ਭਾਰਤ-ਸੰਯੁਕਤ ਅਰਬ ਅਮੀਰਾਤ ਸਬੰਧ ਉੱਚਾਈਆਂ ‘ਤੇ

ਸੰਯੁਕਤ ਅਰਬ ਅਮੀਰਾਤ ਦੇ ਵਿਦੇਸ਼ ਮੰਤਰੀ ਵੱਲੋਂ ਪਿਛਲੇ ਪੰਜ ਸਾਲਾਂ ‘ਚ ਲਗਾਤਾਰ ਭਾਰਤ ਦੇ ਪੰਜ ਦੌਰੇ ਕੀਤੇ ਗਏ ਹਨ, ਜਿਸ ਤੋਂ ਦੋਵਾਂ ਮੁਲਕਾਂ ਵਿਚਾਲੇ ਰਿਸ਼ਤਿਆਂ ਦੀ ਸਥਿਤੀ ਦਾ ਪਤਾ ਚੱਲਦਾ ਹੈ ਅਤੇ ਦੋਵੇਂ ਹੀ ਦੇਸ਼ ਇਸ ਸਬੰਧ ਦਾ ਆਨੰਦ ਮਾਣ ਰਹੇ ਹਨ।ਅਮੀਰਾਤ ਦੇ ਵਿਦੇਸ਼ ਮਾਮਲਿਆਂ ਅਤੇ ਅੰਤਰਰਾਸ਼ਟਰੀ ਸਹਿਯੋਗ ਮੰਤਰੀ ਅਬਦੁਲਾ ਬਿਨ ਜ਼ਾਇਦ ਅਲ ਨਾਹਿਆਨ ਵੱਲੋਂ 7-9 ਜੁਲਾਈ ਦੌਰਾਨ ਤਿੰਨ ਦਿਨਾਂ ਭਾਰਤ ਦਾ ਦੌਰਾ ਕੀਤਾ ਗਿਆ।ਪਿਛਲੇ ਪੰਜ ਸਾਲਾਂ ‘ਚ ਇਹ ਉਨ੍ਹਾਂ ਦੀ ਪੰਜਵੀ ਫੇਰੀ ਰਹੀ, ਜਿਸ ਤੋਂ ਸਾਫ਼ ਹੁੰਦਾ ਹੈ ਕਿ ਦੋਵਾਂ ਮੁਲਕਾਂ ਦਰਮਿਆਨ ਦੁਵੱਲੇ ਸਬੰਧ ਮਜ਼ਬੂਤ ਹੋ ਰਹੇ ਹਨ।ਇਤਿਹਾਸਿਕ , ਸੱਭਿਆਚਾਰਕ ਅਤੇ ਸਿਆਸੀ ਸਬੰਧਾਂ ਨੂੰ ਵੀ ਨਵੀਆਂ ਉੱਚਾਈਆਂ ਵੱਲ ਤੋਰਿਆ ਜਾ ਰਿਹਾ ਹੈ।
ਦੱਸਣਯੋਗ ਹੈ ਇਹ ਸਿਲਸਿਲਾ ਉਸ ਸਮੇਂ ਸ਼ੁਰੂ ਹੋਇਆ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੀ ਪਹਿਲੇ ਕਾਰਜਕਾਰ ਦੌਰਾਨ ਸਾਲ 2015 ‘ਚ ਅਮੀਰਾਤ ਦਾ ਦੌਰਾ ਕੀਤਾ ਸੀ।ਜ਼ਿਕਰੇਖਾਸ ਹੈ ਕਿ 34 ਸਾਲਾਂ ‘ਚ ਕਿਸੇ ਭਾਰਤੀ ਪ੍ਰਦਾਨ ਮੰਤਰੀ ਵੱਲੋਂ ਖਾੜੀ ਮੁਲਕ ਦੀ ਇਹ ਪਹਿਲੀ ਯਾਤਰਾ ਸੀ।ਇਸ ਫੇਰੀ ਦੌਰਾਨ ਹੀ ਦੋਵੇਂ ਮੁਲਕ ਰਣਨੀਤਕ ਸਾਂਝੇਦਾਰੀ ‘ਚ ਸ਼ਾਮਲ ਹੋਏ।ਭਾਰਤ ਦੇ ਰਣਨੀਤਕ ਪੈਟਰਲੀਅਮ ਰਿਸਰਵ ਪ੍ਰੋਗਰਾਮ ‘ਚ ਸ਼ਮੂਲੀਅਤ ਕਰਨ ਵਾਲਾ ਸੰਯੁਕਤ ਅਰਬ ਅਮੀਰਾਤ ਪਹਿਲਾ ਮੁਲਕ ਰਿਹਾ।

ਅਮੀਰਾਤੀ ਵਿਦੇਸ਼ ਮੰਤਰੀ ਜੋ ਕਿ ਹੁਣ ਅੰਤਰਰਾਸ਼ਟਰੀ ਸਹਿਯੋਗ ਮੰਤਰੀ ਦਾ ਅਹੁਦਾ ਵੀ ਸੰਭਾਲ ਰਹੇ ਹਨ, ਵੱਲੋਂ ਕੀਤਾ ਗਿਆ ਇਹ ਤਾਜ਼ਾ ਦੌਰਾ ਮੌਜੂਦਾ ਸਬੰਧਾਂ ਨੂੰ ਵੱਖਰਾ ਰੰਗ ਪ੍ਰਦਾਨ ਕਰੇਗਾ।ਉਨ੍ਹਾਂ ਨਾਲ ਇਕ ਉੱਚ ਪੱਧਰੀ ਵਪਾਰਕ ਵਫ਼ਦ ਵੀ ਦੌਰੇ ‘ਤੇ ਰਿਹਾ, ਜੋ ਕਿ ਉਨ੍ਹਾਂ ਦੇ ਵੱਧਦੇ ਆਰਥਿਕ ਸਬੰਧਾਂ ਦੀ ਸਥਿਤੀ ਨੂੰ ਬਿਆਨ ਕਰਦਾ ਹੈ।ਭਾਰਤ ਮੌਜੂਦਾ ਸਮੇਂ ‘ਚ ਸੰਯੁਕਤ ਅਰਬ ਅਮੀਰਾਤ ਦਾ ਤੀਜਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਮੁਲਕ ਹੈ ਅਤੇ ਨਾਲ ਹੀ ਜੀ.ਸੀ.ਸੀ. ਮੁਲਕਾਂ ਤੋਂ ਊਰਜਾ ਆਯਾਤ ਕਰਨ ਵਾਲਾ ਚੌਥਾ ਸਭ ਤੋਂ ਵੱਡਾ ਆਯਾਤਕ ਮੁਲਕ ਹੈ।ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਅਮੀਰਾਤ ‘ਚ ਵੱਡੀ ਮਾਤਰਾ ‘ਚ ਭਾਰਤੀ ਭਾਈਚਾਰੇ ਦੇ ਲੋਕ ਵਾਸ ਕਰਦੇ ਹਨ।ਜਿੰਨ੍ਹਾਂ ਦੀ ਗਿਣਤੀ 3.3 ਮਿਲੀਅਨ ਹੈ ਅਤੇ ਇਹ ਅਮੀਰਾਤ ਦੇ ਵਿਕਾਸ ‘ਚ ਅਹਿਮ ਭੂਮਿਕਾ ਨਿਭਾ ਰਹੇ ਹਨ।

ਵਿਦੇਸ਼ ਮੰਤਰੀ ਨਾਹਿਆਨ ਨੇ ਭਾਰਤੀ ਹਮਅਹੁਦਾ ਡਾ. ਜੈਸ਼ੰਕਰ ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਆਗੂਆਂ ਨੇ ਵਪਾਰ ਅਤੇ ਨਿਵੇਸ਼, ਰੱਖਿਆ ਅਤੇ ਸੁਰੱਖਿਆ, ਊਰਜਾ ਸੁਰੱਖਿਆ ਅਤੇ ਅੱਤਵਾਦ ਵਿਰੋਧੀ ਕਾਰਵਾਈ ਨਾਲ ਸੰਬੰਧਿਤ ਦੁਵੱਲੇ ਮੁੱਦਿਆਂ ਨੂੰ ਵਿਚਾਰਿਆ।ਅਮੀਰਾਤੀ ਵਿਦੇਸ਼ ਮੰਤਰੀ ਨੇ ਸੀਰੀਆ, ਲੇਬਨਾਨ ਅਤੇ ਯਮਨ ‘ਚ ਸਿਆਸੀ ਸਥਿਤੀ ਬਾਰੇ ਡਾ. ਜੈਸ਼ੰਕਰ ਨੂੰ ਜਾਣੂ ਕਰਵਾਇਆ।ਇਸ ਦੇ ਨਾਲ ਹੀ ਦੋਵਾਂ ਆਗੂਆਂ ਨੇ ਮੌਜੂਦਾ ਵਿਸ਼ਵ ਰਾਜਨੀਤਕ ਅਤੇ ਰਣਨੀਤਕ ਸਥਿਤੀ ‘ਤੇ ਵੀ ਚਰਚਾ ਕੀਤੀ।ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਦੇ ਦੁਵੱਲੇ ਸਬੰਧਾਂ ਲਈ ਆਲਮੀ ਬੁਰਾਈ ਅੱਤਵਾਦ ਨਾਲ ਨਜਿੱਠਣਾ ਇਕ ਵੱਡਾ ਖ਼ਤਰਾ ਹੈ, ਜਿਸ ਕਰਕੇ ਦੋਵਾਂ ਮੁਲਕਾਂ ਨੇ ਦਹਿਸ਼ਤਗਰਦੀ ਦੇ ਸਾਰੇ ਰੂਪਾਂ ਨੂੰ ਜੜ੍ਹੋਂ ਖ਼ਤਮ ਕਰਨ ਦੀ ਵਚਨਬੱਧਤਾ ਪੇਸ਼ ਕੀਤੀ।

ਸ੍ਰੀ ਨਾਹਿਆਨ ਨੇ ਪੀਐਮ ਮੋਦੀ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਦੂਜੀ ਵਾਰ ਸੱਤਾ ‘ਚ ਆਉਣ ‘ਤੇ ਵਧਾਈ ਵੀ ਪੇਸ਼ ਕੀਤੀ।ਦੋਵਾਂ ਆਗੂਆਂ ਨੇ ਦੁਵੱਲੇ ਸਬੰਧਾਂ ਨੂੰ ਨਵੀਆਂ ਉੱਚਾਈਆਂ ‘ਤੇ ਲਿਜਾਣ ਦੀ ਆਪਣੀ ਪ੍ਰਤੀਬੱਧਤਾ ਨੂੰ ਮੁੜ ਦੁਹਰਾਇਆ।ਇਸ ਬੈਠਕ ਦੌਰਾਨ ਆਪਸੀ ਸਹਿਯੋਗ ਅਤੇ ਵੱਖੋ-ਵੱਖ ਖੇਤਰਾਂ ‘ਚ ਆਪਸੀ ਤਾਲਮੇਲ ਨਾਲ ਅੱਗੇ ਵੱਧਣ ਦੀ ਸਥਿਤੀ ਨੂੰ ਵਿਚਾਰਿਆ।

ਦੱਸਣਯੋਗ ਹੈ ਕਿ ਅਮੀਰਾਤੀ ਵਿਦੇਸ਼ ਮੰਤਰੀ ਨੇ 2018 ਜੂਨ ‘ਚ ਪੀਐਮ ਮੋਦੀ ਨਾਲ ਮੁਲਾਕਾਤ ਕੀਤੀ ਸੀ, ਜਦੋਂ ਉਹ ਨਵੀਂ ਦਿੱਲੀ ‘ਚ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਵੱਲੋਂ ਆਯੋਜਿਤ ਇਕ ਸਾਂਝੀ ਵਰਕਸ਼ਾਪ ‘ਚ ਸ਼ਾਮਿਲ ਹੋਣ ਲਈ ਆਏ ਸਨ।ਇਸ ਤੋਂ ਪਹਿਲਾਂ ਉਨ੍ਹਾਂ ਨੇ 2016 ਅਤੇ 2017 ‘ਚ ਨਵੀਂ ਦਿੱਲੀ ਦਾ ਦੌਰਾ ਕੀਤਾ ਸੀ।

ਹਾਲ ਦੇ ਕੁੱਝ ਸਾਲਾਂ ‘ਚ ਦੋਵਾਂ ਮੁਲਕਾਂ ਵਿਚਲੇ ਦੁਵੱਲੇ ਸਬੰਧਾਂ ‘ਚ ਬਹੁਤ ਸੁਧਾਰ ਹੋਇਆ ਹੈ ਅਤੇ ਜਦੋਂ ਅਮੀਰਾਤ ‘ਚ ਇਸਲਾਮਿਕ ਸਹਿਕਾਰੀ ਸੰਗਠਨ ਵੱਲੋ ਭਾਰਤ ਨੂੰ ਮਾਰਚ 2019 ‘ਚ ਓ.ਆਈ.ਸੀ. ਦੀ ਵਿਦੇਸ਼ ਮੰਤਰੀਆਂ ਦੀ 46ਵੀਂ ਕੌਂਸਲ ਦੌਰਾਨ ‘ਗੈਸਟ ਆਫ਼ ਆਨਰ’ ਵੱਜੋਂ ਸੱਦਾ ਦਿੱਤਾ ਗਿਆ ਤਾਂ ਇੰਨ੍ਹਾਂ ਦੋਵਾਂ ਦੇਸ਼ਾਂ ਦੇ ਵਧੀਆ ਸਬੰਧ ਸਾਹਮਣੇ ਆਏ।

ਲਗਾਤਾਰ ਉੱਚ ਪੱਧਰੀ ਦੌਰਿਆਂ ਅਤੇ ਬੈਠਕਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਜਿੱਥੇ ਅਰਬ ਮੁਲਕਾਂ ਨਾਲ ਰੁਝੇਵਿਆਂ ਦਾ ਦੌਰ ਹੈ ਉੱਥੇ ਹੀ ਪੀਐਮ ਮੋਦੀ ਨੇ ਖਾੜੀ ਮੁਲਕਾਂ ਨਾਲ ਆਪਣੇ ਸਬੰਧਾਂ ਨੂੰ ਅੱਗੇ ਵਧਾਉਣ ਲਈ ਯਤਨ ਜਾਰੀ ਰੱਖੇ ਹਨ।ਭਾਰਤ ਆਪਣੇ ਗੁਆਂਢੀ ਮੁਲਕਾਂ ਨਾਲ ਵਧੀਆ ਨੀਤੀ ਅਪਣਾ ਰਿਹਾ ਹੈ ਅਤੇ ਖੇਤਰ ‘ਚ ਆਰਥਿਕ ਅਤੇ ਰਣਨੀਤਕ ਪੱਧਰ ‘ਤੇ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ।
ਅੰਤ ‘ਚ ਕਹਿ ਸਕਦੇ ਹਾਂ ਕਿ ਸੰਯੁਕਤ ਅਰਬ ਅਮੀਰਾਤ ਦੇ ਵਿਦੇਸ਼ ਮੰਤਰੀ ਵੱਲੋਂ ਕੀਤੀ ਗਈ ਇਹ ਫੇਰੀ ਇਸ ਗੱਲ ਦਾ ਸਬੂਤ ਹੈ ਕਿ ਪੀਐਮ ਮੋਦੀ ਦੇ ਪਹਿਲੇ ਕਾਰਜਕਾਲ ਦੌਰਾਨ ਜੋ ਦੋਵਾਂ ਮੁਲਕਾਂ ਦੇ ਸਬੰਧਾਂ ‘ਚ ਸੁਧਾਰ ਆਇਆ ਹੈ ਉਸ ਰਫ਼ਤਾਰ ਨੂੰ ਹੁਣ ਵੀ ਜਾਰੀ ਰੱਖਿਆ ਜਾ ਰਿਹਾ ਹੈ ਤਾਂ ਜੋ ਭਵਿੱਖ ‘ਚ ਦੋਵੇਂ ਦੇਸ਼ ਵਧੀਆ ਅਤੇ ਮਜ਼ਬੂਤ ਦੁਵੱਲੇ ਸਬੰਧਾਂ ਦਾ ਆਨੰਦ ਮਾਣ ਸਕਣ।

 

ਲੇਖਨ: ਡਾ. ਫਾਜ਼ੁਰ ਰਹਿਮਾਨ ਸਦਿੱਕੀ, ਪੱਛਮੀ ਏਸ਼ੀਆ ਦੇ ਰਣਨੀਤਕ ਵਿਸ਼ਲੇਸ਼ਕ