ਪੋਂਪੀਓ-ਲਾਵਰੋਵ ਵਾਰਤਾ : ਸੰਬੰਧਾਂ ਨੂੰ ਸੁਧਾਰਨ ਦੀ ਕੋਸ਼ਿਸ਼

ਹਾਲ ਹੀ ਵਿਚ, ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਰੂਸ ਦੀ ਯਾਤਰਾ ਕੀਤੀ ਇਸ ਦੌਰਾਨ ਉਸਨੇ ਆਪਣੇ ਹਮਰੁਤਬਾ ਸਰਗੇਈ ਲਾਵਰੋਵ ਅਤੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲ-ਬਾਤ ਕੀਤੀ। ਇਸ ਗੱਲ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਡੌਨਲਡ ਟਰੰਪ ਰੂਸ ਨਾਲ ਤਣਾਅ ਘਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਅੰਤਰਰਾਸ਼ਟਰੀ ਭਾਈਚਾਰੇ ਪਿਛਲੇ ਕੁਝ ਸਾਲਾਂ ਦੌਰਾਨ ਰੂਸ ਅਤੇ ਅਮਰੀਕਾ ਦਰਮਿਆਨ ਚੱਲ ਰਹੇ ਲਘੂ ਸੀਤ ਯੁੱਧ ਤੋਂ ਚੰਗੀ ਤਰ੍ਹਾਂ ਜਾਣੂ ਹਨ। ਬਹੁਤੇ ਵਿਦੇਸ਼ੀ ਨੀਤੀ ਵਿਸ਼ਲੇਸ਼ਕ ਜਿਹੜੇ ਅਮਰੀਕਾ ਨਾਲ ਜੁੜੇ ਹੋਏ ਹਨ ਉਹ ਇਸ ਨੂੰ ਲਘੂ ਸੀਤ ਯੁੱਧ ਵਜੋਂ ਮਾਨਤਾ ਨਹੀਂ ਦਿੰਦੇ ਹਨ, ਕਿਉਂਕਿ ਅਜਿਹਾ ਕਰਕੇ, ਉਹ ਰੂਸ ਨੂੰ ਬਰਾਬਰ ਦੀ ਸ਼ਕਤੀ ਦਾ ਦਰਜਾ ਨਹੀਂ ਦੇਣਾ ਚਾਹੁੰਦੇ। ਹਾਲਾਂਕਿ, ਉਹਨਾਂ ਨੂੰ ਪਤਾ ਹੈ ਕਿ ਇੱਕ ਸਾਬਕਾ ਸੋਵੀਅਤ ਯੂਨੀਅਨ ਅਤੇ ਇੱਕ ਵੱਡੀ ਭੂਗੋਲਕ ਸ਼ਕਤੀ ਹੋਣ ਦੇ ਨਾਤੇ ਉਹ ਇੱਕ ਸਮਰਥ ਦੇਸ਼ ਹੈ।

ਅਸਲ ਵਿਚ, ਸ਼ੀਤ ਯੁੱਧ ਦੌਰਾਨ ਵੀ, ਅਮਰੀਕੀ ਅਕਾਦਮਿਕ ਭਾਈਚਾਰਾ ਰੂਸ ਨੂੰ ਪ੍ਰਮਾਣੂ ਤਾਕਤ ਵਜੋਂ ਸਵੀਕਾਰ ਕਰਨ ਲਈ ਤਿਆਰ ਨਹੀਂ ਸੀ। ਇਹੀ ਮਾਨਸਿਕਤਾ ਉਦੋਂ ਵਾਲੇ ਅਮਰੀਕੀ ਪ੍ਰਸ਼ਾਸਨ ਦੇ ਰਵੱਈਏ ਤੋਂ ਵੀ ਝਲਕਦੀ ਸੀ। ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਭਾਵੇਂ ਸੰਸਾਰ ਦੋ ਧੜਿਆਂ ਵਿੱਚ ਵੰਡਿਆ ਗਿਆ ਹੈ, ਪਰ ਸ਼ਕਤੀ ਦੇ ਮਾਮਲੇ ਵਿੱਚ, ਅਮਰੀਕਾ ਦੋ ਕਦਮ ਅੱਗੇ ਹੈ। ਇਸ ਦੇ ਪਿੱਛੇ ਅਮਰੀਕਾ ਦੇ ਆਰਥਿਕ ਵਾਧੇ ਅਤੇ ਤਕਨੀਕੀ ਵਿਕਾਸ ਦੀ ਬਹੁਤ ਮਹੱਤਵਪੂਰਨ ਭੂਮਿਕਾ ਰਹੀ ਹੈ। ਅੱਜ ਵੀ ਅਮਰੀਕਾ ਇਹ ਮੰਨਣ ਨੂੰ ਤਿਆਰ ਨਹੀਂ ਹੈ ਕਿ ਰੂਸ ਪਹਿਲਾਂ ਦੀ ਬਦਹਾਲੀ ਤੋਂ ਬਾਹਰ ਆ ਗਿਆ ਹੈ ਅਤੇ ਉਹ ਸੰਯੁਕਤ ਰਾਜ ਅਮਰੀਕਾ ਨੂੰ ਪ੍ਰਮਾਣੂ ਅਤੇ ਮਿਜ਼ਾਈਲ ਸਮਰੱਥਾ ਨਾਲ ਚੁਣੌਤੀ ਦੇਣ ਦੇ ਸਮਰੱਥ ਹੈ।

ਸਥਿਤੀ ਜੋ ਵੀ ਹੋਵੇ, ਅੰਤਰਰਾਸ਼ਟਰੀ ਭਾਈਚਾਰੇ ਨੂੰ ਇਹ ਪਤਾ ਹੈ ਕਿ ਸੰਯੁਕਤ ਰਾਜ ਅਤੇ ਰੂਸ ਦੇ ਵਿਚਕਾਰ ਇਸ ਸੀਤ ਯੁੱਧ ਦਾ ਮਤਲਬ ਇਕੋ ਹੈ ਕਿ ਦੋਵੇਂ ਸ਼ਕਤੀਆਂ ਇਕ ਦੂਜੇ ਦੇ ਵਿਰੁੱਧ ਮੁਕਾਬਲਾ ਕਰਨ ਦੇ ਸਮਰੱਥ ਹਨ। ਇਸੇ ਕਰਕੇ ਰੂਸ ਨੇ ਇਰਾਨ ਪਰਮਾਣੂ ਸਮਝੌਤੇ, ਸੀਰੀਅਨ ਸਰਕਾਰ ਅਤੇ ਮਦੁਰੋ ਵਿੱਚ ਵੈਨੇਜ਼ੁਏਲਾ ਦਾ ਸਮਰਥਨ ਕਰਕੇ ਅਮਰੀਕਾ ਨੂੰ ਵਾਰ-ਵਾਰ ਚੁਣੌਤੀ ਦਿੱਤੀ ਹੈ। ਅਮਰੀਕਾ ਕਾਫੀ ਸਮੇਂ ਤੋਂ ਰੂਸ ਦੀਆਂ ਗਤੀਵਿਧੀਆਂ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ। ਭਾਵੇਂ ਇਹ ਦੱਖਣੀ ਓਸੈਟੀਆ ਜਾਂ ਜਾਰਜੀਆ ‘ਤੇ ਕਾਰਵਾਈ ਦਾ ਮਾਮਲਾ ਹੋਵੇ, ਜਾਂ ਯੂਕਰੇਨ ਅਤੇ ਕ੍ਰੀਮੀਆ ਦੇ ਵਿਰੁੱਧ ਸਖ਼ਤੀ ਹੋਵੇ; ਅਮਰੀਕਾ ਕੁਝ ਪਾਬੰਦੀਆਂ ਸਦਕਾ ਰੂਸ ਦਾ ਮੁਕਾਬਲਾ ਕਰਨ ਤੋਂ ਬਚਿਆ ਹੈ। ਇਸ ਨਾਲ ਰੂਸ ਨੂੰ ਆਪਣੇ ਫੈਸਲਿਆਂ ਅਤੇ ਕਾਰਵਾਈਆਂ ਨੂੰ ਲਾਗੂ ਕਰਨ ਦਾ ਮੌਕਾ ਮਿਲਿਆ ਅਤੇ ਅਮਰੀਕਾ ਨੂੰ ਹੱਥ ਬੰਨ੍ਹਣੇ ਪਏ।

ਪਿਛਲੇ ਰਾਸ਼ਟਰਪਤੀ ਬਰਾਕ ਓਬਾਮਾ ਵਾਂਗ ਰਾਸ਼ਟਰਪਤੀ ਟਰੰਪ ਨੇ ਰੂਸ ਅਤੇ ਉਸ ਨਾਲ ਸੰਬੰਧਾਂ ਨੂੰ ਦੁਬਾਰਾ ਪਰਿਭਾਸ਼ਤ ਕਰਨ ਦੀ ਵੀ ਪੇਸ਼ਕਸ਼ ਕੀਤੀ ਪਰ ਇੱਕ ਮਜ਼ਬੂਤ ​​ਨੇਤਾ ਵਜੋਂ ਵਲਾਦੀਮੀਰ ਪੁਤਿਨ ਦੀ ਪ੍ਰਸੰਸਾ ਦੇ ਬਾਵਜੂਦ, ਅਮਰੀਕਾ ਆਪਣੇ ਜਮਹੂਰੀ ਕਦਰਾਂ-ਕੀਮਤਾਂ ਕਾਰਨ ਰੂਸੀ ਫੈਸਲਿਆਂ ਤੋਂ ਨਜ਼ਰ ਨਹੀਂ ਫੇਰ ਸਕਦਾ। ਟਰੰਪ ਦੀ ਚੋਣ ਮੁਹਿੰਮ ਦੇ ਦੌਰਾਨ, ਇੱਕ ਸਮਾਂ ਸੀ ਜਦੋਂ ਉਨ੍ਹਾਂ ‘ਤੇ ਪੱਖਪਾਤੀ ਹੋਣ ਦਾ ਦੋਸ਼ ਲਾਇਆ ਜਾਂਦਾ ਸੀ ਪਰ ਹੁਣ ਹਾਲਾਤ ਪਾਸਾ ਲੈਣ ਲੱਗ ਪਏ ਹਨ।

ਮੁੱਲਰ ਜਾਂਚ ਰਿਪੋਰਟ ਆਉਣ ਤੋਂ ਬਾਅਦ, ਯੂ.ਐਸ. ਦੇ ਵਿਦੇਸ਼ ਵਿਭਾਗ ਦੀ ਤਰਜੀਹ ਰੂਸ ਨਾਲ ਬੇਭਰੋਸਗੀ ਨੂੰ ਦੂਰ ਕਰਨਾ ਅਤੇ ਸੰਬੰਧਾਂ ਨੂੰ ਬਿਹਤਰ ਬਣਾਉਣਾ ਹੈ। ਇਸ ਪ੍ਰਸੰਗ ਵਿੱਚ, ਰੂਸ ਅਤੇ ਅਮਰੀਕਾ ਦਰਮਿਆਨ ਸ਼ਾਂਤੀ ਸਥਾਪਿਤ ਕਰਨ ਲਈ ਪੋਂਪੀਓ-ਲਾਵਰੋਵ ਗੱਲਬਾਤ ਇੱਕ ਨਵੀਂ ਕੋਸ਼ਿਸ਼ ਹੈ। ਇਸ ਪਹਿਲਕਦਮੀ ਦੇ ਰਾਹੀਂ, ਅਮਰੀਕਾ ਕਈ ਉਦੇਸ਼ਾਂ ਨੂੰ ਪੂਰਾ ਕਰਨਾ ਚਾਹੁੰਦਾ ਹੈ। ਇਕ ਪਾਸੇ, ਇਹ ਰੂਸ ਅਤੇ ਚੀਨ ਦੀਆਂ ਵਧਦੀਆਂ ਨਜ਼ਦੀਕੀਆਂ ‘ਤੇ ਰੋਕ ਲਾਉਣਾ ਚਾਹੁੰਦਾ ਹੈ ਅਤੇ ਦੂਜੇ ਪਾਸੇ, ਚੀਨ ਨਾਲ ਵਪਾਰਕ ਝਗੜਿਆਂ ਨੂੰ ਸੁਲਝਾਉਣ ਲਈ ਕੋਈ ਗੁੰਜਾਇਸ਼ ਲੱਭ ਰਿਹਾ ਹੈ। ਜੇਕਰ ਰੂਸ, ਇਰਾਨ ਵਿਚ ਦਖ਼ਲਅੰਦਾਜ਼ੀ ਦੇਣਾ ਘਟਾ ਦੇਵੇ ਤਾਂ ਅਮਰੀਕਾ ਲਈ ਉਸ ਉੱਪਰਲੀ ਪਾਬੰਦੀ ਦਾ ਰਸਤਾ ਵੀ ਸਪੱਸ਼ਟ ਹੋ ਜਾਵੇਗਾ। ਸਿਰਫ ਇਹ ਹੀ ਨਹੀਂ; ਰੂਸ ਦੇ ਨਾਲ, ਉਹ ਸੀਰੀਆ ਵਿੱਚ ਆਪਣੀ ਯੋਜਨਾ ਨੂੰ ਲਾਗੂ ਕਰ ਸਕਦਾ ਸੀ।

ਪਰ ਇਹ ਸਭ ਏਨਾ ਸੌਖਾ ਨਹੀਂ ਹੈ। ਕੁਝ ਵਿਸ਼ਲੇਸ਼ਕ ਇਹ ਡਰ ਜਤਾ ਰਹੇ ਹਨ ਕਿ ਰੂਸ ਵੱਲ ਅਮਰੀਕਾ ਦੀ ਨਰਮਾਈ ਨਵੇਂ ਮੁਸੀਬਤਾਂ ਦਾ ਕਾਰਨ ਬਣ ਸਕਦੀ ਹੈ। ਰੂਸ ਪਹਿਲਾਂ ਹੀ ਯੂਰਪ ਨਾਲ ਊਰਜਾ ਦੇ ਸਹਿਯੋਗ ਦਾ ਫਾਇਦਾ ਉਠਾ ਰਿਹਾ ਹੈ। ਨਾਟੋ ਦੇ ਖਿਲਾਫ ਟਰੰਪ ਦੀਆਂ ਹਮਲਾਵਰ ਟਿੱਪਣੀਆਂ ਦੇ ਬਾਅਦ ਸੰਯੁਕਤ ਰਾਜ ਅਤੇ ਅਟਲਾਂਟਿਕ ਕਾਲੋਨੀਆਂ ਦੇ ਵਿੱਚ ਅਸਹਿਯੋਗ ਵਧ ਰਿਹਾ ਹੈ। ਰੂਸ ਇਸ ਸਥਿਤੀ ‘ਤੇ ਵੀ ਨਜ਼ਰ ਰੱਖ ਰਿਹਾ ਹੈ। ਉਹ ਲੰਬੇ ਸਮੇਂ ਤੋਂ ਚੀਨ ਨਾਲ ਕੂਟਨੀਤਿਕ ਅਤੇ ਊਰਜਾ ਭਾਈਵਾਲ ਵਜੋਂ ਸੰਬੰਧ ਰੱਖਦਾ ਹੈ। ਭਾਰਤ ਅਤੇ ਤੁਰਕੀ ਵਰਗੇ ਦੇਸ਼ਾਂ ਨੂੰ ਰੂਸ ਤੋਂ ਹਥਿਆਰ ਖਰੀਦਣ ਤੋਂ ਰੋਕਣ ਲਈ ਅਮਰੀਕਾ ਦੁਆਰਾ ਲਗਾਈਆਂ ਪਾਬੰਦੀਆਂ ਕਾਰਨ ਮਾਸਕੋ ਨਾਲ ਉਸ ਦੇ ਸੰਬੰਧ ਲਗਾਤਾਰ ਅਸਹਿਜ ਚੱਲ ਰਹੇ ਹਨ।

ਇਸਦੇ ਬਾਵਜੂਦ ਸੱਚ ਤਾਂ ਇਹੀ ਹੈ ਕਿ ਅਮਰੀਕਾ ਅਤੇ ਰੂਸ ਦੇ ਵਿਚਕਾਰ ਸੰਬੰਧ ਸੁਧਰਨ ਨਾਲ ਅੰਤਰਰਾਸ਼ਟਰੀ ਸ਼ਾਂਤੀ ਅਤੇ ਸਥਿਰਤਾ ‘ਤੇ ਸਕਾਰਾਤਮਕ ਪ੍ਰਭਾਵ ਪਵੇਗਾ। ਇਹ ਭਾਰਤ ਲਈ ਬਹੁਤ ਸਾਰੇ ਪੱਖਾਂ ਤੋਂ ਵੀ ਲਾਭਦਾਇਕ ਹੈ। ਲੰਬੇ ਸਮੇਂ ਤੋਂ ਰੂਸ-ਅਮਰੀਕੀ ਤਣਾਅ ਕਾਰਨ ਭਾਰਤ ਆਰਥਿਕ ਨੁਕਸਾਨ ਦਾ ਸਾਹਮਣਾ ਕਰ ਰਿਹਾ ਹੈ। ਇਨ੍ਹਾਂ ਦੋਹਾਂ ਸ਼ਕਤੀਆਂ ਦੇ ਵਿਚਕਾਰ ਸ਼ੀਤ ਯੁੱਧ ਦੇ ਦੌਰਾਨ ਭਾਰਤ ਨੇ ਕਿਸੇ ਵੀ ਧਿਰ ਨਾਲ ਖੜੇ ਹੋਣ ਦੀ ਬਜਾਏ ਨਿਰਪੇਖ ਰਹਿਣਾ ਸਵੀਕਾਰ ਕਰ ਲਿਆ। ਅੱਜ ਵੀ ਉਹ ਇਨ੍ਹਾਂ ਵਿੱਚੋਂ ਕਿਸੇ ਨਾਲ ਵੀ ਤਣਾਅ ਨਹੀਂ ਚਾਹੁੰਦਾ। ਅਮਰੀਕਾ ਭਾਰਤ ਨੂੰ ਹਥਿਆਰ ਵੇਚਣਾ ਚਾਹੁੰਦਾ ਹੈ ਪਰ ਅਜਿਹਾ ਕਰਨ ਲਈ ਉਹ ਇਹ ਸ਼ਰਤ ਰੱਖਦਾ ਹੈ ਕਿ ਭਾਰਤ ਰੂਸ ਤੋਂ ਹਥਿਆਰ ਨਹੀਂ ਖਰੀਦੇਗਾ। ਇਸ ਦੇ ਬਾਵਜੂਦ, ਭਾਰਤ ਰੂਸ ਤੋਂ ਐਸ 400 ਦੀ ਮਿਜ਼ਾਈਲਾਂ ਖਰੀਦ ਰਿਹਾ ਹੈ। ਇਸ ਦਾ ਸਿੱਧਾ ਪ੍ਰਭਾਵ ਭਾਰਤ-ਅਮਰੀਕਾ ਸੰਬੰਧਾਂ ‘ਤੇ ਪੈਂਦਾ ਹੈ। ਇਸੇ ਕਰਕੇ ਵਾਸ਼ਿੰਗਟਨ ਅਤੇ ਮਾਸਕੋ ਵਿਚਾਲੇ ਬਿਹਤਰ ਸੰਬੰਧਾਂ ਲਈ ਭਾਰਤ ਸਮਰਥਨ ਦੇ ਰਿਹਾ ਹੈ।

ਸਕ੍ਰਿਪਟ: ਪ੍ਰੋ. ਚਿੰਤਾਮਣੀ ਮਹਾਪਾਤਰਾ

ਅਨੁਵਾਦਕ: ਨਿਤੇਸ਼