ਨਵੇਂ ਭਾਰਤ ਦੇ ਨਿਰਮਾਣ ਲਈ ਰਾਸ਼ਟਰਪਤੀ ਦੀ ਅਪੀਲ

ਭਾਰਤ ਦੇ ਮਾਣਯੋਗ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਭਾਰਤ ਦੇ 73ਵੇਂ ਆਜ਼ਾਦੀ ਦਿਹਾੜੇ ਮੌਕੇ ਦੇਸ਼ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਭਾਰਤ ਨੇ ਇੱਕ ਵਿਸ਼ੇਸ਼ ਸਮੇਂ ਵਿੱਚ ਇੱਕ ਆਜ਼ਾਦ ਦੇਸ਼ ਦੇ ਤੌਰ ਤੇ 72 ਸਾਲ ਪੂਰੇ ਕੀਤੇ ਹਨ। ਉਨ੍ਹਾਂ ਕਿਹਾ ਕਿ ਅਗਲੇ ਕੁਝ ਹਫਤਿਆਂ ਵਿੱਚ 2 ਅਕਤੂਬਰ ਨੂੰ ਭਾਰਤ, ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ 150ਵੀਂ ਜਿਅੰਤੀ ਮਨਾਏਗਾ, ਜਿਨ੍ਹਾਂ ਇਸ ਦੇਸ਼ ਨੂੰ ਆਜ਼ਾਦ ਕਰਾਉਣ ਅਤੇ ਸਮਾਜ ਸੁਧਾਰ ਦੀ ਦਿਸ਼ਾ ਵਿੱਚ ਕੀਤੇ ਗਏ ਅਣਥੱਕ ਯਤਨਾਂ ਨਾਲ ਲਗਾਤਾਰ ਦੇਸ਼ ਦੀ ਅਗਵਾਈ ਕੀਤੀ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਸਮਕਾਲੀ ਭਾਰਤ ਉਸ ਦੌਰ ਦੇ ਭਾਰਤ ਤੋਂ ਬਹੁਤ ਵੱਖਰਾ ਹੈ, ਜਿਸ ਵਿੱਚ ਮਹਾਤਮਾ ਗਾਂਧੀ ਰਹਿੰਦੇ ਅਤੇ ਆਜ਼ਾਦੀ ਦਿਵਾਉਣ ਦੇ ਲਈ ਲਗਾਤਾਰ ਸੰਘਰਸ਼ਸ਼ੀਲ ਸਨ। ਫਿਰ ਵੀ ਗਾਂਧੀ ਜੀ ਦੇ ਵਿਚਾਰ ਅੱਜ ਦੇ ਸੰਦਰਭ ਵਿੱਚ ਵੀ ਓਨੇ ਹੀ ਸਾਰਥਕ ਹਨ, ਜਿੰਨਾ ਉਹ ਪਹਿਲਾਂ ਹੁੰਦੇ ਸਨ। ਜਦੋਂ ਅਸੀ ਆਪਣੇ ਲਾਭਾਂ ਤੋਂ ਸੱਖਣੇ ਸਾਥੀ ਨਾਗਰਿਕਾਂ ਅਤੇ ਪਰਿਵਾਰਾਂ ਲਈ ਲੋਕ-ਭਲਾਈ ਕਾਰਜਾਂ ਨੂੰ ਸਾਹਮਣੇ ਲਿਆਉਂਦੇ ਹਾਂ, ਜਦੋਂ ਅਸੀ ਸੂਰਜ ਦੀ ਸ਼ਕਤੀ ਨੂੰ ਨਵਿਆਉਣਯੋਗ ਊਰਜਾ ਵਜੋਂ ਵਰਤਣ ਦੀ ਗੱਲ ਕਰਦੇ ਹਾਂ, ਤਾਂ ਅਸਲ ਵਿੱਚ ਉਦੋਂ ਅਸੀਂ ਗਾਂਧੀਵਾਦੀ ਫਲਸਫੇ ਨੂੰ ਹੀ ਸਹੀ ਅਰਥਾਂ ਵਿੱਚ ਅਮਲ ਵਿੱਚ ਲਿਆ ਰਹੇ ਹੁੰਦੇ ਹਾਂ।

ਸ਼੍ਰੀ ਕੋਵਿੰਦ ਨੇ ਇਸ ਗੱਲ ਦਾ ਜ਼ਿਕਰ ਵੀ ਕੀਤਾ ਕਿ ਇਸ ਸਾਲ ਵਿਸ਼ਵ ਦੇ ਸਭ ਤੋਂ ਮਹਾਨ, ਸੂਝਵਾਨ ਅਤੇ ਪ੍ਰਭਾਵਸ਼ਾਲੀ ਸ਼ਖਸੀਅਤ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਵੀ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਸ਼ਰਧਾ ਅਤੇ ਸਤਿਕਾਰ ਦੀ ਭਾਵਨਾ ਸਿੱਖ ਭਾਈਚਾਰੇ ਦੇ ਲੋਕਾਂ ਦੇ ਨਾਲ-ਨਾਲ ਦੂਜੇ ਧਰਮਾਂ ਦੇ ਲੋਕਾਂ ਵਿੱਚ ਵੀ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ‘ਤੇ ਚੱਲਣ ਵਾਲੇ ਪੈਰੋਕਾਰ ਭਾਰਤ ਸਮੇਤ ਦੁਨੀਆ ਭਰ ਵਿੱਚ ਲੱਖਾਂ ਦੀ ਗਿਣਤੀ ਵਿੱਚ ਵੱਸਦੇ ਹਨ।

ਇਨ੍ਹਾਂ ਗਰਮੀਆਂ ਦੀ ਸ਼ੁਰੂਆਤ ਵਿੱਚ ਭਾਰਤ ਦੇ ਲੋਕਾਂ ਨੇ 17ਵੀਆਂ ਆਮ ਚੋਣਾਂ ਵਿੱਚ ਹਿੱਸਾ ਲਿਆ, ਜੋ ਮਨੁੱਖੀ ਇਤਿਹਾਸ ਵਿੱਚ ਸਭ ਤੋਂ ਵੱਡੀ ਲੋਕੰਤਤਰੀ ਘਟਨਾ ਸੀ। ਇਸ ਦੇ ਲਈ ਰਾਸ਼ਟਰਪਤੀ ਨੇ ਭਾਰਤੀ ਵੋਟਰਾਂ ਨੂੰ ਵਧਾਈ ਵੀ ਦਿੱਤੀ। ਰਾਸ਼ਟਰਪਤੀ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਅਤੇ ਬੜੇ ਹੀ ਉਤਸ਼ਾਹ ਨਾਲ ਵੋਟਰ, ਮਤਦਾਨ ਕੇਂਦਰਾਂ ਉੱਤੇ ਪੁੱਜੇ ਸਨ। ਇਸ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈ ਕੇ ਵੋਟਰਾਂ ਨੇ ਆਪਣੇ ਵੋਟ ਦੇਣ ਦੇ ਅਧਿਕਾਰ ਦੀ ਵਰਤੋਂ ਕਰਨ ਦੇ ਨਾਲ-ਨਾਲ ਆਪਣੀ ਚੋਣ ਸੰਬੰਧੀ ਜ਼ਿੰਮੇਵਾਰੀ ਨੂੰ ਵੀ ਪੂਰੀ ਇਮਾਨਦਾਰੀ ਨਾਲ ਪੂਰਾ ਕੀਤਾ ਹੈ।

ਆਪਣੇ ਨਾਗਰਿਕਾਂ ਨੂੰ ਸਹੂਲਤਾਂ ਮੁਹੱਈਆ ਕਰਾਉਣ ਅਤੇ ਉਨ੍ਹਾਂ ਨੂੰ ਯੋਗ ਬਣਾਉਣ ਵਿੱਚ ਸੂਬਾ ਅਤੇ ਕੇਂਦਰ ਸਰਕਾਰ ਦੀ ਮਹੱਤਵਪੂਰਣ ਭੂਮਿਕਾ ਹੁੰਦੀ ਹੈ। ਇਸ ਲਈ ਸਾਡੇ ਪ੍ਰਮੁੱਖ ਸੰਸਥਾਨਾਂ ਅਤੇ ਨੀਤੀ ਘਾੜਿਆਂ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਲੋਕਾਂ ਦੀਆਂ ਤਾਂਘਾਂ ਅਤੇ ਭਾਵਨਾਵਾਂ ਦੀ ਕਦਰ ਕਰਨ। ਸ਼੍ਰੀ ਕੋਵਿੰਦ ਨੇ ਕਿਹਾ ਕਿ ਭਾਰਤ ਦੇ ਰਾਸ਼ਟਰਪਤੀ ਵਜੋਂ ਦੇਸ਼ ਦੇ ਵੱਖ-ਵੱਖ ਸੂਬਿਆਂ ਅਤੇ ਇਲਾਕਿਆਂ ਦੀ ਯਾਤਰਾ ਕਰਨੀ ਅਤੇ ਵੱਖ-ਵੱਖ ਖੇਤਰਾਂ ਦੇ ਭਾਰਤੀ ਨਾਗਰਿਕਾਂ ਨਾਲ ਮੁਲਾਕਾਤ ਕਰਨੀ, ਉਨ੍ਹਾਂ ਦਾ ਸੁਭਾਗ ਹੈ। ਉਨ੍ਹਾਂ ਕਿਹਾ ਕਿ ਭਾਰਤੀ ਲੋਕ ਆਪਣੇ ਸਵਾਦ ਅਤੇ ਆਦਤਾਂ ਵਿੱਚ ਬਹੁਤ ਭਿੰਨ ਹੋ ਸਕਦੇ ਹਨ, ਪਰ ਜਦੋਂ ਗੱਲ ਦੇਸ਼ ਦੀ ਆਉਂਦੀ ਹੈ ਤਾਂ ਸਾਰੇ ਭਾਰਤੀਆਂ ਦਾ ਸੁਪਨਾ ਸਾਂਝਾ ਹੋ ਜਾਂਦਾ ਹੈ। 1947 ਤੋਂ ਪਹਿਲਾਂ ਭਾਰਤ ਦੇ ਲੋਕਾਂ ਦਾ ਇੱਕੋ ਹੀ ਸੁਪਨਾ ਹੁੰਦਾ ਸੀ, ਤੇ ਉਹ ਸੀ ਭਾਰਤ ਨੂੰ ਆਜ਼ਾਦ ਕਰਾਉਣਾ। ਜਦਕਿ ਅੱਜ ਦੇ ਸਾਡਾ ਸੁਪਨਾ ਹੈ, ਤੇਜ਼ ਗਤੀ ਨਾਲ ਦੇਸ਼ ਦਾ ਵਿਕਾਸ ਅਤੇ ਪ੍ਰਭਾਵਸ਼ਾਲੀ ਅਤੇ ਪਾਰਦਰਸ਼ੀ ਸ਼ਾਸਨ ਵਿਵਸਥਾ।

ਰਾਸ਼ਟਰਪਤੀ ਨੇ ਕਿਹਾ ਕਿ 1.3 ਬਿਲੀਅਨ ਭਾਰਤੀਆਂ ਵਿੱਚ ਹੁਨਰ, ਪ੍ਰਤਿਭਾ, ਨਵਾਚਾਰ, ਰਚਨਾਤਮਕਤਾ ਅਤੇ ਉੱਦਮਸ਼ੀਲਤਾ ਵਰਗੀਆਂ ਵਿਸ਼ੇਸ਼ਤਾਵਾਂ ਹੀ ਉਨ੍ਹਾਂ ਨੂੰ ਰੁਜ਼ਗਾਰ ਦੇ ਜ਼ਿਆਦਾ ਮੌਕੇ ਉਪਲਬਧ ਕਰਵਾਉਂਦੀਆਂ ਹਨ। ਇਹ ਵਿਸ਼ੇਸ਼ਤਾਵਾਂ ਨਵੀਆਂ ਨਹੀਂ ਹਨ। ਅਜਿਹੀਆਂ ਵਿਸ਼ੇਸ਼ਤਾਵਾਂ ਹਜ਼ਾਰਾਂ ਵਰ੍ਹਿਆਂ ਤੋਂ ਸਾਡੇ ਸਮਾਜ ਅਤੇ ਸਭਿਅਤਾ ਦਾ ਅੰਗ ਰਹੀਆਂ ਹਨ। ਭਾਰਤ ਦਾ ਇੱਕ ਲੰਮਾ ਇਤਿਹਾਸ ਹੈ ਅਤੇ ਇਸ ਦੌਰਾਨ ਕਈ ਵਾਰ ਅਜਿਹਾ ਵੀ ਹੋਇਆ ਹੈ ਜਦੋਂ ਸਾਡੇ ਦੇਸ਼ ਦੇ ਲੋਕਾਂ ਨੂੰ ਔਕੜਾਂ ਅਤੇ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪਿਆ। ਅਜਿਹੇ ਮੌਕਿਆਂ ਉੱਤੇ ਵੀ ਸਾਡੇ ਸਮਾਜ ਨੇ ਦਲੇਰੀ ਦਾ ਸਬੂਤ ਦਿੱਤਾ ਹੈ। ਸਧਾਰਨ ਪਰਿਵਾਰਾਂ ਨੇ ਕਮਾਲ ਦੀ ਬਹਾਦਰੀ ਅਤੇ ਹਿੰਮਤ ਦਿਖਾਈ ਹੈ। ਅੱਜ ਸਰਕਾਰ ਨੇ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਾਉਣ ਅਤੇ ਸਮਰੱਥ ਬਣਾਉਣ ਵਾਲਾ ਵਾਤਾਵਰਨ ਬਣਾਇਆ ਹੈ, ਜਿਸ ਵਿੱਚ ਅਸੀਂ ਕਲਪਨਾ ਕਰ ਸਕਦੇ ਹਾਂ ਕਿ ਦੁਨੀਆ ਦੀ ਹਰੇਕ ਚੀਜ਼ ਨੂੰ ਭਾਰਤ ਹਾਸਿਲ ਕਰ ਸਕਦਾ ਹੈ।

ਸਾਡੇ ਅੰਦਰ ਸਹਿਯੋਗ ਦੀ ਭਾਵਨਾ ਹੈ, ਜਿਸ ਨੂੰ ਅਸੀਂ ਦੂਸਰੇ ਦੇਸ਼ਾਂ ਨਾਲ ਸਾਂਝਾ ਕਰਦੇ ਹਾਂ। ਸ਼੍ਰੀ ਕੋਵਿੰਦ ਨੇ ਸਾਰੇ ਭਾਰਤੀਆਂ ਨੂੰ ਭਾਰਤ ਦੀਆਂ ਵਿਸ਼ੇਸ਼ਤਾਵਾਂ ਅਤੇ ਚਮਤਕਾਰ ਦੇ ਪ੍ਰਤੀ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ।

ਭਾਰਤ ਇੱਕ ਜਵਾਨ ਦੇਸ਼ ਹੈ, ਇੱਕ ਅਜਿਹਾ ਸਮਾਜ ਜਿਸ ਨੂੰ ਸਾਡੇ ਦੇਸ਼ ਦੀ ਨੌਜਵਾਨ ਪੀੜ੍ਹੀ ਦੁਆਰਾ ਆਕਾਰਬੱਧ ਕੀਤਾ ਜਾ ਰਿਹਾ ਹੈ। ਸਾਡੇ ਨੌਜਵਾਨਾਂ ਦੀ ਊਰਜਾ ਕਈ ਦਿਸ਼ਾਵਾਂ ਵਿੱਚ ਆਪਣੇ ਝੰਡੇ ਗੱਡ ਰਹੀ ਹੈ। ਖੇਡਾਂ ਤੋਂ ਲੈ ਕੇ ਵਿਗਿਆਨ ਅਤੇ ਵਜ਼ੀਫ਼ਿਆਂ ਤੋਂ ਲੈ ਕੇ ਸਾਫਟ ਸਕਿਲ ਤੱਕ ਸਾਡੇ ਦੇਸ਼ ਦੇ ਨੌਜਵਾਨਾਂ ਦੀ ਪ੍ਰਤਿਭਾ ਨੂੰ ਸਹਿਜੇ ਹੀ ਅਨੁਭਵ ਕੀਤਾ ਜਾ ਸਕਦਾ ਹੈ। ਅਸੀਂ ਆਪਣੇ ਦੇਸ਼ ਦੇ ਨੌਜਵਾਨਾਂ ਅਤੇ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਹੱਤਵਪੂਰਨ ਤੋਹਫਾ ਦੇ ਸਕਦੇ ਹਾਂ, ਇਨ੍ਹਾਂ ਵਿੱਚ ਨੌਜਵਾਨਾਂ ਅਤੇ ਅਗਲੀ ਪੀੜ੍ਹੀ ਦੇ ਮਨ ਵਿੱਚ ਜਿਗਿਆਸਾ ਪੈਦਾ ਕਰਨਾ ਅਤੇ ਸਵਾਲ ਪੁੱਛਣ ਦੀ ਆਦਤ ਨੂੰ ਹੱਲਾਸ਼ੇਰੀ ਦੇਣਾ ਆਦਿ ਸ਼ਾਮਿਲ ਹੈ। ਆਓ, ਅਸੀਂ ਆਪਣੇ ਬੱਚਿਆਂ ਦੀ ਗੱਲ ਨੂੰ ਸੁਣੀਏ ਤੇ ਉਨ੍ਹਾਂ ਨੂੰ ਅਹਿਮੀਅਤ ਦੇਈਏ, ਕਿਉਂਕਿ ਉਨ੍ਹਾਂ ਦੇ ਮਾਧਿਅਮ ਨਾਲ ਇਸ ਦੇਸ਼ ਦਾ ਸੁਨਹਿਰਾ ਭਵਿੱਖ ਸਾਡੀ ਉਡੀਕ ਕਰ ਰਿਹਾ ਹੈ।

ਰਾਸ਼ਟਰਪਤੀ ਨੇ ਆਪਣੇ ਸੰਬੋਧਨ ਦਾ ਅੰਤ ਪ੍ਰਸਿੱਧ ਕਵੀ ਸੁਬ੍ਰਾਮਣੀਅਮ ਭਾਰਤੀ ਦੀਆਂ ਇਨ੍ਹਾਂ ਪ੍ਰੇਰਨਾਦਾਇਕ ਪੰਗਤੀਆਂ ਦੇ ਨਾਲ ਕੀਤਾ:

“ਅਸੀਂ ਸ਼ਾਸਤਰ ਅਤੇ ਵਿਗਿਆਨ ਦੋਵੇਂ ਸਿੱਖਾਂਗੇ

ਅਸੀਂ ਆਕਾਸ਼ ਅਤੇ ਮਹਾਸਾਗਰ ਦੋਵਾਂ ਦਾ ਪਤਾ ਲਗਾਵਾਂਗੇ

ਅਸੀਂ ਚੰਦਰਮਾ ਦੇ ਰਹੱਸਾਂ ਨੂੰ ਉਜਾਗਰ ਕਰਾਂਗੇ

ਅਤੇ ਅਸੀਂ ਆਪਣੀਆਂ ਸੜਕਾਂ ਨੂੰ ਵੀ ਸਾਫ਼-ਸੁਥਰਾ ਰੱਖਾਂਗੇ”

ਇਨ੍ਹਾਂ ਆਦਰਸ਼ਾਂ ਨੂੰ ਸਿੱਖਣ, ਸੁਣਨ ਅਤੇ ਖੁਦ ਨੂੰ ਬਿਹਤਰ ਬਣਾਉਣ ਦੇ ਲਈ ਸਾਡੇ ਅੰਦਰ ਹਮੇਸ਼ਾ ਇਹ ਜਿਗਿਆਸਾ ਅਤੇ ਭਾਈਚਾਰੀ ਬਣਿਆ ਰਹੇ। ਅਸੀਂ ਹਮੇਸ਼ਾ ਇਹੀ ਚਾਹੁੰਦੇ ਹਾਂ ਕਿ ਇਹ ਵਿਚਾਰ ਸਾਨੂੰ ਅਸ਼ੀਰਵਾਦ ਦੇਣ ਅਤੇ ਹਮੇਸ਼ਾ ਸਾਡੀ ਅਗਵਾਈ ਕਰਦੇ ਰਹਿਣ।

ਸਕ੍ਰਿਪਟ : ਪ੍ਰੋ. ਸ਼ਿਵਾਜੀ ਸਰਕਾਰ, ਰਾਜਨੀਤਕ ਟਿੱਪਣੀਕਾਰ