ਮਾਰਦਾ ਦਮਾਮੇ ਜੱਟ ਮੇਲੇ ਆ ਗਿਆ…….

ਧਨੀ ਰਾਮ ਚਾਤ੍ਰਿਕ ਦੀ ਵਿਸਾਖੀ ‘ਤੇ ਲਿਖੀ ਕਵਿਤਾ ਨੂੰ ਅਕਸਰ ਇਸ ਮੌਕੇ ‘ਤੇ ਲੋਕ-ਗੀਤ ਵਾਂਗ ਬੜੇ ਚਾਵਾਂ ਨਾਲ ਗਾਇਆ ਜਾਂਦਾ ਹੈ-

ਮਾਰਦਾ ਦਮਾਮੇ ਜੱਟ ਮੇਲੇ ਆ ਗਿਆ
ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ,
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ,
ਮੀਹਾਂ ਦੀ ਉਡੀਕ ਤੇ ਸਿਆੜ ਕੱਢ ਕੇ,
ਮਾਲ ਧੰਦਾ ਸਾਂਭਣੇ ਨੂੰ ਚੂੜਾ ਛੱਡ ਕੇ,
ਪੱਗ ਝੱਗਾ ਚਾਦਰਾ ਨਵਾਂ ਸਵਾਇ ਕੇ,
ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਇ ਕੇ,
ਕੱਛੇ ਮਾਰ ਵੰਝਲੀ ਅਨੰਦ ਛਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ,

ਹਾਣੀਆਂ ਦੀ ਢਾਣੀ ਵਿੱਚ ਲਾੜਾ ਸਜਦਾ,
ਬੱਘ ਬੱਘ ਬੱਘ ਸ਼ੇਰ ਗੱਜਦਾ,
ਹੀਰੇ ਨੂੰ ਅਰਕ ਨਾਲ ਹੁੱਜਾਂ ਮਾਰਦਾ,
ਸੈਣਤਾਂ ਦੇ ਨਾਲ ਰਾਮੂ ਨੂੰ ਵੰਗਾਰਦਾ,
ਚੰਗੀ ਜਿਹੀ ਸੱਦ ਲਾ ਦੇ, ਬੱਲੇ ਬੇਲੀਆ,
ਤੂੰਬਾ ਜ਼ਰਾ ਖੋਲ ਖਾਂ, ਜੁਆਨਾ ਤੇਲੀਆ,
ਸਰੂ ਵਾਂਗ ਝੂਲ ਵੰਝਲੀ ਸੁਣਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ

ਤੂੰਬੇ ਨਾਲ ਭਾਂਤੋ ਭਾਂਤ ਬੋਲ ਬੋਲੀਆਂ,
ਹਾੜ ਵਿੱਚ ਜੱਟਾਂ ਨੇ ਮਨਾਈਆਂ ਹੋਲੀਆਂ,
ਛਿੰਝ ਦੀ ਤਿਆਰੀ ਹੋਈ, ਢੋਲ ਵੱਜਦੇ,
ਕੱਸ ਕੇ ਲੰਗੋਟੇ ਆਏ ਸ਼ੇਰ ਗੱਜਦੇ,
ਲਿਸ਼ਕਦੇ ਨੇ ਪਿੰਡੇ ਗੁੰਨੇ ਹੋਏ ਤੇਲ ਦੇ,
ਮਾਰਦੇ ਨੇ ਛਾਲਾਂ ਦੂਲੇ ਡੰਡ ਪੇਲਦੇ,
ਕਿੱਸੂ ਨੂੰ ਸੁਰੈਣਾ ਪਹਿਲੇ ਹੱਥ ਢਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ,

ਵਾਰੀ ਹੁਣ ਆ ਗਈ ਜੇ ਪੀਣ ਖਾਣ ਦੀ,
ਰਿਊੜੀਆਂ ਜਲੇਬੀਆਂ ਦੇ ਆਹੂ ਲਾਹਣ ਦੀ,
ਹੱਟੀਆਂ ਦੇ ਵੱਲ ਆ ਪਏ ਨੇ ਟੁੱਟ ਕੇ,
ਹੂੰਝ ਲਈਆਂ ਥਾਲੀਆਂ ਜੁਆਨਾਂ ਜੁੱਟ ਕੇ,
ਖੁੱਲ ਗਈਆਂ ਬੋਤਲਾਂ ਗਲਾਸ ਫਿਰਿਆ,
ਤੇਲੀਆਂ ਤੇ ਡੂਮਾਂ ਦਾ ਕਲੇਜਾ ਘਿਰਿਆ,
ਬੁਕਾਂ ਤੇ ਕਮੀਣਾਂ ਨੂੰ ਮਜ਼ਾ ਚਖਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ

ਕੱਛੇ ਮਾਰ ਵੰਝਲੀ ਅਨੰਦ ਛਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ..