ਮਾਲੀ ਵਿੱਚ ਹੋਈ ਨਸਲੀ ਹਿੰਸਾ ਵਿੱਚ ਘੱਟੋ-ਘੱਟ 115 ਲੋਕਾਂ ਦੀ ਮੌਤ

ਬੀਤੇ ਦਿਨ ਮੱਧ ਮਾਲੀ ਦੇ ਇੱਕ ਪਿੰਡ ਵਿੱਚ ਭੜਕੀ ਨਸਲੀ ਹਿੰਸਾ ਵਿੱਚ ਇੱਕ ਘੱਟੋ-ਘੱਟ 115 ਲੋਕਾਂ ਦੇ ਮਾਰੇ ਜਾਣ ਦੀ ਮੰਦਭਾਗੀ ਘਟਨਾ ਵਾਪਰੀ ਹੈ।

ਸਥਾਨਕ ਅਧਿਕਾਰੀਆਂ ਨੇ ਦੱਸਿਆ ਹੈ ਕਿ ਹਮਲਾਵਰਾਂ ਨੇ ਓਗੋਸਾਗੌ-ਪੇਉਲ ਦੇ ਫੁਲਾਨੀ ਪਿੰਡ ਉੱਤੇ ਹਮਲਾ ਕੀਤਾ। ਹਿਊਮਨ ਰਾਈਟਸ ਵਾਚ ਸੰਸਥਾ ਦੇ ਮੁਤਾਬਿਕ, ਡੋਗਨ ਗੁੱਟ ਦੇ ਹਮਲਾਵਰਾਂ, ਜਿਨ੍ਹਾਂ ਨੂੰ ਡਾਨ ਨਾ ਅੰਬਾਸਗੌ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਨੂੰ ਪਿਛਲੇ ਇੱਕ ਸਾਲ ਵਿੱਚ ਹੋਏ ਅਨੇਕਾਂ ਹਮਲਿਆਂ ਦੇ ਲਈ ਦੋਸ਼ੀ ਮੰਨਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਡੋਗਨ ਅਤੇ ਫੁਲਾਨੀ ਦੋਹਾਂ ਧਿਰਾਂ ਵਿਚਕਾਰ ਜ਼ਮੀਨ ਅਤੇ ਪਾਣੀ ਦੇ ਮਸਲੇ ਨੂੰ ਲੈ ਕੇ ਕਈ ਵਾਰੀ ਹਿੰਸਾਤਮਕ ਘਟਨਾਵਾਂ ਵਾਪਰੀਆਂ ਹਨ। ਡੋਗਨ ਨੇ ਫੁਲਾਨੀ ਉੱਤੇ ਅੱਤਵਾਦੀ ਗੁੱਟਾਂ ਨਾਲ ਸੰਬੰਧ ਹੋਣ ਦਾ ਇਲਜ਼ਾਮ ਲਾਇਆ ਹੈ। ਫੁਲਾਨੀ ਦਾ ਦਾਅਵਾ ਹੈ ਕਿ ਮਾਲੀ ਦੀ ਫੌਜ ਨੇ ਉਨ੍ਹਾਂ ਉੱਤੇ ਹਮਲਾ ਕਰਨ ਲਈ ਹਮਲਾਵਰਾਂ ਨੂੰ ਹਥਿਆਰਬੰਦ ਕਰ ਦਿੱਤਾ ਹੈ।