ਭਾਰਤੀ ਪ੍ਰਧਾਨ ਮੰਤਰੀ ਦਾ ਭੂਟਾਨ ਦੌਰਾ: ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਦਾ ਏਜੰਡਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭੂਟਾਨ ਦੇ ਪ੍ਰਧਾਨ ਮੰਤਰੀ ਡਾ.ਲੋਟੇ ਸ਼ੇਰਿੰਗ ਦੇ ਸੱਦੇ ‘ਤੇ ਥਿੰਫੂ ਦਾ ਦੋ ਦਿਨਾ ਦੌਰਾ ਕੀਤਾ।ਇਸ ਫੇਰੀ ਦੌਰਾਨ ਪੀਐਮ ਮੋਦੀ ਨਾਲ ਇੱਕ ਉੱਚ ਪੱਧਰੀ ਵਫ਼ਦ ਸੀ।ਦੂਜੀ ਵਾਰ ਕਾਰਜਕਾਲ ਸੰਭਾਲਣ ਤੋਂ ਬਾਅਦ ਪੀਐਮ ਮੋਦੀ ਦੀ ਭੂਟਾਨ ਦੀ ਇਹ ਪਹਿਲੀ ਅਧੀਕਰਤ ਯਾਤਰਾ ਰਹੀ ਅਤੇ ਪਿਛਲੇ ਪੰਜ ਸਾਲਾਂ ‘ਚ  ਉਨ੍ਹਾਂ ਦਾ ਭੂਟਾਨ ਦਾ ਇਹ ਦੂਜਾ ਦੌਰਾ ਰਿਹਾ।ਆਪਣੇ ਦੂਜੇ ਕਾਰਜਕਾਲ ਦੇ ਸ਼ੁਰੂ ਹੋਣ ਤੋਂ ਬਾਅਦ ਸ੍ਰੀ ਮੋਦੀ ਨੇ ਮਾਲਦੀਵ ਅਤੇ ਸ੍ਰੀਲੰਕਾ ਦਾ ਦੌਰਾ ਕੀਤਾ ਹੈ।ਗੁਆਂਢੀ ਮੁਲਕਾਂ ਦੀਆਂ ਕੀਤੀਆਂ ਗਈਆਂ ਇੰਨ੍ਹਾਂ ਤਿੰਨ ਫੇਰੀਆਂ ਤੋਂ ਸੰਕੇਤ ਮਿਲਦਾ ਹੈ ਕਿ ਭਾਰਤ ਆਪਣੀ ‘ਗੁਆਂਢ ਫਰਸਟ’ ਨੀਤੀ ‘ਤੇ ਵਧੇਰੇ ਜ਼ੋਰ ਦੇ ਰਿਹਾ ਹੈ।
ਪੀਐਮ ਮੋਦੀ ਵੱਲੋਂ ਭੂਟਾਨ ਦਾ ਦੌਰਾ ਉਸ ਸਮੇਂ ਕੀਤਾ ਗਿਆ ਹੈ ਜਦੋਂ ਭਾਰਤ ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ ਮਸਲੇ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਲਿਜਾਣ ਦੇ ਯਤਨਾਂ ਲਈ ਕੀਤੀ ਜਾ ਰਹੀ ਕਾਰਵਾਈ ‘ਤੇ ਆਪਣਾ ਪੱਖ ਰੱਖਣ ‘ਚ ਰੁਝਿਆ ਹੋਇਆ ਹੈ।ਇਸ ਤੋਂ ਪਹਿਲਾਂ ਭੂਟਾਨ ਨੇ ਭਾਰਤ ਦੇ ਧਾਰਾ 370 ਨੂੰ ਮਨਸੂਖ ਕੀਤੇ ਜਾਣ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ ਹੈ।ਭੂਟਾਨ ਨੇ ਜੰਮੂ-ਕਸ਼ਮੀਰ ਨੂੰ ਭਾਰਤ ਦਾ ਅੰਦਰੂਨੀ ਮਾਮਲਾ ਦੱਸਿਆ ਹੈ।
ਭਾਰਤ ਨਾਲ ਆਪਣੇ ਵਿਸ਼ੇਸ਼ ਸਬੰਧਾਂ ਦੇ ਮੱਦੇਨਜ਼ਰ ਭੂਟਾਨ ਵੱਲੋਂ ਇਸ ਦੌਰੇ ਨੂੰ ਖਾਸ ਤਵੱਜੋ ਦਿੱਤੀ ਗਈ ਹੈ।ਪੀਐਮ ਮੋਦੀ ਦਾ ਉਨ੍ਹਾਂ ਦੇ ਭੂਟਾਨੀ ਹਮਅਹੁਦਾ ਵੱਲੋਂ ਹਵਾਈ ਅੱਡੇ ‘ਤੇ ਸਵਾਗਤ ਕੀਤਾ ਗਿਆ।ਪੀਐਮ ਮੋਦੀ ਨੇ ਭੂਟਾਨ ਦੇ ਮਹਾਰਾਜਾ ਅਤੇ ਮਹਾਰਾਣੀ ਨਾਲ ਮੁਲਾਕਾਤ ਕੀਤੀ।ਸ੍ਰੀ ਮੋਦੀ ਨੇ ਭਾਰਤ-ਭੂਟਾਨ ਸਬੰਧਾਂ ਨੂੰ ‘ਗੁਆਂਢ ਪਹਿਲ’ ਨੀਤੀ ਦੇ ਕੇਂਦਰ ‘ਚ ਦੱਸਿਆ।
ਪੀਐਮ ਮੋਦੀ ਨੇ ਭੂਟਾਨ ਦੇ ਆਪਣੇ ਹਮਰੁਤਬਾ ਨਾਲ ਵਫ਼ਦ ਪੱਧਰੀ ਗੱਲਬਾਤ ਕੀਤੀ।ਇਸ ਗੱਲਬਾਤ ਦੌਰਾਨ ਵੱਖ-ਵੱਖ ਖੇਤਰਾਂ ‘ਚ ਭਾਰਤ-ਭੂਟਾਨ ਸਾਂਝੇਦਾਰੀ  ਨੂੰ ਹੁਲਾਰਾ ਦੇਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ।
ਪੀਐਮ ਮੋਦੀ ਨੇ ਭੂਟਾਨ ਦੇ ਹੋਰ ਸੀਨੀਅਰ ਸਿਆਸੀ ਆਗੂਆਂ ਅਤੇ ਵਿਰੋਧੀ ਧਿਰ ਦੇ ਆਗੂ ਡਾ.ਪੇਮਾ ਗਾਮਤਸ਼ੋ ਨਾਲ ਮੁਲਾਕਾਤ ਵੀ ਕੀਤੀ।ਉਨ੍ਹਾਂ ਨੇ ਭੂਟਾਨ ਦੀ ਰਾਇਲ ਯੂਨੀਵਰਸਿਟੀ ‘ਚ ਵਿਿਦਆਰਥੀਆਂ ਨੂੰ ਸੰਬੋਧਨ ਵੀ ਕੀਤਾ।
ਇਸ ਫੇਰੀ ਨਾਲ ਭਾਰਤ ਅਤੇ ਭੂਟਾਨ ਦਰਮਿਆਨ ਉੱਚ ਪੱਧਰੀ ਸਬੰਧਾਂ ਦੀ ਝਲਕ ਵਿਖਾਈ ਦੇ ਰਹੀ ਹੈ।ਇਸ ਤੋਂ ਪਹਿਲਾਂ ਭੂਟਾਨ ਦੇ ਪ੍ਰਧਾਨ ਮੰਤਰੀ ਨੇ ਆਪਣੀ ਵਿਦੇਸ਼ ਯਾਤਰਾ ਤਹਿਤ ਦਸੰਬਰ 2018 ਨੂੰ ਭਾਰਤ ਦਾ ਦੌਰਾ ਕੀਤਾ ਸੀ।ਨਵੀਂ ਸਰਕਾਰ ਦੇ ਗਠਨ ਤੋਂ ਤੁਰੰਤ ਬਾਅਦ ਮਈ 2019 ‘ਚ ਭਾਰਤੀ ਵਿਦੇਸ਼ ਮਾਮਲਿਆਂ ਦੇ ਮੰਤਰੀ ਡਾ. ਜੈਸ਼ੰਕਰ ਨੇ ਆਪਣੇ ਸਰਕਾਰੀ ਦੌਰੇ ਤਹਿਤ ਭੂਟਾਨ ਦੀ ਯਾਤਰਾ ਕੀਤੀ।
ਭਾਰਤ-ਭੂਟਾਨ ਦਰਮਿਆਨ 1968 ‘ਚ ਕੂਟਨੀਤਕ ਸੰਬੰਧ ਸਥਾਪਿਤ ਹੋਏ ਸਨ ਅਤੇ ਉਦੋਂ ਤੋਂ ਹੀ ਇਹ ਦੋਵੇਂ ਮੁਲਕ ਦੱਖਣੀ ਏਸ਼ੀਆਂ ਦੇ ਦੋ ਸਫਲ ਗੁਆਂਢੀ ਮੁਲਕ ਵੱਜੋਂ ਉਭਰੇ ਹਨ।ਇਹ ਸਭ ਆਪਸੀ ਸਮਝ, ਵਿਸ਼ਵਾਸ ਕਾਰਨ ਸੰਭਵ ਹੋਇਆ ਹੈ।ਭਾਰਤ-ਭੂਟਾਨ ਦੋਸਤੀ ਅਤੇ ਸਹਿਕਾਰਤਾ ਸੰਧੀ 1949 , ਜੋ ਕਿ ਫਰਵਰੀ 2007 ‘ਚ ਅਪਡੇਟ ਅਤੇ ਸੰਸ਼ੋਧਿਤ ਕੀਤੀ ਗਈ ਸੀ , ਸਹੀਬੱਧ ਹੋਈ ਸੀ।ਇਹ ਸੰਧੀ ਖੁੱਲੀ ਸਰਹੱਦ, ਸੁਰੱਖਿਆ ਸਹਿਯੋਗ ਅਤੇ ਦੋਵਾਂ ਪਾਸਿਆਂ ਦੇ ਲੋਕਾਂ ਦਰਮਿਆਨ ਸਬੰਧਾਂ ਵਰਗੇ ਖਾਸ ਪ੍ਰਬੰਧਾਂ ਦੀ ਸਹੂਲਤ ਮੁਹੱਈਆ ਕਰਵਾਉਂਦੀ ਹੈ।ਬਹੁਤ ਸਾਰੀਆਂ ਦਿੱਕਤਾਂ ਦੇ ਬਾਵਜੂਦ ਦੋਵੇਂ ਮੁਲਕ ਇੱਕ ਦੂਜੇ ‘ਤੇ ਨਿਰਭਰ ਕਰਦੇ ਹਨ।
ਦੋਵਾਂ ਦੇਸ਼ਾਂ ਦਰਮਿਆਨ ਜਲ ਸਰੋਤ, ਵਪਾਰ ਅਤੇ ਆਵਾਜਾਈ , ਆਰਥਿਕ ਸਹਿਯੋਗ, ਸੁਰੱਖਿਆ ਅਤੇ ਸਰਹੱਦੀ ਪ੍ਰਬੰਧਨ ਵਰਗੇ ਖੇਤਰਾਂ ‘ਚ ਦੁਵੱਲੇ ਸੰਸਥਾਗਤ ਪ੍ਰਬੰਧ ਕਾਇਮ ਹਨ।ਭਾਰਤ ਭੂਟਾਨ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ( ਭੂਟਾਨ ਦੇ ਕੁੱਲ ਆਯਾਤ ਦੇ 82% ਤੋਂ ਵੱਧ) ਅਤੇ ਨਿਵੇਸ਼ਕ ਹੈ।
ਪੀਐਮ ਮੋਦੀ ਦੀ ਇਸ ਫੇਰੀ ਦੌਰਾਨ ਪੁਲਾੜ ਖੋਜ, ਬਿਜਲੀ ਖ੍ਰੀਦ ਇਕਰਾਰਨਾਮਾ ਅਤੇ ਤਕਨੀਕੀ ਸਿੱਖਿਆ ‘ਤੇ ਸਹਿਯੋਗ  ਸਮੇਤ ਵੱਖੋ ਵੱਖ ਸੈਕਟਰਾਂ ‘ਚ ਦਸ ਸਮਝੌਤਿਆਂ ਨੂੰ ਸਹੀਬੱਧ ਕੀਤਾ ਗਿਆ।ਇਸ ਤੋਂ ਇਲਾਵਾ ਦੋਵਾਂ ਆਗੂਆਂ ਨੇ ਸਾਂਝੇ ਤੌਰ ‘ਤੇ ਮਾਂਗਡੇਚੂ ਹਾਈਡਲ ਪ੍ਰਾਜੈਕਟ, ਦੱਖਣੀ ਏਸ਼ੀਆ ਉਪਗ੍ਰਹਿ ਦੇ ਧਰਤੀ ਸਟੇਸ਼ਨ ਦਾ ਉਦਘਾਟਨ ਵੀ ਕੀਤਾ ਅਤੇ ਭੂਟਾਨ ‘ਚ ਰੂਪੇਅ ਕਾਰਡ ਦੀ ਸ਼ੁਰੂਆਤ ਕੀਤੀ ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਵੀ ਐਲਾਨ ਕੀਤਾ ਕਿ ਭਾਰਤ ਤੋਂ ਐਲਪੀਜੀ ਦੀ ਸਪਲਾਈ 700 ਮੀਟਰਿਕ ਤੋਂ ਵਧਾ ਕੇ 1000 ਮੀਟਰਿਕ ਪ੍ਰਤੀ ਮਹੀਨਾ ਕਰ ਦਿੱਤੀ ਜਾਵੇਗੀ।ਉਨ੍ਹਾਂ ਨੇ ਭੂਟਾਨ ਦੇ ਪੀਐਮ ਨੂੰ ਇਹ ਵੀ ਭਰੋਸਾ ਦਿੱਤਾ ਕਿ ਭਾਰਤ ਭੂਟਾਨ ‘ਚ ਸੁਪਰ-ਸਪੈਸ਼ਲਿਟੀ ਹਸਪਤਾਲ ਦੀ ਉਸਾਰੀ ਲਈ ਹਰ ਸੰਭਵ ਮਦਦ ਮੁਹੱਈਆ ਕਰਵਾਏਗਾ।
ਭਾਰਤੀ ਪ੍ਰਧਾਨ ਮੰਤਰੀ ਦੇ ਇਸ ਦੌਰੇ ਦਾ ਮੰਤਵ ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਸੰਬੰਧਾਂ ਦਾ ਵਿਸਥਾਰ ਕਰਨਾ ਅਤੇ ਦੋਵਾਂ ਮੁਲਕਾਂ ਦਰਮਿਆਨ ਮੌਜੂਦਾ ਸਬੰਧਾਂ ਨੂੰ ਵਧੇਰੇ ਮਜ਼ਬੂਤ ਕਰਨਾ ਸੀ।ਦੋਵਾਂ ਪ੍ਰਧਾਨ ਮੰਤਰੀਆਂ ਨੇ ਦੁਵੱਲੇ ਸਬੰਧਾਂ ਨੂੰ ਅੱਗੇ ਵਧਾਉਣ ਲਈ ਕਈ ਮੁੱਦਿਆਂ ਅਤੇ ਨਵੇਂ ਤੰਤਰ ਸਬੰਧੀ ਚਰਚਾ ਕੀਤੀ।
ਦੋਵਾਂ ਆਗੂਆਂ ਦੀ ਆਹਮੋ-ਸਾਹਮਣੇ ਹੋਈ ਬੈਠਕ ‘ਚ ਜਲਵਾਯੂ ਤਬਦੀਲੀ, ਬੁਨਿਆਦੀ ਢਾਂਚੇ, ਸੁਰੱਖਿਆ ਅਤੇ ਰਣਨੀਤਕ ਮਸਲਿਆਂ, ਭੂਟਾਨ ਦੀ ਪੰਜ ਸਾਲਾ ਯੋਜਨਾ ‘ਚ ਭਾਰਤ ਵੱਲੋਂ ਤਕਨੀਕੀ ਮਦਦ ਅਤੇ ਪ੍ਰਮੁੱਖ ਖੇਤਰੀ ਮੁੱਦਿਆਂ ਨੂੰ ਕੇਂਦਰ ‘ਚ ਰੱਖਦਿਆਂ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ।
ਸਕ੍ਰਿਪਟ: ਡਾ.ਨਿਹਾਰ ਆਰ.ਨਾਇਕ, ਭੂਟਾਨ ਮਾਮਲਿਆਂ ਦੇ ਵਿਸ਼ਲੇਸ਼ਕ