰ ਇਸ ਗੱਲ ਦਾ ਵੀ ਡਰ ਹੈ ਕਿ ਜੈਸ਼-ਏ-ਮੁਹੰਮਦ ਅੱਤਵਾਦੀ ਸੰਗਠਨ ਚੀਨ ‘ਚ ਮੁਸਲਿਮ ਬਹਗਿਣਤੀ ਵਾਲੇ ਸ਼ਿਜੀਆਂਗ ਪ੍ਰਾਂਤ ‘ਚ ਅੱਤਵਾਦ ਭੜਕਾਊ ਗਤੀਵਿਧੀਆਂ ਨੂੰ ਅੰਜਾਮ ਦੇ ਸਕਦਾ ਹੈ।
ਪਾਕਿਸਤਾਨ ਨੇ ਵੀ ਜੈਸ਼ ਸੰਗਠਨ ‘ਤੇ ਹਮੇਸ਼ਾਂ ਦੋਹਰਾ ਬਿਆਨ ਦਿੱਤਾ ਹੈ। ਸਿਵਲ ਸਰਕਾਰ ਅਤੇ ਫੌਜ ਵਿਚਾਲੇ ਉਸ ਸਮੇਂ ਵਿਰੋਧਾਭਾਸ ਸਪੱਸ਼ਟ ਵਿਖਾਈ ਦਿੱਤਾ ਜਦੋਂ ਭਾਰਤ ਵੱਲੋਂ ਗ਼ੈਰ ਫੌਜੀ ਹਾਵਈ ਹਮਲੇ ਨੂੰ ਅੰਜਾਮ ਦਿੱਤਾ ਗਿਆ। ਪਾਕਿ ਫੌਜ ਦੇ ਤਰਜਮਾਨ ਮੇਜਰ ਜਨਰਲ ਆਸਿਫ ਗਫ਼ੂਰ ਨੇ ਕਿਹਾ ਕਿ ਜੈਸ਼-ਏ-ਮੁਹੰਮਦ ਅੱਤਵਾਦੀ ਸਗੰਠਨ ਪਾਕਿਸਤਾਨ ‘ਚ ਮੌਜੂਦ ਨਹੀਂ ਹੈ।
ਇਸ ਤੋ ਪਹਿਲਾਂ ਪਾਕਿ ਦੇ ਵਿਦੇਸ਼ ਮੰਤਰੀ ਸ਼ਾਹ ਮਹਿਬੂਬ ਕੁਰੈਸ਼ੀ ਨੇ ਪਹਿਲੀ ਵਾਰ ਮੰਨਿਆ ਸੀ ਕਿ ਜੈਸ਼-ਏ-ਮੁਹੰਮਦ  ਦਾ ਸਰਗਨਾ ਮਸੂਦ ਅਜ਼ਹਰ ਪਾਕਿਸਤਾਨ ‘ਚ ਹੈ ਅਤੇ ਪਾਕਿ ਸਰਕਾਰ ਉਸ ਨਾਲ ਸੰਪਰਕ ‘ਚ ਹੈ। ਸ੍ਰੀ ਕੁਰੈਸ਼ੀ ਨੇ ਅੱਗੇ ਕਿਹਾ ਕਿ ਅਜ਼ਹਰ ਦੀ ਸਿਹਤ ਕੁੱਝ ਠੀਕ ਨਹੀਂ ਹੈ , ਜਿਸ ਕਰਕੇ ਉਹ ਆਪਣੇ ਘਰ ਤੋਂ ਬਾਹਰ ਆਉਣ ‘ਚ ਅਸਮਰਥ ਹੈ।
ਪੁਲਵਾਮਾ ਫਿਦਾਇਨ ਹਮਲੇ ਤੋਂ ਤੁਰੰਤ ਬਾਅਦ ਪਾਕਿ ਵਜ਼ੀਰ-ਏ-ਆਜ਼ਮ  ਇਮਰਾਨ ਖ਼ਾਨ ਨੇ ਕਿਹਾ ਸੀ ਕਿ ਜੇਕਰ ਭਾਰਤ ਉਸ ਨੂੰ ਜੈਸ਼ ਦੀ ਸ਼ਮੂਲੀਅਤ ਦੇ ਸਬੂਤ ਮੁਹੱਈਆ ਕਰਵਾਉਂਦਾ ਹੈ ਤਾਂ ਉਹ ਇਸ ਸਬੰਧੀ ਜਾਂਚ ‘ਚ ਪੂਰਾ ਸਹਿਯੋਗ ਦੇਣਗੇ। ਜਨਤਕ ਰਾਏ ਨੂੰ ਪ੍ਰਭਾਵਿਤ ਕਰਨ ਲਈ ਇਹ ਬਿਆਨ ਵਾਰ-ਵਾਰ ਦਿੱਤਾ ਗਿਆ । ਪਰ ਬਾਅਦ ‘ਚ ਇਸਲਾਮਾਬਾਦ ਨੇ ਇਸ ਸੰਗਠਨ ਖ਼ਿਲਾਫ ਕੋਈ ਵੀ ਨਿਰਣਾਇਕ ਕਾਰਵਾਈ ਕਰਨ ਤੋਂ ਪੱਲਾ ਝਾੜ ਲਿਆ।
ਜੈਸ਼-ਏ-ਮੁਹੰਮਦ ਅੱਤਵਾਦੀ ਸੰਗਠਨ ਦੀ ਤਾਂ ਪਾਕਿਸਤਾਨ ‘ਚ ਸੰਪਤੀ ਵੀ ਹੈ। ਪਾਕਿਸਤਾਨ ਦੇ ਸਾਬਕਾ  ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ ਨੇ ਹਾਲ ‘ਚ ਹੀ ਬਿਆਨ ਦਿੱਤਾ ਸੀ ਕਿ ਜੈਸ਼-ਏ-ਮੁਹੰਮਦ ਅੱਤਵਾਦੀ ਸੰਗਠਨ ਦਾਪਾਕਿਸਤਾਨ ‘ਚ ਮਜ਼ਬੂਤ ਅਧਾਰ ਹੈ ਅਤੇ ਇੱਥੋਂ ਹੀ ਉਹ ਭਾਰਤ ‘ਤੇ ਕੀਤੇ ਹਮਲ਼ਿਆਂ ਦੀ ਸਾਜਿਸ਼ ਰੱਚਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜੈਸ਼-ਏ-ਮੁਹੰਮਦ ਅੱਤਵਾਦੀ ਸੰਗਠਨ ਨੇ ਦੋ ਵਾਰ ਉਨ੍ਹਾਂ ਨੂੰ ਮਾਰਨ ਦੀ ਅਸਫਲ ਕੋਸ਼ਿਸ਼ ਵੀ ਕੀਤੀ ਸੀ। ਪਾਕਿਸਤਾਨ ਨੇ ਇਸ ਗੱਲ ਦਾ ਦਾਅਵਾ ਕੀਤਾ ਹੈ ਕਿ ਉਹ ਆਪਣੀ ਕੌਮੀ ਐਕਸ਼ਨ ਯੋਜਨਾ ਤਹਿਤ ਅੱਤਵਾਦੀ ਸੰਗਠਨਾਂ ਖ਼ਿਲਾਫ ਕਾਰਵਾਈ ਕਰੇਗੀ ।ਪਾਸਿਕਤਾਨ ਨੇ ਐਫ.ਏ.ਟੀ.ਐਫ. ਨੂੰ ਇਸ ਸਬੰਧੀ ਵਚਨਬੱਧਤਾ ਵੀ ਦਿੱਤੀ ਹੈ ਪਰ ਇਹ ਕਾਰਾਵਈ ਕਰਨ ਦੀ ਗੱਲ ਸੰਸਾਰ ਦੀਆਂ ਅੱਖਾਂ ‘ਚ ਘੱਟਾ ਪਾਉਣ ਲਈ ਹੀ ਕੀਤੀ ਗਈ ਜਾਪਦੀ ਹੈ।
ਜੈਸ਼-ਏ-ਮੁਹੰਮਦ ਅੱਤਵਾਦੀ ਸੰਗਠਨ ਨੇ ਆਪ ਪੁਲਵਾਮਾ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਪਰ ਪਾਕਿ ਇਸ ਗੱਲ ਤੋਂ ਮੁਨਕਰ ਹੋ ਰਿਹਾ ਹੈ ਜੋ ਕਿ ਪਾਕਿ ਦੀ ਇਕ ਹਾਸੋਹੀਣੀ ਕਰਤੂਤ ਲੱਗਦੀ ਹੈ।ਇਹ ਗੱਲ ਤਾਂ ਜਗਜਾਹਿਰ ਹੈ ਕਿ ਪਾਕਿਸਤਾਨ ਨੇ ਕਦੇ ਵੀ ਅੱਤਵਾਦੀ ਸੰਗਠਨਾਂ, ਦਹਿਸ਼ਤਗਰਦਾਂ ਖ਼ਿਲਾਫ ਕੋਈ ਵੀ ਫ਼ੈਸਲਾਕੁੰਨ ਕਾਰਵਾਈ ਨਹੀਂ ਕੀਤੀ ਹੈ। 2008 ‘ਚ 26/11 ਮੁਬੰਈ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਨੇ ਅਜ਼ਮਲ ਕਸਾਬ ਨੂੰ ਆਪਣਾ ਨਾਗਰਿਕ ਮੰਨਣ ਤੋਂ ਵੀ ਇਨਕਾਰ ਕਰ ਦਿੱਤਾ ਸੀ। ਦੱਸਣਯੋਗ ਹੈ ਕਿ ਮੁਬੰਈ ਹਮਲੇ ‘ਚ ਕਸਾਬ ਹੀ ਇਕਲਾ ਜ਼ਿੰਦਾ ਅੱਤਵਾਦੀ ਸੀ ਜਿਸ ਨੂੰ ਕਿ ਭਾਰਤ ਵੱਲੋਂ ਹਿਰਾਸਤ ‘ਚ ਲਿਆ ਗਿਆ ਸੀ।ਪਰ ਜਦੋਂ ਕੌਮਾਂਤਰੀ ਮੀਡੀਆ ਨੇ ਸਿੱਧ ਕੀਤਾ ਕਿ ਉਹ ਪਾਕਿ ਨਾਗਰਿਕ ਹੈ ਤਾਂ ਇਸਲਾਮਾਬਾਦ ਨੂੰ ਵੀ ਇਹ ਮੰਨਣਾ ਪਿਆ ਸੀ।
ਭਾਰਤ ਨੇ ਸਰਹੱਦ ਪਾਰ ਅੱਤਵਾਦ ਦੀ ਸਮੱਸਿਆ ਨੂੰ ਹਮੇਸ਼ਾਂ ਹੀ ਸੰਯੁਕਤ ਰਾਸ਼ਟਰ ਅੱਗੇ ਰੱਖਿਆ ਹੈ। ਚੀਨ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦਾ ਸਥਾਈ ਮੈਂਬਰ ਹੈ  ਅਤੇ ਇਸ ਨਾਤੇ ਉਸ ਨੂੰ ਇਸ ਆਲਮੀ ਬੁਰਾਈ ਖ਼ਿਲਾਫ ਜੰਗ ‘ਚ ਜ਼ਿੰਮੇਵਾਰ ਭੂਮਿਕਾ ਨਿਭਾਉਣੀ ਚਾਹੀਦੀ ਹੈ। ਚੀਨ ਨੇ ਸੰਯੁਕਤ ਰਾਸ਼ਟਰ ਦੇ ਮਤੇ ‘ਤੇ ਦਸਤਖਤ ਵੀ ਕੀਤੇ ਸਨ, ਜਿਸ ‘ਚ ਪੁਲਵਾਮਾ ਹਮਲੇ ਦੀ ਨਿਖੇਧੀ ਕਤਿੀ ਗਈ ਸੀ। ਮੰਨਿਆ ਜਾ ਰਿਹਾ ਸੀ ਕਿ ਚੀਨ ਹੋਰ ਪੀ-5 ਮੈਂਬਰਾਂ ਨਾਲ ਅਜ਼ਹਰ ‘ਤੇ ਰੋਕ ਲਗਾਉਣ ‘ਚ ਸਹਿਯੋਗ ਦੇਵੇਗਾ। ਪਰ ਚੀਨ ਨੇ ਇਸ ਦੇ ਉਲਟ ‘ਤਕਨੀਕੀ ਪੱਖ’ ਦਾ ਹਵਾਲਾ ਦਿੰਦਿਆਂ ਇਸਲਾਮਾਬਾਦ ਦੇ ਸਮਰਥਨ ‘ਚ ਕਾਰਵਈ ਨੂੰ ਅੰਜਾਮ ਦਿੱਤਾ।
ਇਸ ਦੌਰਾਨ ਭਾਰਤ ਨੇ ਕਿਹਾ ਹੈ ਕਿ ਉਹ ਅਗਾਂਹ ਵੀ ਮੌਜੂਦ ਬਦਲਾਂ ‘ਤੇ ਕੰਮ ਜਾਰੀ ਰੱਖੇਗਾ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਭਾਰਤ ‘ਤੇ ਅੱਤਵਾਦੀ ਹਮਲਿਆਂ ‘ਚ ਸ਼ਾਮਿਲ ਦਹਿਸ਼ਤਗਰਦਾਂ ਨੂੰ ਨਿਆਂ ਦੇ ਘੇਰੇ ‘ਚ ਲਿਆਂਦਾ ਜਾ ਸਕੇ।