ਵਿਸ਼ਵ ਪੱਧਰ ‘ਤੇ ਖਸਰਾ 300 % ਦੀ ਦਰ ਨਾਲ ਵਧਿਆ: ਵਿਸ਼ਵ ਸਹਿਤ ਸੰਗਠਨ

ਇੱਕ ਪਾਸੇ ਖਸਰੇ ਦੀ ਬਿਮਾਰੀ ‘ਤੇ ਨਿਯੰਤਰਣ ਕਰਨ ਦੇ ਕਈ ਦਾਅਵੇ ਕੀਤੇ ਜਾ ਰਹੇ ਹਨ, ਪਰ ਹਾਲ ‘ਚ ਹੀ ਵਿਸ਼ਵ ਸਹਿਤ ਸੰਗਠਨ ਵੱਲੋਂ ਜਾਰੀ ਇੱਕ ਰਿਪੋਰਟ ‘ਚ ਇਸ ਸਬੰਧੀ ਕੁੱਝ ਹੋਰ ਹੀ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਪਿਛਲੇ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਦੇ ਮੁਕਾਬਲਤਨ 2019 ਦੇ ਪਹਿਲੇ ਤਿੰਨ ਮਹੀਨਿਆਂ ‘ਚ ਖਸਰੇ ਦੇ ਮਾਮਲੇ ਆਲਮੀ ਪੱਧਰ ‘ਤੇ 300% ਵੱਧ ਗਏ ਹਨ।
ਵਿਸ਼ਵ ਸਹਿਤ ਸੰਗਠਨ ਨੇ ਬੀਤੇ ਦਿਨ ਕਿਹਾ ਕਿ ਇਸ ਸਾਲ 170 ਮੁਲਕਾਂ ਨੇ 112,163 ਖਸਰੇ ਦੇ ਮਾਮਲੇ ਦਰਜ ਕਰਵਾਏ ਹਨ।ਇਸ ਸਮੇਂ 2018 ‘ਚ 163 ਦੇਸ਼ਾਂ ਨੇ 28,124 ਮਾਮਲੇ ਦਰਜ ਕਰਵਾਏ ਸਨ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਅਫ਼ਰੀਕਾ ‘ਚ ਸਭ ਤੋਂ ਵੱਧ 700% ਦੀ ਦਰ ਨਾਲ ਖਸਰੇ ਦੇ ਮਾਮਲਿਆਂ ‘ਚ ਵਾਧਾ ਹੋਇਆ ਹੈ, ਕਿਉਂਕਿ ਇੱਥੇ ਟੀਕਾਕਰਣ ਮੁਹਿੰਮ ਦੂਜੇ ਖੇਤਰਾਂ ਦੀ ਤੁਲਨਾ ‘ਚ ਬਹੁਤ ਕੰਮਜ਼ੋਰ ਹੈ।
ਸੰਗਠਨ ਨੇ ਕਿਹਾ ਹੈ ਕਿ ਇਹ ਅੰਕੜੇ ਅਜੇ ਅਸਥਾਈ ਹਨ, ਪੋਰ ਇਸ ਤੋਂ ਸਪਸ਼ੱਟ ਰੁਝਾਨ ਦਾ ਸੰਕੇਤ ਜ਼ਰੂਰ ਮਿਲ ਰਿਹਾ ਹੈ।