ਕਸ਼ਮੀਰ ‘ਤੇ ਪਾਕਿਸਤਾਨ ਦੀ ਬੌਖਲਾਹਟ ਭਰੀ ਪ੍ਰਤੀਕ੍ਰਿਆ ਕਿਸੇ ਨਤੀਜੇ ਵੱਲ ਨਹੀਂ ਲੈ ਜਾਵੇਗੀ

ਕਸ਼ਮੀਰ ਨਾਲ ਮੁਤਾਲਿਖ ਭਾਰਤ ਦੇ ਕੁੱਝ ਪ੍ਰਸ਼ਾਸਕੀ ਅਤੇ ਕਾਨੂੰਨੀ ਫ਼ੈਸਲਿਆਂ ਦੇ ਸਬੰਧ ‘ਚ ਪਾਕਿਸਤਾਨ ਨੇ ਜੋ ਸਖਤ ਪ੍ਰਤੀਕ੍ਰਿਆ ਪੇਸ਼ ਕੀਤੀ ਹੈ ਉਸ ਨਾਲ ਪਾਕਿਸਤਾਨ ਨੂੰ ਕਿਸੇ ਵੀ ਹੱਦ ਤੱਕ ਕੋਈ ਵੀ ਸਾਕਾਰਤਮਕ ਫਾਇਦਾ ਹਾਸਿਲ ਨਹੀਂ ਹੋਵੇਗਾ।ਬਲਕਿ ਆਲਮੀ ਭਾਈਚਾਰੇ ਇਹ ਪ੍ਰਤੀਕ੍ਰਿਆ ਪਾਕਿਸਤਾਨ ਨੂੰ ਅਲੱਗ ਥਲੱਗ ਕਾਰਨ ਦਾ ਕਾਰਨ ਬਣ ਸਕਦੀ ਹੈ।ਇਸਲਾਮਾਬਦ ਨੇ ਬਿਨ੍ਹਾਂ ਕੁੱਝ ਸੋਚੇ ਸਮਝੇ ਭਾਰਤੀ ਹਾਈ ਕਮਿਸ਼ਨ ਨੂੰ ਪਾਕਿਸਤਾਨ ਤੋਂ ਵਾਪਸ ਜਾਣ ਦੇ ਆਦੇਸ਼ ਦਿੱਤੇ ਅਤੇ ਨਾਲ ਹੀ ਕੂਟਨੀਤਕ ਸਬੰਧਾਂ ਨੂੰ ਖ਼ਤਮ ਕਰਨ ਅਤੇ ਸੁਤੰਤਰਤਾ ਦਿਵਸ ਮੌਕੇ ਜੰਮੂ-ਕਸ਼ਮੀਰ ਦੇ ਲੋਕਾਂ ਨਾਲ ਅਖੌਤੀ ਏਕਤਾ ਦਾ ਪ੍ਰਦਰਸ਼ਨ ਕਰਨ ਲਈ 15 ਅਗਸਤ ਨੂੰ ਕਾਲਾ ਦਿਵਸ ਮਨਾਉਣ ਦਾ ਜੋ ਫ਼ੈਸਲਾ ਕੀਤਾ ਹੈ ਉਸ ਨਾਲ ਦੋਵਾਂ ਮੁਲਕਾਂ ਦੇ ਸਬੰਧਾਂ ‘ਚ ਕੜਵਾਹਟ ਤਾਂ ਆਵੇਗੀ ਹੀ ਨਾਲ ਦੀ ਨਾਲ ਹੀ ਪਾਕਿਸਤਾਨ ਆਪਣੀ ਇਸ ਬੇਬੁਨਿਆਦ ਪ੍ਰਤੀਕ੍ਰਿਆ ਕਾਰਨ ਕੌਮਾਂਤਰੀ ਪੱਧਰ ‘ਤੇ ਨਕਾਰਿਆ ਜਾ ਰਿਹਾ ਹੈ।ਪਾਕਿਸਤਾਨ ਦੀ ਇਸ ਪ੍ਰਤੀਕ੍ਰਿਆ ਨੂੰ ਅੰਗੇਜ਼ੀ ਦੇ ਇਕ ਮੁਹਾਵਰੇ ‘ਚ ‘ਨੀ ਜ਼ਰਕ’ ਕਿਹਾ ਜਾਂਦਾ ਹੈ।ਇਸ ਸਿਲਸਿਲੇ ‘ਚ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਤੋਂ ਇਲਾਵਾ ਵਿਿਗਆਨ ਅਤੇ ਤਕਨਾਲੋਜੀ ਮੰਤਰੀ ਵੱਲੋਂ ਦਿੱਤੀ ਗਈ ਪ੍ਰਤੀਕ੍ਰਿਆ ਬਹੁਤ ਹੀ ਵੱਖਰੀ ਸੀ।ਸੰਸਦ ਦੇ ਸਾਂਝੇ ਇਜਲਾਸ ਨੂੰ ਸੰਬੋਧਨ ਕਰਦਿਆਂ ਤਾਂ ਉਹ ਰੋ ਹੀ ਪਏ।ਉਨ੍ਹਾਂ ਕਿਹਾ ਕਿ ਸਾਨੂੰ ਲੜਨਾ ਹੋਵੇਗਾ।ਉਨ੍ਹਾਂ ਮੁਤਾਬਿਕ ਇਹ ਲੜਾਈ ਕੋਈ ਰਿਵਾਇਤੀ ਲੜਾਈ ਨਹੀਂ ਹੋਵੇਗੀ ਬਲਕਿ ਵਾਸ਼ਿਗੰਟਨ ਤੋਂ ਲੰਡਨ ਤੱਕ ਅਤੇ ਰਿਆਦ ਤੋਂ ਤਹਿਰਾਨ ਤੱਕ ਪੂਰੀ ਦੁਨੀਆ ਇਸ ਲੜਾਈ ਦੀ ਤਪਸ ਦਾ ਸੇਕ ਮਹਿਸੂਸ ਕਰੇਗੀ।ਉਨ੍ਹਾਂ ਨੇ ਆਲਮੀ ਬਰਾਦਰੀ ਨੂੰ ਕਿਹਾ ਕਿ ਦੁਨੀਆ ਨੂੰ ਜਾਗਰੂਕ ਹੋਣਾ ਚਾਹੀਦਾ ਹੈ ਅਤੇ ਮਹਿਸੂਸ ਕਰਨ ਦੀ ਲੋੜ ਹੈ ਕਿ ਹਕੂਮਤ-ਏ-ਹਿੰਦ ਅੱਗ ਨਾਲ ਖੇਡਣ ਜਾ ਰਹੀ ਹੈ।
ਹਾਲਾਂਕਿ ਹਕੂਮਤ-ਏ-ਪਾਕਿਸਤਾਨ ਦੀ ਇਸ ਪ੍ਰਤੀਕ੍ਰਿਆ ‘ਤੇ ਉਸ ਦੇ ਹੀ ਕੁੱਝ ਵਿਸ਼ਲੇਸ਼ਕਾਂ ਅਤੇ ਪੱਤਰਕਾਰਾਂ ਨੇ ਹੈਰਾਨੀ ਪ੍ਰਗਟ ਕੀਤੀ ਹੈ।ਉਨ੍ਹਾਂ ਕਿਹਾ ਕਿ ਪਾਕਿਸਤਾਨੀ ਲੀਡਰਸ਼ਿਪ ਬਿਨ੍ਹਾਂ ਸੋਚੇ ਸਮਝੇ ਬਿਆਨ ਦੇ ਰਹੇ ਹਨ।ਬਹਿਰਹਾਲ ਇਸ ਦੇ ਬਾਵਜੂਦ ਪਾਕਿਸਤਾਨੀ ਆਗੂਆਂ ਅਤੇ ਹੂਕਮਰਾਨਾਂ ਨੇ  ਆਪਣੇ ਬਿਆਨਾਂ ਰਾਹੀਂ ਹੀ ਆਪਣੀ ਸੌੜੀ ਸੋਚ ਨੂੰ ਬੇਨਿਕਾਬ ਕਰ ਦਿੱਤਾ ਹੈ।ਜਿਸ ਧਾਰਾ 370 ਨੂੰ ਮਨਸੂਖ ਕੀਤੇ ਜਾਣ ਦੇ ਖ਼ਿਲਾਫ਼ ਉਨ੍ਹਾਂ ਵੱਲੋਂ ਜੰਗ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ , ਉਸੇ ਧਾਰਾ ਦੇ ਤਹਿਤ ਹੀ ਕਸ਼ਮੀਰ ਨੂੰ ਜੋ ਖਸੂਸੀ ਅਧਿਕਾਰ ਹਾਸਿਲ ਸਨ ਉਨ੍ਹਾਂ ਦਾ ਪਾਕਿਸਤਾਨ ਵੱਲੋਂ ਹਮੇਸ਼ਾਂ ਹੀ ਮਜ਼ਾਕ ਉਡਾਇਆ ਗਿਆ ਸੀ।ਉਹ ਜੰਮੂ-ਕਸ਼ਮੀਰ ਦੇ ਵਜ਼ੀਰ-ਏ-ਆਲਾ ਨੂੰ ਹਮੇਸ਼ਾਂ ਹੀ ਭਾਰਤ ਦਾ ਪਿੱਠੂ ਕਹਿੰਦੇ ਸਨ।ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਦੀ ਸਰਕਾਰ ਨੂੰ ਕਦੇ ਵੀ ਨੁਮਾਇੰਦਾ ਅਤੇ ਕਾਨੂੰਨੀ ਤੌਰ ‘ਤੇ ਚੁਣੀ ਹੋਈ ਵੱਖਰੀ ਸਰਕਾਰ ਦਾ ਦਰਜਾ ਨਹੀਂ ਦਿੰਦੇ ਸਨ।ਹੁਣ ਅਚਾਨਕ ਪਾਕਿਸਤਾਨ ਨੂੰ ਲੱਗਿਆ ਕਿ ਅਹਿਲੇ ਕਸ਼ਮੀਰ ਤੋਂ ਕੁੱਝ ਖੋਹ ਲਿਆ ਗਿਆ ਹੈ।ਇਹ ਕਿਸ ਪੱਧਰ ਦੀ ਸੋਚ ਹੈ? ਸ਼ਾਇਦ ਇਸੇ ਲਈ ਪਾਕਿ ਵਿਸ਼ਲੇਸ਼ਕਾਂ ਅਤੇ ਅਲੋਚਕਾਂ ਨੇ ਆਪਣੇ ਹੀ ਆਗੂਆਂ ਦੇ ਬਿਆਨਾਂ ‘ਤੇ ਉਂਗਲੀ ਚੁੱਕੀ ਹੈ।ਪਾਕਿਸਤਾਨ ਨੂੰ ਇਹ ਮਹਿਸੂਸ ਕਰਨ ਦੀ ਲੋੜ ਹੈ ਕਿ ਜੰਮੂ-ਕਸ਼ਮੀਰ ਦੇ ਸਬੰਧ ‘ਚ ਹਕੂਮਤ-ਏ-ਹਿੰਦ ਨੇ ਜੋ ਵੀ ਫ਼ੈਸਲਾ ਲਿਆ ਹੈ ਉਹ ਭਾਰਤ ਦਾ ਅੰਦਰੂਨੀ ਮਾਮਲਾ ਹੈ ਅਤੇ ਕਿਸੇ ਦੂਜੀ ਧਿਰ ਨੂੰ ਇਸ ਕੁੱਝ ਵੀ ਬੋਲਣ ਦਾ ਕੋਈ ਹੱਕ ਨਹੀਂ ਹੈ।
ਖੁਦ ਪਾਕਿਸਤਾਨ ਨੇ ਮਕਬੂਜਾ ਕਸ਼ਮੀਰ ਦੇ ਤਾਲੁਕ ‘ਚ ਜੋ ਕੁੱਝ ਵੀ ਹੁਣ ਤੱਕ ਕੀਤਾ ਹੈ ਉਹ ਸਰਾਸਰ ਗੈਰਕਾਨੂੰਨੀ ਰਿਹਾ ਹੈ।ਕਸ਼ਮੀਰ ਦਾ ਇਕ ਖੇਤਰ ਜਿਸ ਨੂੰ ਕਿ ਕਸ਼ਮੀਰ ਦੇ ਰਾਜਾ ਨੇ ਤਤਕਾਲੀ ਸਮੇਂ ਅੰਗ੍ਰੇਜਾਂ ਨੂੰ ਪਟੇ (ਲੀਜ਼) ‘ਤੇ ਦਿੱਤਾ ਸੀ, ਬ੍ਰਿਿਟਸ਼ ਸਰਕਾਰ ਦੇ ਇੱਥੋਂ ਚਲੇ ਜਾਣ ਅਤੇ ਹਿੰਦ-ਪਾਕਿ ਦੀ ਆਜ਼ਾਦੀ ਤੋਂ ਬਾਅਧ ਉਹ ਹਿੱਸਾ ਖੁਦ-ਬ-ਖੁਦ ਕਸ਼ਮੀਰ ਦਾ ਹਿੱਸਾ ਬਣ ਗਿਆ , ਪਰ ਪਾਕਿਸਤਾਨ ਨੇ ਕਦੇ ਵੀ ਇਸ ਨੂੰ ਮਕਬੂਜਾ ਕਸ਼ਮੀਰ ‘ਚ ਸ਼ਾਮਲ ਨਹੀਂ ਕੀਤਾ। ਇੱਥੋਂ ਤੱਕ ਕਿ ਉੱਥੋਂ ਦੀ ਸੁਪਰੀਮ ਕੋਰਟ ਵੀ ਇਹ ਫ਼ੈਸਲਾ ਕੀਤਾ ਸੀ ਕਿ ਇਸ ਖੇਤਰ ਨੂੰ ਕਸ਼ਮੀਰ ‘ਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ, ਪਰ ਪਾਕਿਸਤਾਨ ਨੇ ਇਸ ਫ਼ੈਸਲੇ ਨੂੰ ਕਦੇ ਵੀ ਪਾਸ ਨਹੀਂ ਕੀਤਾ।ਬਲਕਿ ਇੰਨ੍ਹਾਂ ਇਲਾਕਿਆਂ ਨੂੰ ਗਿਲਗਿਤ-ਬਾਲਟਿਸਤਾਨ ਦਾ ਨਾਂਅ ਦੇ ਕੇ ਇੱਕ ਵੱਖਰਾ ਸੂਬਾ ਬਣਾ ਦਿੱਤਾ ਗਿਆ।ਜੋ ਕਿ ਪੂਰੀ ਤਰ੍ਹਾਂ ਨਾਲ ਗੈਰਕਾਨੂੰਨੀ ਸੀ।ਇਸ ਤੋਂ ਇਲਾਵਾ ਹੋਰ ਵੀ ਕਈ ਫ਼ੈਸਲੇ ਮਕਬੂਜ਼ਾ ਕਸ਼ਮੀਰ ਲਈ ਕੀਤੇ ਗਏ ਜੋ ਕਿ ਕਿਸੇ ਵੀ ਰੂਪ ‘ਚ ਕਾਨੂੰਨੀ ਨਹੀਂ ਕਹੇ ਜਾ ਸਕਦੇ ਹਨ।
ਬਹਿਰਹਾਲ ਜੇਕਰ ਪਾਕਿਸਤਾਨ ਨੇ ਜੇਕਰ ਆਪਣੇ ਬਲਬੂਤੇ ਇਹ ਜੰਗ ਛੇੜੀ ਹੈ ਤਾਂ ਉਹ ਸ਼ੌਕ ਨਾਲ ਇਸ ਨੂੰ ਅੱਗੇ ਵਧਾਵੇ। ਭਾਰਤ ਵੀ ਆਉਣ ਵਾਲੇ ਦਿਨਾਂ ‘ਚ ਇਹੀ ਤਵੱਕੋ ਕਰ ਰਿਹਾ ਹੈ ਕਿ ਪਾਕਿਸਤਾਨ ਕਸ਼ਮੀਰ ਦਾ ਮਾਮਲਾ ਸੰਯੁਕਤ ਰਾਸ਼ਟਰ ‘ਚ ਚੁੱਕੇਗਾ ਅਤੇ ਨਾਲ ਹੀ ਇਸਲਾਮਿਕ ਸੰਗਠਨ ਕਾਨਫਰੰਸ ਨੂੰ ਵੀ ਇਸ ਮੁੱਦੇ ‘ਤੇ ਸਰਗਰਮ ਕਰਨ ਦੇ ਯਤਨ ਕਰੇਗਾ ਅਤੇ ਮਿੱਤਰ ਮੁਲਕਾਂ ‘ਚ ਆਪਣੇ ਖਸੂਸੀ ਸਫ਼ਾਰਤਗਾਦ ਭੇਜੇਗਾ।
ਭਾਰਤ ਕੂਟਨੀਤਕ ਪੱਧਰ ‘ਤੇ ਪਾਕਿਸਤਾਨ ਦੇ ਇੰਨ੍ਹਾਂ ਹਮਲਿਆਂ ਦੇ ਜਵਾਬ ਦੇਣ ਦੀ ਸਮਰੱਥਾ ਰੱਖਦਾ ਹੈ।ਇਸ ਦਾ ਅੰਦਾਜ਼ਾ ਖੁਦ ਪਾਕਿਸਤਾਨ ਨੂੰ ਵੀ ਹੋ ਜਾਵੇਗਾ।ਬੈਨੁਲ ਅਕਵਾਮੀ ਸਿਆਸਤ ‘ਚ ਕਿੰਨੀ ਵੱਡੀ ਤਬਦੀਲੀ ਆਈ ਹੈ, ਇਸ ਦਾ ਅਹਿਸਾਸ ਸ਼ਾਇਦ ਪਾਕਿਸਤਾਨ ਨੂੰ ਨਹੀਂ ਹੋਇਆ ਹੈ।ਪਿਛਲੇ ਕਈ ਦਹਾਕਿਆਂ ਤੋਂ ਭਾਰਤੀ ਆਰਥਿਕਤਾ ਨੇ ਵਿਕਾਸ ਦੇ ਕਈ ਨਵੇਂ ਪੈਂਡੇ ਤੈਅ ਕਰ ਲਏ ਹਨ।ਦੂਜੇ ਪਾਸੇ ਪਾਕਿਸਤਾਨ ਨੇ ਜੋ ਖੁੱਲ੍ਹੇ ਤੌਰ ‘ਤੇ ਅਤੇ ਕੁੱਝ ਖੁਫ਼ੀਆ ਤੌਰ ‘ਤੇ ਇਸਲਾਮੀ ਦਹਿਸ਼ਤਗਰਦੀ ਨੂੰ ਜੋ ਹੁਲਾਰਾ ਦਿੱਤਾ ਹੈ ਉਸ ਤੋਂ ਵੀ ਪੂਰੀ ਦੁਨੀਆ ਵਾਕਿਫ ਹੋ ਗਈ ਹੈ।
ਭਾਰਤ ਅਤੇ ਅਫ਼ਗਾਨਿਸਤਾਨ ‘ਚ ਦਹਿਸ਼ਤਗਰਦੀ ਨੂੰ ਬਤੌਰ ਹਥਿਆਰ ਬਣਾ ਕੇ ਪਾਕਿਸਤਾਨ ਨੇ ਜੋ ਤਬਾਹੀ ਮਚਾਈ ਹੈ , ਉਸ ਤੋਂ ਆਲਮੀ ਭਾਈਚਾਰਾ ਪੂਰੀ ਤਰ੍ਹਾਂ ਨਾਲ ਜਾਣੂ ਹੈ।ਪਾਕਿਸਤਾਨ ‘ਚ ਮੌਜੂਦ ਕਈ ਅੱਤਵਾਦੀ ਸੰਗਠਨਾਂ ਨੂੰ ਵਿਸ਼ਵਵਿਆਪੀ ਦਹਿਸ਼ਤਗਰਦ ਸੰਗਠਨ ਕਰਾਰ ਦਿੱਤਾ ਜਾ ਚੁੱਕਾ ਹੈ ਅਤੇ ਕੁੱਝ ਅੱਤਵਾਦੀ ਸੰਗਠਨ ਅਜਿਹੇ ਵੀ ਹਨ, ਜੋ ਕਿ ਗੈਰ ਮੁਲਕਾਂ ਨਾਲ ਤਾਲੁਕ ਰੱਖਦੇ ਹਨ ਪਰ ਇੰਨ੍ਹਾਂ ਦੀ ਅਸਲ ਸੁਰੱਖਿਅਤ ਪਨਾਹਗਾਹ ਪਾਕਿਸਤਾਨ ਹੀ ਰਿਹਾ ਹੈ।
ਹੁਣ ਵੇਖਣਾ ਇਹ ਹੋਵੇਗਾ ਕਿ ਪਾਕਿਸਤਾਨ ਆਪਣੇ ਇਸ ਰਵੱਈਏ ਨਾਲ ਆਲਮੀ ਭਾਈਚਾਰੇ ‘ਚ ਭਾਰਤ ਦੇ ਵਿਰੁੱਧ ਕਿੰਨੀ ਉਥਲ-ਪੁਥਲ ਕਰ ਪਾਉਂਦਾ ਹੈ।ਇਸ ਦਾ ਅੰਦਾਜ਼ਾ ਭਵਿੱਖ ‘ਚ ਹੀ ਲਗਾਇਆ ਜਾ ਸਕੇਗਾ।