ਕਰਤਾਰਪੁਰ ਲਾਂਘਾ: ਭਾਰਤ-ਪਾਕਿ ਵਿਚਾਲੇ ਸਹਿਮਤੀ ਪੱਧਰ ਹੋਇਆ ਉੱਚਾ

ਸ੍ਰੀ ਗੁਰੁ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਮਿਤ ਕਰਤਾਰਪੁਰ ਗਲਿਆਰੇ ਦੀ ਰੂਪ ਰੇਖਾ ਉਲੀਕਣ ਅਤੇ ਦੁਵੱਲੀ ਗੱਲਬਾਤ ਦੇ ਦੂਜੇ ਦੌਰ ਲਈ ਭਾਰਤ-ਪਾਕਿਸਤਾਨ ਵਿਚਾਲੇ ਵਾਹਗਾ-ਅਟਾਰੀ ਸਰਹੱਦ ‘ਤੇ ਇਕ ਬੈਠਕ ਦਾ ਆਯੋਜਨ ਕੀਤਾ ਗਿਆ।ਪਾਕਿਸਤਾਨ ਵਾਲੇ ਪਾਸੇ ਇਸ ਬੈਠਕ ਦੌਰਾਨ ਕਈ ਅਹਿਮ ਮੁੱਦਿਆਂ ‘ਤੇ ਚਰਚਾ ਕੀਤੀ ਗਈ।ਦੱਸਣਯੋਗ ਹੈ ਕਿ ਇਸ ਲਾਂਘੇ ਦੇ ਤਿਆਰ ਹੋਣ ਨਾਲ ਭਾਰਤ ਦੇ ਨਾਨਕ ਨਾਮਲੇਵਾ ਸ਼ਰਧਾਲੂ ਸ੍ਰੀ ਗੁਰੁ ਨਾਨਕ ਦੇਵ ਜੀ ਦੀ ਕਰਮ ਭੂਮੀ ਅਤੇ ਉਨ੍ਹਾਂ ਦੇ ਅੰਤਿਮ ਸਮੇਂ ਦੀ ਚਰਨ ਛੋਹ ਪ੍ਰਾਪਤ ਨਾਰੋਵਾਲ ਜ਼ਿਲ੍ਹੇ ‘ਚ ਪੈਂਦੇ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰ ਪਾਉਣਗੇ।

16ਵੀਂ ਸਦੀ ‘ਚ ਸਥਾਪਿਤ ਹੋਏ ਇਸ ਗੁਰਦੁਆਰਾ ਸਾਹਿਬ ਦਾ ਸਿੱਖ ਧਰਮ ‘ਚ ਬਹੁਤ ਮਹੱਤਵ ਹੈ।ਸ੍ਰੀ ਗੁਰੁ ਨਾਨਕ ਦੇਵ ਜੀ 1539 ਈਸਵੀ ‘ਚ ਇੱਥੇ ਹੀ ਪੰਜ ਤੱਤਾਂ ‘ਚ ਸਮਾ ਗਏ ਸਨ।

ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਦੇ ਦੌਰਾਨ ਹੀ ਉੱਚ ਪੱਧਰੀ ਗੱਲਬਾਤ ਤੋਂ ਬਾਅਦ ਭਾਰਤੀ ਉਪ ਰਾਸ਼ਟਰਪਤੀ ਵੈਂਕਿਆ ਨਾਇਡੂ ਵੱਲੋਂ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ‘ਚ ਡੇਰਾ ਬਾਬਾ ਨਾਨਕ ਵਿਖੇ 26 ਨਵੰਬਰ 2018 ਨੂੰ ਇਸ ਲਾਂਘੇ ਦਾ ਨੀਂਹ ਪੱਥਰ ਰੱਖਿਆ ਜਦਕਿ 28 ਨਵੰਬਰ 2018 ਨੂੰ ਪਾਸਿਕਤਾਨ ਦੇ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਨੇ ਕਰਤਾਰਪੁਰ ਗੁਰਦੁਆਰਾ ਸਾਹਿਬ ਨਜ਼ਦੀਕ ਇਸ ਪ੍ਰਾਜੈਕਟ ਦਾ ਉਦਘਾਟਨ ਕੀਤਾ।

ਦੋਵਾਂ ਧਿਰਾਂ ਦਰਮਿਆਨ ਪਹਿਲੀ ਗੱਲਬਾਤ ਦਾ ਦੌਰ ਇਸ ਸਾਲ ਮਾਰਚ ਮਹੀਨੇ ਆਯੋਜਿਤ ਕੀਤਾ ਗਿਆ ਸੀ।ਤਕਨੀਕੀ ਕਮੇਟੀਆਂ ਵਿਚਾਲੇ ਤਿੰਨ ਗੇੜ੍ਹ ਦੀ ਚਰਚਾ ਵੀ ਹੋ ਚੁੱਕੀ ਹੈ ਤਾਂ ਜੋ ਇਸ ਪ੍ਰਾਜੈਕਟ ਨਾਲ ਸਬੰਧਿਤ ਤਕਨੀਕੀ ਮੁੱਦਿਆਂ ਨੂੰ ਸੁਲਝਾਇਆ ਜਾ ਸਕੇ।

ਭਾਰਤ ਨੇ ਗੱਲਬਾਤ ਲਈ ਪਾਕਿ ਟੀਮ ‘ਚ ਸ਼ਾਮਲ ਖਾਲਸਤਾਨੀ ਵਿਚਾਰਧਾਰਾ ਵਾਲੇ ਮੈਂਬਰਾਂ ਦੀ ਮੌਜੂਦਗੀ ‘ਤੇ ਇਤਰਾਜ਼ ਜਾਹਿਰ ਕੀਤਾ ਸੀ।ਜਿਸ ਤੋਂ ਬਾਅਦ ਦੂਜੇ ਗੇੜ੍ਹ ਦੀ ਗੱਲਬਾਤ ਤੋਂ ਪਹਿਲਾਂ ਪਾਕਿਸਤਾਨ ਨੇ ਉਨ੍ਹਾਂ ਨੂੰ ਟੀਮ ‘ਚੋਂ ਬਾਹਰ ਕਰ ਦਿੱਤਾ।

ਦੂਜੇ ਗੇੜ੍ਹ ਦੀ ਗੱਲਬਾਤ ਦੌਰਾਨ ਨਵੀਂ ਦਿੱਲੀ ਨੇ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸੁਰੱਖਿਅਤ ਵਾਤਾਵਰਨ ਯਕੀਨੀ ਬਣਾਉਣ ਦੀ ਲੋੜ ਦੀ ਜ਼ਰੂਰਤ ਨੂੰ ਪੇਸ਼ ਕੀਤਾ।ਭਾਰਤੀ ਉੱਚ ਪੱਧਰੀ ਵਫ਼ਦ ਨੇ ਪਾਕਿਸਤਾਨ ‘ਚ ਕੁੱਝ ਸੰਗਠਨਾਂ ਨਾਲ ਸੰਬੰਧਿਤ ਵਿਅਕਤੀਆਂ ਜੋ ਕਿ ਇਸ ਤੀਰਥ ਯਾਤਰਾ ਨੂੰ  ਰੋਕਣ ਦੀ ਕੋਸ਼ਿਸ਼ ਕਰ ਸਕਦੇ ਹਨ ਅਤੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਗਲਤ ਤਰੀਕੇ ਨਾਲ ਵਰਤ ਸਕਦੇ ਹਨ, ਇਸ ਸਬੰਧੀ ਚਿੰਤਾਵਾਂ ਪੇਸ਼ ਕਰਦਾ ਇਕ ਕਾਗ਼ਜ਼ਾਤ ਵੀ ਪੇਸ਼ ਕੀਤਾ।

ਪਾਕਿਸਤਾਨ ਨੇ ਭਾਰਤ ਨੂੰ ਯਕੀਨ ਦਵਾਇਆ ਹੈ ਕਿ ਕਰਤਾਰਪੁਰ ਲਾਂਘੇ ਨੂੰ ਭਾਰਤ ਵਿਰੋਧੀ ਗਤੀਵਿਧੀਆਂ ਲਈ ਇਸਤੇਮਾਲ ਨਹੀਂ ਕੀਤਾ ਜਾਵੇਗਾ।ਪਾਕਿਸਤਾਨ ਵੱਲੋਂ ਪਹਿਲਾਂ ਕਿਹਾ ਗਿਆ ਸੀ ਕਿ ਪ੍ਰਤੀਦਿਨ 500-700 ਸ਼ਰਧਾਲੂ ਹੀ ਇਸ ਲਾਂਘੇ ਰਾਹੀਂ ਪਾਕਿਸਤਾਨ ਆ ਸਕਣਗੇ, ਪਰ ਹੁਣ ਉਸ ਵੱਲੋਂ ਆਪਣੇ ਇਸ ਫ਼ੈਸਲੇ ‘ਚ ਕੁੱਝ ਤਬਦੀਲੀ ਕਰਦਿਆਂ ਕਿਹਾ ਗਿਆ ਹੈ ਕਿ 5 ਹਜ਼ਾਰ ਤੱਕ ਸ਼ਰਧਾਲੂਆਂ ਨੂੰ ਬੀਜ਼ਾ ਮੁਕਤ ਯਾਤਰਾ ਦੀ ਇਜਾਜ਼ਤ ਹੋਵੇਗੀ।ਇਹ ਸ਼ਰਧਾਲੂ ਭਾਰਤੀ ਪਾਸਪੋਰਟ ਧਾਰਕ ਅਤੇ ਪ੍ਰਵਾਸੀ ਭਾਰਤੀ ਦੋਵੇਂ ਹੋ ਸਕਦੇ ਹਨ।ਸਾਰਾ ਸਾਲ ਇਹ ਲਾਂਘਾ ਖੁੱਲ੍ਹਾ ਰਹੇਗਾ।ਇਸ ਦੇ ਨਾਲ ਹੀ ਭਾਰਤੀ ਪੱਖ ਵੱਲੋਂ ਸ਼ਰਧਾਲੂਆਂ ਨੂੰ ਇਕਲਿਆਂ ਜਾਂ ਫਿਰ ਜਥਿਆਂ ‘ਚ ਪੈਦਲ ਯਾਤਰਾ ਕਰਨ ਦੀ ਆਗਿਆ ਦੇਣ ਸਬੰਧੀ ਵੀ ਕਿਹਾ ਗਿਆ ਹੈ।ਭਾਰਤੀ ਵਫ਼ਦ ਨੇ ਕਰਤਾਰਪੁਰ ਸਾਹਿਬ ਵਿਖੇ ਕੌਂਸਲਖਾਨੇ ‘ਚ ਕੌਂਸਲਰ ਦੀ ਮੌਜੂਦਗੀ ਦੀ ਮੰਗ ਵੀ ਕੀਤੀ ਹੈ ਤਾਂ ਜੋ ਸ਼ਰਧਾਲੂਆਂ ਨੂੰ ਲੋੜ ਪੈਣ ‘ਤੇ ਮਦਦ ਮੁਹੱਈਆ ਕਰਵਾਈ ਜਾ ਸਕੇ।ਇਸ ਦੇ ਨਾਲ ਹੀ ਭਾਰਤੀ ਵਫ਼ਤਦ ਵੱਲੋਂ ਡੇਰਾ ਬਾਬਾ ਨਾਨਕ ਵਿਖੇ ਆਉਂਦੇ ਹੜ੍ਹਾਂ ਸਬੰਧੀ ਵੀ ਆਪਣੀ ਚਿੰਤਾ ਨੂੰ ਪੇਸ਼ ਕੀਤਾ ਗਿਆ।

ਇਸ ਗੱਲਬਾਤ ਦੌਰਾਨ ਭਾਰਤ ਵਫ਼ਦ ਨੇ ਮੰਗ ਕੀਤੀ ਹੈ ਕਿ ਵਿਸ਼ੇਸ਼ ਸਮਾਗਮਾਂ ਦੌਰਾਨ 1 ਹਜ਼ਾਰ ਸ਼ਰਧਾਲੂਆਂ ਨੂੰ ਪਾਕਿ ਸਥਿਤ ਇਸ ਗੁਰਦੁਾਰਾ ਸਾਹਿਬ ਦੇ ਦਰਸ਼ਨ ਕੀਤੇ ਜਾਣ ਦੀ ਮਨਜ਼ੂਰੀ ਦਿੱਤੀ ਜਾਵੇ।ਗੁਰੁ ਨਾਨਕ ਦੇਵ ਜੀ ਦੀਆਂ ਸਿਿਖਆਵਾਂ ਸਿੱਖ ਧਰਮ ਲਈ ਨਹੀਂ ਸਗੋਂ ਪੂਰੇ ਆਲਮ ਲਈ ਸਨ।ਸੱਭਿਆਚਾਰਕ ਸਮਾਨਤਾਵਾਂ ਦੇ ਚੱਲਦਿਆਂ ਇਸਲਾਮਾਬਾਦ ਇਸ ਤੱਥ ਨੂੰ ਸਮਝਦਾ ਹੈ ਅਤੇ ਉਸ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਕਿ ਤੀਰਥ ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਆਵੇਗੀ।

ਪਾਕਿਸਤਾਨ ਵੱਲੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਤੋਂ ਫੀਸ ਲੈਣ ਬਾਰੇ ਫ਼ੈਸਲਾ ਕੀਤਾ ਗਿਆ ਸੀ ਅਤੇ ਨਾਲ ਹੀ ਪਰਮਿਟ ਪ੍ਰਣਾਲੀ ਸ਼ੁਰੂ ਕਰਨ ਬਾਰੇ ਵੀ ਗੱਲ ਕਹੀ ਗਈ ਸੀ।ਭਾਰਤ ਨੇ ਇੰਨ੍ਹਾਂ ਦੋਵਾਂ ਗੱਲਾਂ ਲਈ ਪਾਕਿਸਤਾਨ ਨੂੰ ਮੁੜ ਵਿਚਾਰ ਕਰਨ ਲਈ ਕਿਹਾ ਹੈ।

ਦੋਵਾਂ ਧਿਰਾਂ ਨੇ ਕਰਤਾਰਪੁਰ ਸਾਹਿਬ ਗਲੀਆਰੇ  ਦੇ ਸਮਝੌਥੇ ਨੂੰ ਅੰਤਿਮ ਛੋਹਾਂ ਦੇਣ ਲਈ ਸਹਿਮਤੀ ਪ੍ਰਗਟ ਕੀਤੀ।ਤਕਨੀਕੀ ਟੀਮਾਂ ਵੱਲੋਂ ਮੁੜ ਬੈਠਕ ਕੀਤੀ ਜਾਵੇਗੀ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਆਵੇਗੀ।

ਉਮੀਦ ਕੀਤੀ ਜਾ ਰਹੀ ਹੈ ਕਿ ਕਰਤਾਰਪੁਰ ਲਾਂਘਾ ਆਪਣੇ ਤੈਅ ਸਮੇਂ ਨਵੰਬਰ 2019 ਤੱਕ ਚਾਲੂ ਹੋ ਜਾਵੇਗਾ ਅਤੇ ਸ਼ਰਧਾਲੂ ਇਸ ਸਾਲ 12 ਨਵੰਬਰ ਨੂੰ ਸ੍ਰੀ ਗੁਰੁ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾ ਸਕਣਗੇ।

ਲੇਖਨ:  ਰਤਨ ਸਲਦੀ, ਸਿਆਸੀ ਟਿੱਪਣੀਕਾਰ