ਕਾਬੁਲ ‘ਚ ਵਾਪਰੇ ਆਤਮਘਾਤੀ ਧਮਾਕੇ ‘ਚ ਘੱਟੋ-ਘੱਟ 7 ਲੋਕਾਂ ਦੀ ਮੌਤ  

ਅੱਜ ਅਫ਼ਗਾਨਿਸਤਾਨ ਵਿੱਚ ਇੱਥੋਂ ਕੇਂਦਰੀ ਖੇਤਰ ਕਾਬੁਲ ‘ਚ ਭਾਰੀ ਸੁਰੱਖਿਆ ਵਾਲੇ ਇੱਕ ਸਰਕਾਰੀ ਕੰਪਲੈਕਸ ‘ਤੇ ਕੀਤੇ ਗਏ ਹਮਲੇ ਵਿੱਚ ਘੱਟੋ-ਘੱਟ 7 ਲੋਕ ਮਾਰੇ ਗਏ ਹਨ।  ਗ੍ਰਹਿ ਮੰਤਰਾਲੇ ਦੇ ਬੁਲਾਰੇ ਨਸਰਤ ਰਾਹੀਮੀ ਦਾ ਕਹਿਣਾ ਹੈ ਕਿ ਇਸ ਹਮਲੇ ਦੌਰਾਨ ਚਾਰ ਨਾਗਰਿਕ ਅਤੇ ਤਿੰਨ ਸੈਨਿਕਾਂ ਦੀ ਮੌਤ ਹੋਈ ਹੈ ਅਤੇ 8 ਹੋਰ ਲੋਕ ਜ਼ਖ਼ਮੀ ਹੋਏ ਹਨ।  ਪੁਲਿਸ ਮੁਖੀ ਜਨਰਲ ਸਈਦ ਮੁਹੰਮਦ ਰੋਸ਼ਨਦਿਲ ਅਨੁਸਾਰ, ਇੱਕ ਆਤਮਘਾਤੀ ਹਮਲਾਵਰ ਨੇ ਦੂਰਸੰਚਾਰ ਮੰਤਰਾਲੇ ਦੇ ਬਾਹਰ ਆਪਣੇ ਆਪ ਨੂੰ ਉਡਾ ਦਿੱਤਾ ਅਤੇ ਚਾਰ ਬੰਦੂਕਧਾਰੀਆਂ ਨੂੰ ਸਰਕਾਰੀ ਇਮਾਰਤ ਵਿੱਚ ਦਾਖ਼ਲ ਹੋਣ ਲਈ ਰਸਤਾ ਸਾਫ਼ ਕਰ ਦਿੱਤਾ। ਅਫਗਾਨੀ ਸੁਰੱਖਿਆ ਬਲਾਂ ਦੁਆਰਾ ਇਨ੍ਹਾਂ ਚਾਰ ਹਮਲਾਵਰਾਂ ਨੂੰ ਮੌਤ ਦੀ ਘਾਟ ਉਤਾਰ ਦਿੱਤਾ ਗਿਆ ਹੈ।  ਹਾਲੇ ਤੱਕ ਕਿਸੇ ਨੇ ਵੀ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਇਹ ਹਮਲਾ ਅਫਗਾਨਿਸਤਾਨ ਦੇ ਅਧਿਕਾਰੀਆਂ ਅਤੇ ਤਾਲਿਬਾਨ ਵਿਚਕਾਰ ਗੱਲਬਾਤ ਮੁਲਤਵੀ ਹੋਣ ਤੋਂ ਇੱਕ ਦਿਨ ਬਾਅਦ ਹੋਇਆ ਹੈ। ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਇਸ ਹਮਲੇ ਦੀ ਕੜੀ ਨਿੰਦਾ ਕੀਤੀ ਹੈ।