ਵਿਦੇਸ਼ ਮਾਮਲਿਆਂ ਦੇ ਮੰਤਰੀ ਵੱਲੋਂ ਚੀਨ ਦਾ ਦੌਰਾ; ਦੋਵਾਂ ਮੁਲਕਾਂ ਵਿਚਾਲੇ ਸਬੰਧਾਂ ਨੂੰ ਮਿਲੇਗੀ ਮਜ਼ਬੂਤੀ

ਭਾਰਤ ਦੇ ਵਿਦੇਸ਼ ਮੰਤਰੀ ਐਸ.ਜੈਸ਼ੰਕਰ ਵੱਲੋਂ ਮਹੱਤਵਪੂਰਨ ਕੂਟਨੀਤਕ ਪਹੁੰਚ ਦੇ ਮੱਦੇਨਜ਼ਰ ਚੀਨ ਦਾ ਅਧਿਕਾਰਤ ਦੌਰਾ ਕੀਤਾ। ਵਿਦੇਸ਼ ਮੰਤਰੀ ਵੱਲੋਂ ਸਭਿਆਚਾਰ ਅਤੇ ਲੋਕਾਂ ‘ਚ ਆਦਾਨ-ਪ੍ਰਦਾਨ ਬਾਰੇ ਇੱਕ ਉੱਚ ਪੱਧਰੀ ਤੰਤਰ ਦੀ ਬੈਠਕ ‘ਚ ਹਿੱਸਾ ਲੈਣ ਲਈ ਬੀਜਿੰਗ ਦਾ ਦੌਰਾ ਕੀਤਾ।ਇਸ ਫੇਰੀ ਦਾ ਉਦੇਸ਼ ਮੁੱਖ ਤੌਰ ‘ਤੇ ਇਸ ਸਾਲ ਦੇ ਅੰਤ ‘ਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੱਲੋਂ ਭਾਰਤ ਦੇ ਦੌਰੇ ਲਈ ਪਿੱਠਭੂਮੀ ਤਿਆਰ ਕਰਨਾ ਹੈ।ਦੱਸਣਯੋਗ ਹੈ ਕਿ ਚੀਨੀ ਰਾਸ਼ਟਰਪਤੀ ‘ਵੁਹਾਨ’ ਗੈਰਰਸਮੀ ਬੈਠਕ ਦੇ ਦੂਜੇ ਦੌਰ ਲਈ ਭਾਰਤ ਆ ਰਹੇ ਹਨ।ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ।ਦੋਵੇਂ ਧਿਰਾਂ ਕੂਟਨੀਤਕ ਸਬੰਧਾਂ ਦੀ 70ਵੀਂ ਵਰ੍ਹੇਗੰਢ ਮਨਾ ਰਹੀਆਂ ਹਨ।ਇਸ ਬੈਠਕ ਦੌਰਾਨ ਭਾਰਤੀ ਸੰਸਦ ‘ਚ ਜੰਮੂ-ਕਸ਼ਮੀਰ ਨਾਲ ਸੰਬੰਧਿਤ ਵਿਧਾਨਿਕ ਕਾਨੂੰਨਾਂ ਸਬੰਧੀ ਹੋਈ ਤਬਦੀਲੀ ਦਾ ਮੁੱਦਾ ਵੀ ਦੋਵਾਂ ਵਿਦੇਸ਼ ਮੰਤਰੀਆਂ ਵੱਲੋਂ ਵਿਚਾਰਿਆ ਗਿਆ।
ਸ੍ਰੀ ਜੈਸ਼ੰਕਰ ਨੇ ਚੀਨ ਦੇ ਉਪ ਰਾਸ਼ਟਰਪਤੀ ਵਾਂਗ ਕਿਸ਼ਨ ਨਾਲ ਵੀ ਗੱਲਬਾਤ ਕੀਤੀ।ਦੋਵਾਂ ਧਿਰਾਂ ਨੇ ਉੱਭਰਦੀ ਵਿਸ਼ਵ ਸਥਿਤੀ ਨੂੰ ਵਿਚਾਰਿਆ ਅਤੇ ਨਾਲ ਹੀ ਭਾਰਤ ਅਤੇ ਚੀਨ ਜੋ ਕਿ ਦੋ ਵੱਡੀਆਂ ਖੇਤਰੀ ਅਤੇ ਵਿਸ਼ਵਵਿਆਪੀ ਤਾਕਤਾਂ ਹਨ, ਉਨ੍ਹਾਂ ਵਿਚਾਲੇ ਵੱਧ ਰਹੇ ਅਸੁੰਤਲਨ ਦੇ ਕਾਰਨਾਂ ਨੂੰ ਜਾਣਨ ਲਈ ਵਿਚਾਰ ਵਟਾਂਦਰਾ ਵੀ ਕੀਤਾ।
ਭਾਰਤੀ ਵਿਦੇਸ਼ ਮੰਤਰੀ ਦਾ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਚੀਨ ਦਾ ਇਹ ਪਹਿਲਾ ਦੌਰਾ ਹੈ, ਜਦਕਿ ਇਸ ਤੋਂ ਪਹਿਲਾਂ ਉਹ ਚੀਨ ਦੇ ਸਾਬਕਾ ਰਾਜਦੂਤ ਰਹਿ ਚੁੱਕੇ ਹਨ।ਇਸ ਲਈ ਚੀਨ ਨੂੰ ਉਹ ਭਲੀ ਭਾਂਤੀ ਜਾਣਦੇ ਹਨ।
ਸ੍ਰੀ ਜੈਸ਼ੰਕਰ ਨੇ ਆਪਣੇ ਚੀਨੀ ਹਮਅਹੁਦਾ ਵਾਂਗ ਯੀ ਨਾਲ ਵਿਸਥਾਰਪੂਰਵਕ ਅਤੇ ਉਸਾਰੂ ਗੱਲਬਾਤ ਕੀਤੀ।ਇਸ ਮੁਲਾਕਾਤ ਦੌਰਾਨ ਚੀਨ ਦੇ ਵਿਦੇਸ਼ ਮੰਤਰੀ ਨੇ ਜੰਮੂ-ਕਸ਼ਮੀਰ ਸਬੰਧੀ ਭਾਰਤੀ ਸੰਸਦ ‘ਚ ਲਏ ਗਏ ਫ਼ੈਸਲਿਆਂ ‘ਤੇ ਚਰਚਾ ਕੀਤੀ।ਭਾਰਤੀ ਵਿਦੇਸ਼ ਮੰਤਰੀ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ।ਉਨ੍ਹਾਂ ਅੱਗੇ ਕਿਹਾ ਕਿ ਜੰਮੂ-ਕਸ਼ਮੀਰ  ‘ਚ ਬਿਹਤਰ ਸ਼ਾਸਨ ਅਤੇ ਸਮਾਜਿਕ-ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਹੀ ਭਾਰਤ ਸਰਕਾਰ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ।ਇਸ ਫ਼ੈਸਲੇ ਦਾ ਭਾਰਤ ਦੀਆਂ ਬਾਹਰੀ ਸਰਹੱਦਾਂ ਜਾਂ ਫਿਰ ਭਾਰਤ-ਚੀਨ ਸਰਹੱਦ ‘ਤੇ ਪੈਂਦੀ ਅਸਲ ਕੰਟਰੋਲ ਰੇਖਾ ‘ਤੇ ਇਸ ਦਾ ਕੋਈ ਪ੍ਰਭਾਵ ਨਹੀਂ ਪਵੇਗਾ।
ਵਿਦੇਸ਼ ਮੰਤਰੀ ਨੇ ਇਹ ਵੀ ਦੱਸਿਆ ਕਿ ਭਾਰਤ ਨੇ ਕੋਈ ਵਾਧੂ ਖੇਤਰੀ ਦਾਅਵੇ ਦੀ ਪੇਸ਼ਕਸ਼ ਨਹੀਂ ਕੀਤੀ ਅਤੇ ਇਸ ਸਬੰਧ ‘ਚ ਚੀਨ ਦੀਆਂ ਚਿੰਤਾਵਾਂ ਨਿਰਾਧਾਰ ਹਨ।ਭਾਰਤ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਜਿੱਥੋਂ ਤੱਕ ਭਾਰਤ-ਚੀਨ ਸਰਹੱਦ ਦਾ ਸਵਾਲ ਹੈ, ਦੋਵਾਂ ਧਿਰਾਂ ਨੇ 2005 ਦੇ ਸਿਆਸੀ ਮਾਪਦੰਡਾਂ ਅਤੇ ਮਾਰਗ ਦਰਸ਼ਕ ਸਿਧਾਂਤਾਂ ਦੇ ਅਧਾਰ ‘ਤੇ ਸੀਮਾ ਪ੍ਰਸ਼ਾਂਸਨ ਦੇ ਨਿਰਪੱਖ , ਵਾਜਬ ਅਤੇ ਆਪਸੀ ਸਵੀਕਾਰਯੋਗ ਸਮਝੌਤੇ ਲਈ ਸਹਿਮਤ ਹੋਏ ਹਨ।
ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਦੇ ਸਬੰਧ ‘ਚ ਚੀਨ ਦੇ ਵਿਦੇਸ਼ ਮੰਤਰੀ ਵੱਲੋਂ ਰੱਖੇ ਗਏ ਸਵਾਲਾਂ ਦੇ ਜਵਾਬ ‘ਚ ਭਾਰਤੀ ਵਿਦੇਸ਼ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਦਾ ਇਸ ਪੂਰੇ ਮਾਮਲੇ ਨਾਲ ਕੋਈ ਵਾਹ ਵਾਸਤਾ ਨਹੀਂ ਹੈ ਕਿਉਂਕਿ ਹੈ ਇਹ ਤਾਂ ਭਾਰਤ ਦਾ ਅੰਦਰੂਨੀ ਮਾਮਲਾ ਹੈ।
ਇਸ ਵਿਚਾਰ ਵਟਾਂਦਰੇ ਦੌਰਾਨ ਦੋਵਾਂ ਧਿਰਾਂ ਨੇ ਭਾਰਤ-ਚੀਨ ਸਰਹੱਦੀ ਖੇਤਰਾਂ ‘ਚ ਸ਼ਾਂਤੀ ਅਤੇ ਸਥਿਰਤਾ ਬਰਕਰਾਰ ਰੱਖਣ ਦੀ ਵਚਨਬੱਧਤਾ ਨੂੰ ਦੁਹਰਾਇਆ।ਉਨਾਂ ਕਿਹਾ ਕਿ ਦੁਵੱਲੇ ਵਿਕਾਸ ਲਈ ਅਜਿਹਾ ਹੋਣਾ ਬਹੁਤ ਜ਼ਰੂਰੀ ਹੈ।ਦੁਵੱਲੇ ਵਪਾਰ ਅਤੇ ਆਰਥਿਕ ਸਬੰਧਾਂ ਬਾਰੇ ਗੱਲ ਕਰਦਿਆਂ ਕਿਹਾ ਗਿਆ ਦੋਵਾਂ ਮੁਲਕਾਂ ਦਰਮਿਆਨ ਵਪਾਰ ਘਾਟੇ ਨੂੰ ਘੱਟ ਕਰਨਾ ਭਾਰਤ ਲਈ ਚਿੰਤਾ ਦਾ ਵਿਸ਼ਾ ਸੀ।ਚੀਨ ਨੇ ਭਰੋਸਾ ਦਿੱਤਾ ਹੈ ਕਿ ਉਹ ਭਾਰਤ ਦੀ ਇਸ ਚਿੰਤਾ ‘ਤੇ ਵਿਚਾਰ ਕਰੇਗਾ।
ਭਾਰਤੀ ਵਿਦੇਸ਼ ਮੰਤਰੀ ਨੇ ਸਪੱਸ਼ਟ ਕੀਤਾ ਕਿ ਭਾਰਤ-ਚੀਨ ਸਬੰਧਾਂ ਦਾ ਭਵਿੱਖ ਇਕ ਦੂਜੇ ਦੇ ਮੁੱਦਿਆਂ ਦੀਆਂ ਚਿੰਤਾਵਾਂ ਪ੍ਰਤੀ ਆਪਸੀ ਸੰਵੇਦਨਸ਼ੀਲਤਾ ‘ਤੇ ਨਿਰਭਰ ਕਰਦਾ ਹੈ।ਜੋ ਕਿ ਸੁਭਾਵਿਕ ਵੀ ਹੈ।
ਦੋਵੇਂ ਹੀ ਮੁਲਕ ਵੱਡੇ ਵਿਕਾਸਸ਼ੀਲ ਅਰਥਚਾਰੇ ਹਨ , ਇਸ ਲਈ ਇੰਨ੍ਹਾਂ ਦੇ ਸੰਬੰਧਾਂ ‘ਚ ਮਸਲਿਆਂ ਦੀ ਦਖਲਅੰਦਾਜ਼ੀ ਆਮ ਹੈ।ਪਰ ਧਿਆਨ ਦੇਣ ਵਾਲੀ ਗੱਲ ਹੈ ਕਿ ਆਪਸੀ ਮਤਭੇਦ ਵਿਵਾਦ ਦਾ ਰੂਪ ਨਾ ਲੈਣ ਸਗੋਂ ਉਨ੍ਹਾਂ ਨੂੰ ਪਹਿਲਾਂ ਹੀ ਗੱਲਬਾਤ ਜ਼ਰੀਏ ਸੁਲਝਾ ਲੈਣਾ ਹੀ ਅਕਲਮੰਦੀ ਹੈ।
ਇਸ ਫੇਰੀ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਪੰਜ ਮੰਗ ਪੱਤਰ ਵੀ ਸਹੀਬੱਧ ਕੀਤੇ ਗਏ।ਇਹ ਮੰਗ ਪੱਤਰ ਸਾਲ 2020 ਲਈ ਦੁਵੱਲੇ ਸੰਬੰਧਾਂ ‘ਚ ਸਹਿਯੋਗ ਵਧਾਉਣ ਦੇ ਮਕਸਦ ਨਾਲ ਕੀਤੇ ਗਏ।ਇੰਨ੍ਹਾਂ ਸਮਝੌਤਿਆਂ ਦੇ ਦਾਇਰੇ ‘ਚ ਖੇਡਾਂ, ਭਾਰਤੀ ਕੌਮੀ ਅਜ਼ਾਇਬ ਘਰ ਅਤੇ ਇਸ ਦੇ ਚੀਨੀ ਹਮਰੁਤਬਾ ਵਿਚਾਲੇ ਸਭਿਆਚਾਰਕ ਵਟਾਂਦਰੇ, ਰਵਾਇਤੀ ਦਵਾਈਆਂ ਅਤੇ ਭਾਰਤੀ ਕੌਮੀ ਅਜ਼ਾਇਬ ਘਰ ਅਤੇ ਚੀਨ ਦੇ ਹੁਬੇਈ ਸੂਬਾਈ ਅਜ਼ਾਇਬਘਰ ਦਰਮਿਆਨ ਸਹਿਯੋਗ ਸ਼ਾਮਲ ਹੈ।
ਲੇਖਨ: ਡਾ.ਰੂਪਾ ਨਾਰਾਇਣ ਦਾਸ, ਚੀਨੀ ਮਾਮਲਿਆਂ ਦੇ ਰਣਨੀਤਕ ਵਿਸ਼ਲੇਸ਼ਕ