ਚੀਨ ਨੂੰ ਅੱਤਵਾਦ ਪ੍ਰਤੀ ਵਿਹਾਰਿਕ ਰੁਖ਼ ਅਖ਼ਤਿਆਰ ਕਰਨ ਦੀ ਲੋੜ

ਚੀਨ ਨੇ ਪਾਕਿਸਤਾਨ ਅਧਾਰਿਤ  ਜੈਸ਼-ਏ-ਮੁਹੰਮਦ ਅੱਤਵਾਦੀ ਸਮੂਹ ਦੇ ਸਰਗਨਾ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਕਮੇਟੀ ਦੀ ਪਾਬੰਦੀਸ਼ੁਦਾ ਕਮੇਟੀ 1267 ਤਹਿਤ ਗਲੋਬਲ ਅੱਤਵਾਦੀ ਐਲਾਨੇ ਜਾਣ ਦੇ ਪ੍ਰਸਤਾਵ ‘ਤੇ ‘ਤਕਨੀਕੀ ਕਾਰਨ’ ਦੱਸਦਿਆਂ ਚੌਥੀ ਵਾਰ ਰੋਕ ਲਗਾ ਦਿੱਤੀ ਹੈ। ਵਿਸ਼ਵ ਪੱਧਰ ‘ਤੇ ਮਸੂਦ ਨੂੰ ਗਲੋਬਲ ਅੱਤਵਾਦੀ ਨਾਮਜ਼ਦ ਕਰਨ ਲਈ ਯਤਨ ਕੀਤੇ ਜਾ ਰਹੇ ਹਨ ਪਰ ਚੀਨ ਨੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮਸੂਦ ਨੂੰ ਬਚਾ ਲਿਆ।ਅਮਰੀਕਾ, ਫਰਾਂਸ ਅਤੇ ਬਰਤਾਨੀਆ ਵੱਲੋਂ ਇਸ ਸਬੰਧੀ ਪ੍ਰਸਤਾਵ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ‘ਚ ਪੇਸ਼ ਕੀਤਾ ਗਿਆ ਸੀ। ਭਾਰਤ ਨੇ ਅੱਤਵਾਦ ਵਿਰੁੱਧ ਆਪਣੀ ਜੰਗ ‘ਚ ਕੌਮਾਂਤਰੀ ਪੱਧਰ ‘ਤੇ ਸਮਰਥਨ ਵੀ ਹਾਸਿਲ ਕੀਤਾ ਪਰ ਚੀਨ ਦੀ ਇਸ ਕਾਰਵਾਈ ‘ਤੇ ਨਵੀਂ ਦਿੱਲੀ ਨੇ ਰੋਸ ਪ੍ਰਗਟ ਕੀਤਾ ਹੈ। ਚੀਨ ਦੇ ਇਸ ਕਦਮ ਨੇ ਸਪਸ਼ੱਟ ਕਰ ਦਿੱਤਾ ਹੈ ਕਿ ਬੀਜਿੰਗ ਲਗਾਤਾਰ ਇਸਲਾਮਾਬਦ ਦੀ ਮਦਦ ‘ਚ ਖੜ੍ਹਾ ਹੋ ਰਿਹਾ ਹੈ ਅਤੇ ਹੁਣ ਚੀਨ ‘ਤੇ ਦਬਾਅ ਪਾਇਆ ਜਾਣਾ ਚਾਹੀਦਾ ਹੈ ਕਿ ਉਹ ਅਪਾਣੀ ਇਸ ਕਾਰਵਾਈ ਪਿੱਛੇ ਦੇ ਉੱਚਿਤ ਕਾਰਨਾਂ ਨੂੰ ਪੇਸ਼ ਕਰੇ।

ਚੀਨ ਦੇ ਵਿਸ਼ਲੇਸ਼ਕਾਂ ਅਤੇ ਟਿੱਪਣੀਕਾਰਾਂ ਦਾ ਮੰਨਣਾ ਹੈ ਕਿ ਚੀਨ ਅਤੇ ਭਾਰਤ ਨੂੰ ਇਸ ਮੁੱਦੇ ਦੇ ਹੱਲ ਲਈ ਡੂੰਗੀ ਗੱਲਬਾਤ ਨੂੰ ਅਧਾਰ ਬਣਾਉਣਾ ਚਾਹੀਦਾ ਹੈ। ਭਾਰਤ ਵੱਲੋਂ ਪੁਖਤਾ ਸਬੂਤ ਪੇਸ਼ ਕਰਨ ਦੇ ਬਾਵਜੂਦ ਚੀਨ ਹੋਰ ਸਬੂਤਾਂ ਦੀ ਮੰਗ ਕਰ ਰਿਹਾ ਹੈ , ਜਿਸ ਤੋਂ ਇਹ ਪਤਾ ਚੱਲਦਾ ਹੈ ਕਿ ਇਸ ਮਸਲੇ ‘ਤੇ ਮੁੜ ਮਤਦਾਨ ਕਰਵਾਉਣ ਤੋਂ ਪਹਿਲਾਂ ਬੀਜਿੰਗ ਆਪ ਹੀ ਸਮੱਸਿਆ ਦੇ ਘੇਰੇ  ‘ਚ ਫਸਿਆ ਲੱਗ ਰਿਹਾ ਹੈ।

ਹਾਲਾਂਕਿ ਇੰਨ੍ਹਾਂ ਤਕਨੀਕੀ ਕਾਰਨਾਂ ਤੋਂ ਇਲਾਵਾ ਪਾਕਿਸਤਾਨ ‘ਚ ਵਸੇ ਅੱਤਵਾਦੀਆਂ ਨੂੰ ਚੀਨ ਵੱਲੋਂ ਨਾਮਜ਼ਦ ਕਰਨ ਪ੍ਰਤੀ ਝਿਜਕ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਪਾਕਿਸਤਾਨ ਅੰਤਰਰਾਸ਼ਟਰੀ ਪੱਧਰ ‘ਤੇ ਅੱਤਵਾਦ ਦੇ ਮੁੱਦੇ ‘ਤੇ ਹੁੰਦੀ ਨਿਖੇਧੀ ਤੋਂ ਬਚਣ ਲਈ ਚੀਨ ‘ਤੇ ਭਰੋਸਾ ਕਰਦਾ ਹੈ। ਚੀਨ ਦਾ ਮੰਨਣਾ ਹੈ ਕਿ ਪਾਕਿਸਤਾਨ ਨੂੰ ਅਜਿਹਾ ਰਾਜ ਨਹੀਂ ਐਲਾਨਿਆਂ ਜਾਣਾ ਚਾਹਿਦਾ ਕਿ ਉਹ ਅੱਤਵਾਦ ਨੂੰ ਸਪਾਂਸਰ ਕਰਦਾ ਹੈ। ਇਸ ਲਈ ਇਹ ਤੱਥ ਸਪਸ਼ੱਟ ਹੈ ਕਿ ਇਸ ਮੁੱਦੇ ‘ਤੇ ਭਾਰਤ ਅਤੇ ਚੀਨ ਦੋਵਾਂ ਦਾ ਦ੍ਰਿਸ਼ਟੀਕੋਣ ਵੱਖੋ-ਵੱਖ ਹੈ। ਦੋਵੇਂ ਹੀ ਆਪੋ-ਅਪਾਣੀ ਧਾਰਨਾ ਅਨੁਸਾਰ ਅੱਤਵਾਦ ਨਾਲ ਨਜਿੱਠਣਾ ਚਾਹੁੰਦੇ ਹਨ।

ਪਰ ਚੀਨ ਦੀ ਪਾਕਿਸਤਾਨ ਨਾਲ ਦੋਸਤੀ ਕਾਰਨ ਹੀ ਬੀਜਿੰਗ ਅੱਤਵਾਦੀ ਸਮੂਹਾਂ ਅਤੇ ਦਹਿਸ਼ਗਰਦਾਂ ਪ੍ਰਤੀ ਭਾਰਤ ਦੀ ਨੀਤੀ ‘ਤੇ ਨਿਰਪੱਖ ਰਵੀਆ ਨਹੀਂ ਅਪਣਾ ਸਕਿਆ ਹੈ। ਜਿਸ ਕਰਕੇ ਭਾਰਤ ਅਤੇ ਚੀਨ ਵਿਚਾਲੇ ਦੁਵੱਲੇ ਸਬੰਧਾਂ ‘ਚ ਖਟਾਸ ਜਰੂਰ ਆਈ ਹੈ। ਇਸ ਦੇ ਨਾਲ ਹੀ ਅੱਤਵਾਦ ਦੇ ਮੁੱਦੇ ‘ਤੇ ਭਾਰਤ ਦਾ ਸਹਿਯੋਗ ਕਰਨ ਦੀ ਚੀਨ ਦੀ ਪ੍ਰਤੀਬੱਧਤਾ ‘ਤੇ ਵੀ ਸਵਾਲੀਆ ਨਿਸ਼ਾਨ ਲੱਗਿਆ ਹੈ। ਦੋਵੇਂ ਹੀ ਮੁਲਕ ਕਈ ਅੰਤਰਰਾਸ਼ਟਰੀ ਮੰਚਾਂ ਦੇ ਮੈਂਬਰ ਹਨ ਅਤੇ ਨਵੀਂ ਦਿੱਲੀ ਅਤੇ ਬੀਜਿੰਗ ਦੋਵਾਂ ਨੇ ਹੀ ਅੱਤਵਾਦ ਖ਼ਿਲਾਫ ਸਖਤ ਕਾਰਵਾਈ ਕਰਨ ਦੀ ਵਚਣਬੱਧਤਾ ਵੀ ਪੇਸ਼ ਕੀਤੀ ਹੋਈ ਹੈ। ਪਰ ਫਿਰ ਵੀ ਚੀਨ ਵੱਲੋਂ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ‘ਚ ਮਸੂਦ ਦੇ ਹੱਕ ‘ਚ ਕੀਤੀ ਵੋਟਿੰਗ ਨੇ ਚੀਨ ਦੇ ਜ਼ਿੰਮੇਵਾਰ ਮੈਂਬਰ ਹੋਣ ਦੇ ਅਕਸ ਨੂੰ ਖਰਾਬ ਕੀਤਾ ਹੈ।

ਚੀਨ ‘ਤੇ ਪੈਂਦੇ ਅੰਤਰਰਾਸ਼ਟਰੀ ਦਬਾਅ ਅਤੇ ਇਸ ਦੇ ਫ਼ੈਸਲੇ ਪ੍ਰਤੀ ਭਾਰਤ ਦੀ ਨਿਰਾਸ਼ਾ ਕਾਰਨ ਚੀਨ ‘ਚ ਅੱਤਵਾਦ ਪ੍ਰਤੀ ਚਿੰਤਾ ਪੈਦਾ ਹੋ ਗਈ ਹੈ। ਅਸਲ ‘ਚ ਭਾਰਤ ‘ਚ ਚੀਨੀ ਸਫ਼ੀਰ ਲੁਓ ਸ਼ਾਓ ਹੁਏ ਨੇ ਕਿਹਾ ਕਿ ਮਸੂਦ ਅਜ਼ਹਰ ਦਾ ਮਾਮਲਾ ਜਲਦ ਹੀ ਸੁਲਝਾ ਲਿਆ ਜਾਵੇਗਾ।ਉਨ੍ਹਾਂ ਨੇ ਇਸ ਗੱਲ ਦੀ ਉਮੀਦ ਪ੍ਰਗਟ ਕੀਤੀ ਹੈ ਕਿ ਨਵੀਂ ਦਿੱਲੀ ਅਤੇ ਬੀਜਿੰਗ ਦੋਵੇਂ ਆਪਸੀ ਗੱਲਬਾਤ ਰਾਹੀਂ ਇਸ ਮਸਲੇ ਦਾ ਹੱਲ ਜ਼ਰੂਰ ਕੱਢ ਲੈਣਗੇ। ਚੀਨ ਦੇ ਰਾਜਦੂਤ ਵੱਲੋਂ ਇਹ ਭਰੋਸਾ ਉਸ ਸਮੇਂ ਪੇਸ਼ ਕੀਤਾ ਗਿਆ ਹੈ ਜਦੋਂ ਚੀਨੀ ਗਤੀਵਿਧੀਆਂ ਦੀ ਭਾਰਤ ‘ਚ ਤੇਜ਼ੀ ਨਾਲ ਸਮੀਖਿਆ ਕੀਤੀ ਜਾ ਰਹੀ ਹੈ।ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਮੈਂਬਰ ਮੁਲਕਾਂ ਨੇ ਚੀਨ ਨੂੰ ਚਿਤਾਵਨੀ ਜਾਰੀ ਕੀਤੀ ਹੈ ਕਿ ਉਹ ਹੋਰ ਕਾਰਵਾਈ ਕਰਨ ਲਈ ਮਜ਼ਬੂਰ ਹੋ ਸਕਦੇ ਹਨ।

ਇਸ ‘ਚ ਕੋਈ ਸ਼ੱਕ ਨਹੀਂ ਹੈ ਕਿ ਇਸ ਮੁੱਦੇ ‘ਤੇ ਚੀਨ ਦੀ ਵਿਸ਼ਵ ਭਰ ‘ਚ ਅਲੋਚਨਾ ਹੋ ਰਹੀ ਹੈ ਅਤੇ ਚੀਨ ਦੀ ਪਾਕਿਸਤਾਨ ਨਾਲ ਮਿੱਤਰਤਾ ਵੀ ਸਵਾਲਾਂ ਦੇ ਘੇਰੇ ‘ਚ ਹੈ। ਸਾਰੇ ਮੁਲਕਾਂ ਦੀ ਇਸ ਗੱਲ ‘ਤੇ ਵੀ ਨਜ਼ਰ ਟਿਕੀ ਹੋਈ ਕਿ ਚੀਨ ਕਿਸ ਹੱਦ ਤੱਕ ਆਪਣੇ ਮਿੱਤਰ ਮੁਲਕ ਪਾਕਿਸਤਾਨ ਦਾ ਬਚਾਵ ਕਰਦਾ ਹੈ। ਅਸਲ ਗੱਲ ਤਾਂ ਇਹ ਹੈ ਕਿ ਚੀਨ ਆਪਣੀ ਰਣਨੀਤਕ ਸਾਂਝੇਦਾਰੀ ਅਤੇ ਪਾਕਿਸਤਾਨ ‘ਚ ਕੀਤੇ ਨਿਵੇਸ਼ ਨੂੰ ਸੁਰੱਖਿਅਤ ਰੱਖਣ ਦੇ ਮਕਸਦ ਨਾਲ ਹੀ ਅਹਿਜਾ ਕਰ ਰਿਹਾ ਹੈ। ਇਸ ਲਈ ਚੀਨ ਵੱਲੋਂ ਭਾਰਤ ਨੂੰ ਦਿੱਤਾ ਗਿਆ ਭਰੋਸਾ ਸਥਾਈ ਹੈ ਜਾਂ ਨਹੀਂ ਇਹ ਵੀ ਸ਼ੱਕ ਦੇ ਘੇਰੇ ‘ਚ ਹੈ।

ਜੇਕਰ ਚੀਨ ਦੀ ਅੱਤਵਾਦ ਦੇ ਖ਼ਾਤਮੇ ਪ੍ਰਤੀ ਵਚਣਬੱਧਤਾ ਸੱਚੀ ਹੈ ਤਾਂ ਚੀਨ ਨੂੰ ਅਜਿਹੇ ਕਿਹੜੇ ਨਵੇਂ ਸਬੂਤਾਂ ਜਾਂ ਫਿਰ ਦੁਵੱਲੀ ਗੱਲਬਾਤ ਦੀ ਲੋੜ ਮਹਿਸੂਸ ਹੋ ਰਹੀ ਹੈ , ਜਿਸ ਦੇ ਅਧਾਰ ‘ਤੇ ਉਹ ਭਾਰਤ ਦੇ ਪੱਖ ਨੂੰ ਸਮਝਣਾ ਚਾਹੁੰਦਾ ਹੈ।ਆਪਣੀ ਪੱਛਮੀ ਸਰਹੱਦਾਂ ‘ਤੇ ਅੱਤਵਾਦ ਦੇ ਵੱਧ ਰਹੇ ਜ਼ੋਖਮ ਦੇ ਮੁੱਦੇ ‘ਤੇ ਭਾਰਤ ਚੀਨ ਤੋਂ ਇਲਾਵਾ ਪੂਰੀ ਦੁਨੀਆ ਦਾ ਸਮਰਥਨ ਹਾਸਿਲ ਕਰਨ ‘ਚ ਸਫ਼ਲ ਰਿਹਾ ਹੈ। ਭਾਰਤ ਨੇ ਪੁਲਵਾਮਾ ਫਿਦਾਇਨ ਹਮਲੇ ਸਮੇਤ ਦੇਸ਼ ‘ਚ ਵਾਪਰੇ ਹੋਰ ਅੱਤਵਾਦੀ ਹਮਲਿਆਂ ‘ਚ ਮਸੂਦ ਦੇ ਸ਼ਾਮਿਲ ਹੋਣ ਦੇ ਪੁਖਤਾ ਸਬੂਤ ਪੇਸ਼ ਕੀਤੇ ਹਨ।

ਚੀਨ ਦੀ ਸਹਿਮਤੀ ਇਸ ਗੱਲ ‘ਤੇ ਵੀ ਨਿਰਭਰ ਕਰੇਗੀ ਕਿ ਉਹ ਪ੍ਰਸਤਾਵਿਤ ਨਵੇਂ ਸਬੂਤਾਂ ਨੂੰ ਕਿਸ ਨਜ਼ਰੀਏ ਨਾਲ ਵੇਖਦਾ ਹੈ। ਅਜਿਹੀ ਸਥਿਤੀ ‘ਚ ਲੋੜ ਹੈ ਕਿ ਅੱਤਵਾਦੀ ਸੰਗਠਨਾਂ ਅਤੇ ਦਹਿਸ਼ਤਗਰਦਾਂ ‘ਤੇ ਪਾਬੰਦੀ ਲਗਾਉਣ ਲਈ ਭਾਰਤ ਕੌਮਾਂਤਰੀ ਭਾਈਚਾਰੇ ਨੂੰ ਆਪਣੇ ਹੱਕ ‘ਚ ਖੜ੍ਹਾ ਕਰੇ। ਬੀਜਿੰਗ ਨੂੰ ਵੀ ਇਹ ਸਮਝਣ ਦੀ ਲੋੜ ਹੈ ਕਿ ਦੱਖਣੀ ਏਸ਼ੀਆ ਖੇਤਰ ‘ਚ ਅੱਤਵਾਦੀ ਗੁੱਟ ਨਾ ਸਿਰਫ਼ ਭਾਰਤੀ ਉਪ ਮਹਾਦੀਪ ਨੂੰ ਪ੍ਰਭਾਵਿਤ ਕਰ ਰਹੇ ਹਨ ਬਲਕਿ ਚੀਨ ਦਾ ਆਪਣਾ ਖੇਤਰ ਵੀ ਦਹਿਸ਼ਤਗਰਦਾਂ ਦੀ ਮਾਰ ਹੇਠ ਆ ਰਿਹਾ ਹੈ।