ਬਾਲਾ ਪ੍ਰੀਤਮ : ਸ਼੍ਰੀ ਗੁਰੂ ਹਰਕ੍ਰਿਸ਼ਨ ਜੀ

ਸਿੱਖਾਂ ਦੇ ਅੱਠਵੇਂ ਗੁਰੂ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਦਾ ਪ੍ਰਕਾਸ਼ ਪੁਰਬ ਅੱਜ ਬੜੀ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਬਾਲ ਗੁਰੂ ਜਾਂ ਫਿਰ ਬਾਲਾ ਪ੍ਰੀਤਮ’ ਦੇ ਨਾਂ ਨਾਲ ਜਾਣੇ ਜਾਂਦੇ, ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਦਾ ਜਨਮ ਅੱਜ ਦੇ ਦਿਹਾੜੇ ਸਾਲ 1656 ਨੂੰ ਕੀਰਤਪੁਰ ਸਾਹਿਬ ਵਿਖੇ ਸ਼੍ਰੀ ਗੁਰੂ ਹਰਿਰਾਏ ਜੀ ਦੇ ਘਰ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ ਹੋਇਆ ਸੀ। ਪੰਜ ਸਾਲ ਦੀ ਉਮਰ ਵਿੱਚ ਆਪ ਨੂੰ ਗੁਰਿਆਈ ਮਿਲੀ ਅਤੇ ਅੱਠ ਸਾਲ ਦੀ ਉਮਰ ਪੂਰੀ ਹੋਣ ਤੋਂ ਪਹਿਲਾਂ ਹੀ ਆਪ ਸੰਨ 1664 ਵਿੱਚ ਦਿੱਲੀ ਵਿਖੇ ਚਲਾਣਾ ਕਰ ਗਏ ਸਨ।

ਬੇਸ਼ੱਕ ਆਪ ਥੋੜ੍ਹਾ ਕੁ ਸਮਾਂ ਹੀ ਭਾਵ ਤਿੰਨ ਸਾਲ ਤੱਕ ਸਿੱਖਾਂ ਦੇ ਗੁਰੂ ਰਹੇ ਪਰ ਆਪ ਜੀ ਨੇ ਬੜੀ ਹੀ ਸੂਝ-ਸਿਆਣਪ ਅਤੇ ਦ੍ਰਿੜ੍ਹਤਾ ਨਾਲ ਕੌਮ ਦੀ ਅਗਵਾਈ ਕੀਤੀ। ਸੱਤਵੇਂ ਗੁਰੂ ਸ਼੍ਰੀ ਗੁਰੂ ਹਰਿਰਾਏ ਜੀ ਨੇ ਸੰਨ 1661 ਵਿੱਚ ਆਪ ਜੀ ਨੂੰ ਗੁਰਿਆਈ ਬਖਸ਼ ਦਿੱਤੀ ਸੀ। ਰਾਮਰਾਏ ਜੀ ਆਪ ਜੀ ਦੇ ਵੱਡੇ ਭਰਾ ਸਨ, ਜੋ ਕਿ ਆਪਣੇ ਆਪ ਨੂੰ ਗੁਰੂ-ਗੱਦੀ ਦੇ ਹੱਕਦਾਰ ਸਮਝਦੇ ਸਨ। ਪਰ ਗੁਰੂ ਹਰਿਰਾਏ ਜੀ ਨੇ ਹਰਕ੍ਰਿਸ਼ਨ ਜੀ ਦੀ ਯੋਗਤਾ ਨੂੰ ਦੇਖਦਿਆਂ ਗੁਰਿਆਈ ਉਨ੍ਹਾਂ ਨੂੰ ਦੇ ਦਿੱਤੀ। ਇਸ ਦਾ ਕਾਰਨ ਇਹ ਸੀ ਕੀ ਉਹ ਇੱਕ ਵਾਰੀ ਪਹਿਲਾਂ ਆਪਣੇ ਵੱਡੇ ਪੁੱਤਰ ਰਾਮਰਾਏ ਨੂੰ ਪਰਖ ਚੁੱਕੇ ਸਨ।

ਗੁਰੂ ਹਰਕ੍ਰਿਸ਼ਨ ਜੀ ਦੇ ਵੱਡੇ ਭਰਾ ਰਾਮਰਾਏ ਬੜੇ ਹੀ ਚਤੁਰ-ਚਾਲਾਕ ਸਨ। ਇੱਕ ਵਾਰ ਜਦੋਂ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਗੁਰੂ ਹਰਿਰਾਏ ਜੀ ਨੂੰ ਦਿੱਲੀ ਬੁਲਾਇਆ ਤਾਂ ਗੁਰੂ ਜੀ ਨੇ ਆਪਣੀ ਥਾਂ ਰਾਮਰਾਏ ਨੂੰ ਗੁਰਮਤਿ ਦੇ ਸਿਧਾਂਤਾਂ ਦੀ ਵਿਆਖਿਆ ਕਰਨ ਲਈ ਉੱਥੇ ਭੇਜਿਆਰਾਮਰਾਏ ਨੇ ਪਹਿਲਾਂ ਤਾਂ ਬਾਦਸ਼ਾਹ ਔਰੰਗਜ਼ੇਬ ਨੂੰ ਆਪਣੀ ਪ੍ਰਤਿਭਾ ਨਾਲ ਬੜਾ ਪ੍ਰਭਾਵਿਤ ਕੀਤਾ ਤੇ ਬਾਅਦ ਵਿੱਚ ਕਰਾਮਾਤਾਂ ਦਿਖਾਈਆਂ। ਔਰੰਗਜ਼ੇਬ ਨੇ ਰਾਮਰਾਏ ਨੂੰ ਸਵਾਲ ਕੀਤਾ ਕਿ ਤੁਹਾਡੇ ਗ੍ਰੰਥ ਵਿੱਚ ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ’ ਕਿਉਂ ਲਿਖਿਆ ਹੋਇਆ ਹੈ। ਬਾਦਸ਼ਾਹ ਤੇ ਆਪਣਾ ਪ੍ਰਭਾਵ ਕਾਇਮ ਰੱਖਣ ਲਈ ਰਾਮਰਾਏ ਨੇ ਕਿਹਾ ਕਿ ਅਸਲ ਸ਼ਬਦ ਮਿਟੀ ਬੇਈਮਾਨ ਕੀ ਪੇੜੈ ਪਈ ਕੁਮਿਆਰ ਹੈ ਪਰ ਲਿਖਾਰੀ ਦੀ ਗਲਤੀ ਕਾਰਨ ਮੁਸਲਮਾਨ ਲਿਖਿਆ ਗਿਆ ਹੈ। ਗੁਰਬਾਣੀ ਨਾਲ ਅਜਿਹੀ ਛੇੜਛਾੜ ਕਰਨ ਕਰਕੇ ਗੁਰੂ ਹਰਿਰਾਏ ਜੀ ਨੇ ਉਸ ਨੂੰ ਗੁਰਗੱਦੀ ਦੇ ਕਾਬਿਲ ਨਾ ਸਮਝਿਆ ਤੇ ਗੁਰਗੱਦੀ ਆਪਣੇ ਛੋਟੇ ਪੁੱਤਰ ਹਰਕ੍ਰਿਸ਼ਨ ਜੀ ਨੂੰ ਸੌਂਪ ਦਿੱਤੀ।

ਜਦੋਂ ਗੁਰੂ ਹਰਿਰਾਏ ਜੀ ਨੇ ਆਪਣੀ ਗੱਦੀ ਤੇ ਹਰਕ੍ਰਿਸ਼ਨ ਜੀ ਨੂੰ ਬਿਠਾਇਆ ਤਾਂ ਉਸ ਵੇਲੇ ਰਾਮਰਾਏ ਦਿੱਲੀ ਵਿੱਚ ਹੀ ਸੀ। ਗੁਰਗੱਦੀ ਨਾ ਮਿਲਣ ਕਰਕੇ ਰਾਮਰਾਏ ਨੇ ਬਾਦਸ਼ਾਹ ਔਰੰਗਜੇਬ ਕੋਲ ਸ਼ਿਕਾਇਤ ਕਰ ਦਿੱਤੀ। ਔਰੰਗਜ਼ੇਬ ਨੇ ਰਾਜਾ ਜੈ ਸਿੰਘ ਨੂੰ ਹੁਕਮ ਕੀਤਾ ਕਿ ਉਹ ਗੁਰੂ ਸਾਹਿਬ ਨੂੰ ਦਿੱਲੀ ਬੁਲਾਏ। ਰਾਜਾ ਜੈ ਸਿੰਘ ਨੇ ਆਪਣੇ ਦੀਵਾਨ ਪਰਸਰਾਮ ਨੂੰ ਗੁਰੂ ਸਾਹਿਬ ਨੂੰ ਸਤਿਕਾਰ ਸਹਿਤ ਦਿੱਲੀ ਲਿਆਉਣ ਲਈ ਭੇਜਿਆ। ਗੁਰੂ ਸਾਹਿਬ ਨੇ ਦੀਵਾਨ ਨੂੰ ਕਿਹਾ ਕਿ ਉਨ੍ਹਾਂ ਨੂੰ ਦਿੱਲੀ ਜਾਣ ਤੋਂ ਕੋਈ ਇਨਕਾਰ ਨਹੀਂ ਪਰ ਉਹ ਔਰੰਗਜ਼ੇਬ ਵਰਗੇ ਬਾਦਸ਼ਾਹ ਦਾ ਮੂੰਹ ਨਹੀਂ ਦੇਖਣਗੇ। ਅੰਤ ਵਿੱਚ ਗੁਰੂ ਸਾਹਿਬ ਨੇ ਆਪਣੀ ਮਾਤਾ ਅਤੇ ਸਿੱਖ ਸੰਗਤਾਂ ਨਾਲ ਸਲਾਹ ਕਰਕੇ ਦਿੱਲੀ ਜਾਣ ਦਾ ਫੈਸਲਾ ਕੀਤਾ। ਰਸਤੇ ਵਿੱਚ ਆਪ ਜ਼ਿਲ੍ਹਾ ਅੰਬਾਲਾ ਦੇ ਕਸਬੇ ਪੰਜੋਖਰੇ ਰੁਕੇ। ਉਥੋਂ ਦਾ ਇੱਕ ਹੰਕਾਰੀ ਪੰਡਿਤ ਲਾਲਚੰਦ ਗੁਰੂ ਜੀ ਨੂੰ ਮਿਲਿਆ ਤੇ ਉਨ੍ਹਾਂ ਨੂੰ ਗੀਤਾ ਦੇ ਅਰਥ ਕਰਨ ਲਈ ਕਿਹਾ। ਨਿਮਰਤਾ ਦੇ ਧਾਰਨੀ ਸਤਿਗੁਰੂ ਜੀ ਬੋਲੇਅਸੀਂ ਤਾਂ ਅਕਾਲ ਪੁਰਖ ਦੇ ਸੇਵਕ ਹਾਂ, ਕਲਾ ਅਕਾਲ ਪੁਰਖ ਦੀ ਹੀ ਵਰਤਦੀ ਹੈ। ਜੇਕਰ ਤੂੰ ਕਲਾ ਦੇਖਣੀ ਹੈ ਤਾਂ ਆਪਣੇ ਨਗਰ ਵਿੱਚੋਂ ਕੋਈ ਬੰਦਾ ਲੈ ਆ। ਪੰਡਿਤ ਗਿਆ ਅਤੇ ਇੱਕ ਛੱਜੂ ਨਾਮੀ ਅਨਪੜ੍ਹ ਝਿਉਰ ਨੂੰ ਲੈ ਆਇਆ। ਗੁਰੂ ਸਾਹਿਬ ਨੇ ਉਸ ਦੇ ਸਿਰ ਤੇ ਸੋਟੀ ਰੱਖ ਦਿੱਤੀ ਅਤੇ ਗੀਤਾ ਦੇ ਔਖੇ ਤੋਂ ਔਖੇ ਸਲੋਕਾਂ ਦੇ ਅਰਥ ਪੁੱਛੇ। ਉਸ ਅਨਪੜ੍ਹ ਨੇ ਝਟਪਟ ਹੀ ਗੀਤਾ ਦੇ ਅਰਥ ਕਰ ਦਿੱਤੇ। ਪੰਡਿਤ ਇਹ ਕੌਤਕ ਦੇਖ ਕੇ ਗੁਰੂ ਜੀ ਦੇ ਚਰਨੀ ਪੈ ਗਿਆਮੁਆਫੀ ਮੰਗੀ ਤੇ ਸਿੱਖ ਬਣ ਗਿਆ।

ਦਿੱਲੀ ਪੁੱਜ ਕੇ ਗੁਰੂ ਸਾਹਿਬ ਜਿੱਥੇ ਅੱਜਕੱਲ੍ਹ ਗੁਰਦੁਆਰਾ ਬੰਗਲਾ ਸਾਹਿਬ ਹੈ, ਉਸ ਜਗ੍ਹਾ ਤੇ ਠਹਿਰੇ ਸਨ। ਦਰਅਸਲ ਇਹ ਜਗ੍ਹਾ ਰਾਜਾ ਜੈ ਸਿੰਘ ਦਾ ਬੰਗਲਾ ਸੀ। ਇੱਥੇ ਨਿੱਤ ਹੀ ਦਿੱਲੀ ਦੀ ਸੰਗਤ ਗੁਰੂ ਜੀ ਦੇ ਦਰਸ਼ਨਾਂ ਲਈ ਆਉਂਦੀ ਤੇ ਸਤਿਸੰਗ ਹੁੰਦਾ। ਦਿੱਲੀ ਪੁੱਜ ਕੇ ਵੀ ਜਦੋਂ ਗੁਰੂ ਸਾਹਿਬ ਨੇ ਔਰੰਗਜ਼ੇਬ ਕੋਲ ਜਾਣ ਤੋਂ ਮਨ੍ਹਾ ਕਰ ਦਿੱਤਾ ਤਾਂ ਔਰੰਗਜੇਬ ਨੇ ਆਪਣੇ ਪੁੱਤਰ ਸਹਿਜ਼ਾਦਾ ਮੁਅੱਜ਼ਮ ਨੂੰ ਗੁਰੂ ਜੀ ਕੋਲ ਭੇਜਿਆ। ਗੁਰੂ ਜੀ ਨੇ ਉਸ ਨੂੰ ਆਤਮਿਕ ਉਪਦੇਸ ਦੇ ਕੇ ਨਿਹਾਲ ਕੀਤਾ। ਜਦ ਰਾਮਰਾਏ ਨੂੰ ਗੱਦੀ ਨਾ ਦਿੱਤੇ ਜਾਣ ਦੀ ਗੱਲ ਤੁਰੀ ਤਾਂ ਗੁਰੂ ਜੀ ਨੇ ਸਪੱਸ਼ਟ ਕੀਤਾ ਕਿ ਗੁਰਗੱਦੀ ਵਿਰਾਸਤ ਜਾਂ ਜੱਦੀ ਮਲਕੀਅਤ ਨਹੀਂ। ਰਾਮਰਾਏ ਨੇ ਗੁਰਬਾਣੀ ਦੀ ਤੁਕ ਬਦਲੀਇਸ ਤੇ ਪਿਤਾ ਗੁਰੂ ਜੀ ਨੇ ਉਸ ਨੂੰ ਤਿਆਗ ਦਿੱਤਾ। ਸਹਿਜਾਦਾ ਮੁਅੱਜ਼ਮ ਤੋਂ ਗੁਰੂ ਜੀ ਬਾਰੇ ਸੁਣ ਕੇ ਔਰੰਗਜ਼ੇਬ ਗੁਰੂ ਜੀ ਦੀ ਸਿਆਣਪ ਦਾ ਕਾਇਲ ਹੋ ਗਿਆ। ਉਸ ਨੇ ਰਾਜਾ ਜੈ ਸਿੰਘ ਨੂੰ ਗੁਰੂ ਜੀ ਦੀ ਕਰਾਮਾਤੀ ਸ਼ਕਤੀ ਪਰਖਣ ਲਈ ਕਿਹਾ। ਰਾਜਾ ਜੈ ਸਿੰਘ, ਗੁਰੂ ਜੀ ਨੂੰ ਆਪਣੀਆਂ ਰਾਣੀਆਂ ਦੇ ਮਹਿਲ ਵਿੱਚ ਲਿਆਇਆ ਤੇ ਪਟਰਾਣੀ ਦੀ ਪਰਖ ਕਰਨ ਲਈ ਕਿਹਾ। ਗੁਰੂ ਸਾਹਿਬ ਨੇ ਆਪਣੀ ਸੋਟੀ ਪਟਰਾਣੀ ਦੇ ਸਿਰ ਤੇ ਰੱਖ ਕੇ ਕਿਹਾ ਕਿ ਇਹ ਹੈ ਪਟਰਾਣੀ ਅਤੇ ਉਸ ਨੂੰ ਪੁੱਤਰ ਦੀ ਦਾਤ ਦਾ ਵਰ ਦਿੱਤਾ।

ਉਨ੍ਹੀਂ ਦਿਨੀਂ ਦਿੱਲੀ ਵਿੱਚ ਬੁਖਾਰ ਅਤੇ ਚੇਚਕ ਦੀ ਬਿਮਾਰੀ ਫੈਲ ਗਈ। ਗੁਰੂ ਜੀ ਨੇ ਦੀਨ-ਦੁਖੀਆਂ ਅਤੇ ਰੋਗੀਆਂ ਦੀ ਦਿਨ-ਰਾਤ ਸੇਵਾ ਕੀਤੀ। ਸੰਗਤਾਂ ਦੇ ਦਸਵੰਧ ਤੇ ਭੇਟਾ ਨੂੰ ਉਨ੍ਹਾਂ ਇਸ ਵਿੱਚ ਲਾ ਦਿੱਤਾ। ਗੁਰੂ ਜੀ ਦੇ ਦਰਸ਼ਨ ਕਰਨ ਨਾਲ ਤਨ ਤੇ ਮਨ ਦੇ ਰੋਗ ਦੂਰ ਹੁੰਦੇ ਸਨ। ਇਸੇ ਲਈ ਤਾਂ ਫੁਰਮਾਇਆ ਹੈ ਸ੍ਰੀ ਹਰਿਕ੍ਰਿਸ਼ਨ ਧਿਆਇਐਜਿਸ ਡਿਠੈ ਸਭ ਦੁਖ ਜਾਇ। ਇਸ ਤਰ੍ਹਾਂ ਰੋਗੀਆਂ ਦੀ ਸੇਵਾ ਕਰਦਿਆਂ ਇੱਕ ਦਿਨ ਗੁਰੂ ਜੀ ਨੂੰ ਵੀ ਤੇਜ਼ ਬੁਖਾਰ ਹੋ ਗਿਆ। ਉਨ੍ਹਾਂ ਦੇ ਸਰੀਰ ਤੇ ਵੀ ਚੇਚਕ ਦੇ ਲੱਛਣ ਦਿਖਾਈ ਦੇਣ ਲੱਗੇ। ਆਪਣਾ ਆਖਰੀ ਸਮਾਂ ਨੇੜੇ ਆਇਆ ਸਮਝ ਕੇ ਆਪ ਜੀ ਨੇ ਸੰਗਤਾਂ ਨੂੰ ਗੁਰਿਆਈ ਬਾਰੇ ਹੁਕਮ ਦਿੱਤਾ ਕਿ ਬਾਬਾ ਬਕਾਲੇ ਜਿਸ ਦਾ ਭਾਵ ਸੀ ਕਿ ਅਗਲਾ ਗੁਰੂ ਪਿੰਡ ਬਕਾਲੇ ਵਿੱਚ ਹੈ। ਸੰਨ 1664 ਨੂੰ ਦਿੱਲੀ ਵਿਖੇ ਹੀ ਚਲਾਣਾ ਕਰ ਗਏ। ਆਪ ਜੀ ਦਾ ਸਸਕਾਰ ਯਮੁਨਾ ਨਦੀ ਦੇ ਕਿਨਾਰੇ ਤੇ ਕੀਤਾ ਗਿਆਜਿਸ ਥਾਂ ਤੇ ਹੁਣਬਾਲਾ ਸਾਹਿਬ ਗੁਰਦੁਆਰਾ ਹੈ।

ਅੱਜ ਦੇ ਆਪਧਾਪੀ ਦੇ ਇਸ ਯੁੱਗ ਵਿੱਚ ਅਸੀਂ ਦੇਖਦੇ ਹਾਂ ਕਿ ਮਨੁੱਖ ਦੀ ਸੋਚ ਬੜੀ ਹੀ ਸੰਕੀਰਨ ਹੋ ਗਈ ਹੈ। ਉਹ ਆਪਣੀ ਤਰੱਕੀ, ਆਪਣੀ ਖੁਸ਼ਹਾਲੀ ਦੇ ਮਾਇਆ-ਜਾਲ ਵਿੱਚ ਇੰਨਾ ਧੱਸ ਚੁੱਕਾ ਹੈ ਕਿ ਧਰਮ ਦੀ ਉਸ ਨੂੰ ਸੋਝੀ ਹੀ ਨਹੀਂ ਰਹੀ। ਕਈ ਵਾਰੀ ਆਪਣੇ ਲਾਭ ਲਈ ਉਹ ਬਹੁਤ ਸਾਰੇ ਅਜਿਹੇ ਕਾਰੇ ਵੀ ਕਰ ਜਾਂਦਾ ਹੈ, ਜਿਸ ਨਾਲ ਹੋਰਨਾਂ ਲੋਕਾਂ ਨੂੰ ਮੁਸੀਬਤਾਂ ਸਹਿਣੀਆਂ ਪੈਂਦੀਆਂ ਹਨ। ਇਸ ਲਈ ਦੁਖੀਆਂ ਦਾ ਦੁੱਖ-ਦਰਦ ਵੰਡਾਉਣ ਵਾਲੇ ਅਤੇ ਰੋਗੀਆਂ ਦੀ ਸੇਵਾ ਕਰਨ ਵਾਲੇ ਸ਼ਾਂਤੀ ਦੇ ਪੁੰਜ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਦੇ ਜੀਵਨ ਤੋਂ ਸਾਨੂੰ ਸੇਧ ਲੈਣ ਦੀ ਲੋੜ ਹੈ। ਉਨ੍ਹਾਂ ਬਿਨਾਂ ਕਿਸੇ ਜਾਤ-ਪਾਤ, ਅਮੀਰ-ਗਰੀਬ ਅਤੇ ਛੂਆ-ਛੂਤ ਦੇ ਵਿਤਕਰੇ ਦੇ ਮਨੁੱਖਤਾ ਦੀ ਭਲਾਈ ਲਈ ਕਾਰਜ ਕੀਤੇ। ਉਨ੍ਹਾਂ ਦੀ ਸੇਵਾ ਅਤੇ ਭਗਤੀ ਦੇ ਸੰਕਲਪ ਨੂੰ ਆਪਣੇ ਜੀਵਨ ਵਿੱਚ ਉਤਾਰ ਕੇ ਅਸੀਂ ਇੱਕ ਅਜਿਹੇ ਸਮਾਜ ਦਾ ਨਿਰਮਾਣ ਕਰ ਸਕਦੇ ਹਾਂ, ਜਿੱਥੇ ਆਪਸੀ ਘਿਰਣਾ, ਨਫ਼ਰਤ ਅਤੇ ਸੰਕੀਰਨ ਮਾਨਸਿਕਤਾ ਨੂੰ ਤਿਆਗ ਕੇ ਸਰਬੱਤ ਦੇ ਭਲੇ ਲਈ ਕੰਮ ਕੀਤਾ ਜਾਏ।  ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਦੇ ਪ੍ਰਕਾਸ਼ ਪੁਰਬ ਦੇ ਇਸ ਪਵਿੱਤਰ ਦਿਹਾੜੇ , ਆਕਾਸ਼ਵਾਣੀ ਪਰਿਵਾਰ ਵੱਲੋਂ ਤੁਹਾਨੂੰ ਸਾਰਿਆਂ ਨੂੰ, ਲੱਖ-ਲੱਖ ਵਧਾਈਆਂ।