ਲੜੀਵਾਰ ਬੰਬ ਧਮਾਕਿਆਂ ਨੇ ਦਹਿਲਾਇਆ ਸ੍ਰੀਲੰਕਾ

ਸ੍ਰੀਲੰਕਾ ‘ਚ ਈਸਟਰ ਦੇ ਦਿਨ ਗਿਰਜਾਘਰਾਂ ‘ਚ ਚੜ੍ਹਦੀ ਸਵੇਰ ਨੂੰ ਜੋ ਕੁੱਝ ਵੀ ਵਾਪਰਿਆ ਅਤੇ ਉਸ ਦੀ ਗੰਭੀਰਤਾ ਨਾਲ ਪੂਰੀ ਦੁਨੀਆ ਜਾਣੂ ਹੈ।ਸਵੇਰ ਦੇ ਸਮੇਂ ਹੋਏ ਲੜੀਵਾਰ ਬੰਬ ਧਮਾਕਿਆਂ ਕਾਰਨ ਟਾਪੂ ਮੁਲਕ ਦੀ ਸ਼ਾਂਤੀ ਨੂੰ ਵੱਡੀ ਢਾਅ ਲੱਗੀ ਹੈ।ਸ੍ਰੀਲੰਕਾ ਦੇ ਇਤਿਹਾਸ ‘ਚ ਇਹ ਸਭ ਤੋਂ ਭਿਆਨਕ ਹਮਲਿਆਂ ਦੀ ਗਵਾਹੀ ਭਰਦਾ ਅੱਤਵਾਦੀ ਹਮਲਾ ਹੈ।ਦੱਸਣਯੋਗ ਹੈ ਕਿ ਵਧੇਰੇਤਰ ਧਮਾਕੇ ਰਾਜਧਾਨੀ ਕੋਲੰਬੋ ਵਿਖੇ ਹੋਏ।ਸਥਾਨਕ ਸਮੇਂ ਅਨੁਸਾਰ ਇਹ ਬੰਬ ਧਮਾਕੇ ਸਵੇਰ 8.45 ‘ਤੇ ਈਸਟਰ ਪ੍ਰਾਰਥਨਾ ਸਭਾ ਦੌਰਾਨ ਸਭ ਤੋਂ ਪਹਿਲਾਂ ਕੋਲੰਬੋ ਦੀ ਸੇਂਟ ਐਂਥਨੀ ਚਰਚ, ਪੱਛਮੀ ਤੱਟੀ ਸ਼ਹਿਰ ਨੇਗਂਬੋ ਦੀ ਸੇਂਟ ਸੇਬਾਸਟੀਅਨ ਚਰਚ ਅਤੇ ਬੱਟੀਕਲੋਵਾ ਦੀ ਇੱਕ ਚਰਚ ‘ਚ ਹੋਏ।ਇਸ ਤੋਂ ਬਾਅਦ ਤਿੰਨ ਪੰਜ ਸਿਤਾਰਾ ਹੋਟਲਾਂ ਅਤੇ ਗੈਸਟ ਹਾਊਸ ਨੂੰ ਵੀ ਨਿਸ਼ਾਨਾ ਬਣਾਇਆ ਗਿਆ।ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਦੇਸ਼ ਦੀ ਕੁੱਲ ਅਬਾਦੀ ਦਾ 6% ਕੈਥੋਲਿਕ ਸਮਾਜ ਦੇ ਲੋਕ ਹਨ ਅਤੇ ਜਦੋਂ ਉਨ੍ਹਾਂ ਵੱਲੋਂ ਈਸਟ ਪ੍ਰਾਰਥਨਾ ਸਭਾ ‘ਚ ਹਿੱਸਾ ਲਿਆ ਜਾ ਰਿਹਾ ਸੀ ਉਸ ਸਮੇਂ ਇੰਨ੍ਹਾਂ ਲੜੀਵਾਰ ਬੰਬ ਧਮਾਕਿਆਂ ਨੂੰ ਅੰਜਾਮ ਦਿੱਤਾ ਗਿਆ।
ਸਿਰਫ ਛੇ ਘੰਟਿਆਂ ‘ਚ ਕੁੱਲ ਮਿਲਾ ਕੇ 8 ਬੰਬ ਧਮਾਕੇ ਹੋਏ, ਜਿਸ ‘ਚ 290 ਤੋਂ ਵੀ ਵੱਧ ਲੋਕ ਮਾਰੇ ਗਏ ਅਤੇ 500 ਤੋਂ ਵੀ ਵੱਧ ਲੋਕ ਜ਼ਖਮੀ ਹੋ ਗਏ ਹਨ।ਮ੍ਰਿਤਕਾਂ ‘ਚ 6 ਭਾਰਤੀਆਂ ਤੋਂ ਇਲਾਵਾ ਯੂਰੋਪ ਅਤੇ ਅਮਰੀਕਾ ਦੇ ਵੀ ਨਾਗਰਿਕ ਸ਼ਾਮਿਲ ਹਨ।ਇਹ ਅੱਤਵਾਦੀ ਹਮਲਾ ਕਿਤੇ ਨਾ ਕਿਤੇ 26 ਨਵੰਬਰ, 2008 ਨੂੰ ਮੁਬੰਈ ‘ਚ ਤਾਜ ਹੋਟਲ ‘ਤੇ ਹੋਏ ਅੱਤਵਾਦੀ ਹਮਲੇ ਦੀ ਯਾਦ ਤਾਜ਼ਾ ਕਰਵਾਉਂਦਾ ਹੈ।
ਮੌਕੇ ‘ਤੇ ਮੌਜੂਦ ਵਧੇਰੇ ਲੋਕਾਂ ਦਾ ਮੰਨਣਾ ਹੈ ਕਿ ਇਹ ਹਮਲੇ ਯੋਜਨਾਬੱਧ ਢੰਗ ਨਾਲ ਕੀਤੇ ਗਏ ਹਨ।ਇੰਨ੍ਹਾਂ ਬੰਬ ਧਮਾਕਿਆਂ ਪਿੱਛੇ ਅੰਤਰਰਾਸ਼ਟਰੀ ਅੱਤਵਾਦੀ ਸਮੂਹ ਦਾ ਹੱਥ ਹੋਣ ਦੀ ਗੱਲ ਵੀ ਕਹੀ ਜਾ ਰਹੀ ਹੈ।ਭਾਵੇਂ ਕਿ ਅਜੇ ਤੱਕ ਕਿਸੇ ਵੀ ਅੱਤਵਾਦੀ ਸਮੂਹ ਵੱਲੋਂ ਇੰਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਗਈ ਹੈ ਪਰ ਸ੍ਰੀਲੰਕਾ ਪੁਲਿਸ ਸੂਤਰਾਂ ਨੇ ਮੰਨਿਆ ਹੈ ਕਿ ਉਨ੍ਹਾਂ ਕੋਲ ਖੁਫ਼ੀਆ ਜਾਣਕਾਰੀ ਸੀ ਕਿ ਜਿਹਾਦੀ ਕਟੱੜਪੰਥੀ ਸਮੂਹ ਵੱਲੋਂ ਕੁੱਝ ਅਜਿਹਾ ਕੀਤੇ ਜਾਣ ਦੀ ਸਾਜਿਸ਼ ਬਣਾਈ ਜਾ ਰਹੀ ਹੈ।ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਨੇ ਵੀ ਮੰਨਿਆ ਹੈ ਕਿ ਇੰਨ੍ਹਾਂ ਹਮਲਿਆਂ ਦੇ ਮੁੱਖ ਦੋਸ਼ੀਆਂ ਬਾਰੇ ਉਨ੍ਹਾਂ ਦੀ ਸਰਕਾਰ ਨੂੰ ਕੁੱਝ ਭਿਨਕ ਹੈ ਪਰ ਉਨ੍ਹਾਂ ਨੇ ਜਾਂਚ ਪੂਰੀ ਹੋਣ ਤੱਕ ਵਧੇਰੇ ਵੇਰਵੇ ਜਨਤਕ ਕਰਨ ਤੋਂ ਉਨ੍ਹਾਂ ਇਨਕਾਰ ਕਰ ਦਿੱਤਾ।
ਕੋਲੰਬੋ ਤੋਂ ਬਾਹਰਵਾਰ ਇੱਕ ਸੁਰੱਖਿਅਤ ਘਰ ‘ਚ ਛਾਪਾਮਾਰੀ ਦੌਰਾਨ ਹੋਈ ਗੋਲੀਬਾਰੀ ‘ਚ ਤਿੰਨ ਸੁਰੱਖਿਆ ਮੁਲਾਜ਼ਮ ਵੀ ਸ਼ਹੀਦ ਹੋ ਗਏ ।ਦਿਨ ਦੇ ਖ਼ਤਮ ਹੁੰਦਿਆਂ ਸੁਰੱਖਿਆ ਬਲਾਂ ਨੇ ਅੱਠ ਸ਼ੱਕੀ ਵਿਅਕਤੀਆਂ ਨੂੰ ਪੁੱਛ-ਗਿੱਛ ਲਈ ਹਿਰਾਸਤ ‘ਚ ਲਿਆ।ਮੰਨਿਆ ਜਾ ਰਿਹਾ ਹੈ ਕਿ ਘੱਟੋ-ਘੱਟ ਇੱਕ ਗਿਰਜਾਘਰ ‘ਚ ਆਤਮਘਾਤੀ ਬੰਬ ਹਮਲਾਵਰ ਵੱਲੋਂ ਆਪਣੇ ਆਪ ਨੂੰ ਉਡਾਇਆ ਗਿਆ ਸੀ।
ਵਿਸ਼ਵ ਭਰ ਦੇ ਆਗੂਆਂ ਅਤੇ ਸਰਕਾਰਾਂ ਨੇ ਇਸ ਮੌਕੇ ਸ੍ਰੀਲੰਕਾਂ ਨਾਲ ਇੱਕਜੁਟਤਾ ਦਾ ਪ੍ਰਗਟਾਵਾ ਕਰਦਿਆਂ ਕੋਲੰਬੋ ਹਮਲਿਆਂ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ ਹੈ।
ਭਾਰਤ ਨੇ ਟਾਪੂ ਮੁਲਕ ਲਈ ਹੲ ਸੰਭਵ ਮਦਦ ਦੀ ਪੇਸ਼ਕਸ਼ ਕੀਤੀ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀਲੰਕਾ ‘ਚ ਹੋਏ ਸਿਲਸਿਲੇਵਾਰ ਬੰਬ ਧਮਾਕਿਆਂ ਤੋਂ ਬਾਅਦ ਸ੍ਰੀਲੰਕਾ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨਾਲ ਟੈਲੀਫ਼ੋਨ ‘ਤੇ ਗੱਲਬਾਤ ਕੀਤੀ ਅਤੇ ਧਮਾਕਿਆਂ ‘ਚ ਮਾਰੇ ਗਏ ਲੋਕ ਲਈ ਦੁੱਖ ਦਾ ਪ੍ਰਗਟਾਵਾ ਕੀਤਾ।ਸ੍ਰੀ ਮੋਦੀ ਨੇ ਧਮਾਕਿਆਂ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕਰਦਿਆਂ ਕਿਹਾ ਕਿ ਖੇਤਰ ‘ਚ ਅਜਿਹੀ ਵਹਿਸ਼ੀ ਕਾਰਵਾਈਆਂ ਲਈ ਕੋਈ ਸਥਾਨ ਨਹੀਂ ਹੈ।
ਸ੍ਰੀਲੰਕਾ ‘ਚ ਵਾਪਰੇ ਇੰਨ੍ਹਾਂ ਬੰਬ ਧਮਾਕਿਆਂ ਦੇ ਪਿੱਛੇ ਕੁੱਝ ਖਾਸ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਦਹਿਸ਼ਤਗਰਦਾਂ ਵੱਲੋਂ ਲੜੀਵਾਰ ਬੰਬ ਧਾਮਕਿਆਂ ਦਾ ਵੱਧ ਤੋਂ ਵੱਧ ਪ੍ਰਭਾਵ ਪਾਉਣ ਲਈ ਸੰਵੇਦਨਸ਼ੀਲ ਖੇਤਰ ਦੀ ਚੋਣ ਵੱਜੋਂ ਸ੍ਰੀਲੰਕਾ ਨੂੰ ਨਿਸ਼ਾਨਾ ਬਣਾਇਆ ਗਿਆ ਹੈ।ਅੱਤਵਾਦੀ ਇਸ ਖੇਤਰ ਅਤੇ ਪੱਛਮੀ ਮੁਲਕਾਂ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦੇ ਸਨ।ਤੱਟੀ ਖੇਤਰ ‘ਚ ਕੀਤੇ ਧਮਾਕੇ ਰਾਹੀਂ ਦਹਿਸ਼ਤਗਰਦ ਆਪਣੀ ਪਹੁੰਚ ਨੂੰ ਪੇਸ਼ ਕਰਨਾ ਚਾਹੁੰਦੇ ਸਨ।ਹੋਟਲਾਂ ‘ਤੇ ਕੀਤੇ ਹਮਲੇ ਦਾ ਮਕਸਦ ਅੰਤਰਰਾਸ਼ਟਰੀ ਪ੍ਰਭਾਵ ਨੂੰ ਪੈਦਾ ਕਰਨਾ ਸੀ ਅਤੇ ਨਾਲ ਹੀ ਦੇਸ਼ ਦੇ ਸੈਰ-ਸਪਾਟਾ ਉਦਯੋਗ ਨੂੰ ਪ੍ਰਭਾਵਿਤ ਕਰਨਾ ਸੀ, ਜੋ ਕਿ ਟਾਪੂ ਮੁਲਕ ਦੀ ਅਰਥ ਵਿਵਸਥਾ ਦਾ ਮੂਲ ਅਧਾਰ ਹੈ।ਈਸਟਰ ਐਤਵਾਰ ਦੇ ਦਿਨ ਗਿਰਜਾਘਰਾਂ ਨੂੰ ਨਿਸ਼ਾਨਾ ਬਣਾਉਣ ਦਾ ਉਦੇਸ਼ ਦੇਸ਼ ‘ਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਅਤੇ ਤਣਾਅ ਪੈਦਾ ਕਰਨਾ ਹੋ ਸਕਦਾ ਹੈ।
ਇਸ ਤੋਂ ਪਹਿਲਾਂ ਤਿੰਨ ਸਾਲ ਪਹਿਲਾਂ ਲਾਹੌਰ ‘ਚ ਈਸਟਰ ਮੌਕੇ ਵੀ ਬੰਬ ਧਮਾਕੇ ਹੋਏ ਸਨ , ਜਿਸ ‘ਚ 75 ਲੋਕਾਂ ਦੀ ਮੌਤ ਹੋ ਗਈ ਸੀ।ਪਾਸਿਕਤਾਨ ਵੱਲੋਂ ਅਜਿਹੀਆਂ ਕਾਰਵਾਈਆਂ ਦੇ ਵਿਰੋਧ ‘ਚ ਕੋਈ ਨਿਰਣਾਇਕ ਕਾਰਵਾਈ ਨਹੀਂ ਕੀਤੀ ਜਾਂਦੀ ਹੈ।ਜਿਸ ਕਰਕੇ ਦੇਸ਼ ‘ਚ ਅੱਤਵਾਦੀ ਗਤੀਵਿਧੀਆਂ ਸਿਰ ਚੁੱਕੀ ਵੱਧਦੀਆਂ ਹੀ ਜਾ ਰਹੀਆਂ ਹਨ।
ਵਿਸ਼ਵ ਪੱਧਰ ‘ਤੇ ਆਲਮੀ ਬੁਰਾਈ ਅੱਤਵਾਦ ਨਾਲ ਨਜਿੱਠਣ ਲਈ ਜਦੋਂ ਵੀ ਵਿਆਪਕ ਕਾਰਵਾਈ ਦੀ ਗੱਲ ਆਉਂਦੀ ਹੈ ਤਾਂ ਇਸਲਾਮਾਬਾਦ ਸਭ ਤੋਂ ਵੱਧ ਚੌਕਸ ਵਿਖਾਈ ਦਿੰਦਾ ਹੈ।
ਕੋਲੰਬੋ ਹਮਲੇ ਨੇ ਇਹ ਸਪਸ਼ੱਟ ਕਰ ਦਿੱਤਾ ਹੈ ਕਿ ਦੱਖਣੀ ਏਸ਼ੀਆ ‘ਚ ਕੋਈ ਵੀ ਮੁਲਕ ਇਸ ਆਲਮੀ ਬੁਰਾਈ ਦੀ ਪਹੁੰਚ ਤੋਂ ਪਰਾਂ ਨਹੀਂ ਹੈ।ਅੱਤਵਾਦ ਦਾ ਖ਼ਤਰਾ ਹਰ ਕਿਸੇ ਦੇ ਸਿਰ ‘ਤੇ ਮੰਡਰਾ ਰਿਹਾ ਹੈ।ਇਸ ਲਈ ਇਸ ਖ਼ਿਲਾਫ ਕੌਮਾਂਤਰੀ ਪੱਧਰ ‘ਤੇ ਵਿਆਪਕ ਕਾਰਵਾਈ ਦੀ ਲੋੜ ਹੈ।ਇਸ ਖੇਤਰ ਦੀ ਕੋਈ ਵੀ ਸਰਕਾਰ ਜੇਕਰ ਇਸ ਸੰਦੇਸ਼ ਨੂੰ ਨਜ਼ਰ ਅੰਦਾਜ਼ ਕਰਦੀ ਹੈ ਤਾਂ ਇਸ ਤੋਂ ਪੈਦਾ ਹੋਣ ਵਾਲੇ ਜ਼ੋਖਮ ਦੀ ਜ਼ਿੰਮੇਵਾਰੀ ਉਸ ਮੁਲਕ ਦੀ ਆਪਣੀ ਹੋਵੇਗੀ।