ਵਿਸਾਖੀ : ਖਾਲਸਾ ਪੰਥ ਦੀ ਸਾਜਨਾ ਦਾ ਇਤਿਹਾਸਿਕ ਦਿਵਸ

ਵਿਸਾਖੀ ਪੰਜਾਬ ਅਤੇ ਆਸ-ਪਾਸ ਦੇ ਪ੍ਰਦੇਸਾਂ ਵਿੱਚ ਸਭ ਤੋਂ ਚਰਚਿਤ ਅਤੇ ਵੱਡੇ ਤਿਉਹਾਰਾਂ ਵਿਚੋਂ ਇਕ ਹੈ। ਵੈਸਾਖ ਦੀ ਪਹਿਲੀ ਤਾਰੀਖ਼ ਨੂੰ ਮਨਾਏ ਜਾਣ ਕਾਰਨ ਇਸ ਨੂੰ ‘ਵਿਸਾਖੀ ਜਾਂ ਵੈਸਾਖੀ’ ਕਿਹਾ ਜਾਂਦਾ ਹੈ। ਵਿਸਾਖ ਮਹੀਨੇ ਨੂੰ ਗੁਰਬਾਣੀ ਵਿਚ ‘ਭਲਾ’ ਕਿਹਾ ਗਿਆ ਹੈ-
‘ਵੈਸਾਖੁ ਭਲਾ ਸਾਖਾ ਵੇਸ ਕਰੇ’ (ਪੰਨਾ 1108)
ਇਹ ਤਿਉਹਾਰ ਸਮੂਹ ਭਾਰਤੀਆਂ ਵਿਸ਼ੇਸ਼ ਕਰਕੇ ਪੰਜਾਬੀਆਂ ਲਈ ਸੱਭਿਆਚਾਰਕ ਅਤੇ ਇਤਿਹਾਸਕ ਮਹੱਤਵ ਰੱਖਦਾ ਹੈ। ਇਸ ਤਿਉਹਾਰ ਨਾਲ ਜੁੜੀਆਂ ਮਹੱਤਵਪੂਰਨ ਇਤਿਹਾਸਕ ਘਟਨਾਵਾਂ ਨੇ ਵੱਖ ਵੱਖ ਤਰੀਕਿਆਂ ਨਾਲ ਲੋਕ-ਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਇਸ ਨੂੰ ਪਿੰਡਾਂ ਅਤੇ ਸ਼ਹਿਰਾਂ ਵਿੱਚ ਬੜੇ ਚਾਵਾਂ ਅਤੇ ਸ਼ਰਧਾ ਨਾਲ ਦਰਿਆਵਾਂ, ਝੀਲਾਂ ਅਤੇ ਸਰੋਵਰਾਂ ਦੇ ਕੰਢਿਆਂ ‘ਤੇ ਮਨਾਇਆ ਜਾਂਦਾ ਹੈ, ਜਿਸ ਵਿੱਚ ਲੋਕ ਹੁੰਮ-ਹੁੰਮਾ ਕੇ ਪੁੱਜਦੇ ਹਨ। ਕਿਸਾਨੀ ਭਾਈਚਾਰਾ ਹਾੜ੍ਹੀ ਦੀ ਫ਼ਸਲ ਪੱਕਣ ਦੀ ਖੁਸ਼ੀ ਵਿੱਚ ਇਹ ਤਿਉਹਾਰ ਮਨਾਉਂਦਾ ਹੈ। ਇਸ ਹਾੜ੍ਹੀ ਦੀ ਫ਼ਸਲ ਨਾਲ਼ ਕਿਸਾਨਾਂ ਦੀਆਂ ਬਹੁਤ ਸਾਰੀਆਂ ਆਰਥਿਕ, ਸਮਾਜਿਕ ਅਤੇ ਮਾਨਸਿਕ ਲੋੜਾਂ ਜੁੜੀਆਂ ਹੁੰਦੀਆਂ ਹਨ। ਲੋਕ ਖੁਸ਼ੀ ਖੁਸ਼ੀ ਭੰਗੜਾ ਪਾਉਂਦੇ ਹੋਏ ਵੱਖ-ਵੱਖ ਥਾਵਾਂ ‘ਤੇ ਲੱਗਦੇ ਇਸ ਵਿਸਾਖੀ ਦੇ ਮੇਲੇ ਵਿੱਚ ਸ਼ਿਰਕਤ ਕਰਦੇ ਹਨ। ਵਿਸਾਖੀ ਤੋਂ ਅਗਲੇ ਦਿਨ ਢੋਲੀ, ਢੋਲ ‘ਤੇ ਡੱਗਾ ਮਾਰਦਾ ਹੋਇਆ ਕਣਕ ਦੀ ਵਾਢੀ ਦਾ ਸ਼ੁਭ ਆਰੰਭ ਕਰਦਾ ਹੈ –
ਜੱਟਾ ਆਈ ਵਿਸਾਖੀ, ਹਈ ਸ਼ਾ
ਮੁੱਕ ਗਈ ਕਣਕਾਂ ਦੀ ਰਾਖੀ, ਹਈਸ਼ਾ
ਜੱਟਾ ਆਈ ਵਿਸਾਖੀ
…..
ਤੇਰੀ ਖੇਤੀ ਖਿੜੀ ਬਹਾਰ ਕੁੜੇ
ਮੇਲੇ ਨੂੰ ਚੱਲ ਮੇਰੇ ਨਾਲ ਕੁੜੇ
ਓ……..ਹੋ।
ਇਸ ਤਿਉਹਾਰ ਨਾਲ ਕਾਫੀ ਘਟਨਾਵਾਂ ਸਬੰਧਿਤ ਹਨ, ਜੋ ਇਸ ਤਿਉਹਾਰ ਦੇ ਖ਼ਿਆਲ ਨਾਲ ਹੀ ਸਾਡੇ ਚੇਤਿਆਂ ਵਿਚ ਉਕਰ ਆਉਂਦੀਆਂ ਹਨ। ਖ਼ਾਲਸਾ ਪੰਥ ਦੀ ਸਾਜਨਾ ਅਤੇ ਜਲ੍ਹਿਆਂਵਾਲ਼ੇ ਬਾਗ਼ ਦਾ ਖ਼ੂਨੀ ਸਾਕਾ ਇਸੇ ਤਰ੍ਹਾਂ ਦੀਆਂ ਇਤਿਹਾਸਕ ਘਟਨਾਵਾਂ ਹਨ। ਇਸ ਵਿਸ਼ੇਸ਼ ਦਿਨ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1699 ਨੂੰ ਵਿਸਾਖੀ ‘ਤੇ ਸੰਗਤਾਂ ਨੂੰ ਵੱਡੀ ਤਾਦਾਦ ਵਿਚ ਸ੍ਰੀ ਅਨੰਦਪੁਰ ਸਾਹਿਬ ਪੁੱਜਣ ਲਈ ਵਿਸ਼ੇਸ਼ ਹੁਕਮਨਾਮੇ ਜਾਰੀ ਕੀਤੇ ਸਨ-
ਬੈਸਾਖੀ ਕੇ ਦਰਸ ਪੈ ਸਤਿਗੁਰ ਕਿਯੋ ਬਿਚਾਰ।
ਕਿਯੋ ਪ੍ਰਗਟ ਤਬ ਖਾਲਸਾ ਚੂਕਯੋ ਸਰਬ ਜੰਜਾਲ। (ਸ੍ਰੀ ਗੁਰ ਸੋਭਾ)
ਜਦੋਂ-ਜਦੋਂ ਦੁਨੀਆਂ ‘ਤੇ ਜ਼ੁਲਮ ਭਾਰੂ ਹੋਇਆ ਹੈ, ਉਦੋਂ ਉਦੋਂ ਇਕ ‘ਸੱਚ’ ਨੇ ਉਸ ਖਿਲਾਫ਼ ਡੱਟ ਕੇ ਸਾਹਮਣਾ ਕੀਤਾ ਹੈ। ਇਸ ਤਰ੍ਹਾਂ ਜਦੋਂ ਮੁਗਲ ਸ਼ਾਸਕ ਔਰੰਗਜੇਬ ਦੁਆਰਾ ਜੁਲਮ, ਅਨਿਆਂ ਅਤੇ ਅੱਤਿਆਚਾਰ ਦੀ ਹਰ ਸੀਮਾ ਪਾਰ ਕਰਕੇ ਸ੍ਰੀ ਗੁਰੂ ਤੇਗ ਬਹਾਦੁਰ ਜੀ ਨੂੰ ਦਿੱਲੀ ਵਿੱਚ ਚਾਂਦਨੀ ਚੌਕ ‘ਤੇ ਸ਼ਹੀਦ ਕਰ ਦਿੱਤਾ ਗਿਆ, ਉਦੋਂ ਸ੍ਰੀ ਗੁਰੂ ਗੋਬਿੰਦ ਨੇ ਆਪਣੇ ਅਨੁਗਾਮੀਆਂ ਨੂੰ ਸੰਗਠਿਤ ਕਰ ਕੇ ਖਾਲਸਾ ਪੰਥ ਦੀ ਸਥਾਪਨਾ ਕੀਤੀ, ਜਿਸਦਾ ਉਦੇਸ਼ ਧਰਮ ਅਤੇ ਨੇਕੀ (ਭਲਾਈ) ਦੇ ਆਦਰਸ਼ ਲਈ ਹਮੇਸ਼ਾਂ ਤਤਪਰ ਰਹਿਣਾ ਸੀ। ਸਿੱਖ ਇਸ ਤਿਉਹਾਰ ਨੂੰ ਸਾਮੂਹਿਕ ਜਨਮ-ਦਿਵਸ ਦੇ ਰੂਪ ਵਿੱਚ ਮਨਾਉਂਦੇ ਹਨ। ਖ਼ਾਲਸਾ ਪੰਥ ਦੀ ਸਾਜਨਾ ਨਾਲ ਜਾਤ-ਪਾਤ, ਊਚ-ਨੀਚ ਦੇ ਭਾਵ-ਭਾਵ ਨੂੰ ਠੇਸ ਲੱਗੀ-
ਉਤਰ ਸਿੰਘਾਸਨ ਜੁਗ ਕਰ ਜੋਰੀ। ਅੰਮ੍ਰਿਤ ਲੇਤ ਆਪ ਸੁਖ ਗੋਰੀ।
ਬੈਸ ਸੂਦਰ ਏ ਜਾਟ ਅਪਾਰਾ। ਤਾ ਕੋ ਪੰਥ ਮਾਹ ਮੈ ਧਾਰਾ।
ਸਭ ਜਗ ਰਾਜ ਤੋਹਿ ਕੋ ਦੀਨਾ। ਪੁੰਨ ਬਿਧਿ ਸੋ ਤੁਮ ਦੋ ਗੁਰ ਕੀਨਾ। (ਗੁਰ ਸੋਭਾ)
ਸਦੀਆਂ ਤੋਂ ਚੱਲੇ ਆ ਰਹੇ ਜਾਤ-ਪਾਤ, ਊਚ-ਨੀਚ ਦੇ ਭੇਦ-ਭਾਵਾਂ ਤੋਂ ਪੀੜਤ ਆਮ ਵਰਗ ਨੂੰ ਦਸ਼ਮੇਸ਼ ਪਿਤਾ ਨੇ ਅੰਮ੍ਰਿਤ ਛਕਾ ਕੇ ਸਿੰਘ ਬਣਾ ਦਿੱਤਾ ਅਤੇ ਉਨ੍ਹਾਂ ਨੂੰ ਸਮਾਜਿਕ, ਰਾਜਨੀਤਿਕ ਅਤੇ ਮਾਨਸਿਕ ਪੱਖੋਂ ਮਜ਼ਬੂਤ ਕੀਤਾ। ਇਸ ਤਰ੍ਹਾਂ 13 ਅਪ੍ਰੈਲ, 1699 ਨੂੰ ਕੇਸਗੜ੍ਹ ਸਾਹਿਬ, ਆਨੰਦਪੁਰ ਵਿਖੇ ਦਸਵੇਂ ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਸਥਾਪਨਾ ਨਾਲ  ਅੱਤਿਆਚਾਰ ਨੂੰ ਸਮਾਪਤ ਕਰਕੇ ਇਤਿਹਾਸ ਵਿਚ ਨਵੀਂ ਮਿਸਾਲ ਕਾਇਮ ਕੀਤੀ ਅਤੇ ਆਪਣੇ ਸਜੇ ਹੋਏ ਪੰਜ ਪਿਆਰਿਆਂ (ਭਾਈ ਦਇਆ ਰਾਮ, ਭਾਈ ਧਰਮ ਦਾਸ, ਭਾਈ ਹਿੰਮਤ ਚੰਦ, ਭਾਈ ਮੋਹਕਮ ਚੰਦ ਤੇ ਭਾਈ ਸਾਹਿਬ ਚੰਦ) ਹੱਥੋਂ ਖ਼ੁਦ ਖੰਡੇ ਦਾ ਪਾਹੁਲ ਛੱਕ ਕੇ ਗੁਰੂ-ਚੇਲੇ ਦੇ ਫ਼ਰਕ ਨੂੰ ਮਿਟਾ ਦਿੱਤਾ। ਜਿਸ ਦਾ ਜ਼ਿਕਰ ਗੁਰਬਾਣੀ ਵਿਚ ਭਾਈ ਗੁਰਦਾਸ ਜੀ ਨੇ ਇਨ੍ਹਾਂ ਸ਼ਬਦਾਂ ਨਾਲ ਕੀਤਾ ਹੈ-
ਸੰਗਤਿ ਕੀਨੀ ਖਾਲਸਾ ਮਨਮੁੱਖੀ ਦੁਹੇਲਾ।
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ। (ਵਾਰ 41:1)
ਖਾਲਸੇ ਦੀ ਉਪਮਾ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਇਸਨੂੰ ਆਪਣਾ ਰੂਪ, ਇਸ਼ਟ, ਪਿੰਡ ਪਰਾਨ ਤੇ ਸਤਿਗੁਰੂ ਪੂਰਾ ਆਖ ਕੇ ਵੀ ਇਸ ਨੂੰ ਵਡਿਆਇਆ ਗਿਆ ਹੈ।
ਖਾਲਸਾ ਮੇਰੋ ਰੂਪ ਹੈ ਖਾਸ॥ 
ਖਾਲਸਾ ਮਹਿ ਹੌ ਕਰੌ ਨਿਵਾਸ॥
ਖਾਲਸਾ ਮੇਰੋ ਮੁਖ ਹੈ ਅੰਗਾ॥
ਖਾਲਸੇ ਕੇ ਹੌਂ ਸਦ ਸਦ ਸੰਗਾ॥ (ਸਰਬ ਲੋਹ ਗ੍ਰੰਥ)
ਇਸੇ ਤਰ੍ਹਾਂ ਸਿੱਖ ਧਰਮ ਨਾਲ ਸਬੰਧਿਤ ਇਕ ਹੋਰ ਘਟਨਾ ਹੈ, ਜੋ ਵਿਸਾਖੀ ਦੇ ਨਾਲ-ਨਾਲ ਲੋਕ ਯਾਦਦਾਸ਼ਤ ਦਾ ਹਿੱਸਾ ਬਣੀ ਹੋਈ ਹੈ। ਸਮੇਂ ਦੇ ਬਦਲਦਿਆਂ ਸਿੱਖ ਧਰਮ ਵਿਚ ਕਾਫ਼ੀ ਤਰੁੱਟੀਆਂ ਆ ਗਈਆਂ ਸਨ, ਜਿਸ ਨੂੰ ਵੇਖਦਿਆਂ 1857 ਦੀ ਵਿਸਾਖੀ ਵਾਲੇ ਦਿਨ ਬਾਬਾ ਰਾਮ ਸਿੰਘ ਨਾਮਧਾਰੀ ਨੇ ਸੁਧਾਰ ਲਹਿਰ ਚਲਾਈ। ਬਰਤਾਨੀਆਂ ਸਰਕਾਰ ਨੇ ਇਸ ਲਹਿਰ ਦਾ ਨੋਟਿਸ ਲੈ ਕੇ ਬਾਬਾ ਰਾਮ ਸਿੰਘ ‘ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਸੀ। ਜਦੋਂ ਬਾਬਾ ਰਾਮ ਸਿੰਘ 1860 ਦੀ ਵਿਸਾਖੀ ਮਨਾਉਂਣ ਲਈ ਅੰਮ੍ਰਿਤਸਰ ਆਏ ਤਾਂ ਉਨ੍ਹਾਂ ਨੇ ਵੇਖਿਆ ਕਿ ਅੰਗਰੇਜ਼ ਸਰਕਾਰ ਨੇ ਕਾਫ਼ੀ ਪਾਬੰਧੀਆਂ ਲਗਾ ਰੱਖੀਆਂ ਹਨ, ਜੋ ਉਨ੍ਹਾਂ ਦੇ ਬਰਦਾਸ਼ਤ ਤੋਂ ਬਾਹਰ ਸਨ, ਇਸ ਖਿਲਾਫ਼ ਉਨ੍ਹਾਂ ਨੇ ਵਿਦਰੋਹ ਕਰ ਦਿੱਤਾ, ਜਿਸ ਕਾਰਨ “ਕੂਕਾ ਲਹਿਰ” ਦਾ ਜਨਮ ਹੋਇਆ। ਇਸ ਸਮੇਂ ਅਜਿਹੇ ਸੂਰਮਿਆਂ ਨੇ ਸਿਰ ਚੁੱਕਿਆ, ਜਿਨ੍ਹਾਂ ਨੇ ਅੰਗਰੇਜ਼ ਸਰਕਾਰ ਅੱਗੇ ਸਿਰ ਝੁਕਾਉਣ ਦੀ ਬਜਾਏ ਸ਼ਹੀਦੀ ਪਾਉਂਣ ਨੂੰ ਤਰਜੀਹ ਦਿੱਤੀ।
 ਇਸ ਦੇ ਨਾਲ ਹੀ ਜੇਕਰ ਜਿਲ੍ਹਿਆਂ ਵਾਲੇ ਬਾਗ ਦੇ ਖੂਨੀ ਸਾਕੇ ਦਾ ਜਿਕਰ ਕੀਤਾ ਜਾਵੇ ਤਾਂ ਵਿਸਾਖੀ ਦਾ ਤਿਉਹਾਰ ਸਾਨੂੰ ਭਾਰਤ ਦੀ ਆਜ਼ਾਦੀ ਲਈ ਮਰ ਮਿਟਣ ਵਾਲ਼ੇ ਉਨ੍ਹਾਂ ਅਜ਼ਾਦ ਤੇ ਸੂਰਬੀਰ ਯੋਧਿਆਂ ਦੀ ਯਾਦ ਦਿਵਾਉਂਦਾ ਹੈ ਜਿਨ੍ਹਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ। ਸੰਨ 1919 ਦੀ ਵਿਸਾਖੀ ਵਾਲ਼ੇ ਦਿਨ ਅੰਮ੍ਰਿਤਸਰ ਦੇ ਜਲ੍ਹਿਆਂਵਾਲ਼ੇ ਬਾਗ਼ ਵਿੱਚ ਵਾਪਰੇ ਖ਼ੂਨੀ ਸਾਕੇ ਨੂੰ ਅਸੀਂ ਕਿਵੇਂ  ਭੁੱਲ ਸਕਦੇ ਹਾਂ? ਉਸ ਦਿਨ ਦੇਸ਼ ਦੀ ਆਜ਼ਾਦੀ ਲਈ ਕਾਮਨਾ ਕਰਨ ਵਾਲੇ ਹਜ਼ਾਰਾਂ ਨਿਹੱਥੇ ਪੰਜਾਬੀਆਂ ਉੱਤੇ ਅੰਗਰੇਜ਼ ਸਰਕਾਰ ਨੇ ਅੰਨ੍ਹੇਵਾਹ ਗੋਲੀਆਂ ਦਾ ਮੀਂਹ ਵਰ੍ਹਾ ਕੇ ਸੈਂਕੜਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਹਜ਼ਾਰਾਂ ਦੀ ਗਿਣਤੀ ‘ਚ ਲੋਕ ਜ਼ਖ਼ਮੀ ਹੋ ਗਏ। ਇਨ੍ਹਾਂ ਪੰਜਾਬੀਆਂ ਵਿੱਚ ਹਰ ਧਰਮ ਦੇ ਬੱਚੇ, ਬੁੱਢੇ, ਔਰਤਾਂ ਅਤੇ ਮਰਦ ਸਨ। ਵਿਸਾਖੀ ਵਾਲੇ ਦਿਨ ਸਾਰਾ ਮੁਲਕ ਇਨ੍ਹਾਂ ਦੀ ਯਾਦ ਵਿੱਚ ਸਿਰ ਝੁਕਾਉਂਦਾ ਤੇ ਉਨ੍ਹਾਂ ਦੀ ਅਦੁੱਤੀ ਕੁਰਬਾਨੀ ਨੂੰ ਪ੍ਰਣਾਮ ਕਰਦਾ ਹੈ। ਮੁਗਲ ਜ਼ੁਲਮ ਕਰਦੇ ਸਨ, ਤਾਂ ਖਾਲਸਾ ਨਾਹਰਾ ਦਿੰਦਾ ਸੀ, “ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਊਂ ਜਿਊਂ ਸਾਨੂੰ ਵੱਢਦਾ, ਅਸੀਂ ਦੂਣ ਸਵਾਏ ਹੋਏ। 
ਇਹ ਕੂਕ ਹੁਣ ਤੱਕ ਆ ਰਹੀ,
ਉਸ ਜਲ੍ਹਿਆਂ ਦੇ ਬਾਗ਼ ਦੀ :-
“ਐ ਹਿੰਦੀਆ ਤੂੰ ਸੌਂ ਰਿਹਾ,
ਪਰ ਰਤਨ ਦਈ ਹੈ ਜਾਗਦੀ ।
ਉਠਕੇ ਸ਼ਹੀਦੀ ਬੰਨ੍ਹ ਗਾਨਾ,
ਵਤਨ ਉਤੋਂ ਜਿੰਦ ਘੁਮਾ,
ਆਜ਼ਾਦ ਹਿੰਦ ਕਰਕੇ ਵਿਖਾ ।”
ਐ ਬਾਗ਼ ਜਲ੍ਹਿਆਂ ਵਾਲਿਆ,
ਫਿਰ ਯਾਦ ਤੇਰੀ ਆ ਰਹੀ ।
ਓਹੀ ਵਿਸਾਖੀ ਆ ਗਈ !
                         -ਹੀਰਾ ਸਿੰਘ ਦਰਦ
            ਭਾਰਤ ਦੇ ਹੋਰ ਸੂਬਿਆਂ ਵਿੱਚ ਵਸੇ ਲੋਕ ਵੀ ਵਿਸਾਖੀ ਦਾ ਤਿਉਹਾਰ ਰਵਾਇਤੀ ਰੂਪ ਵਿੱਚ ਮਨਾਉਂਦੇ ਹਨ। ਮਨੀਪੁਰੀ ਲੋਕ, ਨੇਪਾਲੀ ਅਤੇ ਬੰਗਾਲੀ ਵੀ ਵਿਸਾਖੀ ਤੋਂ ਅਗਲੇ ਦਿਨ ਭਾਵ 14 ਅਪਰੈਲ ਤੋਂ ਨਵਾਂ-ਸਾਲ ਆਰੰਭਦੇ ਹਨ। ਹਿੰਦੂ ਇਸਨੂੰ ਇਸਨਾਨ, ਭੋਗ ਲਗਾਕੇ ਅਤੇ ਪੂਜਾ ਕਰ ਕੇ ਮਨਾਉਂਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਹਜ਼ਾਰਾਂ ਸਾਲ ਪਹਿਲਾਂ ਗੰਗਾ ਦੇਵੀ ਇਸ ਦਿਨ ਧਰਤੀ ਉੱਤੇ ਆਏ ਸਨ। ਉਨ੍ਹਾਂ ਦੇ ਸਨਮਾਨ ‘ਚ ਹਿੰਦੂ ਧਰਮਾਵਲੰਬੀ ਪਾਰੰਪਰਿਕ ਪਵਿੱਤਰ ਇਸਨਾਨ ਲਈ ਗੰਗਾ ਕਿਨਾਰੇ ਇਕੱਠੇ ਹੁੰਦੇ ਹਨ। ਇਸ ਤੋਂ ਇਲਾਵਾ ਕੇਰਲ ਵਿੱਚ ਇਹ ਤਿਉਹਾਰ ਵਿਸ਼ੁ ਅਖਵਾਉਂਦਾ ਹੈ। ਇਸ ਦਿਨ ਨਵੇਂ, ਕੱਪੜੇ ਖਰੀਦੇ ਜਾਂਦੇ ਹਨ, ਆਤਿਸ਼ਬਾਜੀ ਕੀਤੀ ਜਾਂਦੀ ਹੈ ਅਤੇ ਵਿਸ਼ੁ ਕਾਨੀ ਸਜਾਈ ਜਾਂਦੀ ਹੈ। ਜਿਸ ਦੀ ਸਜਾਵਟ ਫੁੱਲਾਂ, ਫਲ, ਅਨਾਜ, ਬਸਤਰ, ਸੋਨਾ ਆਦਿ ਨਾਲ ਕੀਤੀ ਜਾਂਦੀ ਹੈ ਅਤੇ ਸਵੇਰੇ ਜਲਦੀ ਉੱਠ ਕੇ ਇਸ ਦੇ ਦਰਸ਼ਨ ਕੀਤੇ ਜਾਂਦੇ ਹਨ। ਇਸ ਸਮੇਂ ਨਵੇਂ ਸਾਲ ਲਈ ਸ਼ੁਭ-ਕਾਮਨਾਵਾਂ ਦੀ ਉਮੀਦ ਕੀਤੀ ਜਾਂਦੀ ਹੈ। ਪੰਜਾਬੀ ਦੇ ਮਸ਼ਹੂਰ ਕਵੀ ਧਨੀ ਰਾਮ ਚਾਤ੍ਰਿਕ ਦੀ ਵਿਸਾਖੀ ‘ਤੇ ਲਿਖੀ ਕਵਿਤਾ ਨੂੰ ਅਕਸਰ ਇਸ ਮੌਕੇ ‘ਤੇ ਲੋਕ-ਗੀਤ ਵਾਂਗ ਬੜੇ ਚਾਵਾਂ ਨਾਲ ਗਾਇਆ ਜਾਂਦਾ ਹੈ-

ਮਾਰਦਾ ਦਮਾਮੇ ਜੱਟ ਮੇਲੇ ਆ ਗਿਆ
ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ,
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ,
ਮੀਹਾਂ ਦੀ ਉਡੀਕ ਤੇ ਸਿਆੜ ਕੱਢ ਕੇ,
ਮਾਲ ਧੰਦਾ ਸਾਂਭਣੇ ਨੂੰ ਚੂੜਾ ਛੱਡ ਕੇ,
ਪੱਗ ਝੱਗਾ ਚਾਦਰਾ ਨਵਾਂ ਸਵਾਇ ਕੇ,
ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਇ ਕੇ,
ਕੱਛੇ ਮਾਰ ਵੰਝਲੀ ਅਨੰਦ ਛਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ……….

 ਕੱਛੇ ਮਾਰ ਵੰਝਲੀ ਅਨੰਦ ਛਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ…….
              ਸੰਖੇਪ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਬੇਸ਼ੱਕ ਮੇਲੇ-ਤਿਉਹਾਰ ਅੱਜ ਵੀ ਮਨਾਏ ਜਾਂਦੇ ਹਨ, ਪਰ ਵੱਧਦੇ ਰੁਝੇਵਿਆਂ ਕਰਕੇ ਪਹਿਲਾਂ ਵਾਲੇ ਚਾਅ-ਮਲਾਰ ਹੁਣ ਨਹੀਂ ਰਹੇ। ਆਧੁਨਿਕ ਦੌਰ ਵਿੱਚ ਮਸ਼ੀਨੀਕਰਨ ਦੇ ਵੱਧਣ ਨਾਲ ਬਹੁਤ ਸਾਰੇ ਪਰੰਪਰਕ ਤਿਉਹਾਰ, ਮੇਲੇ ,ਰੀਤੀ-ਰਿਵਾਜ਼ ਮਹਿਜ ਪੁਰਾਣੇ ਦੌਰ ਦੀਆਂ ਗੱਲਾਂ ਬਣ ਕੇ ਰਹਿ ਗਏ ਹਨ।