ਪ੍ਰਧਾਨ ਮੰਤਰੀ ਨੇ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਵਿਕਾਸ ਖਾਕੇ ਨੂੰ ਕੀਤਾ ਪੇਸ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਅਗਸਤ ਦੀ ਰਾਤ ਨੂੰ ਦੇਸ਼ ਨੂੰ ਸੰਬੋਧਨ ਕਰਦਿਆਂ ਭਾਰਤੀ ਸੰਵਿਧਾਨ ਦੀ ਧਾਰਾ 370 ਨੂੰ ਮਨਸੂਖ ਕੀਤੇ ਜਾਣ ਦੇ ਕਾਰਨਾਂ ਬਾਰੇ ਵਿਸਥਾਰ ‘ਚ ਦੱਸਿਆ।ਜ਼ਿਕਰਯੋਗ ਹੈ ਕਿ ਇਸ ਧਾਰਾ ਤਹਿਤ ਜੰਮੂ-ਕਸ਼ਮੀਰ ਨੂੰ ਖਾਸ ਰੁਤਬਾ ਹਾਸਿਲ ਸੀ।ਇਸ ਹਫ਼ਤੇ ਭਾਰਤੀ ਸੰਸਦ ਦੇ ਦੋਵਾਂ ਸਦਨਾਂ ‘ਚ ਧਾਰਾ 370 ਨੂੰ ਖ਼ਤਮ ਕੀਤੇ ਜਾਣ ਲਈ ਮਤਦਾਨ ਹੋਇਆ।ਜੰਮੂ-ਕਸ਼ਮੀਰ ਪੁਨਰਗਠਨ ਬਿੱਲ ਵੀ ਪੇਸ਼ ਕੀਤਾ ਗਿਆ , ਜਿਸ ਦੇ ਤਹਿਤ ਜੰਮੂ-ਕਸ਼ਮੀਰ ਅਤੇ ਲੱਦਾਖ ਦੋ ਕੇਂਦਰ ਸ਼ਾਸਿਤ ਪ੍ਰਦੇਸ਼ ਹੋਣਗੇ।
ਪੀਐਮ ਮੋਦੀ ਨੇ ਕਿਹਾ ਕਿ ਦਹਾਕਿਆਂ ਦੇ ਵੱਖਵਾਦ, ਅੱਤਵਾਦ, ਪਰਿਵਾਰਵਾਦ ਰਾਜਨੀਤੀ ਅਤੇ ਭ੍ਰਿਸ਼ਟਾਚਾਰ ਵਿਵਸਥਾ ਨੇ ਪੂਰੀ ਤਰ੍ਹਾਂ ਨਾਲ ਤਬਾਹੀ ਮਚਾਈ ਹੋਈ ਸੀ।ਉਨ੍ਹਾਂ ਅੱਗੇ ਕਿਹਾ ਕਿ ਧਾਰਾ 370 ਤੋਂ ਮੁਕਤ ਹੋਣਾ ਇੱਕ ਹਕੀਕਤ ਹੈ। ਧਾਰਾ 370 ਨੂੰ ਸਰਹੱਦ ਪਾਰ ਦੀਆਂ ਵਿਰੋਧੀ ਧਿਰਾਂ ਵੱਲੋਂ ਘੁਸਪੈਠ ਵਰਗੀਆਂ ਵਾਰਦਾਤਾਂ ਕਰਕੇ ਦੇਸ਼ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਅਤੇ ਧਰਤੀ ਦੇ ਸਵਰਗ ਕਹੇ ਜਾਣ ਵਾਲੇ ਖੇਤਰ ਨੂੰ ਨਰਕ ਬਣਾ ਦਿੱਤਾ ਗਿਆ ਸੀ।
ਪਿਛਲੇ ਤਿੰਨ ਦਹਾਕਿਆਂ ਦੌਰਾਨ 42 ਹਜ਼ਾਰ ਭਾਰਤੀਆਂ ਦੀ ਮੌਤ ਦੀ ਜ਼ਿੰਮੇਵਾਰੀ ਪਾਕਿਸਤਾਨ ਦੀ ਰਹੀ ਹੈ।ਧਾਰਾ 370 ਦੇ ਕਾਰਨ ਜੰਮੂ-ਕਸ਼ਮੀਰ ‘ਚ ਦੇਸ਼ ਦੇ ਕਾਨੂੰਨ ਨੂੰ ਸਿੱਧੇ ਤੌਰ ‘ਤੇ ਲਾਗੂ ਨਹੀਂ ਸੀ ਕੀਤਾ ਜਾ ਸਕਦਾ ਜਿਸ ਕਰਕੇ ਸ਼ਰਾਰਤੀ ਅੰਸਰਾਂ ਵੱਲੋਂ ਇਸ ਦਾ ਫਾਇਦਾ ਚੁੱਕਿਆ ਜਾਂਦਾ ਰਿਹਾ ਹੈ।
ਰਾਜ ‘ਚ ਹਿੰਸਕ ਘਟਨਾਵਾਂ ਦੇ ਮੱਦੇਨਜ਼ਰ ਨੌਜਵਾਨ, ਮਹਿਲਾਵਾਂ ਅਤੇ ਸਮਾਜ ਦਾ ਹੇਠਲਾ ਤਬਕਾ ਹਮੇਸ਼ਾਂ ਹੀ ਪ੍ਰਮੁੱਖ ਨਿਸ਼ਾਨੇ ‘ਤੇ ਰਿਹਾ ਹੈ।ਇਸ ਸੂਬੇ ਦੇ ਨੌਜਵਾਨ ਮੌਕਿਆਂ ਤੋਂ ਵਾਂਝੇ ਸਨ ਅਤੇ ਆਪਣੀਆਂ ਸੰਭਾਵਨਾਵਾਂ ਨੂੰ ਵੀ ਪਛਾਣ ਨਹੀਂ ਸਨ ਪਾ ਰਹੇ।ਪੀਐਮ ਮੋਦੀ ਨੇ ਕਿਹਾ ਕਿ ਧਾਰਾ 370 ਨੂੰ ਰੱਦ ਕੀਤੇ ਜਾਣ ਦਾ ਸੁਫਨਾ ਡਾ.ਭੀਮ ਰਾਓ ਅੰਬੇਦਕਰ, ਸਰਦਾਰ ਵੱਲਭਭਾਈ ਪਟੇਲ, ਡਾ. ਸ਼ਿਆਮ ਪ੍ਰਸ਼ਾਦ ਮੁੱਖਰਜੀ ਅਤੇ ਮਰਹੂਮ ਅਟਕ ਬਿਹਾਰੀ ਵਾਜਪਾਈ ਦਾ ਸੀ, ਜੋ ਕਿ ਹੁਣ ਹਕੀਕੀ ਜਾਮੇ ‘ਚ ਆ ਗਿਆ ਹੈ।ਦੋ ਨਵੇਂ ਕੇਂਦਰ ਸ਼ਾਸਿਤ ਪ੍ਰਦੇਸ਼ ਭਾਰਤ ਦੇ ਦੂਜੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਤਰ੍ਹਾਂ ਸਾਰੀਆਂ ਸਹੂਲਤਾਂ ਅਤੇ ਲਾਭਾਂ ਦਾ ਆਨੰਦ ਮਾਣ ਸਕਣਗੇ।
ਪ੍ਰਧਾਨ ਮੰਤਰੀ ਮੋਦੀ ਨੇ ਦੋਵੇਂ ਨਵੇਂ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿਕਾਸ ਦੇ ਖਾਕੇ ਨੂੰ ਪੇਸ਼ ਕੀਤਾ।ਉਨ੍ਹਾਂ ਕਿਹਾ ਕਿ ਧਾਰਾ 370 ਵਾਦੀ ‘ਚ ਅੱਤਵਾਦ ਦੇ ਲਗਾਤਾਰ ਵਾਧੇ ਲਈ ਜ਼ਿੰਮੇਵਾਰ ਸੀ ਅਤੇ ਹੁਣ ਇਸ ਦੇ ਮਨਸੂਖ ਹੋਣ ਨਾਲ ਨਵੇਂ ਕੇਂਦਰ ਸ਼ਾਸਤ ਪ੍ਰਦੇਸ਼ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਦਾ ਚਾਣਨ ਵੇਖਣਗੇ।ਪੀਐਮ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਵਧੀਆ ਅਤੇ ਪਾਰਦਰਸ਼ੀ ਵਾਲਾ ਪ੍ਰਸ਼ਾਸਨ ਦੋਵੇਂ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪ੍ਰਸ਼ਾਸਨ ਦਾ ਅਧਾਰ ਬਣੇਗਾ।
ਪੀਐਮ ਮੋਦੀ ਨੇ ਦੋਵਾਂ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿਕਾਸ ਦੇ ਨਵੇਂ ਉਪਾਵਾਂ ਦਾ ਐਲਾਨ ਕੀਤਾ।ਉਨ੍ਹਾਂ ਕਿਹਾ ਕਿ ਸੂਬੇ ਦੇ 1.5 ਕਰੋੜ ਲੋਕ ਜਲਦ ਹੀ ਵਿਕਾਸ ਦੇ ਨਤੀਜਿਆਂ ਨੂੰ ਆਪਣੀ ਅੱਖੀ ਵੇਖਣਗੇ।ਉਨ੍ਹਾਂ ਨੇ ਦੇਸ਼ ਨੂੰ ਭਰੋਸਾ ਦਿੱਤਾ ਹੈ ਕਿ ਭਾਰਤ ਸਰਕਾਰ ਹਰ ਘੜ੍ਹੀ ਉਨ੍ਹਾਂ ਦੇ ਨਾਲ ਖੜ੍ਹੀ ਹੈ।
ਪੀਐਮ ਮੋਦੀ ਨੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਕਸ਼ਮੀਰ ਭਾਰਤ ‘ਚ ਫਿਲਮੀ ਸ਼ੂਟਿੰਗ ਲਈ ਪ੍ਰਮੁੱਖ ਖੇਤਰ ਮੰਨਿਆ ਜਾਂਦਾ ਸੀ, ਪਰ ਕਈ ਦਹਾਕਿਆਂ ਤੋਂ ਭਾਰਤੀ ਫਿਲਮ ਉਦਯੋਗ ਨੇ ਇਸ ਖੇਤਰ ‘ਚ ਕੋਈ ਸ਼ੂਟਿੰਗ ਨਹੀਂ ਕੀਤੀ ਹੈ।ਉਨ੍ਹਾਂ ਨੇ ਫਿਲਮ ਉਦਯੋਗ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਕਸ਼ਮੀਰ ‘ਚ ਮੁੜ ਪਹਿਲਾਂ ਵਾਲਾ ਮਾਹੌਲ ਕਾਇਮ ਕੀਤਾ ਜਾਵੇ ਤਾਂ ਜੋ ਵਾਦੀ ਦੀ ਖੂਬਸੂਰਤੀ ਨੂੰ ਵਿਸ਼ਵ ਪੱਧਰ ‘ਤੇ ਮੁੜ ਵਿਖਾਇਆ ਜਾ ਸਕੇ।
ਪੀਐਮ ਮੋਦੀ ਨੇ ਜੰਮੂ-ਕਸ਼ਮੀਰ ਅਤੇ ਲੱਦਾਖ ਦੋਵਾਂ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਨਿਰਮਾਣ ਲਈ ਨੌਜਵਾਨਾਂ ਅਤੇ ਮਹਿਲਾਵਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ।ਉਨ੍ਹਾਂ ਨੇ ਵਿਧਾਨ ਸਭਾ ਦੀਆਂ ਅਗਾਮੀ ਚੋਣਾਂ ‘ਚ ਉਨ੍ਹਾਂ ਨੂੰ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਵੀ ਕਿਹਾ ਤਾਂ ਜੋ ਵਿਕਾਸ ਪ੍ਰਕ੍ਰਿਆ ‘ਚ ਉਹ ਅਹਿਮ ਭੂਮਿਕਾ ਨਿਭਾ ਸਕਣ।
ਸ੍ਰੀ ਮੋਦੀ ਨੇ ਵਿਸ਼ਵਾਸ ਜਤਾਇਆ ਹੈ ਕਿ ਕਸ਼ਮੀਰ ‘ਚ ਮਾਹੌਲ ਜਲਦ ਹੀ ਆਮ ਵਾਂਗਰ ਹੋ ਜਾਣਗੇ।ਉਨ੍ਹਾਂ ਅੱਗੇ ਕਿਹਾ ਕਿ ਮਤਭੇਦ ਲੋਕਤੰਤਰ ਦਾ ਹੀ ਇੱਕ ਹਿੱਸਾ ਹਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਸਾਰਿਆਂ ਨੂੰ ਕੌਮੀ ਹਿੱਤਾਂ ਨੂੰ ਤਰਜੀਹ ਦੇਣ ਦੀ ਅਪੀਲ ਵੀ ਕੀਤੀ।
ਪੀਐਮ ਮੋਦੀ ਨੇ ਕਿਹਾ ਕਿ ਲੱਦਾਖ ਦੇ ਲੋਕ ਆਪਣੇ ਖੇਤਰ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਦੇ ਮਿਲੇ ਰੁਤਬੇ ਤੋਂ ਬਹੁਤ ਖੁਸ਼ ਹਨ।ਹੁਣ ਕੇਂਦਰ ਸਰਕਾਰ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਲੱਦਾਖ ‘ਚ ਵਿਕਾਸ ਪ੍ਰਾਜੈਕਟਾਂ ਨੂੰ ਸਹੀ ਢੰਗ ਨਾਲ ਅਗਾਂਹ ਲੈ ਕੇ ਜਾਵੇ।ਉਨ੍ਹਾਂ ਕਿਹਾ ਕਿ ਦੋਵੇਂ ਨਵੇਂ ਕੇਂਦਰ ਸ਼ਾਸਤ ਪ੍ਰਦੇਸ਼ ਬੁਨਿਆਦੀ ਢਾਂਚੇ ਦੇ ਵਿਕਾਸ ਦੀ ਗਵਾਹੀ ਭਰਨਗੇ।ਸੜਕਾਂ, ਹਵਾਈ ਅੱਡਿਆਂ , ਰੇਲਵੇ ਲਾਈਨਾਂ, ਹਸਪਤਾਲਾਂ, ਸਕੂਲਾਂ ਆਦਿ ਦਾ ਆਧੁਨਿਕੀਕਰਨ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਪੀਐਮ ਮੋਦੀ ਨੇ ਕਿਹਾ ਕਿ ਸੈਰ-ਸਪਾਟਾ ਅਤੇ ਹੋਰ ਸਹਾਇਕ ਉਦਯੋਗਾਂ ਦੀ ਮਦਦ ਨਾਲ ਰੁਜ਼ਗਾਰ ਦੇ ਮੌਕਿਆਂ ਨੂੰ ਵੀ ਹੁਲਾਰਾ ਮਿਲੇਗਾ।ਉਹ ਸਮਾਂ ਦੂਰ ਨਹੀਂ ਹੈ ਜਦੋਂ ਜੰਮੂ-ਕਸ਼ਮੀਰ ਅਤੇ ਲੱਦਾਖ ਇਹ ਦੋਵੇਂ ਵਿਕਸਤ ਕੇਂਦਰ ਸ਼ਾਸਤ ਪ੍ਰਦੇਸ਼ ਦੀ ਕਤਾਰ ‘ਚ ਹੋਣਗੇ।
ਆਪਣੇ 38 ਮਿੰਟਾਂ ਦੇ ਭਾਸ਼ਣ ‘ਚ ਪੀਐਮ ਮੋਦੀ ਨੇ ਸਿਰਫ ਤਾਂ ਸਿਰਫ ਵਿਕਾਸ ਦੀ ਹੀ ਗੱਲ ਕੀਤੀ। ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਨੂੰ ਭਾਰਤੀ ਪ੍ਰਧਾਨ ਮੰਤਰੀ ਤੋਂ ਵਿਕਾਸ ਏਜੰਡੇ ਨੂੰ ਪੇਸ਼ ਕਰਨ ਦੀ ਤਰਤੀਬ ਸਿੱਖਣ ਦੀ ਲੋੜ ਹੈ।ਪਾਕਿ ਨਾਗਰਿਕਾਂ ਨੂੰ ਇਸ ਦਾ ਜ਼ਰੂਰ ਲਾਭ ਮਿਲ ਸਕਦਾ ਹੈ।
ਲੇਖਨ: ਪਦਮ ਸਿੰਘ. ਆਕਾਸ਼ਵਾਣੀ ਨਿਊਜ਼ ਵਿਸ਼ਲੇਸ਼ਕ