ਪਾਕਿਸਤਾਨ ਦੇ ਘੱਟ-ਗਿਣਤੀ ਭਾਈਚਾਰੇ ਦੇ ਲੋਕਾਂ ਨੇ ਵਾਸ਼ਿੰਗਟਨ ਵਿੱਚ ਕੀਤਾ ਰੋਸ ਮੁਜ਼ਾਹਰਾ

ਪਿਛਲੇ ਕਈ ਦਹਾਕਿਆਂ ਤੋਂ ਪਾਕਿਸਤਾਨ ਵਿੱਚ ਧਾਰਮਿਕ ਅਤੇ ਹੋਰ ਘੱਟ-ਗਿਣਤੀਆਂ ਉੱਤੇ ਹੋ ਰਹੇ ਜ਼ੁਲਮ ਦੇ ਖਿਲਾਫ਼ ਅਮਰੀਕਾ ਵਿੱਚ ਰਹਿ ਰਹੇ ਸੈਂਕੜੇ ਪਾਕਿਸਤਾਨੀ ਘੱਟ-ਗਿਣਤੀਆਂ ਨੇ ਹਾਲ ਹੀ ਵਿੱਚ ਵਾਸ਼ਿੰਗਟਨ ਵਿਖੇ ਰੋਸ ਮੁਜ਼ਾਹਰਾ ਕੀਤਾ। ਮੁਜ਼ਾਹਰਾਕਾਰੀਆਂ ਨੇ ਪਾਕਿਸਤਾਨੀ ਪ੍ਰਸ਼ਾਸਨ ਦੁਆਰਾ ਕੀਤੇ ਜਾਂਦੇ ਉਨ੍ਹਾਂ ਦੇ ਸ਼ੋਸ਼ਣ ਉੱਤੇ ਵੀ ਕਰੜਾ ਇਤਰਾਜ਼ ਜਤਾਇਆ। ਵਾਸ਼ਿੰਗਟਨ ਡੀ.ਸੀ. ਵਿੱਚ ਮੁਜ਼ਾਹਰਾ ਕਰ ਰਹੇ ਇਨ੍ਹਾਂ ਮੁਜ਼ਾਹਰਾਕਾਰੀਆਂ ਵਿੱਚ ਮੁਹਾਜਿਰ (ਭਾਰਤ ਤੋਂ ਪਾਕਿਸਤਾਨ ਗਏ ਸ਼ਰਨਾਰਥੀ), ਬਲੋਚ, ਪਸ਼ਤੂਨ ਅਤੇ ਕੁਝ ਧਾਰਮਿਕ ਘੱਟ-ਗਿਣਤੀ ਦੇ ਲੋਕ ਸ਼ਾਮਿਲ ਸਨ।

ਮੁਹਾਜਿਰ ਗੁੱਟ ਮੁੱਤਾਹਿਦਾ ਕੌਮੀ ਮੂਵਮੈਂਟਸ (ਐੱਮ.ਕਿਊ.ਐੱਮ.) ਦੀ ਅਮਰੀਕਾ ਸਥਿਤ ਇਕਾਈ ਨਾਲ ਸੰਬੰਧਤ ਮੁਜ਼ਾਹਰਾਕਾਰੀਆਂ ਨੇ ਅਮਰੀਕੀ ਮੀਡੀਆ ਨੂੰ ਦੱਸਿਆ ਕਿ ਪਾਕਿਸਤਾਨੀ ਫੌਜ ਨੇ ਘੱਟ-ਗਿਣਤੀ ਲੋਕਾਂ ਨਾਲ ਬੜੀ ਹੀ ਬੇਇਨਸਾਫ਼ੀ ਕੀਤੀ ਹੈ। ਹਰ ਦਿਨ ਘੱਟ-ਗਿਣਤੀ ਲੋਕਾਂ ਦੇ ਕਤਲ ਅਤੇ ਉਨ੍ਹਾਂ ਦੇ ਲਾਪਤਾ ਹੋਣ ਨਾਲ ਸੰਬੰਧਤ ਅਨੇਕਾਂ ਮਾਮਲੇ ਸਾਹਮਣੇ ਆਉਂਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਪਾਕਿਸਤਾਨੀ ਮੁਜ਼ਾਹਰਾਕਾਰੀਆਂ ਦੇ ਨਾਤੇ ਵ੍ਹਾਈਟ ਹਾਊਸ ਅਤੇ ਹੋਰ ਮਨੁੱਖੀ ਅਧਿਕਾਰ ਸੰਗਠਨਾਂ ਦੇ ਸਾਹਮਣੇ ਆਪਣੀ ਆਵਾਜ਼ ਬੁਲੰਦ ਕਰਨੀ ਚਾਹੁੰਦੇ ਹਨ। ਕਾਬਿਲੇਗੌਰ ਹੈ ਕਿ ਇਸ ਮੌਕੇ ਮੁਜ਼ਾਹਰਾਕਾਰੀਆਂ ਨੇ ਪਾਕਿਸਤਾਨ ਵਿੱਚ ਘੱਟ-ਗਿਣਤੀਆਂ ਅਤੇ ਹੋਰਨਾਂ ਸਤਾਏ ਲੋਕਾਂ ਲਈ ਕੌਮਾਂਤਰੀ ਮਦਦ ਮੁਹੱਈਆ ਕਰਵਾਉਣ ਦੀ ਅਪੀਲ ਵੀ ਕੀਤੀ।

ਮੁਜ਼ਾਹਰਾਕਾਰੀਆਂ ਨੇ ਦੱਸਿਆ ਕਿ ਪਾਕਿਸਤਾਨ ਵਿੱਚ ਬਹੁਤ ਸਾਰੇ ਘੱਟ-ਗਿਣਤੀ ਸਮੂਹ ਸਵੈ-ਨਿਰਣੇ ਦਾ ਹੱਕ ਮੰਗ ਰਹੇ ਹਨ। ਉਹ ਪਾਕਿਸਤਾਨ ਵਿੱਚ ਹੋ ਰਹੀ ਹਰੇਕ ਤਰ੍ਹਾਂ ਦੀ ਬੇਇਨਸਾਫ਼ੀ ਤੋਂ ਛੁਟਕਾਰਾ ਚਾਹੁੰਦੇ ਹਨ। ਮੁਜ਼ਾਹਰਾਕਾਰੀਆਂ ਨੇ ਇਹ ਵੀ ਇਲਜ਼ਾਮ ਲਾਇਆ ਕਿ ਪਾਕਿਸਤਾਨ ਕਈ ਨਸਲਾਂ ਅਤੇ ਧਾਰਮਿਕ ਘੱਟ-ਗਿਣਤੀ ਲੋਕਾਂ ਦੀ ਪਛਾਣ ਨੂੰ ਮਟੀਆਮੇਟ ਕਰਨ ਉੱਤੇ ਬਜ਼ਿੱਦ ਹੈ ਅਤੇ ਇਸ ਖੇਤਰ ਵਿੱਚ ਆਪਣੇ ਜ਼ੁਲਮੀ ਏਜੰਡੇ ਦਾ ਕੂੜ ਪ੍ਰਚਾਰ ਕਰ ਰਿਹਾ ਹੈ।

ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਤਾਕਤਵਰ ਫੌਜੀ ਹੁਕਮਰਾਨਾਂ ਨੇ ਕਦੇ ਵੀ ਜਿਹਾਦੀ ਗੁੱਟਾਂ ਖਿਲਾਫ਼ ਕੋਈ ਪੁਖਤਾ ਕਾਰਵਾਈ ਨਹੀਂ ਕੀਤੀ, ਇਸ ਬਾਰੇ ਭਾਰਤ ਅਤੇ ਪਾਕਿਸਤਾਨ ਵਿਚਲੀ ਹਾਲੀਆ ਖਿੱਚੋਤਾਣ ਨੂੰ ਧਿਆਨ ਵਿੱਚ ਰੱਖਿਆ ਜਾ ਸਕਦਾ ਹੈ। ਉਨ੍ਹਾਂ ਇਹ ਵੀ ਇਲਜ਼ਾਮ ਲਾਇਆ ਕਿ ਪਾਕਿ ਦੇ ਮੂਲ ਵਸਨੀਕਾਂ ਅਤੇ ਧਾਰਮਿਕ ਘੱਟ-ਗਿਣਤੀਆਂ ਨੂੰ ਡਰਾਉਣ ਦੇ ਮਕਸਦ ਨਾਲ ਪਾਕਿ ਫੌਜ ਦੁਆਰਾ ਕਈ ਜਿਹਾਦੀ ਗੁੱਟਾਂ ਨੂੰ ਤਿਆਰ ਕੀਤਾ ਗਿਆ ਹੈ। ਇਹ ਜਿਹਾਦੀ ਪਾਕਿਸਤਾਨੀ ਫੌਜ ਦੇ ਲਈ ਬਹੁਤ ਹੀ ਅਹਿਮ ਹਨ। ਫੌਜ ਨੇ ਇਨ੍ਹਾਂ ਜਿਹਾਦੀਆਂ ਨੂੰ ਹਿਫਾਜਤ ਦੇਣ ਦੇ ਨਾਲ ਹੀ ਉਨ੍ਹਾਂ ਦੀ ਹਿਮਾਇਤ ਅਤੇ ਮਦਦ ਵੀ ਕੀਤੀ ਹੈ।

ਮੁਜ਼ਾਹਰਾਕਾਰੀਆਂ ਨੇ ਇਹ ਵੀ ਦੱਸਿਆ ਕਿ ਪਾਕਿਸਤਾਨ ਅਤੇ ਇਸ ਦੀ ਬਦਨਾਮ ਖੁਫੀਆ ਏਜੰਸੀ, ਇੰਟਰ ਸਰਵਿਸਜ਼ ਇੰਟੈਲੀਜੈਂਸ (ਆਈ.ਐੱਸ.ਆਈ.) ਦੁਆਰੀ ਦਹਿਸ਼ਤਗਰਦੀ ਗੁੱਟਾਂ ਨੂੰ ਹਿਮਾਇਤ ਦੇਣੀ, ਉਨ੍ਹਾਂ ਨੂੰ ਸੁਰੱਖਿਅਤ ਠਿਕਾਣੇ ਅਤੇ ਸਿਖਲਾਈ ਦੇਣ ਦੇ ਨਾਲ ਹੀ ਉੱਤਰੀ ਪਹਾੜੀ ਇਲਾਕੇ ਵਿੱਚ ਧਾਰਮਿਕ ਸੰਗਠਨਾਂ ਉੱਤੇ ਪਾਬੰਦੀ ਲਾਉਣ ਦਾ ਲੰਮਾ ਇਤਿਹਾਸ ਹੈ। ਇਸ ਨਾਲ ਪਾਕਿਸਤਾਨ ਦੇ ਅੰਦਰ ਅਤੇ ਬਾਹਰ, ਖਾਸ ਤੌਰ ਤੇ ਭਾਰਤ, ਅਫ਼ਗਾਨਿਸਤਾਨ ਅਤੇ ਇਰਾਨ ਵਰਗੇ ਗੁਆਂਢੀ ਮੁਲਕਾਂ ਵਿੱਚ ਅੱਤਵਾਦ ਅਤੇ ਅਸ਼ਾਂਤੀ ਦੇ ਹਾਲਾਤ ਪੈਦਾ ਹੋ ਗਏ ਹਨ। ਪਾਕਿਸਤਾਨ ਦੇ ਘੱਟ-ਗਿਣਤੀਆਂ ਦਾ ਮੰਨਣਾ ਹੈ ਕਿ ਪਾਕਿਸਤਾਨੀ ਹੁਕਮਰਾਨ ਜਿਹਾਦੀ ਗੁੱਟਾਂ ਦੇ ਖਿਲਾਫ਼ ਕਦੇ ਕੋਈ ਕਾਰਵਾਈ ਨਹੀਂ ਕਰਨਗੇ ਸਗੋਂ ਇਹ ਕੌਮਾਂਤਰੀ ਭਾਈਚਾਰੇ ਨੂੰ ਹੀ ਗੁੰਮਰਾਹ ਕਰਦੇ ਰਹਿਣਗੇ।

ਪਾਕਿਸਤਾਨੀ ਹੁਕਮਰਾਨ ਕਈ ਮੁਲਕਾਂ ਤੋਂ ਪੈਸਾ ਉਗਰਾਹੁਣ ਦੇ ਮਕਸਦ ਨਾਲ ਕੌਮਾਂਤਰੀ ਭਾਈਚਾਰੇ ਨੂੰ ਗੁੰਮਰਾਹ ਕਰ ਰਹੇ ਹਨ। ਕੌਮਾਂਤਰੀ ਸੰਸਥਾਵਾਂ ਅਤੇ ਅਮਰੀਕਾ ਤੋਂ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਮਾਲੀ ਸਹਾਇਤਾ ਨੂੰ ਠੀਕ ਮਕਸਦ ਦੇ ਲਈ ਨਹੀਂ ਵਰਤਿਆ ਜਾ ਰਿਹਾ ਹੈ। ਇਸ ਦੀ ਵਰਤੋਂ ਪੂਰੀ ਤਰ੍ਹਾਂ ਨਾਲ ਇੱਕੋ ਮੰਤਵ ਦੇ ਲਈ ਕੀਤੀ ਜਾਂਦੀ ਹੈ ਅਤੇ ਉਹ ਹੈ ਅੱਤਵਾਦ। ਅਮਰੀਕਾ ਵਿੱਚ ਰਹਿ ਰਹੇ ਐੱਮ.ਕਿਊ.ਐੱਮ. ਦੇ ਇੱਕ ਆਗੂ ਨੇ ਰੋਸ ਮੁਜ਼ਾਹਰੇ ਵਿੱਚ ਹਿੱਸਾ ਲੈਂਦਿਆਂ ਇਹ ਸਾਰੀ ਗੱਲ ਕੀਤੀ ਅਤੇ ਕਿਹਾ ਕਿ ਪਾਕਿਸਤਾਨ ਨੂੰ ਦਿੱਤੀ ਜਾ ਰਹੀ ਸਹਾਇਤਾ ਨੂੰ ਫੌਰੀ ਤੌਰ ਤੇ ਰੋਕਣਾ ਬੇਹੱਦ ਜ਼ਰੂਰੀ ਹੈ।

ਬਲੋਚ ਨੈਸ਼ਨਲ ਮੂਵਮੈਂਟ (ਬੀ.ਐੱਨ.ਐੱਮ.) ਨਾਲ ਜੁੜੇ ਬਲੋਚ ਮੁਜ਼ਾਹਰਾਕਾਰੀਆਂ ਦਾ ਮੱਤ ਸੀ ਕਿ ਵਾਸ਼ਿੰਗਟਨ ਵਿਖੇ ਇਸ ਰੋਸ਼ ਮੁਜ਼ਾਹਰੇ ਦਾ ਕਾਰਨ ਇਹੋ ਬੇਇਨਸਾਫ਼ੀ ਹੈ। ਬੇਇਨਸਾਫ਼ੀ ਦੇ ਖਿਲਾਫ਼ ਇੱਥੇ ਆਉਣ ਵਿੱਚ ਲੋਕੀਂ ਮਜਬੂਰ ਸਨ; ਘੱਟ-ਗਿਣਤੀ ਲੋਕ ਪਾਕਿਸਤਾਨ ਦੀ ਨਾ-ਕਾਰਗੁਜ਼ਾਰੀ ਤੋਂ ਅੱਕ ਚੁੱਕੇ ਹਨ। ਬਲੋਚ ਮੁਜ਼ਾਹਰਾਕਾਰੀਆਂ ਨੇ ਕਿਹਾ ਕਿ ਬਲੋਚ ਕਦੇ ਵੀ ਪਾਕਿਸਤਾਨ ਦਾ ਹਿੱਸਾ ਨਹੀਂ ਸੀ ਉਹ ਇੱਕ ਵੱਖਰਾ ਮੁਲਕ ਚਾਹੁੰਦੇ ਸਨ। ਪਾਕਿਸਤਾਨ ਬਣਨ ਦੇ ਬਾਅਦ ਇਸਲਾਮਾਬਾਦ ਨੇ ਬਲੋਚਿਸਤਾਨ ਉੱਤੇ ਜ਼ਬਰਦਸਤੀ ਕਬਜ਼ਾ ਕਰ ਲਿਆ।

ਪਾਕਿਸਤਾਨ ਵਿੱਚ ਫੌਜ ਦੀ ਭੂਮਿਕਾ ਦੀ ਸਰਬਉੱਚਤਾ ਬਾਰੇ ਗੱਲ ਕਰਦਿਆਂ ਬਲੋਚ ਮੁਜ਼ਾਹਰਾਕਾਰੀਆਂ ਨੇ ਕਿਹਾ ਕਿ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਇਮਰਾਨ ਖਾਨ ਨੇ ਇਸ ਖਿੱਤੇ ਵਿੱਚ ਅਮਨ ਲਿਆਉਣ ਦੀ ਗੱਲ ਸਿਰਫ਼ ਕੌਮਾਂਤਰੀ ਭਾਈਚਾਰੇ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਕੀਤੀ ਹੈ। ਪਾਕਿਸਤਾਨੀ ਫੌਜ ਨੇ ਮੁਲਕ ਦੀ ਸਥਾਪਨਾ ਦੇ ਸਮੇਂ ਤੋਂ ਹੀ ਇਸ ਤੇ ਆਪਣਾ ਦਬਦਬਾ ਕਾਇਮ ਰੱਖਿਆ ਹੈ। ਇੱਥੋਂ ਤੱਕ ਕਿ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਇਮਰਾਨ ਖਾਨ ਨੂੰ ਮੁਜ਼ਾਹਰਾਕਾਰੀਆਂ ਨੇ ਕਠਪੁਤਲੀ ਦੱਸਿਆ। ਉਨ੍ਹਾਂ ਕੋਲ ਕੋਈ ਸ਼ਕਤੀ ਨਹੀਂ ਹੈ ਅਤੇ ਉਹ ਕੁਝ ਵੀ ਕਹਿ ਜਾਂ ਕਰ ਵੀ ਨਹੀਂ ਸਕਦੇ। ਪਾਕਿਸਤਾਨੀ ਫੌਜ ਨੇ ਉਨ੍ਹਾਂ ਲਈ ਇਬਾਰਤ ਲਿਖੀ ਹੈ ਅਤੇ ਜਨਾਬ ਖਾਨ ਸਿਰਫ਼ ਪਾਕਿਸਤਾਨੀ ਫੌਜ ਦੇ ਨਿਰਦੇਸ਼ਾਂ ਦੀ ਪਾਲਣਾ ਕਰ ਰਹੇ ਹਨ।

ਬਲੋਚ ਮੁਜ਼ਾਹਰਾਕਾਰੀਆਂ ਨੇ ਅੱਗੇ ਕਿਹਾ ਕਿ ਪਾਕਿਸਤਾਨ ਵਿੱਚ ਘੱਟ-ਗਿਣਤੀਆਂ ਨੂੰ ਬੁਨਿਆਦੀ ਮਨੁੱਖੀ ਅਧਿਕਾਰਾਂ ਤੋਂ ਇਲਾਵਾ ਪਾਕਿ ਸਰਕਾਰ ਦੁਆਰਾ ਸੰਵਿਧਾਨਕ ਹੱਕਾਂ ਤੋਂ ਵੀ ਵਾਂਝੇ ਰੱਖਿਆ ਗਿਆ ਹੈ। ਮੁਜ਼ਾਹਰਾਕਾਰੀਆਂ ਨੇ ਕਿਹਾ ਕਿ ਪਾਕਿਸਤਾਨ ਵਿੱਚ ਘੱਟ-ਗਿਣਤੀ ਲੋਕਾਂ ਨਾਲ ਬਹੁਤ ਹੀ ਭੇਦਭਾਵ ਭਰਿਆ ਸਲੂਕ ਕੀਤਾ ਜਾਂਦਾ ਹੈ। ਆਪਣੇ ਜ਼ਮਹੂਰੀ ਹੱਕਾਂ ਦੀ ਮੰਗ ਕਰਨ ਵਾਲੇ ਲੋਕਾਂ ਦੀ ਆਵਾਜ਼ ਨੂੰ ਕਰੂਰ ਤਾਕਤ ਦੇ ਜ਼ੋਰ ਨਾਲ ਦਬਾ ਦਿੱਤਾ ਜਾਂਦਾ ਹੈ।