ਸਰਬ ਸਾਂਝਾ ਪਿਆਰ ਅਤੇ ਰੰਗਾਂ ਦਾ ਤਿਉਹਾਰ — ਹੋਲੀ ਅਤੇ ਹੋਲਾ ਮਹੱਲਾ

ਫੱਗਣ ਦੇ ਮਹੀਨੇ ਵੇ ਘਰ ਹੋਲੀ ਆਈ।

ਜਿਨ੍ਹਾਂ ਘਰ ਲਾਲ ਉਨ੍ਹਾਂ ਰਲ ਕੇ ਮਨਾਈ।

ਭਾਰਤ ਵਿੱਚ ਬਹੁਤ ਸਾਰੇ ਮੇਲੇ ਅਤੇ ਤਿਉਹਾਰ ਮਨਾਏ ਜਾਂਦੇ ਹਨ। ਇਨ੍ਹਾਂ ਮੇਲੇ-ਤਿਉਹਾਰਾਂ ਦਾ ਸੰਬੰਧ ਰੁੱਤਾਂ ਅਤੇ ਮੌਸਮ ਨਾਲ ਵੀ ਹੁੰਦਾ ਹੈ। ਇਸੇ ਸੰਦਰਭ ਵਿੱਚ ਹੋਲੀ ਵੀ ਬਸੰਤ ਰੁੱਤ ਵਿੱਚ ਮਨਾਇਆ ਜਾਣ ਵਾਲਾ ਬਹੁਤ ਹੀ ਹਰਮਨ ਪਿਆਰਾ ਤਿਉਹਾਰ ਹੈ। ਇਸ ਤਿਉਹਾਰ ਨੂੰ ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਵੀ ਮੰਨਿਆ ਗਿਆ ਹੈ। ਰੰਗਾਂ ਦਾ ਤਿਉਹਾਰ ਹੋਣ ਕਾਰਨ ਇਹ ਮਨੁੱਖੀ ਹਿਰਦੇ ਵਿੱਚ ਖੁਸ਼ੀ ਦੇ ਰੰਗ ਭਰ ਦਿੰਦਾ ਹੈ। ਇਸ ਨੂੰ ਫੱਗਣ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਪਰੰਪਰਕ ਤੌਰ ਤੇ ਹੋਲੀ ਦਾ ਤਿਉਹਾਰ ਦੋ ਦਿਨ ਮਨਾਇਆ ਜਾਂਦਾ ਹੈ। ਪਹਿਲੇ ਦਿਨ ਹੋਲਿਕਾ ਜਲਾਈ ਜਾਂਦੀ ਹੈਜਿਸ ਨੂੰ ਹੋਲਿਕਾ ਦਹਿਨ ਵੀ ਕਹਿੰਦੇ ਹਨ। ਦੂਜੇ ਦਿਨ ਲੋਕੀਂ ਇਕ-ਦੂਜੇ ਤੇ ਰੰਗ ਤੇ ਗੁਲਾਲ ਆਦਿ ਸੁੱਟ ਕੇ ਹੋਲੀ ਮਨਾਉਂਦੇ ਹਨ। ਇਸ ਦਿਨ ਕਈ ਲੋਕ ਢੋਲ ਵਜਾ ਕੇ ਹੋਲੀ ਦੇ ਗੀਤ ਗਾਉਂਦੇ ਹੋਏ ਘਰ-ਘਰ ਜਾ ਕੇ ਲੋਕਾਂ ਨੂੰ ਰੰਗ ਲਾਉਂਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਹੋਲੀ ਦੇ ਦਿਨ ਲੋਕ ਆਪਣੇ ਗਿਲੇ-ਸ਼ਿਕਵੇ ਭੁਲਾ ਕੇ ਇੱਕ-ਦੂਜੇ ਤੇ ਰੰਗ-ਗੁਲਾਲ ਆਦਿ ਮਲਦੇ ਹਨ। ਇਕ-ਦੂਜੇ ਨੂੰ ਰੰਗਣ ਅਤੇ ਗਾਉਣ-ਵਜਾਉਣ ਦਾ ਦੌਰ ਦੁਪਹਿਰ ਤੱਕ ਚੱਲਦਾ ਰਹਿੰਦਾ ਹੈ। ਇਸ ਤੋਂ ਬਾਅਦ ਲੋਕੀਂ ਨਹਾ-ਧੋ ਕੇ ਨਵੇਂ ਕੱਪੜੇ ਪਾਉਂਦੇ ਹਨ ਅਤੇ ਮਠਿਆਈਆਂ ਆਦਿ ਵੰਡਦੇ ਹਨ। ਉੱਤਰੀ ਭਾਰਤ ਵਿੱਚ ਇਸ ਦਿਨ ਗੁਜੀਆ ਨਾਂ ਦੀ ਮਠਿਆਈ ਖਾਣ ਦਾ ਰਿਵਾਜ ਹੈ। ਇਸ ਦਿਨ ਮਠਿਆਈ ਦੀਆਂ ਦੁਕਾਨਾਂ ਤੇ ਇਸ ਨੂੰ ਖਰੀਦਣ ਦੇ ਲਈ ਲੋਕਾਂ ਦੀ ਭਾਰੀ ਭੀੜ ਲੱਗੀ ਰਹਿੰਦੀ ਹੈ। ਲੋਕ ਆਪਣੇ ਗੁਆਂਢੀਆਂ ਅਤੇ ਸੰਬੰਧੀਆਂ ਦੇ ਘਰਾਂ ਵਿੱਚ ਵੀ ਮਠਿਆਈ ਆਦਿ ਲੈ ਕੇ ਜਾਂਦੇ ਹਨ।

ਹੋਲੀ ਦਾ ਤਿਉਹਾਰ ਬਸੰਤ ਪੰਚਮੀ ਦੇ ਨਾਲ ਹੀ ਸ਼ੁਰੂ ਹੋ ਜਾਂਦਾ ਹੈ। ਖੇਤਾਂ ਵਿੱਚ ਸਰ੍ਹੋਂ ਖਿੜ ਜਾਂਦੀ ਹੈ। ਬਾਗ-ਬਗੀਚਿਆਂ ਵਿੱਚ ਭਾਂਤ-ਭਾਂਤ ਦੇ ਫੁੱਲ ਖਿੜ ਪੈਂਦੇ ਹਨ। ਰੁੱਖ-ਬੂਟੇਪਸ਼ੂ-ਪੰਛੀ ਅਤੇ ਮਨੁੱਖ ਹਰ ਕੋਈ ਖੁਸ਼ੀਆਂ-ਖੇੜਿਆਂ ਨਾਲ ਭਰ ਜਾਂਦਾ ਹੈ। ਖੇਤਾਂ ਵਿੱਚ ਕਣਕ ਦੀਆਂ ਬੱਲੀਆਂ ਝੂਮਣ ਲੱਗਦੀਆਂ ਹਨ। ਕਿਸਾਨਾਂ ਦੇ ਚਿਹਰੇ ਵੀ ਖੁਸ਼ੀ ਨਾਲ ਖਿੜ ਪੈਂਦੇ ਹਨ। ਇਸ ਸਾਰੇ ਮਾਹੌਲ ਨੂੰ ਉਜਾਗਰ ਕਰਦੀਆਂ ਲੋਕ-ਗੀਤਾਂ ਦੀਆਂ ਕੁਝ ਪੰਗਤੀਆਂ ਇੱਥੇ ਪੇਸ਼ ਹਨ :

ਫੱਗਣ ਦੇ ਮਹੀਨੇ ਸਰ੍ਹੋਂ ਖੇਤੀ ਫੁੱਲੀ ਏ,

ਹੋਲੀ ਦੀ ਬਹਾਰ ਧਰਤੀ ਤੇ ਡੁੱਲ੍ਹੀ ਏ।

ਹੋਲੀ ਦਾ ਤਿਉਹਾਰ ਪੁਰਾਤਨ ਕਾਲ ਤੋਂ ਹੀ ਮਨਾਇਆ ਜਾਂਦਾ ਰਿਹਾ ਹੈ। ਬ੍ਰਿਜ ਦੀ ਹੋਲੀ ਬਹੁਤ ਹੀ ਪ੍ਰਸਿੱਧ ਹੈ। ਭਾਰਤ ਤੋਂ ਇਲਾਵਾ ਦੇਸ਼ਾਂ-ਵਿਦੇਸ਼ਾਂ ਤੋਂ ਲੋਕ ਇਸ ਨੂੰ ਦੇਖਣ ਲਈ ਮਥੁਰਾ-ਵ੍ਰਿੰਦਾਵਨ ਪੁੱਜਦੇ ਹਨ। ਮੰਨਿਆ ਜਾਂਦਾ ਹੈ ਕਿ ਪ੍ਰਾਚੀਨ ਸਮੇਂ ਵਿੱਚ ਇੱਥੇ ਸ਼੍ਰੀ ਕ੍ਰਿਸ਼ਨ ਆਪਣੀਆਂ ਗੋਪੀਆਂ ਨਾਲ ਮਿਲ ਕੇ ਹੋਲੀ ਖੇਡਦੇ ਸਨ। ਉਦੋਂ ਤੋਂ ਹੀ ਬ੍ਰਿਜ ਦੇ ਇਲਾਕੇ ਵਿੱਚ ਹੋਲੀ ਮਨਾਉਣ ਦਾ ਰਿਵਾਜ ਪ੍ਰਚੱਲਿਤ ਹੈ। ਆਧੁਨਿਕ ਸਮੇਂ ਵਿੱਚ ਵੀ ਬ੍ਰਿਜ ਵਿੱਚ ਖੇਡੀ ਜਾਂਦੀ ਹੋਲੀ ਦਾ ਪਰੰਪਰਾਗਤ ਰੂਪ ਦੇਖਣ ਨੂੰ ਮਿਲਦਾ ਹੈ। ਇੱਥੇ ਖੇਡੀ ਜਾਂਦੀ ਫੁੱਲਾਂ ਦੀ ਹੋਲੀ, ਲੱਠਮਾਰ ਹੋਲੀ ਅਤੇ ਰੰਗ-ਗੁਲਾਲ ਦੀ ਹੋਲੀ ਦੇਖਣ ਲਈ ਦੂਰ-ਦੁਰਾਡੇ ਤੋਂ ਲੋਕ ਪੁੱਜਦੇ ਹਨ। ਬ੍ਰਿਜ ਦੀ ਹੋਲੀ ਨਾਲ ਸੰਬੰਧਤ ਕੁਝ ਪੰਗਤੀਆਂ ਇੱਥੇ ਜ਼ਿਕਰਯੋਗ ਹਨ :

ਆਜ ਬ੍ਰਿਜ ਮੇਂ ਹੋਰੀ ਰੇ ਰਸੀਆ, ਹੋਰੀ ਰੇ ਰਸੀਆ ਬਰਜੋਰੀ ਰੇ ਰਸੀਆ।।

ਕੌਨ ਕੇ ਹਾਥ ਪਿਚਕਾਰੀ, ਕੌਨ ਕੇ ਹਾਥ ਕਮੋਰੀ ਰੇ ਰਸੀਆ।।

ਕ੍ਰਿਸ਼ਨ ਕੇ ਹਾਥ ਪਿਚਕਾਰੀ, ਰਾਧਾ ਕੇ ਹਾਥ ਕਮੋਰੀ ਰੇ ਰਸੀਆ।।

ਅਪਨੇ ਅਪਨੇ ਘਰ ਸੇ ਨਿਕਸੀਂ, ਕੋਈ ਸ਼ਯਾਮਲ ਕੋਈ ਗੋਰੀ ਰੇ ਰਸੀਆ।।

ਉੜਤ ਗੁਲਾਲ ਲਾਲ ਭਯੇ ਬਾਦਰ, ਕੇਸਰ ਰੰਗ ਮੇਂ ਘੋਰੀ ਰੇ ਰਸੀਆ।।

ਆਜ ਬ੍ਰਿਜ ਮੇਂ ਹੋਰੀ ਰੇ ਰਸੀਆ…

ਆਮ ਤੌਰ ਤੇ ਲੋਕ ਹੋਲੀ ਨੂੰ ਹਿੰਦੂਆਂ ਦੇ ਤਿਉਹਾਰ ਦੇ ਤੌਰ ਤੇ ਜਾਣਦੇ ਹਨ ਪਰ ਅਸਲ ਵਿੱਚ ਇਹ ਸਿਰਫ਼ ਹਿੰਦੂਆਂ ਦਾ ਤਿਉਹਾਰ ਨਾ ਹੋ ਕੇ ਸਰਬ-ਸਾਂਝਾ ਤਿਉਹਾਰ ਹੈ। ਬਹੁਤ ਸਾਰੇ ਸੂਫੀ ਕਵੀਆਂ ਨੇ ਵੀ ਇਸ ਸੰਬੰਧੀ ਆਪਣੀਆਂ ਰਚਨਾਵਾਂ ਵਿੱਚ ਹੋਲੀ ਨਾਲ ਸੰਬੰਧਤ ਹਵਾਲਿਆਂ ਦਾ ਜ਼ਿਕਰ ਕੀਤਾ ਹੈ। ਪ੍ਰਸਿੱਧ ਸੂਫੀ ਫ਼ਕੀਰ ਬਾਬਾ ਬੁੱਲ੍ਹੇ ਸ਼ਾਹ ਦੁਆਰਾ ਉਚਾਰੀਆਂ ਹੇਠ ਲਿਖੀਆਂ ਪੰਗਤੀਆਂ ਇਸ ਗੱਲ ਨੂੰ ਸਿੱਧ ਕਰਦੀਆਂ ਹਨ :

ਨਾਹਨ ਅਕਰਬ ਕੀ ਬੰਸੀ ਬਜਾਈਮਨ ਅਰਫ ਨਫਸਹੁ ਕੀ ਕੂਕ ਸੁਣਾਈ,

ਫਸੁਮਾਵੱਜ ਉਲ੍ਹਾ ਕੀ ਧੂਮ ਮਚਾਈਵਿਚ ਦਰਬਾਰ ਰਸੂਲੇ ਅੱਲ੍ਹਾ,

ਹੋਰੀ ਖੇਲੂੰਗੀ ਕਹਿ ਬਿਸਮਿਲਾਹ।

ਇਸੇ ਸੰਦਰਭ ਵਿੱਚ ਸੂਫੀ ਕਵੀ ਖ਼ਵਾਜਾ ਗੁਲਾਮ ਫ਼ਰੀਦ ਨੇ ਆਪਣੀਆਂ ਕਾਫੀਆਂ ਵਿੱਚ ਹੋਲੀ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਲਿਖਿਆ ਹੈ :

ਬਿੰਦਰਾਬਨ ਮੇਂ ਖੇਲੇ ਹੋਰੀ, ਸ਼ਾਮ ਦਵਾਰੇ ਮੇਰੋ ਲਾਲ।

ਅਧਰ ਮਧਰ ਮੂੰ ਬੰਸੀ ਬਾਜੇ, ਚੌਰਾਸੀ ਲਖ ਸਾਜ ਆਵਾਜੇ।

ਭੂਲੀ ਕਾਇਆ ਮਾਇਆ ਮੂੜੀ, ਸੁਨ ਕੇ ਗਿਆਨ ਅਨੇਖੇ ਖਿਆਲ।

ਤਰਖਟ ਜਮਕਾ ਤਰਫ਼ਟ ਨਾਉਂ, ਦੁਰਮਤ ਦਵੈਤ ਪਾਪ ਮਿਟਾਊਂ।

ਹੋਲੀ ਦੇ ਤਿਉਹਾਰ ਨਾਲ ਕਈ ਮਿੱਥ ਕਥਾਵਾਂ ਵੀ ਜੁੜੀਆਂ ਹੋਈਆਂ ਹਨ। ਖਾਸ ਕਰਕੇ ਪ੍ਰਹਿਲਾਦ ਦੀ ਕਥਾ ਨੂੰ ਇਸ ਨਾਲ ਜੋੜਿਆ ਜਾਂਦਾ ਹੈਕਿਹਾ ਜਾਂਦਾ ਹੈ ਕਿ ਹੋਲਿਕਾ ਪ੍ਰਹਿਲਾਦ ਦੀ ਭੂਆ ਸੀ ਤੇ ਉਸ ਨੂੰ ਵਰ ਮਿਲਿਆ ਹੋਇਆ ਸੀ ਕਿ ਉਹ ਅੱਗ ਵਿੱਚ ਸੜ ਨਹੀਂ ਸਕੇਗੀ। ਜਦੋਂ ਹਰਨਾਖਸ਼ ਨੇ ਪ੍ਰਹਿਲਾਦ ਨੂੰ ਅੱਗ ਵਿੱਚ ਸਾੜ ਕੇ ਮਾਰਨ ਦੀ ਕੋਝੀ ਚਾਲ ਸੋਚੀ ਤਾਂ ਹੋਲਿਕਾ ਨੇ ਆਪਣੇ ਭਰਾ ਦਾ ਸਾਥ ਦਿੰਦਿਆਂ ਪ੍ਰਹਿਲਾਦ ਨੂੰ ਸਾੜ ਕੇ ਸੁਆਹ ਕਰਨ ਦੀ ਹਾਮੀ ਭਰ ਦਿੱਤੀ। ਉਹ ਪ੍ਰਹਿਲਾਦ ਨੂੰ ਝੋਲੀ ਵਿੱਚ ਲੈ ਕੇ ਅੱਗ ਵਿੱਚ ਬੈਠ ਗਈ ਪਰ ਪ੍ਰਹਿਲਾਦ ਦਾ ਵਾਲ ਵੀ ਵਿੰਗਾ ਨਾ ਹੋਇਆ ਜਦ ਕਿ ਹੋਲਿਕਾ ਸੜ ਕੇ ਸੁਆਹ ਹੋ ਗਈ ਇਸ ਤਰ੍ਹਾਂ ਹੋਲਿਕਾ ਦੇ ਸੜਨ ਅਤੇ ਬਦੀ ਤੇ ਨੇਕੀ ਦੀ ਜਿੱਤ ਦੀ ਖੁਸ਼ੀ ਵਿੱਚ ਹੋਲੀ ਦਾ ਤਿਉਹਾਰ ਮਨਾਇਆ ਜਾਣ ਲੱਗਿਆ ਇਸ ਮਿਥਿਹਾਸਕ ਹਵਾਲੇ ਨਾਲ ਸੰਬੰਧਤ ਗੁਰਬਾਣੀ ਵਿੱਚ ਵੀ ਜ਼ਿਕਰ ਆਉਂਦਾ ਹੈ

ਹਰਿ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ।।

ਹਰਣਾਖਸੁ ਦੁਸਟੁ ਹਰਿ ਮਾਰਿਆ ਪ੍ਰਹਲਾਦੁ ਤਰਾਇਆ।।

ਖਾਲਸਾ ਪੰਥ ਵਿੱਚ ਵੀ ਹੋਲੀ ਦੇ ਤਿਉਹਾਰ ਦੀ ਵਿਸ਼ੇਸ਼ ਮਹੱਤਤਾ ਹੈ। ਸਿੱਖਾਂ ਵਿੱਚ ਇਹ ਤਿਉਹਾਰ ਹੋਲਾ-ਮਹੱਲਾ ਦੇ ਨਾਂ ਨਾਲ ਪ੍ਰਚੱਲਿਤ ਹੈ। ਹੋਲਾ-ਮਹੱਲਾ ਮਨਾਉਣ ਦੀ ਰਵਾਇਤ ਸਿੱਖਾਂ ਦੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਹੀ ਸ਼ੁਰੂ ਹੋ ਗਈ ਸੀ। ਇਸ ਮੌਕੇ ਮੁੱਖ ਸਮਾਗਮ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਆਯੋਜਿਤ ਕੀਤੇ ਜਾਂਦੇ ਹਨ। ਸਿੱਖ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਹੋਲਾ-ਮਹੱਲਾ ਦਾ ਤਿਉਹਾਰ ਮਨਾਉਂਦੀਆਂ ਹਨ। ਖਾਲਸਾ ਪੰਥ ਵਿੱਚ ਇਸ ਤਿਉਹਾਰ ਦਾ ਸੰਬੰਧ ਸੂਰਮਤਾਈ ਨਾਲ ਵੀ ਜੁੜਿਆ ਹੋਇਆ ਹੈ। ਗੁਰੂ ਗੋਬਿੰਦ ਸਿੰਘ ਜੀ ਜ਼ੁਲਮ ਦਾ ਟਾਕਰਾ ਕਰਨ ਲਈ ਖਾਲਸੇ ਨੂੰ ਯੁੱਧ-ਕਲਾ ਵਿੱਚ ਨਿਪੁੰਨ ਬਣਾਉਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਹੋਲੀ ਦੇ ਪਰੰਪਰਾਈ ਪੱਖ ਤੋਂ ਹਟ ਕੇ ਇਸ ਤਿਉਹਾਰ ਦਾ ਸੰਬੰਧ ਸੂਰਮਤਾਈ ਨਾਲ ਜੋੜਿਆ। ਹੋਲਾ-ਮਹੱਲਾ ਵਿੱਚ ਸ਼ਾਮਿਲ ਸ਼ਸਤਰਧਾਰੀ ਨਿਹੰਗ ਸਿੰਘ ਦੋ ਦਲ ਬਣਾ ਕੇ ਇੱਕ-ਦੂਜੇ ਉੱਤੇ ਹਮਲਾ ਕਰਦੇ ਹਨ ਅਤੇ ਕਈ ਪ੍ਰਕਾਰ ਦੇ ਕਰਤਬ ਦਿਖਾਉਂਦੇ ਹਨ। ਇਸ ਮੌਕੇ ਦੀਵਾਨ ਸਜਦੇ ਹਨ, ਕਥਾ-ਕੀਰਤਨ ਅਤੇ ਬੀਰ ਰਸੀ ਵਾਰਾਂ ਗਾਈਆਂ ਜਾਂਦੀਆਂ ਹਨ। ਸਮੁੱਚੇ ਭਾਰਤ ਸਮੇਤ ਦੇਸ਼ਾਂ-ਵਿਦੇਸ਼ਾਂ ਤੋਂ ਸਿੱਖ ਸੰਗਤਾਂ ਹੋਲਾ-ਮਹੱਲਾ ਮਨਾਉਣ ਲਈ ਸ਼੍ਰੀ ਆਨੰਦਪੁਰ ਸਾਹਿਬ ਪੁੱਜਦੀਆਂ ਹਨ। ਖ਼ਾਲਸਾਈ ਜਾਹੋ-ਜਲਾਲ ਨਾਲ ਮਨਾਏ ਜਾਣ ਵਾਲੇ ਇਸ ਪਵਿੱਤਰ ਤਿਉਹਾਰ ਵਿੱਚ ਨਿਹੰਗ ਸਿੰਘਾਂ ਦੁਆਰਾ ਕੀਤੀ ਜਾਂਦੀ ਘੋੜਸਵਾਰੀ ਅਤੇ ਗਤਕੇਬਾਜ਼ੀ ਦੇ ਜੌਹਰ ਦੇਖਣਯੋਗ ਹੁੰਦੇ ਹਨ। ਇਸ ਤਰ੍ਹਾਂ ਦੇ ਅਲੌਕਿਕ ਨਜ਼ਾਰੇ ਨੂੰ ਦੇਖ ਕੇ ਹਰ ਕੋਈ ਨਿਹਾਲ ਹੋ ਜਾਂਦਾ ਹੈ। ਹੋਲਾ-ਮਹੱਲਾ ਦੇ ਪ੍ਰਸੰਗ ਵਿੱਚ ਹੇਠ ਲਿਖੀਆਂ ਪੰਗਤੀਆਂ ਕਾਫੀ ਸਾਰਥਕ ਹਨ :

ਔਰਨ ਕੀ ਹੋਲੀ ਮਮ ਹੋਲਾ।।

ਕਹ੍ਯੋ ਕ੍ਰਿਪਾਨਿਧ ਬਚਨ ਅਮੋਲਾ।।

ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਨੇ ਵੀ ਆਪਣੇ ਅਧਿਆਤਮਵਾਦੀ ਸੰਦੇਸ਼ ਨੂੰ ਆਮ ਲੋਕਾਂ ਤੱਕ ਸਹਿਜੇ ਢੰਗ ਨਾਲ ਪਹੁੰਚਾਉਣ ਲਈ ਹੋਲੀ ਦੇ ਤਿਉਹਾਰ ਨੂੰ ਇੱਕ ਸੰਚਾਰ-ਜੁਗਤ ਦੇ ਤੌਰ ਤੇ ਵਰਤਿਆ ਹੈ। ਇਸ ਸੰਬੰਧੀ ਪੰਚਮ ਪਾਤਸ਼ਾਹਿ ਸ਼੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਬਸੰਤ ਰਾਗ ਵਿੱਚ ਉਚਾਰਣ ਕੀਤੀਆਂ ਹੇਠ ਲਿਖੀਆਂ ਪੰਗਤੀਆਂ ਧਿਆਨਯੋਗ ਹਨ :

ਆਜੁ ਹਮਾਰੈ ਬਨੇ ਫਾਗ।। ਪ੍ਰਭੁ ਸੰਗੀ ਮਿਲਿ ਖੇਲਨ ਲਾਗ।।

ਹੋਲੀ ਕੀਨੀ ਸੰਤ ਸੇਵ।। ਰੰਗੁ ਲਾਗਾ ਅਤਿ ਲਾਲ ਦੇਵ।।

ਹੋਲੀ ਨਾਲ ਸੰਬੰਧਤ ਬਹੁਤ ਸਾਰੇ ਗੀਤਾਂ ਦੀ ਵੀ ਰਚਨਾ ਕੀਤੀ ਗਈ ਹੈ। ਖਾਸ ਕਰਕੇ ਫਿਲਮੀ ਦੁਨੀਆ ਨੇ ਹੋਲੀ ਨਾਲ ਸੰਬੰਧਤ ਗੀਤਾਂ ਨੂੰ ਬੜਾ ਹੀ ਮਹੱਤਵ ਦਿੱਤਾ ਹੈ। ਹੋਲੀ ਦੇ ਦ੍ਰਿਸ਼ ਨੂੰ ਰੂਪਮਾਨ ਕਰਦੇ ਬਹੁਤ ਸਾਰੇ ਗੀਤ ਫਿਲਮਾਂ ਵਿੱਚ ਫਿਲਮਾਏ ਗਏ ਹਨ। ਇਹ ਗੀਤ ਇੰਨੇ ਪ੍ਰਸਿੱਧ ਹੋਏ ਹਨ ਕਿ ਲੋਕਾਂ ਦੀ ਜ਼ਬਾਨ ਤੋਂ ਇਹ ਆਪਮੁਹਾਰੇ ਹੀ ਫੁੱਟ ਪੈਂਦੇ ਹਨ। ਹੋਲੀ ਦੇ ਜਸ਼ਨਾਂ ਵਿੱਚ ਲੋਕ ਇਨ੍ਹਾਂ ਗੀਤਾਂ ਦੇ ਬੋਲਾਂ ਤੇ ਥਿਰਕਦੇ ਹੋਏ ਝੂਮਦੇ ਹਨ। ਹੋਲੀ ਨਾਲ ਸੰਬੰਧਤ ਕੁਝ ਫਿਲਮੀ ਗੀਤਾਂ ਦੀਆਂ ਪੰਗਤੀਆਂ ਇੱਥੇ ਪੇਸ਼ ਹਨ :

ਰੰਗ ਬਰਸੇ ਭੀਗੇ ਚੁਨਰ ਵਾਲੀ ਰੰਗ ਬਰਸੇ,

ਅਰੇ ਕੈਨੇ ਮਾਰੀ ਪਿਚਕਾਰੀ ਤੋਰੀ ਭੀਗੀ ਅੰਗੀਆ,

ਓ ਰੰਗ ਰਸੀਆ, ਰੰਗ ਰਸੀਆ ਹੋ।

ਅਤੇ

ਹੋਲੀ ਕੇ ਦਿਨ ਦਿਲ ਖਿਲ ਜਾਤੇ ਹੈਂ,

ਰੰਗੋਂ ਮੇਂ ਰੰਗ ਮਿਲ ਜਾਤੇ ਹੈਂ।

ਪੁਰਾਤਨ ਸਮੇਂ ਵਿੱਚ ਖੇਡੀ ਜਾਂਦੀ ਹੋਲੀ ਅਤੇ ਅਜੋਕੇ ਸਮੇਂ ਵਿੱਚ ਖੇਡੀ ਜਾਂਦੀ ਹੋਲੀ ਵਿੱਚ ਕਾਫੀ ਕੁਝ ਬਦਲ ਗਿਆ ਹੈ। ਪੁਰਾਤਨ ਸਮੇਂ ਵਿੱਚ ਲੋਕ ਕੁਦਰਤੀ ਰੰਗਾਂ ਦੇ ਨਾਲ ਹੋਲੀ ਖੇਡਦੇ ਸਨ, ਜਿਨ੍ਹਾਂ ਦਾ ਨਿਰਮਾਣ ਹਲਦੀ, ਚੰਦਨ ਅਤੇ ਮਹਿੰਦੀ ਆਦਿ ਨਾਲ ਕੀਤਾ ਜਾਂਦਾ ਸੀ। ਕੁਦਰਤੀ ਰੰਗਾਂ ਦੇ ਮਹੱਤਵ ਨੂੰ ਪੁਰਾਣੇ ਲੋਕ ਭਲੀਭਾਂਤ ਜਾਣਦੇ ਸਨ। ਇਹ ਰੰਗ ਸਾਡੀ ਚਮੜੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦੇ ਸਨ ਸਗੋਂ ਇਹ ਰੰਗ ਸਾਡੇ ਵਾਲਾਂ ਨੂੰ ਚਮਕਦਾਰ ਬਣਾਉਂਦੇ ਸਨ। ਅੱਜਕਲ੍ਹ ਹੋਲੀ ਵਿੱਚ ਜਿਹੜੇ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਨ੍ਹਾਂ ਵਿੱਚ ਰਸਾਇਣਕ ਪਦਾਰਥਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜੋ ਸਾਡੀ ਸਿਹਤ ਤੇ ਬੁਰਾ ਅਸਰ ਪਾਉਂਦੇ ਹਨ। ਇਸ ਦੇ ਨਾਲ ਹੀ ਹੋਲੀ ਮੌਕੇ ਕਈ ਥਾਈਂ ਮਾਰ-ਕੁੱਟ ਅਤੇ ਲੜਾਈ-ਝਗੜੇ ਦੀਆਂ ਘਟਨਾਵਾਂ ਵੀ ਵਾਪਰ ਜਾਂਦੀਆਂ ਹਨ। ਜਦਕਿ ਰੰਗਾਂ ਦੇ ਤਿਉਹਾਰ ਹੋਲੀ ਦਾ ਇਹ ਪ੍ਰਕਾਰਜ ਬਿਲਕੁਲ ਵੀ ਨਹੀਂ ਹੈ। ਹੋਲੀ ਦਾ ਮੰਤਵ ਤਾਂ ਆਪਸੀ ਵੈਰ-ਵਿਰੋਧ ਭੁਲਾ ਕੇ ਗਿਲੇ-ਸ਼ਿਕਵਿਆਂ ਨੂੰ ਦੂਰ ਕਰਕੇ ਭਾਈਚਾਰੇ ਦੀ ਭਾਵਨਾ ਨੂੰ ਹਲੂਣਾ ਦੇਣ ਹੈ। ਇਸ ਲਈ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਹੋਲੀ ਦੇ ਤਿਉਹਾਰ ਨੂੰ ਸਾਫ-ਸੁਥਰੇ ਅਤੇ ਚੰਗੇ ਤਰੀਕੇ ਨਾਲ ਮਨਾਈਏ ਤਾਂ ਕਿ ਇਸ ਤਿਉਹਾਰ ਦਾ ਜੋ ਮਕਸਦ ਹੈ ਉਸ ਤੋਂ ਅਸੀਂ ਕਿਤੇ ਖੁੰਝ ਨਾ ਜਾਈਏ।

ਉਪਰੋਕਤ ਚਰਚਾ ਤੋਂ ਸਪੱਸ਼ਟ ਹੈ ਕਿ ਬਸੰਤ ਰੁੱਤ ਵਿੱਚ ਮਨਾਇਆ ਜਾਣ ਵਾਲਾ ਹੋਲੀ ਦਾ ਤਿਉਹਾਰ ਖੁਸ਼ੀਆਂ-ਖੇੜਿਆਂ ਦਾ ਤਿਉਹਾਰ ਹੋਣ ਕਾਰਨ ਲੋਕਾਂ ਵਿੱਚ ਵਿਸ਼ੇਸ਼ ਮਹੱਤਵ ਰੱਖਦਾ ਹੈ। ਇਹ ਤਿਉਹਾਰ ਭਾਰਤੀ ਸਭਿਆਚਾਰ ਦਾ ਅਨਿੱਖੜਵਾਂ ਅੰਗ ਹੈ। ਇਹ ਕਿਸੇ ਇਲਾਕੇ ਜਾਂ ਵਰਗ ਦੇ ਲੋਕਾਂ ਦਾ ਤਿਉਹਾਰ ਨਹੀਂ, ਸਗੋਂ ਸਭ ਦਾ ਸਾਂਝਾ ਤਿਉਹਾਰ ਹੈ। ਬੱਚੇ-ਬੁੱਢੇ, ਗੱਭਰੂ-ਮੁਟਿਆਰਾਂ ਆਦਿ ਹਰ ਕੋਈ ਇਸ ਦਿਨ ਇੱਕ-ਦੂਜੇ ਨੂੰ ਰੰਗ-ਗੁਲਾਲ ਮਲਦੇ, ਪਿਚਕਾਰੀਆਂ ਭਰ-ਭਰ ਕੇ ਰੰਗੋ-ਰੰਗ ਕਰਦੇ ਹੋਏ ਜਸ਼ਨ ਮਨਾਉਂਦੇ ਹਨ। ਪੁਰਾਤਨ ਸਮੇਂ ਵਿੱਚ ਲੋਕ ਇਕੱਠੇ ਹੋ ਕੇ ਬੜੇ ਹੀ ਚਾਅ ਤੇ ਉਤਸ਼ਾਹ ਨਾਲ ਰੰਗਾਂ ਦਾ ਤਿਉਹਾਰ ਹੋਲੀ ਮਨਾਉਂਦੇ ਸਨ। । ਆਧੁਨਿਕਤਾ ਦੇ ਦੌਰ ਵਿੱਚ ਬੇਸ਼ੱਕ ਕਈ ਨਵੀਆਂ ਚੀਜ਼ਾਂ ਵੀ ਇਸ ਨਾਲ ਜੁੜ ਗਈਆਂ ਹਨ ਪਰ ਫਿਰ ਵੀ ਪੇਂਡੂ ਪੱਧਰ ਤੇ ਇਸ ਦਾ ਪੁਰਾਤਨ ਸਰੂਪ ਹਾਲੇ ਵੀ ਬਰਕਰਾਰ ਹੈ। ਇਸ ਨੂੰ ਮਨਾਉਣ ਦਾ ਅਸਲ ਉਦੇਸ਼ ਮਨੁੱਖਤਾ ਦੇ ਦਿਲਾਂ ਵਿੱਚ ਪਿਆਰ ਤੇ ਭਾਈਚਾਰੇ ਦੀ ਭਾਵਨਾ ਨੂੰ ਉਜ਼ਾਗਰ ਕਰਨਾ ਹੈ।

 ਆਕਾਸ਼ਵਾਣੀ ਦੇ ਪਰਿਵਾਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੋਲੀ ਅਤੇ ਹੋਲਾ ਮਹੱਲਾ ਦੀਆਂ ਬਹੁਤ ਸ਼ੁਭਕਾਮਨਾਵਾਂ।