ਨਾਈਜੀਰੀਆ: ਸਕੂਲੀ ਇਮਾਰਤ ਢਹਿਣ ਨਾਲ 12 ਮੌਤਾਂ

ਨਾਈਜੀਰੀਆ ਦੇ ਲਾਗੋਸ ਸ਼ਹਿਰ ‘ਚ ਇੱਕ ਸਕੂਲੀ ਇਮਾਰਤ ਦੇ ਡਿੱਗਣ ਕਾਰਨ 12 ਮੌਤਾਂ ਦੀ ਖ਼ਬਰ ਹੈ।ਇਸ ਇਮਾਰਤ ‘ਚ ਪ੍ਰਾਇਮਰੀ ਅਤੇ ਨਰਸਰੀ ਸਕੂਲ ਚੱਲ ਰਿਹਾ ਸੀ. ਜੋ ਕਿ ਬਿਨ੍ਹਾਂ ਕਿਸੇ ਚਿਤਾਵਨੀ ਦੇ ਢਹਿ ਗਿਆ।
ਰਾਜ ਸੰਕਟਕਾਲੀਨ ਪ੍ਰਬੰਧਨ ਏਜੰਸੀ ਨੇ ਕਿਹਾ ਕਿ ਮਲਬੇ ਹੇਠ ਅਜੇ ਵੀ ਲੋਕ ਦੱਬੇ ਹੋਏ ਹਨ ਜਿੰਨਾਂ ‘ਚ ਘੱਟੋ-ਘੱਟ 20 ਬੱਚੇ ਵੀ ਸ਼ਾਮਿਲ ਹਨ।ਇਸ ਹਾਦਸੇ ਦੇ ਸਹੀ ਕਾਰਨਾਂ ਦਾ ਕੁੱਝ ਪਤਾ ਨਹੀਂ ਲੱਗ ਸਕਿਆ ਹੈ।
ਸੂਬੇ ਦੇ ਗਵਰਨਰ ਅਕਿਨਵੂਮੀ ਅੰਬੋਡੇ ਨੇ ਕਿਹਾ ਕਿ ਢਹਿ ਢੇਰੀ ਹੋਈ ਇਮਾਰਤ ਇੱਕ ਰਿਹਾਇਸ਼ੀ ਇਮਾਰਤ ਸੀ ਅਤੇ ਇਸ ਦੀਆਂ ਉਪਰਲੀਆਂ ਦੋ ਮੰਜ਼ਿਲਾਂ ‘ਚ ਗ਼ੈਰ ਕਾਨੂੰਨੀ ਢੰਗ ਨਾਲ ਸਕੂਲ ਚਲਾਇਆ ਜਾ ਰਿਹਾ ਸੀ।ਉਨ੍ਹਾਂ ਨੇ ਇਸ ਹਾਦਸੇ ਦੀ ਜਾਂਚ ਦਾ ਵਾਅਦਾ ਕੀਤਾ ਹੈ ਅਤੇ ਜ਼ਿੰਮੇਵਾਰ ਦੋਸ਼ੀਆਂ ‘ਤੇ ਮੁਕੱਦਮਾ ਚਲਾਉਣ ਦੀ ਗੱਲ ਵੀ ਕਹੀ ਹੈ।