ਦੋਹਾ ‘ਚ ਅੰਦਰੂਨੀ-ਅਫ਼ਗਾਨ ਗੱਲਬਾਤ  ਦੀ ਦੋ ਦਿਨਾਂ ਬੈਠਕ ਹੋਈ ਮੁਕੰਮਲ

ਹਾਲ ‘ਚ ਹੀ ਅਫ਼ਗਾਨ ਦੇ ਦੋਹਾ ਵਿਖੇ ਅਫ਼ਗਾਨ ਸੰਮੇਲਨ ਮੁਕੰਮਲ ਹੋਇਆ ਹੈ । ਇਸ ਸੰਮੇਲਨ ਦੌਰਾਨ ਜੰਗੀ ਧਿਰਾਂ ਨੂੰ ਇੱਕਠਾ ਕਰਕੇ ਗੱਲਬਾਤ ਕੀਤੀ ਗਈ ਹੈ ਤਾਂ ਜੋ ਜੰਗ ਪ੍ਰਭਾਵਿਤ ਮੁਲਕ ‘ਚ ਸ਼ਾਂਤੀ ਅਤੇ ਸਥਿਰਤਾ ਕਾਇਮ ਕੀਤੀ ਜਾ ਸਕੇ।ਵੈਸੇ ਤਾਂ ਇਹ ਕਹਿਣਾ ਬਹੁਤ ਜਲਦੀ ਹੋਵੇਗਾ ਕਿ ਇਸ ਅੰਦਰੂਨੀ ਗੱਲਬਾਤ ਨਾਲ ਇਕ ਉਮੀਦ ਦੀ ਕਿਰਨ ਉਜਾਗਰ ਹੋਈ ਹੈ ਪਰ ਫਿਰ ਵੀ ਆਸ ਬਰਕਰਾਰ ਹੈ।ਕਤਰ ‘ਚ ਦੋ ਦਿਨਾਂ ਤੱਕ ਚੱਲ ਇਸ ਬੈਠਕ ‘ਚ ਅਫ਼ਗਾਨੀ ਸਿਆਸਤਦਾਨਾਂ ਅਤੇ ਤਾਲਿਬਾਨ ਦੇ ਨੁਮਾਇੰਦਿਆਂ ਵਿਚਾਲੇ ਗੱਲਬਾਤ ਹੋਈ ਅਤੇ ਇਸ ਨੂੰ ਅੰਦਰੂਨੀ-ਅਫ਼ਗਾਨ ਗੱਲਬਾਤ ਦਾ ਨਾਂਅ ਦਿੱਤਾ ਗਿਆ।ਇਸ ਵਾਰਤਾ ਨੇ ਦੇਸ਼ ‘ਚ ਸ਼ਾਂਤੀ ਬਹਾਲ ਕਰਨ ਦੀ ਉਮੀਦ ਨੂੰ ਵਧਾ ਦਿੱਤਾ ਹੈ ਕਿਉਂਕਿ ਲਗਭਗ 18 ਸਾਲ ਤੋਂ ਚੱਲ ਰਹੀ ਜੰਗ ਨੂੰ ਠੱਲ ਪਾਉਣ ਲਈ ਇਕ ਖਾਕਾ ਤਿਆਰ ਕਰਨ ਨੂੰ ਸਹਿਮਤੀ ਦਿੱਤੀ ਗਈ ਹੈ।
ਦੋਹਾ ਵਿਖੇ ਇਸ ਆਪਸੀ ਸੰਵਾਦ ਦੇ ਖ਼ਤਮ ਹੋਣ ਤੋਂ ਬਾਅਦ ਇਕ ਸਾਂਝਾ ਬਿਆਨ ਜਾਰੀ ਕੀਤਾ ਗਿਆ , ਜਿਸ ‘ਚ ਕਿਹਾ ਗਿਆ ਹੈ ਕਿ ਦੇਸ਼ ਦੇ ਲੋਕਾਂ ਦੀ ਸੁਰੱਖਿਆ ਅਤੇ ਮਾਣ-ਸਨਮਾਨ ਨੂੰ ਕਾਇਮ ਰੱਖਿਆ ਜਾਵੇਗਾ ਅਤੇ ਆਮ ਨਾਗਰਿਕਾਂ ਦੇ ਜਾਨੀ ਨੁਕਸਾਨ ਨੂੰ ਸਿਫ਼ਰ ਕੀਤਾ ਜਾਵੇਗਾ॥
ਦੱਸਣਯੋਗ ਹੈ ਕਿ ਇਸ ਸੰਵਾਦ ‘ਚ ਲਗਭਗ 70 ਸਿਆਸਤਦਾਨਾਂ, ਸਿਵਲ ਸਮਾਜ ਦੇ ਕਾਰਕੁੰਨਾ ਅਤੇ ਮਹਿਲਾ ਪ੍ਰਤੀਨਿਧੀਆਂ ਨੇ ਤਾਲਿਬਾਨ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ। ਇਸ ਸੰਵਾਦ ਨੂੰ ਜਰਮਨੀ ਅਤੇ ਕਤਰ ਵੱਲੋਂ ਸਹਿ-ਆਯੋਜਿਤ ਕੀਤਾ ਗਿਆ ਸੀ।
ਤਾਲਿਬਾਨੀਆਂ ਨੇ ਹੁਣ ਤੱਕ ਸਿੱਧੇ ਤੌਰ ‘ਤੇ ਕਾਬੁਲ ਨਾਲ ਗੱਲਬਾਤ ਕਰਨ ਤੋਂ ਮਨਾਹੀ ਹੀ ਕੀਤੀ ਹੈ ਅਤੇ ਅਸ਼ਰਫ ਗਨੀ ਸਰਕਾਰ ਨੂੰ ਇਸ ਗੱਲਬਾਤ ਤੋਂ ਬਾਹਰ ਹੀ ਰੱਖਿਆ ਗਿਆ ਹੈ। ਤਾਲਿਬਾਨ ਇਸ ਸ਼ਾਂਤੀ ਸੰਵਾਦ ‘ਚ ਸਰਕਾਰ ਨਾਲ ਵਾਰਤਾ ਨਹੀਂ ਕਰਨਾ ਚਾਹੁੰਦਾ ਹੈ।
ਇਸ ਦੇ ਨਾਲ ਹੀ ਸਮਝ ਜਾਣਾ ਚਾਹੀਦਾ ਹੈ ਕਿ ਸ਼ਾਂਤੀ ਪ੍ਰਕ੍ਰਿਆ ਨੂੰ ਬਹਾਲ ਕਰਨ ਦੀ ਗਤੀ ਸਿਆਸਤ ਦਾ ਸ਼ਿਕਾਰ ਹੋ ਰਹੀ ਹੈ ।ਅਮਰੀਕਾ ਅਫ਼ਗਾਨ ‘ਚੋਂ ਆਪਣੇ ਸੈਨਿਕਾ ਨੂੰ ਬਾਹਰ ਕਰਨ ਲਈ ਉਤਾਵਲਾ ਹੋਇਆ ਪਿਆ ਹੈ।ਵਾਸ਼ਿਗੰਟਨ ਇਸ ਪ੍ਰਕ੍ਰਿਆ ਨੂੰ ਤੇਜ਼ ਕਰਨ ਲਈ ਤਿਆਰ ਹੈ, ਪਰ ਜੇਕਰ ਤਾਲਿਬਾਨ ਉਸ ਨੂੰ ਅਗਾਂਹ ਰਹਿਣ ਦੀ ਇਜਾਜ਼ਤ ਦੇ ਦੇਵੇ।ਪਿਛਲੇ ਸਾਲ ਸਤੰਬਰ ਮਹੀਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਅਫ਼ਗਾਨਿਸਤਾਨ ਸੰਵਾਦ ਲਈ ਜ਼ਲਮੇ ਖਲੀਜ਼ਾਦ ਨੂੰ ਵਿਸ਼ੇਸ਼ ਸਫੀਰ ਵੱਜੋਂ ਨਿਯੁਕਤ ਕੀਤਾ। ਖਲੀਲਜ਼ਾਦ ਵੱਲੋਂ ਹੁਣ ਤੱਕ ਤਾਲਿਬਾਨ ਅਧਿਕਾਰੀਆਂ ਨਾਲ ਦੋਹਾ ਵਿਖੇ  ਸੱਤ ਵਾਰ ਗੱਲਬਾਤ ਕੀਤੀ ਜਾ ਚੁੱਕੀ ਹੈ।ਇੰਨ੍ਹਾਂ ਵਾਰਤਾਵਾਂ ‘ਚ ਚਾਰ ਪ੍ਰਮੁੱਖ ਕਾਰਕਾਂ ਨੂੰ ਕੇਂਦਰਿਤ ਕੀਤਾ ਗਿਆ ਹੈ, ਜਿਸ ‘ਚ ਅਮਰੀਕੀ ਸੈਨਿਕਾਂ ਦੀ ਵਾਪਸੀ, ਅੱਤਵਾਦ ਵਿਰੋਧੀ ਕਾਰਵਾਈ ਦਾ ਭਰੋਸਾ, ਅੰਦਰੂਨੀ ਅਫ਼ਗਾਨ ਗੱਲਬਾਤ ਅਤੇ ਜੰਗਬੰਦੀ ਇਕਰਾਰਨਾਮਾ ਸ਼ਾਮਲ ਹੈ।
ਭਾਵੇਂ ਕਿ ਖਲੀਲਜ਼ਾਦ ਨੇ ਕਿਹਾ ਕਿ ਕਾਬੁਲ ਨਾਲ ਸ਼ਾਂਤੀ ਇਕ ਝੂਠ ਹੈ, ਜੋ ਕਿ ਪੂਰੀ ਤਰ੍ਹਾਂ ਨਾਲ ਸੱਚਾਈ ਨਹੀਂ ਹੈ।ਸਾਬਕਾ ਅਫ਼ਗਾਨ ਖੁਫ਼ੀਆ ਏਜੰਸੀ ਦੇ ਮੁੱਖੀ ਅਮਰੁੱਲ੍ਹਾ ਸਲੇਹ ਨੇ ਕਿਹਾ ਕਿ ਸ਼ਾਂਤੀ ਵਾਰਤਾ ‘ਤੇ ਪਾਕਿਸਤਾਨ ਦੀ ਪਰਛਾਈ ਸਭ ਤੋਂ ਵੱਡੀ ਸਮੱਸਿਆ ਹੈ।ਕਾਬੁਲ ‘ਚ ਸ਼ਾਂਤੀ ਸਥਾਪਿਤ ਕਰਨ ਦੀ ਇੱਛਾ ਹਮੇਸ਼ਾਂ ਤੋਂ ਦ੍ਰਿੜ ਰਹੀ ਹੈ, ਪਰ ਹਰ ਵਾਰ ਸ਼ਾਂਤੀ ਪ੍ਰਕ੍ਰਿਆ ਨੂੰ ਰਾਵਲਪਿੰਡੀ ਤੋਂ ਕੰਟਰੋਲ ਕੀਤਾ ਜਾਂਦਾ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਅਮਰੀਕਾ ਵੱਲੋਂ ਲਾਚਾਰੀ ਅਧੀਨ ਹੋ ਕੇ ਇਕ ਸਾਲ ਦੇ ਅੰਦਰ ਆਪਣੇ ਸੈਨਿਕਾਂ ਨੂੰ ਵਾਪਿਸ ਲੈਣ ਦੇ ਫ਼ੈਸਲੇ ਨਾਲ ਤਾਲਿਬਾਨ ਨੂੰ ਹੋਰ ਹੁਲਾਰਾ ਮਿਲ ਜਾਵੇਗਾ ਕਿ ਉਸ ਦੀਆਂ ਸ਼ਰਤਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ।ਅਸਲ ‘ਚ ਪਾਕਿਸਤਾਨ ਵੱਲੋਂ ਆਪਣੇ ਰਣਨੀਤਕ ਹਿੱਤਾਂ ਦੀ ਪੂਰਤੀ ਲਈ ਤਾਲਿਬਾਨ ਦਾ ਸਹਾਰਾ ਲਿਆ ਜਾ ਰਿਹਾ ਹੈ।ਨਸਲੀ ਤੌਰ ‘ਤੇ ਸਾਰੇ ਤਾਲਿਬਾਨੀ ਪਸਤੂਨੀ ਨਹੀਂ ਹਨ, ਇੰਨ੍ਹਾਂ ‘ਚੋਂ ਕਈ ਪਾਕਿਸਤਾਨੀ ਹਨ।ਵਾਸ਼ਿਗੰਟਨ ਨੂੰ ਲੱਗਦਾ ਹੈ ਕਿ 1 ਸਤੰਬਰ ਤੱਕ ਇਸ ਸਬੰਧੀ ਖਾਕਾ ਤਿਆਰ ਕੀਤਾ ਜਾ ਸਕਦਾ ਹੈ, ਜਿਸ ਦੇ ਤਹਿਤ ਅਮਰੀਕੀ ਅਤੇ ਨਾਟੋ ਸੈਨਿਕਾਂ ਨੂੰ ਵਾਪਿਸ ਬੁਲਾ ਲਿਆ ਜਾਵੇਗਾ।
ਇਸੇ ਸਮੇਂ ਦੌਰਾਨ ਕ੍ਰਾਂਤੀ ਸਬੰਧੀ ਇਕ ਲੇਖ ਪ੍ਰਸਤਾਵਿਤ ਕੀਤਾ ਗਿਆ ਹੈ ਜਿਸ ‘ਚ ਤਾਲਿਬਾਨ ਵੱਲੋਂ ਸੁਰੱਖਿਆ ਬਲਾਂ ਅਤੇ ਨਾਗਰਿਕਾਂ ਵਿਰੁੱਧ 18 ਸਾਲ ਤੋਂ ਚੱਲ ਰਹੀ ਜੰਗ ਨੂੰ ‘ਜੇਹਾਦ’ ਦਾ ਨਾਂਅ ਦਿੱਤਾ ਗਿਆ ਹੈ।ਦੱਸਣਯੋਗ ਹੈ ਕਿ 1989 ‘ਚ ਸੋਵਿਅਤ ਸੰਘ ਵੱਲੋਂ ਸੈਨਿਕ ਵਾਪਿਸ ਲੈਣ ਤੋਂ ਬਾਅਦ ਹੀ ਜੇਹਾਦ ਖ਼ਤਮ ਹੋ ਗਿਆ ਸੀ। ਇਸ ਲਈ ਸੰਸਦ ਮੈਂਬਰਾਂ ਦੀ ਦਲੀਲ ਹੈ ਕਿ ਉਸ ਤੋਂ ਬਾਅਦ ਕੋਈ ਵੀ ਜੰਗ ਜੇਹਾਦ ਨਹੀਂ ਹੈ।ਇਸ ਪੂਰੀ ਸਥਿਤੀ ਤੋਂ ਇਹੀ ਲੱਗਦਾ ਹੈ ਕਿ ਸ਼ਾਂਤੀ ਪ੍ਰਕ੍ਰਿਆ ਨੂੰ ਸਿਰੇ ਚਾੜ੍ਹਣ ‘ਚ ਬਹੁਤ ਮੁਸ਼ਕਲਾਂ ਆ ਰਹੀਆਂ ਹਨ।ਪਰ ਅਜਿਹੇ ਮੌਕੇ ਹੋਈ ਵਾਰਤਾ ਬੈਠਕ ਇਸ ਗੱਲ ਦਾ ਸੰਕੇਤ ਹੈ ਕਿ ਜੰਗੀ ਧਿਰਾਂ ‘ਚ ਨਰਮੀ ਦਾ ਆਲਮ ਵੱਧ ਰਿਹਾ ਹੈ ਅਤੇ ਸਾਰੇ ਤਰਕਾਂ ਨੂੰ ਧਿਆਨ ‘ਚ ਰੱਖਿਆ ਜਾ ਰਿਹਾ ਹੈ।ਉਮੀਦ ਹੈ ਕਿ ਅਫ਼ਗਾਨਿਸਤਾਨ ‘ਚ ਸ਼ਾਂਤੀ ਅਤੇ ਸਥਿਰਤਾ ਦੀ ਮੁੜ ਬਹਾਲੀ ਜਲਦੀ ਹੋਵੇਗੀ।
ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਾਈ ਨੇ ਵੀ ਇਸ ਸ਼ਾਂਤੀ ਬੈਠਕ ਦੇ ਸਕਾਰਾਤਮਕ ਨਤੀਜਆਂ ਦਾ ਸਵਾਗਤ ਕੀਤਾ ਹੈ।ਅਫ਼ਗਾਨੀਸਤਾਨ ‘ਚ  ਸ਼ਾਂਤੀ ਤਾਂ ਹੀ ਸਥਾਪਿਤ ਹੋ ਸਕਦੀ ਹੈ ਜੇਕਰ ਅਫ਼ਗਾਨ ਇਸ ਵਾਰਤਾ ਰਾਹੀਂ ਦੇਸ਼ ਦਾ ਭਵਿੱਖ ਤੈਅ ਕਰੇਗਾ।
ਪਿਛਲੇ ਸਾਲ ਸ਼ੰਘਾਈ ਸਹਿਕਾਰਤਾ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਸ.ਸੀ.ਓ. ਖੇਤਰ ‘ਚ ਸ਼ਾਂਤੀ , ਸਥਿਰਤਾ ਅਤੇ ਸੁਰੱਖਿਆ ਨੂੰ ਕਾਇਮ ਰੱਖਣ ਲਈ ਸੰਯੁਕਤ, ਸ਼ਾਂਤੀਪੂਰਨ, ਸੁਰੱਖਿਅਤ ਅਤੇ ਖੁਸ਼ਹਾਲ ਅਫ਼ਗਾਨਿਸਤਾਨ ਦੀ ਕਾਮਨਾ ਕੀਤੀ।
ਤ੍ਰਾਸਦੀ ਇਹ ਹੈ ਕਿ ਅਫ਼ਗਾਨ ਸ਼ੁਰੂ ਤੋਂ ਹੀ ਵੱਡੀਆਂ ਤਾਕਤਾਂ ਦੇ ਹੱਥ ਦੀ ਕਠਪੁਤਲੀ ਬਣਿਆ ਰਿਹਾ ਹੈ।ਹਰ ਕਿਸੇ ਨੇ ਆਪਣੇ ਹਿੱਤਾਂ ਲਈ ਇਸ ਦਾ ਪ੍ਰਯੋਗ ਕੀਤਾ ਹੈ।ਹੁਣਜ਼ਰੂਰਤ ਹੈ ਕਿ ਕਾਬੁਲ ਆਪਣੇ ਹੱਕਾਂ ਅਤੇ ਹਿੱਤਾਂ ਲਈ ਆਵਾਜ਼ ਬੁਲੰਦ ਕਰੇ।
ਅਫ਼ਗਾਨਿਸਤਾਨ ਦੀ ਸਥਿਤੀ ‘ਤੇ ਨਜ਼ਰ ਰੱਖ ਰਹੇ ਨਿਗਰਾਨਾਂ ਦੇ ਇਕ ਵਰਗ ਨੇ ਚੇਤਾਵਨੀ ਦਿੱਤੀ ਹੈ ਕਿ ਸ਼ਾਂਤੀ ਪ੍ਰਕ੍ਰਿਆ ‘ਚ ਆ ਰਹੀ ਢਿੱਲ ਮੱਠ ਦੇ ਪਾਕਿਸਤਾਨ ਨੂੰ ਫ਼ਾਇਦਾ ਪਹੁੰਚ ਸਕਦਾ ਹੈ।ਇਸ ਦੇ ਨਾਲ ਹੀ ਕਾਬੁਲ ‘ਚ ਤਾਲਿਬਾਨ ਨਿਜ਼ਾਮ, ਭਾਰਤ ਸਮੇਤ ਖੇਤਰ ‘ਚ ਜੇਹਾਦ ਦਾ ਵਿਸਥਾਰ ਅਤੇ ਚੀਨ ਦੇ ਖੇਤਰੀ ਉਦੇਸ਼ਾਂ ਦੀ ਸਹੂਲਤ ਨੂੰ ਵੀ ਹੁਲਾਰਾ ਮਿਲੇਗਾ।ਇਸ ਲਈ ਇਸ ਸ਼ਾਂਤੀ ਪ੍ਰਕ੍ਰਿਆ ਪ੍ਰਤੀ ਗੰਭੀਰ ਹੋਣ ਦੀ ਜ਼ਰੂਰਤ ਹੀ ਸਮੇਂ ਦੀ ਅਸਲ ਮੰਗ ਹੈ।
ਲੇਖਨ: ਸੁਨੀਲ ਗਡੇ