ਥਾਈਲੈਂਡ ‘ਚ ਫੌਜ ਦੇ ਪੱਖ ‘ਚ ਖੜ੍ਹੀ ਪਾਰਟੀ ਨੂੰ ਚੋਣਾਂ ‘ਚ ਮਿਲੀ ਬੜ੍ਹਤ; ਨਤੀਜਿਆਂ ‘ਚ ਦੇਰੀ

ਥਾਈਲੈਂਡ ‘ਚ 2014 ਦੇ ਤਖ਼ਤਾ ਪਲਟਣ ਤੋਂ ਬਾਅਦ ਪਹਿਲੀ ਆਮ ਚੋਣਾਂ ‘ਚ ਫੌਜ ਪੱਖੀ ਪਾਰਟੀ ਨੇ ਬੜ੍ਹਤ ਕਾਇਮ ਕੀਤੀ ਹੈ, ਜਦਕਿ ਚੋਣਾਂ ਦੇ ਨਤੀਜੇ ਅੱਜ ਦੁਪਹਿਰ ਤੱਕ ਲੰਬਿਤ ਕੀਤੇ ਗਏ ਹਨ। ਚੋਣ ਕਮਿਸ਼ਨ ਵੱਲੋਂ ਐਤਵਾਰ ਰਾਤ ਨੂੰ ਨਤੀਜੇ ਐਲਾਨੇ ਜਾਣ ਦਾ ਐਲਾਨ ਕੀਤਾ ਗਿਆ ਸੀ, ਪਰ ਬਾਅਦ ‘ਚ ਬਿਨ੍ਹਾਂ ਕੋਈ ਕਾਰਨ ਦੱਸੇ ਚੋਣ ਨਤੀਜੇ ਅੱਜ ਦੁਪਹਿਰ ਤੱਕ ਅੱਗੇ ਪਾ ਦਿੱਤੇ ਗਏ।
ਕਮਿਸ਼ਨ ਨੇ ਦੱਸਿਆ ਹੈ ਕਿ 93% ਵੋਟਾਂ ਦੀ ਗਿਣਤੀ ਮੁਕੰਮਲ ਹੋ ਚੁੱਕੀ ਹੈ। ਪਲੰਗ ਪਰਚਾਰਤ ਪਾਰਟੀ 7.64 ਮਿਲੀਅਨ ਵੋਟਾਂ ਨਾਲ ਅੱਗੇ ਚੱਲ ਰਹੀ ਹੈ। ਜਦਕਿ ਮੁੱਖ ਵਿਰੋਧੀ ਧਿਰ ਫੇਹੂ ਥਾਈ ਪਾਰਟੀ 7.16 ਮਿਲੀਅਨ ਵੋਟਾਂ ਨਾਲ ਨੇੜਲਾ ਮੁਕਾਬਲਾ ਦੇ ਰਹੀ ਹੈ।