ਸੋਮਾਲੀਆ ਦੀ ਸਰਕਾਰੀ ਇਮਾਰਤ ‘ਤੇ ਹੋਏ ਹਮਲੇ ਵਿੱਚ ਉਪ-ਮੰਤਰੀ ਸਮੇਤ 11 ਦੀ ਮੌਤ

ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਵਿੱਚ ਸਰਕਾਰੀ ਇਮਾਰਤ ਉੱਤੇ ਕੀਤੇ ਅਲ-ਸ਼ਬਾਬ ਦੇ ਅੱਤਵਾਦੀਆਂ ਦੇ ਹਮਲੇ ਵਿੱਚ ਇੱਕ ਉਪ-ਮੰਤਰੀ ਸਮੇਤ ਘੱਟੋ-ਘੱਟ 11 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਸੀਨੇਟਰ ਇਲਿਆਸ ਅਲੀ ਹਸਨ ਨੇ ਇਸ ਹਮਲੇ ਵਿੱਚ ਮਾਰੇ ਗਏ ਮੰਤਰੀ ਦਾ ਨਾਂ ਸਾਕੇ ਇਬਰਾਹਿਮ ਅਬਦੁੱਲਾ ਦੱਸਿਆ ਹੈ।

ਹਮਲੇ ਦੀ ਸ਼ੁਰੂਆਤ ਸਰਕਾਰੀ ਇਮਾਰਤ ਵਿੱਚ ਕੀਤੇ ਗਏ ਦੋ ਬੰਬ ਧਮਾਕਿਆਂ ਨਾਲ ਹੋਈ ਸੀ। ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪੁਲਿਸ ਦੁਆਰਾ ਚਾਰ ਹਮਲਾਵਰਾਂ ਨੂੰ ਮਾਰੇ ਜਾਣ ਮਗਰੋਂ ਹਮਲਾ ਖਤਮ ਹੋ ਗਿਆ। ਹਮਲੇ ਦੇ ਸ਼ੁਰੂ ਹੋਣ ਦੇ ਕੁਝ ਸਮਾਂ ਬਾਅਦ, ਅਲ-ਸ਼ਬਾਬ ਨੇ ਇੱਕ ਬਿਆਨ ਜਾਰੀ ਕਰਕੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।