ਪਾਕਿਸਤਾਨ ਦਾ ਗ਼ੈਰ ਜ਼ਿੰਮੇਵਾਰਾਨਾ ਅਤੇ ਬੇਤੁਕਾ ਬਿਆਨ

 ਪਾਕਿਸਤਾਨ ਵੱਲੋਂ ਸਮੇਂ ਸਮੇਂ ‘ਤੇ ਕੀਤੀ ਜਾਂਦੀ ਬੇਤੁਕੀ ਬਿਆਨਬਾਜ਼ੀ ਲਗਾਤਾਰ ਜਾਰੀ ਹੈ।ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਮੁਲਤਾਨ ‘ਚ ਭਾਰਤ ਖ਼ਿਲਾਫ ਗੰਭੀਰ ਦੋਸ਼ ਲਗਾਏ ਹਨ।ਜਨਾਬ ਕੁਰੈਸ਼ੀ ਨੇ ਕਿਹਾ ਹੈ ਕਿ ਨਵੀਂ ਦਿੱਲੀ ਆਉਣ ਵਾਲੇ ਦਿਨਾਂ ‘ਚ ਫਿਰ ਪਾਕਿ ‘ਤੇ ਹਮਲਾ ਕਰ ਸਕਦਾ ਹੈ।ਪੁਲਵਾਮਾ ਫਿਦਾਇਨ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਪਹਿਲਾਂ ਹੀ ਤਣਾਅ ਦੀ ਸਥਿਤੀ ਬਣੀ ਹੋਈ ਹੈ ਅਤੇ ਅਜਿਹੀ ਸਥਿਤੀ ‘ਚ ਜਨਾਬ ਕੁਰੈਸ਼ੀ ਦਾ ਬਿਆਨ ਅੱਗ ‘ਚ ਘਿਊ ਪਾਉਣ ਦਾ ਕੰਮ ਕਰ ਸਕਦਾ ਹੈ।
ਭਾਰਤ ਨੇ ਪਾਕਿ ਵਿਦੇਸ਼ ਮੰਤਰੀ ਦੇ ਇਸ ਗ਼ੈਰ ਜ਼ਿੰਮੇਵਾਰਾਨਾ ਅਤੇ ਬੇਤੁਕੇ ਬਿਆਨ ਨੂੰ ਰੱਦ ਕਰ ਦਿੱਤਾ ਹੈ। ਭਾਰਤ ਨੇ ਸਖਤ ਸ਼ਬਦਾਂ ‘ਚ ਜਵਾਬ ਦਿੰਦਿਆਂ ਕਿਹਾ ਹੈ ਕਿ ਇਹ ਬਿਆਨ ਪਾਕਿਸਤਾਨ ਅਧਾਰਿਤ ਅੱਤਵਾਦੀ ਸਮੂਹਾਂ ਨੂੰ ਭਾਰਤ ‘ਤੇ ਹਮਲਾ ਕਰਨ ਲਈ ਉਤੇਜਿਤ ਕਰਨ ਦੀ ਹੀ ਇੱਕ ਚਾਲ ਹੈ।ਇਸ ਦੇ ਨਾਲ ਹੀ ਨਵੀਂ ਦਿੱਲੀ ਨੇ ਇਸ ਬਿਆਨ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਹ ਸਿਰਫ ਜਨਤਕ ਢਕੌਸਲਾ ਹੈ ਅਤੇ ਇਸਲਾਮਾਬਾਦ ਆਪਣੀ ਸਰਜ਼ਮੀਨ ‘ਤੇ ਪਲ ਰਹੇ ਅੱਤਵਾਦੀ ਸਮੂਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਭਾਰਤ ਨੇ ਪਾਕਿਸਤਾਨ ਨੂੰ ਆਪਣੀ ਸਰਜ਼ਮੀਨ ਤੋਂ ਅੱਤਵਾਦੀ ਗੁੱਟਾਂ ਦੀਆਂ ਜੜ੍ਹਾਂ ਖ਼ਤਮ ਕਰਨ ਲਈ ਨਿਰਣਾਇਕ ਕਾਰਵਾਈ ਦਾ ਭਰੋਸਾ ਦੇਣ ਲਈ ਕਿਹਾ ਹੈ।
ਜਨਾਬ ਕੁਰੈਸ਼ੀ ਦੀ ਹੀ ਬੇਤੁਕੀ ਟਿੱਪਣੀ ਸੱਤਾ ਧਿਰ ਤਹਿਰੀਕ-ਏ-ਇਨਸਾਫ ‘ਚ ਫੈਲੀ ਗੜਬੜੀ ਦਾ ਹੀ ਸਿੱਟਾ ਹੋ ਸਕਦੀ ਹੈ।ਸੁਣਨ ‘ਚ ਇਹ ਵੀ ਆਇਆ ਹੈ ਕਿ ਪਾਕਿ ਵਿਦੇਸ਼ ਮੰਤਰੀ ਕਈ ਮੁੱਦਿਆਂ ‘ਤੇ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਨਾਲ ਸਹਿਮਤ ਨਹੀਂ ਹਨ।
ਇਹ ਸਭ ਨੂੰ ਪਤਾ ਹੈ ਕਿ ਉਹ ਉੱਚ ਸਿਆਸੀ ਉਮੰਗਾਂ ਵਾਲੇ ਵਿਅਕਤੀ ਹਨ।ਪਾਕਿਸਤਾਨ ਦੀ ਰਾਜਨੀਤੀ ਦੀ ਹਾਲਤ ਇੰਨੀ ਖ਼ਰਾਬ ਹੋ ਚੁੱਕੀ ਹੈ ਕਿ ਭਾਰਤ ਦੀ ਆਲੋਚਨਾ ਕਰਨ ਵਾਲੀ ਕਿਸੇ ਵੀ ਟਿੱਪਣੀ ਦਾ ਕਈਆਂ ਵੱਲੋਂ ਸਵਾਗਤ ਕੀਤਾ ਜਾਂਦਾ ਹੈ। ਜਨਾਬ ਕੁਰੈਸ਼ੀ ਵੀ ਸ਼ਾਇਦ ਇਸੇ ਤਰ੍ਹਾਂ ਦੀ ਹੀ ਖੇਡ ਖੇਡ ਰਹੇ ਹਨ। ਇੱਕ ਜ਼ਿੰਮੇਵਾਰ ਵਿਦੇਸ਼ ਮੰਤਰੀ ਹੋਣ ਦੇ ਨਾਤੇ ਅਜਿਹੇ ਗ਼ੈਰ-ਜ਼ਿੰਮੇਵਾਰ ਅਤੇ ਸੌੜੇ ਸ਼ਬਦਾ ਦਾ ਪ੍ਰਯੋਗ ਕਰਨਾ ਉਨ੍ਹਾਂ ‘ਤੇ ਢੁੱਕਦਾ ਨਹੀਂ।
ਇੱਥੇ ਇਹ ਦੱਸਣਾ ਸਹੀ ਹੋਵੇਗਾ ਕਿ ਭਾਰਤ ਨੇ ਕਦੇ ਵੀ ਕਿਸੇ ਬਾਹਰੀ ਮੁਲਕ ‘ਤੇ ਪਹਿਲਾਂ ਹਮਲਾ ਨਹੀਂ ਕੀਤਾ ਹੈ।ਆਪਣੇ ਪੰਜ ਹਜ਼ਾਰ ਸਾਲ ਦੇ ਇਤਿਹਾਸ ‘ਚ ਭਾਰਤ ਨੇ ਹਮੇਸ਼ਾਂ ਆਪਣੀ ਸੁਰੱਖਿਆ ਨੂੰ ਕਾਇਮ ਰੱਖਣ ਲਈ ਕਾਰਵਾਈ ਕੀਤੀ ਹੈ ਨਾਂ ਕਿ ਕਿਸੇ ਮੁਲਕ ਨੂੰ ਨਿਸ਼ਾਨਾ ਬਣਾ ਕੇ ਕਿਸੇ ਵੀ ਤਰ੍ਹਾਂ ਦਾ ਹਮਲਾ ਕੀਤਾ ਹੈ।ਪਾਕਿਸਤਾਨ ਨੇ ਹਮੇਸ਼ਾ ਹੀ ਭਾਰਤ ‘ਤੇ ਬਾਹਰੀ ਹਮਲਿਆਂ ਨੂੰ ਅੰਜਾਮ ਦਿੱਤਾ ਹੈ।ਗੱਲ 1948 ਦੀ ਹੋਵੇ ਜਾਂ ਫਿਰ 1965,1971 ਅਤੇ 1999 ਦੀ, ਪਾਕਿ ਵੱਲੋਂ ਹੀ ਭਾਰਤ ‘ਤੇ ਹਮਲੇ ਦੀ ਪਹਿਲ ਕੀਤੀ ਗਈ ਸੀ ਪਰ ਪਾਕਿਸਤਾਨ ਨੂੰ ਹਰ ਜੰਗ ‘ਚ ਮੂੰਹ ਦੀ ਖਾਣੀ ਵੀ ਪਈ ਸੀ।ਅਮਰੀਕਾ ਅਤੇ ਚੀਨ ਤੋਂ ਸਿਖਲਾਈ ਪ੍ਰਾਪਤ ਪਾਕਿ ਫੌਜ ਭਾਰਤੀ ਜਵਾਨਾਂ ਦੀ ਬਹਾਦਰੀ ਅੱਗੇ ਕਦੇ ਵੀ ਡੱਟ ਨਹੀਂ ਸਕੀ ਹੈ।
ਚਾਰ ਜੰਗਾਂ ਦੇ ਬਾਵਜੂਦ ਵੀ ਭਾਰਤ ਨੇ ਆਪਣੇ ਪੱਛਮੀ ਗੁਆਂਢੀ ਮੁਲਕ ਨਾਲ ਚੰਗੇ ਅਤੇ ਸ਼ਾਂਤਮਈ ਸਬੰਧਾਂ ਨੂੰ ਪਹਿਲ ਦਿੱਤੀ ਹੈ। ਭਾਰਤ ‘ਚ ਸਾਰੀਆਂ ਸਿਆਸੀ ਪਾਰਟੀਆਂ ਪਾਕਿਸਤਾਨ ਨਾਲ ਸਬੰਧਾਂ ‘ਚ ਆਈ ਖਟਾਸ ਨੂੰ ਖ਼ਤਮ ਕਰਨ ਦੇ ਹੱਕ ‘ਚ ਹਨ ਅਤੇ ਇਸ ਲਈ ਅਣਥੱਕ ਯਤਨ ਵੀ ਕੀਤੇ ਗਏ ਹਨ ਅਤੇ ਭਵਿੱਖ ‘ਚ ਵੀ ਜਾਰੀ ਰਹਿਣਗੇ।ਪਰ ਭਾਰਤ ਨੇ ਨਾਲ ਹੀ ਇਹ ਵੀ ਸਪਸ਼ੱਟ ਕਰ ਦਿੱਤਾ ਹੈ ਕਿ ਜਦੋਂ ਤੱਕ ਪਾਕਿਸਤਾਨ ਅੱਤਵਾਦ ‘ਤੇ ਨਕੇਲ ਨਹੀਂ ਕੱਸਦਾ, ਉਦੋਂ ਤੱਕ ਦੋਵਾਂ ਮੁਲਕਾਂ ਵਿਚਾਲੇ ਕਿਸੇ ਵੀ ਵਾਰਤਾ ਦਾ ਹੋਣਾ ਸੰਭਵ ਨਹੀਂ ਹੈ।ਭਾਰਤੀ ਵਿਦੇਸ਼ ਮੰਤਰਾਲੇ ਸਿੱਧੇ ਤੌਰ ‘ਤੇ ਕਿਹਾ ਹੈ ਕਿ ਅੱਤਵਾਦ ਅਤੇ ਗੱਲਬਾਤ ਨਾਲ-ਨਾਲ ਨਹੀਂ ਹੋ ਸਕਦੇ ਹਨ।
ਦੂਜੇ ਪਾਸੇ ਪਾਕਿਸਤਾਨ ਦੀ ਹੋਂਦ ਤੋਂ ਬਾਅਦ ਪਾਕਿ ਦੇ ਸਾਰੇ ਸਿਆਸੀ ਦਲ ਭਾਰਤ ਖ਼ਿਲਾਫ ਕਾਰਵਾਈ ਕਰਨ ‘ਚ ਇਕ ਦੂਜੇ ਨੂੰ ਪਿੱਛੇ ਪਾਉਣ ‘ਚ ਰਤਾ ਵੀ  ਨਹੀਂ ਝਿਜਕ ਰਹੇ ਹਨ।ਇਹ ਜਗਜਾਹਿਰ ਹੈ ਕਿ ਭਾਰਤ ਵਿਰੁੱਧ ਜਹਿਰ ਉਗਲਣ ਵਾਲੇ ਪਾਕਿ ਸਿਆਸਤਦਾਨ ਲੰਬੀ ਦੌੜ ਦੇ ਘੋੜੇ ਸਾਬਿਤ ਹੁੰਦੇ ਹਨ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪਾਕਿਸਤਾਨ ਵੱਲੋਂ ਅਜਿਹੇ ਬੇਤੁਕੇ ਸ਼ਬਦ ਭਾਰਤ ਖ਼ਿਲਾਫ਼ ਬੋਲੇ ਗਏ ਹੋਣ।ਸਾਬਕਾ ਵਜ਼ੀਰ-ਏ-ਆਜ਼ਮ ਜ਼ੁਲਫੀਕਾਰ ਅਲੀ ਭੁੱਟੋ ਦੇ ਉਨ੍ਹਾਂ ਸ਼ਬਦਾਂ ਨੂੰ ਕੌਣ ਭੁੱਲ ਸਕਦਾ ਹੈ, ਜਿਸ ‘ਚ ਉਨ੍ਹਾਂ ਕਿਹਾ ਸੀ ਕਿ ‘ਅਸੀਂ ਭਾਰਤ ਖ਼ਿਲਾਫ਼ ਹਜ਼ਾਰਾਂ ਸਾਲ ਤੱਕ ਜੰਗ ਜਾਰੀ ਰੱਖਾਂਗੇ’ ਅਤੇ ‘ ਪਾਕਿਸਤਾਨ ਪ੍ਰਮਾਣੂ ਬੰਬ ਦੇ ਨਿਰਮਾਣ ਲਈ ਘਾਹ ਤੱਕ ਖਾ ਸਕਦਾ ਹੈ’।ਅਜਿਹੀ ਬਿਆਨਬਾਜ਼ੀ ਤੋਂ ਪਤਾ ਚੱਲਦਾ ਹੈ ਕਿ ਪਾਕਿ ਸਿਆਸਤਦਾਨਾਂ ਨੂੰ ਵਿਕਾਸ ਏਜੰਡੇ ਦੀ ਕੋਈ ਜ਼ਰੂਰਤ ਨਹੀਂ ਹੈ।ਉਹ ਤਾਂ ਬਸ ਸੱਤਾ ‘ਚ ਰਹਿਣ ਲਈ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਹੁਲਾਰਾ ਦੇਣ ‘ਚ ਵਿਸ਼ਵਾਸ ਰੱਖਦੇ ਹਨ।
ਇਹ ਵੀ ਧਿਆਨ ਰੱਖਣ ਵਾਲੀ ਗੱਲ ਹੈ ਕਿ ਅਜਿਹੀਆਂ ਭੜਕਾਊ ਅਤੇ ਬੇਤੁਕੀਆਂ ਟਿੱਪਣੀਆਂ ਦੇ ਬਾਵਜੂਦ ਪਾਕਿਸਤਾਨ ਦੇ ਸਿਆਸੀ ਆਗੂ ‘ਇੱਕਜੁੱਟਤਾ’ ਦੇ ਵਾਅਦੇ ਨੂੰ ਪੂਰਾ ਨਹੀਂ ਕਰ ਪਾਏ ਹਨ। ਉਨ੍ਹਾਂ ਨੇ ਪੱਛਮੀ ਪਾਕਿਸਤਾਨ ਅਤੇ ਪੂਰਬੀ ਪਾਕਿਸਤਾਨ ਦੇ ਮੇਲ ਦੀ ਗੱਲ ਕਹੀ ਸੀ।
ਦੇਸ਼ ਬਣਨ ਦੇ 24 ਸਾਲਾਂ ਦੇ ਅੰਦਰ ਹੀ ਭਾਸ਼ਾ ਦੇ ਮਸਲੇ ਨੇ ਦੇਸ਼ ਨੂੰ ਦੋ ਹਿੱਸਿਆਂ ‘ਚ ਵੰਡ ਕੇ ਰੱਖ ਦਿੱਤਾ।ਪਾਕਿ ਫੌਜ ਅਤੇ ਸਿਆਸਤਦਾਨ ਇਸ ਸਥਿਤੀ ਲਈ ਜ਼ਿੰਮੇਵਾਰ ਹਨ।ਭੁੱਟੋ ਵਰਗੇ ਆਗੂਆਂ ਨੂੰ ਬਾਅਦ ‘ਚ ਆਪਣੀਆਂ ਕਰਤੂਤਾਂ ਦਾ ਹਰਜਾਨਾਂ ਭਰਨਾ ਵੀ ਪਿਆ ਹੈ।
ਪਾਕਿਸਤਾਨ  ਨੂੰ ਇਕ ਦੇਸ਼ ਵੱਜੋਂ ਆਪਣੀ ਹੋਂਦ ਬਰਕਰਾਰ ਰੱਖਣ ਦਾ ਹਮੇਸ਼ਾਂ ਸੰਕਟ ਝੱਲਣਾ ਪਿਆ ਹੈ।ਹਾਲਾਂਕਿ ਪਾਕਿ ਦੀ ਹੋਂਦ ਦਾ ਆਧਾਰ ਧਰਮ ਸੀ।ਪਰ ਪਾਕਿ ਸ਼ਾਸਕਾਂ ਨੇ ਆਪਣੇ ਮਨਸੂਬਿਆਂ ਨੂੰ ਅੰਜਾਮ ਦੇਣ ਲਈ ਧਰਮ ਦੀ ਆੜ ‘ਚ ਲੋਕਾਂ ਨਾਲ ਝੂਠੇ ਵਾਅਦੇ ਕਰ ਉਨ੍ਹਾਂ ਨੂੰ ਵਿਚ ਰਸਤੇ ਹੀ ਛੱਡ ਦਿੱਤਾ।
ਵਰਤਮਾਨ ਸਮੇਂ ‘ਚ ਦੇਸ਼ ਦੀ ਸਾਰਥਕਤਾ ਡਾਵਾਂਡੋਲ ਹੋ ਰੱਖੀ ਹੈ।ਬਾਹਰੀ ਸ਼ਕਤੀਆਂ ਦੀ ਪਾਕਿ ‘ਤੇ ਬਾਜ ਅੱਖ ਬਣੀ ਹੋਈ ਹੈ।ਅੰਤ ‘ਚ ਕਹਿ ਸਕਦੇ ਹਾਂ ਕਿ ਪਾਕਿਸਤਾਨ ਨੂੰ ਆਪਣੇ ਤਰੀਕਿਆਂ , ਨੀਤੀਆਂ ‘ਚ ਸੁਧਾਰ ਕਰਨ ਦੀ ਲੋੜ ਹੈ, ਨਹੀਂ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਪਾਕਿਸਤਾਨ ਆਪਣੀਆਂ ਹੀ ਸਾਜਿਸ਼ਾ ਦਾ ਸ਼ਿਕਾਰ ਹੋ ਜਾਵੇਗਾ।