ਇਰਾਨ-ਅਮਰੀਕਾ ਅਪਵਾਦ ‘ਚ ਹੋ ਰਿਹਾ ਵਾਧਾ, ਕੂਟਨੀਤਕ ਢੰਗ ਨਾਲ ਸੁਲਝਾਉਣ ਦੀ ਜ਼ਰੂਰਤ

ਜਿਊਂ- ਜਿਉਂ ਸਮਾਂ ਬੀਤ ਰਿਹਾ ਹੈ ਅਮਰੀਕਾ ਅਤੇ ਇਰਾਨ ਵਿਚਾਲੇ ਦਾ ਸੰਘਰਸ਼ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ।ਜਿਸ ਕਰਕੇ ਕੌਮਾਂਤਰੀ ਭਾਈਚਾਰੇ ਨੂੰ ਇਸ ਤਣਾਅਪੂਰਨ ਸਥਿਤੀ ਵੱਲ ਆਪਣਾ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ।ਵੇਖਿਆ ਜਾਵੇ ਤਾਂ ਇਸ ਸੰਘਰਸ਼ ਦੀ ਸ਼ੁਰੂਆਤ 1979 ‘ਚ ਇਰਾਨ ਦੀ ਕ੍ਰਾਂਤੀ ਨਾਲ ਹੀ ਸ਼ੁਰੂ ਹੋ ਗਈ ਸੀ, ਜਿਸ ਨੇ ਕੇ ਹੁਣ ਆਪਣਾ ਪ੍ਰਚੰਡ ਰੂਪ ਧਾਰਨ ਕਰ ਲਿਆ ਹੈ।ਇਸ ਅਪਵਾਦ ‘ਚ ਵਾਧਾ ਉਸ ਸਮੇਂ ਹੋਇਆ ਜਦੋਂ ਹਾਲ ‘ਚ ਹੀ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਜੇ.ਸੀ.ਪੀ.ਓ.ਏ. ਤੋਂ ਵਾਸ਼ਿੰਗਟਨ ਨੂੰ ਪਛਾਂਹ ਕਰ ਲਿਆ।ਪਿਛਲੇ ਸਾਲ ਅਮਰੀਕਾ ਦੇ ਇਸ ਫ਼ੈਸਲੇ ਤੋਂ ਬਾਅਦ ਹੀ ਦੋਵਾਂ ਮੁਲਕਾਂ ਦਰਮਿਆਨ ਤਣਾਅ ਦੀ ਸਥਿਤੀ ਕਾਇਮ ਹੈ। ਅਮਰੀਕਾ ਵੱਲੋਂ ਇਰਾਨ ‘ਤੇ ਮੁੜ ਪਾਬੰਦੀਆਂ ਦਾ ਐਲਾਨ ਕਰ ਦਿੱਤਾ ਗਿਆ ਅਤੇ ਕੁੱਝ ਨਵੀਂ ਪਾਬੰਦੀਆਂ ਨੂੰ ਵੀ ਇਰਾਨ ‘ਤੇ ਥੋਪਿਆ ਗਿਆ, ਜਿਸ ‘ਚ ਇਰਾਨ ਕ੍ਰਾਂਤੀਕਾਰੀ ਗਾਰਡ ਕੋਰ ਅਤੇ ਇਰਾਨੀ ਸੁਪਰੀਮ ਆਗੂਆਂ ਨੂੰ ਨਿਸ਼ਾਨਾਂ ਬਣਾ ਕੇ ਪਾਬੰਦੀਆਂ ਅਮਲ ‘ਚ ਲਿਆਂਦੀਆਂ ਗਈਆਂ।

 
ਜੇ.ਸੀ.ਪੀ.ਓ.ਏ. ਤੋਂ ਅਮਰੀਕਾ ਦਾ ਵੱਖ ਹੋਣਾ ਦਰਅਸਲ ਰਾਸ਼ਟਰਪਤੀ ਟਰੰਪ ਦੀ ਚੋਣ ਮੁਹਿੰਮ ਤੋਂ ਹੀ ਉਨ੍ਹਾਂ ਨੂੰ ਇਹ ਸਮਝੌਤਾ ਖਟਕਦਾ ਸੀ। ਬਾਅਦ ‘ਚ ਬਤੌਰ ਰਾਸ਼ਟਰਪਤੀ ਅਹੁਦਾ ਸੰਭਾਲਣ ਤੋਂ ਬਾਅਦ ਰਾਸ਼ਟਰਪਤੀ ਟਰੰਪ ਨੇ ਇਰਾਨ ਦੀਆਂ ਖੇਤਰੀ ਗਤੀਵਿਧੀਆਂ ‘ਚ ਕਮੀ ਕਰਨ ਦੇ ਮਕਸਦ ਨਾਲ ਇਰਾਨ ਵਿਰੁੱਧ ਹਮਲਾਵਰ ਨੀਤੀ ਦੀ ਪਾਲਣਾ ਕੀਤੀ।ਅਜਿਹੀ ਸਥਿਤੀ ‘ਚ ਇਰਾਨ ‘ਤੇ ਦਬਾਅ ਬਣਾਇਆ ਗਿਆ ਕਿ ਉਹ ਅਮਰੀਕਾ ਨਾਲ ਇਕ ਨਵੇਂ ਪ੍ਰਮਾਣੂ ਸਮਝੌਤੇ ਨੂੰ ਅਮਲ ‘ਚ ਲਿਆਵੇ।ਸਿਆਸੀ ਅਤੇ ਆਰਥਿਕ ਪਾਬੰਦੀਆਂ ਤੋਂ ਇਲਾਵਾ ਅਮਰੀਕੀ ਨੀਤੀ ਤਹਿਤ ਖਾੜੀ ਖੇਤਰ ‘ਚ ਫੌਜੀ ਉਸਾਰੀ ਵੀ ਕੀਤੀ ਗਈ, ਜਿਸ ‘ਚ ਹਵਾਈ ਕੈਰੀਅਰ, ਬੀ52-ਬੰਬ ਅਤੇ ਵਾਧੂ 1000 ਅਮਰੀਕੀ ਸੈਨਿਕਾਂ ਦੀ ਤੈਨਾਤੀ ਸ਼ਾਮਲ ਹੈ।

ਅਮਰੀਕਾ ਵੱਲੋਂ ਕੀਤੀ ਗਈ ਇਸ ਕਾਰਵਾਈ ਦੇ ਬਦਲ ‘ਚ ਇਰਾਨ ਨੇ ਵੀ ਕੁੱਝ ਕਦਮ ਚੁੱਕੇ ਅਤੇ ਦੋਵਾਂ ਧਿਰਾਂ ਦਰਮਿਆਨ ਤਣਾਅ ਵੱਧ ਗਿਆ।ਅਮਰੀਕਾ ਵੱਲੋਂ ਪ੍ਰਮਾਣੂ ਇਕਰਾਰ ਤੋਂ ਪਿੱਛੇ ਹੱਟਣ ਤੋਂ ਬਾਅਦ ਵੀ ਇਰਾਨ ਵੱਲੋਂ ਆਪਣੀ ਵਚਨਬੱਧਤਾ ਅਨੁਸਾਰ ਸਾਰੇ ਨੇਮਾਂ ਨੂੰ ਨਿਭਾਇਆ ਜਾ ਰਿਹਾ ਹੈ ਅਤੇ ਇਸ ਸਮਝੌਤੇ ਦੇ ਯੂਰੋਪੀਅਨ ਸਾਂਝੇਦਾਰਾਂ ਦਾ ਕਹਿਣਾ ਹੈ ਕਿ ਇਰਾਨ ਇਸ ਸਮਝੌਤੇ ਨੂੰ ਪੂਰੀ ਤਰ੍ਹਾਂ ਨਾਲ ਨਿਭਾਏ ਤਾਂ ਜੋ ਜੇ.ਸੀ.ਪੀ.ਓ.ਏ. ਨੂੰ ਬਚਾਇਆ ਜਾ ਸਕੇ।

ਹਾਲ ਦੇ ਹੀ ਹਫ਼ਤਿਆਂ ‘ਚ ਖਾੜੀ ਖੇਤਰ ‘ਚ ਇਸ ਤਰ੍ਹਾਂ ਦੀਆਂ ਹੋਰ ਵੀ ਘਟਨਾਵਾਂ ਵਾਪਰੀਆਂ ਹਨ, ਜਿਸ ਕਾਰਨ ਇਰਾਨ ਅਤੇ ਅਮਰੀਕਾ ਵਿਚਲੇ ਸੰਘਰਸ਼ ‘ਚ ਬੱਲਦੀ ‘ਚ ਤੇਲ ਪਾਉਣ ਦਾ ਕੰਮ ਕੀਤਾ ਹੈ।ਮਿਸਾਲ ਦੇ ਤੌਰ ‘ਤੇ ਓਮਾਨ ਦੀ ਖਾੜੀ ‘ਚ ਤੇਲ ਟੈਂਕਰਾਂ ‘ਤੇ ਹਮਲਾ, ਫਾਰਸ ਦੀ ਖਾੜੀ ‘ਚ ਇਰਾਨ ਵੱਲੋਂ ਇਕ ਅਮਰੀਕੀ ਡਰੋਨ ਨੂੰ ਢੇਰੀ ਕਰਨਾ,ਜਿਬਰਾਲਟਰ ‘ਚ ਬ੍ਰਿਿਟਸ਼ ਫੌਜਾਂ ਵੱਲੋਂ ਇਕ ਇਰਾਨੀ ਤੇਲ ਟੈਂਕਰ ਜ਼ਬਤ ਕਰਨਾ ਅਤੇ ਇਰਾਨ ਵੱਲੋਂ ਜਵਾਬੀ ਕਾਰਵਾਈ ਦੀ ਧਮਕੀ ਦੇਣਾ ਆਦਿ ਅਜਿਹੀਆਂ ਘਟਨਾਵਾਂ ਹਨ ਜਿੰਨ੍ਹਾਂ ਕਾਰਨ ਸਥਿਤੀ ‘ਚ ਵਿਗਾੜ ਆ ਰਿਹਾ ਹੈ।ਇਰਾਨ ਦੀ ਡਾਵਾਂਡੋਲ ਹੋ ਰਹੀ ਅਰਥਵਿਵਸਥਾ ਦੇ ਮੱਦੇਨਜ਼ਰ ਸੁਣਨ ‘ਚ ਆ ਰਿਹਾ ਹੈ ਕਿ ਇਰਾਨ ਹੋਰਮੁਜ਼ ਜਲਸੰਧੀ ਮਾਰਗ ਨੂੰ ਬੰਦ ਕਰਨ ਲਈ ਮਜ਼ਬੂਰ ਹੋ ਸਕਦਾ ਹੈ, ਜਿਸ ਕਾਰਨ ਇਸ ਮਾਰਗ ਰਾਹੀਂ ਗੁਜਰਨ ਵਾਲੇ ਜਹਾਜਾਂ ਦੀ ਸੁਰੱਖਿਆ ‘ਤੇ ਸਵਾਲ ਪੈਦਾ ਹੋ ਰਿਹਾ ਹੈ।

ਇਸ ਲਈ, ਵਿਸ਼ਵ ਸ਼ਕਤੀਆਂ ਲਈ ਇਹ ਸੋਚਣ ਦਾ ਸਮਾਂ ਹੈ ਕਿ ਕਿਸ ਤਰ੍ਹਾਂ ਇਸ ਸਥਿਤੀ ਨੂੰ ਲੀਹੇ ਲਿਆਂਦਾ ਜਾਵੇ। ਕੂਟਨੀਤਕ ਢੰਗ ਨਾਲ ਦੋਵਾਂ ਧਿਰਾਂ ਵਿਚਾਲੇ ਦੇ ਮਤਭੇਦਾਂ ਅਤੇ ਵਿਵਾਦਾਂ ਨੂੰ ਖ਼ਤਮ ਕਰਨ ਦੀ ਲੋੜ ਹੀ ਅਸਲ ਸਮੇਂ ਦੀ ਮੰਗ ਬਣਿਆ ਹੋਇਆ ਹੈ।

ਭਾਰਤ ਖਾੜੀ ਮੁਲਕਾਂ ਤੋਂ ਵੱਡੀ ਮਾਤਰਾ ‘ਚ ਊਰਜਾ ਆਯਾਤ ਕਰਨ ਵਾਲਾ ਮੁਲਕ ਹੈ, ਜਿਸ ਕਰਕੇ ਇਹ ਖੇਤਰ ਭਾਰਤ ਲਈ ਬਹੁਤ ਮਹੱਤਤਾ ਰੱਖਦਾ ਹੈ ਅਤੇ ਇਸ ਖੇਤਰ ‘ਚ ਕਿਸੇ ਵੀ ਤਰ੍ਹਾਂ ਦੀ ਹਲਚਲ ਨਵੀਂ ਦਿੱਲੀ ਨੂੰ ਪ੍ਰਭਾਵਿਤ ਕਰ ਸਕਦੀ ਹੈ।

ਇਸ ਖੇਤਰ ‘ਚ ਲਗਾਤਾਰ ਵੱਧ ਰਹੇ ਤਣਾਅ ਦੇ ਚੱਲਦਿਆਂ ਭਾਰਤੀ ਜਲ ਸੈਨਾ ਨੇ ਆਪਣੇ ਫੌਜੀ ਜਹਾਜਾਂ ਆਈ.ਐਨ.ਐਸ. ਚੇਨਈ ਅਤੇ ਸੁਣਾਇਨਾ ਨੂੰ ਓਮਾਨ ਦੀ ਖਾੜੀ ‘ਚ ਤੈਨਾਤ ਕਰ ਦਿੱਤਾ ਹੈ ਤਾਂ ਜੋ ਭਾਰਤੀ ਸੰਮੁਦਰੀ ਜਹਾਜਾਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਇਆ ਜਾ ਸਕੇ।ਖਾੜੀ ਖੇਤਰ ਦੇ ਦੇਸ਼ਾਂ ਨਾਲ ਭਾਰਤ ਦੇ ਵਧੀਆ ਦੁਵੱਲੇ ਸਬੰਧ ਮੌਜੂਦ ਹਨ।ਇਸ ਲਈ ਇਸ ਖੇਤਰ ‘ਚ ਕਿਸੇ ਵੀ ਫੌਜੀ ਸੰਘਰਸ਼ ਦਾ ਨਵੀਂ ਦਿੱਲੀ ਦੇ ਹਿੱਤਾਂ ‘ਤੇ ਅਸਰ ਪਵੇਗਾ।

ਉਮੀਦ ਕੀਤੀ ਜਾ ਰਹੀ ਹੈ ਕਿ ਅਮਰੀਕਾ ਅਤੇ ਇਰਾਨ ਸ਼ਾਂਤੀਪੂਰਨ ਤਰੀਕੇ ਨਾਲ ਆਪਸੀ ਵਿਵਾਦ ਦਾ ਨਿਪਟਾਰਾ ਕਰਨ।ਇਸ ਤੋਂ ਪਹਿਲਾਂ ਕਿ ਵਿਵਾਦਪੂਰਨ ਧਿਰਾਂ ਵਿਚਲਾ ਅਪਵਾਦ ਪੂਰੇ ਖੇਤਰ ਲਈ ਵੱਡਾ ਖਤਰਾ ਬਣ ਜਾਵੇ ਅਤੇ ਜੰਗ ਦਾ ਰੂਪ ਧਾਰਨ ਕਰ ਲਵੇ।ਆਰਥਿਕ ਦੁਰਦਸ਼ਾ ਅਤੇ ਜਾਨ ਅਤੇ ਮਾਲ ਦੇ ਨੁਕਸਾਨ ਤੋਂ ਬਚਣ ਲਈ ਇਸ ਸੰਘਰਸ਼ ਦੀ ਸਥਿਤੀ ਦਾ ਅੰਤਰਰਾਸ਼ਟਰੀ ਪੱਧਰ ‘ਤੇ ਕੂਟਨੀਤਕ ਤਰੀਕੇ ਨਾਲ ਜਲਦ ਤੋਂ ਜਲਦ ਨਿਪਟਾਰਾ ਹੋਣਾ ਬਹੁਤ ਲਾਜ਼ਮੀ ਹੈ।

 

ਲੇਖਨ: ਡਾ. ਆਸਿਫ ਸ਼ੁਜਾ, ਇਰਾਨ ਦੇ ਰਣਨੀਤਕ ਮਾਮਲਿਆਂ ਦੇ ਵਿਸ਼ਲੇਸ਼ਕ