ਦੱਖਣੀ ਏਸ਼ੀਆ ਦੀ ਪਹਿਲੀ ਭਾਰਤ-ਨੇਪਾਲ ਪੈਟਰੋਲੀਅਮ ਪਾਈਪਲਾਈਨ ਦਾ ਹੋਇਆ ਉਦਘਾਟਨ

ਭਾਰਤ ਅਤੇ ਨੇਪਾਲ ਨੇ ਆਪਣੇ ਦੁਵੱਲੇ ਸਬੰਧਾਂ ਨੂੰ ਇਕ ਹੋਰ ਉਚਾਈ ਪ੍ਰਦਾਨ ਕੀਤੀ ਹੈ।ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਸਾਂਝੇ ਤੌਰ ‘ਤੇ ਦੱਖਣੀ ਏਸ਼ੀਆ ਦੀ ਪਹਿਲੀ ਸਰਹੱਦ ਪਾਰ ਪੈਟਰੋਲੀਅਮ ਪਾਈਪਲਾਈਨ ਦਾ ਵੀਡੀਓ ਕਾਨਫਰੰਸ ਦੁਆਰਾ ਉਦਘਾਟਨ ਕੀਤਾ।ਇਹ ਪੈਟਰੋਲੀਅਮਨ ਪਾਈਪ ਲਾਈਨ ਭਾਰਤ ਵੱਲੋਂ ਬਿਹਾਰ ਰਾਜ ਦੇ ਮੋਤੀਹਾਰੀ ਤੋਂ ਨੇਪਾਲ ਦੇ ਅਮਲੇਖਗੁੰਜ ਤੱਕ ਹੋਵੇਗੀ।69 ਕਿਲੋਮੀਟਰ ਲੰਬੀ ਇਹ ਪਾਈਪਲਾਈਨ ਭਾਰਤ ਵੱਲ 32.7 ਕਿਮੀ. ਅਤੇ ਨੇਪਾਲ ਵੱਲ 37.2 ਕਿਮੀ. ਪੈਂਦੀ ਹੈ, ਜੋ ਕਿ ਨੇਪਾਲ ਦੇ ਲੋਕਾਂ ਨੂੰ ਸਾਲਾਨਾ 20 ਲੱਖ ਟਨ ਸ਼ੁੱਧ ਪੈਟਰੋਲੀਅਮ ਉਤਪਾਦਾਂ ਦੀ ਸਪਲਾਈ ਦੀ ਸਮਰੱਥਾ ਰੱਖਦੀ ਹੈ।

ਇਸ ਨੂੰ ਭਾਰਤ ਅਤੇ ਨੇਪਾਲ ਦਰਮਿਆਨ ਨਜ਼ਦੀਕੀ ਦੁਵੱਲੇ ਸਬੰਧਾਂ ਦਾ ਪ੍ਰਤੀਕ ਦੱਸਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੋਤੀਹਾਰੀ-ਅਮਲੇਖਗੁੰਜ ਪਾਈਪਲਾਈਨ ਪ੍ਰਾਜੈਕਟ ਖੇਤਰ ਦੀ ਊਰਜਾ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਅਤੇ ਆਵਾਜਾਈ ਖਰਚਿਆਂ ‘ਚ ਕਟੌਤੀ ਕਰਨ ‘ਚ ਮਦਦ ਕਰੇਗਾ।ਉਨ੍ਹਾਂ ਨੇ ਇਸ ਗੱਲ ‘ਤੇ ਵੀ ਸੰਤੁਸ਼ਟੀ ਪ੍ਰਗਟ ਕੀਤੀ ਕਿ ਉੱਚ   ਰਾਜਨੀਤਿਕ ਪੱਧਰ ‘ਤੇ ਨਿਯਮਤ ਆਦਾਨ-ਪ੍ਰਦਾਨ ਨੇ ਭਾਰਤ-ਨੇਪਾਲ ਸਾਂਝੇਦਾਰੀ ਨੂੰ ਹੁਲਾਰਾ ਦੇਣ ਲਈ ਅਗਾਂਹਵਧੂ  ਏਜੰਡਾ ਤਿਆਰ ਕੀਤਾ ਹੈ।

ਨਵੀਂ ਦਿੱਲੀ ਤੋਂ ਇਸ ਪ੍ਰਾਜੈਕਟ ਦਾ ਉਦਘਾਟਨ ਕਰਦਿਆਂ ਸ੍ਰੀ ਮੋਦੀ ਨੇ ਭਰੋਸਾ ਜਤਾਉਂਦਿਆਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੇ ਸਬੰਧ ਵੱਖ-ਵੱਖ ਖੇਤਰਾਂ ‘ਚ ਵਧੇਰੇ ਡੂੰਗੇ ਹੋਣਗੇ ਅਤੇ ਇੰਨਾਂ ਦਾ ਵਿਸਥਾਰ ਲਗਾਤਾਰ ਜਾਰੀ ਰਹੇਗਾ।ਇਸ ਦੇ ਨਾਲ ਹੀ ਉਨ੍ਹਾਂ ਨੇ ਹਿਮਾਲਿਅਨ ਮੁਲਕ ਦੇ ਵਿਕਾਸ ਯਤਨਾਂ ‘ਚ ਮਦਦ ਕਰਨ ਦੀ ਭਾਰਤ ਦੀ ਵਚਨਬੱਧਤਾ ਨੂੰ ਦੁਹਰਾਇਆ॥

ਇਸ ਮੌਕੇ ਕਾਠਮੰਡੂ ’ਚ ਆਪਣੇ ਸੰਬੋਧਨ ‘ਚ ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ.ਸ਼ਰਮਾ ਓਲੀ ਨੇ ਇਸ ਪੈਟਰੋਲੀਅਮ ਪਾਈਪ ਲਾਈਨ ਪ੍ਰਾਜੈਕਟ ਨੂੰ  ਦੋਵਾਂ ਮੁਲਕਾਂ ਵਿਚਾਲੇ ਵਪਾਰ, ਆਵਾਜਾਈ ਅਤੇ ਬੁਨਿਆਦੀ ਢਾਂਚੇ ਦੇ ਮਾਮਲੇ ‘ਚ ਸੰਪਰਕ ਦੀ ਇੱਕ ਉੱਤਮ ਮਿਸਾਲ ਵੱਜੋਂ ਪੇਸ਼ ਕੀਤਾ ਹੈ।ਉਨ੍ਹਾਂ ਕਿਹਾ ਕਿ ਮਜ਼ਬੂਤ ਰਾਜਨੀਤਿਕ ਵਚਨਬੱਧਤਾਵਾਂ ਦੇ ਸਮਰਥਨ ਨਾਲ ਭਾਰਤ ਅਤੇ ਨੇਪਾਲ ‘ਚ ਆਪਣੇ ਲੋਕਾਂ ਦੇ ਵਿਕਾਸ, ਖੁਸ਼ਹਾਲੀ ਅਤੇ ਕਲਿਆਣ ਲਈ ਇਕ ਸਮਾਨ ਦ੍ਰਿਸ਼ਟੀਕੋਣ ਹੈ ਅਤੇ ਦੋਵਾਂ ਮੁਲਕਾਂ ਵੱਲੋਂ ਇਸ ਨੂੰ ਅਮਲੀ ਜਾਮ੍ਹਾਂ ਪਹਿਣਾਉਣ ਦਾ ਦ੍ਰਿੜ ਸੰਕਲਪ ਪੇਸ਼ ਕੀਤਾ ਹੈ।ਨੇਪਾਲ ਦੇ ਲੋਕਾਂ ਲਈ ਇੱਕ ਵੱਡੀ ਰਾਹਤ ਪੇਸ਼ ਕਰਦਿਆਂ ਸ੍ਰੀ ਓਲੀ ਨੇ ਨੇਪਾਲ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਦੋ ਰੁਪਏ ਪ੍ਰਤੀ ਲੀਟਰ ਕਟੌਤੀ ਕਰਨ ਦਾ ਐਲਾਨ ਕੀਤਾ ਹੈ।ਉਨ੍ਹਾਂ ਅੱਗੇ ਕਿਹਾ ਕਿ ਭਾਰਤ ਤੋਂ ਨੇਪਾਲ ਆਉਣ ਵਾਲੀ ਇਸ  ਪਾਈਪਲਾਈਨ ਰਾਹੀਂ ਤੇਲ ਦੀ ਸਪਲਾਈ ਨਾ ਸਿਰਫ ਲਾਗਤ ਘਟਾਏਗੀ ਸਗੋਂ ਸਮੇਂ ਦੀ ਬਚਤ ਵੀ ਕਰੇਗੀ। ਇਸ ਦੇ ਨਾਲ ਹੀ ਸੜਕੀ ਆਵਾਜਾਈ ‘ਚ ਵੀ ਕਮੀ ਆਵੇਗੀ, ਜਿਸ ਨਾਲ ਕਿ ਹਵਾ ਪ੍ਰਦੂਸ਼ਣ ਵੀ ਘਟੇਗਾ, ਕਿਉਂਕਿ ਪੈਟਰੋਲ ਇਕ ਸਥਾਨ ਤੋਂ ਦੂਜੀ ਥਾਂ ਤੱਕ ਪੈਟਰੋਲ ਲਿਜਾਜ਼ ਵਾਲੇ ਟੈਂਕਰਾਂ ‘ਚੋਂ ਜੋ ਧੂੰਆਂ ਨਿਕਲਦਾ ਹੈ ਉਸ ਨਾਲ ਹਵਾ ਪ੍ਰਦੂਸ਼ਣ ਹੁੰਦਾ ਸੀ।

1973 ਤੋਂ ਨੇਪਾਲ ਆਪਣੀ ਤੇਲ ਉਤਪਾਦਾਂ ਦੀ ਪੂਰੀ ਜ਼ਰੂਰਤ ਨੂੰ ਭਾਰਤ ਤੋਂ ਹੀ ਪੂਰਾ ਕਰਦਾ ਹੈ ਅਤੇ ਇਸ ਲਈ ਤੇਲ ਟੈਂਕਰਾਂ ਦੀ ਮਦਦ ਨਾਲ ਤੇਲ ਉਤਪਾਦਾਂ ਨੂੰ ਭਾਰਤ ਤੋਂ ਨੇਪਾਲ ਭੇਜਿਆ ਜਾਂਦਾ ਰਿਹਾ ਹੈ।ਜਨਤਕ ਖੇਤਰ, ਇੰਡੀਅਨ ਆਇਲ ਕਾਰਪੋਰੇਸ਼ਨ, ਜੋ ਕਿ ਬਿਹਾਰ ‘ਚ ਬਰੌਨੀ ਰਿਫ਼ਾਇਨਰੀ ਅਤੇ ਰਕਸੌਲ ਡੀਪੋ ਤੋਂ ਸਪਲਾਈ ਕਰਨ ਵਾਲੀ ਨੋਡਲ ਏਜੰਸੀ ਹੈ ਨੇ ਨੇਪਾਲ ਤੇਲ ਕਾਰਪੋਰੇਸ਼ਨ ਨਾਲ ਸਾਲ 2017 ‘ਚ ਤੇਲ ਦੀ ਸਪਲਾਈ ਲਈ ਕੀਤੇ ਇਕਰਾਰਨਾਮੇ ਦੇ ਨਵੀਨੀਕਰਨ ਨਾਲ ਹੋਰ ਪੰਜ ਸਾਲਾਂ ਭਾਵ 2022 ਤੱਕ ਜਾਰੀ ਰੱਖਣ ਦਾ ਸਮਝੌਤਾ ਕੀਤਾ।
1996 ‘ਚ ਪਹਿਲੀ ਵਾਰ ਪ੍ਰਸਤਾਵਿਤ ਮੋਤੀਹਾਰੀ-ਅਮਲੇਖਗੁੰਜ ਪਾਈਪਲਾਈਨ ਪ੍ਰਾਜੈਕਟ ਪਿਛਲੇ ਕਈ ਸਾਲਾਂ ਤੋਂ ਠੰਡੇ ਬਸਤੇ ‘ਚ ਪਿਆ ਹੋਇਆ ਸੀ।ਪ੍ਰਧਾਨ ਮੰਤਰੀ ਮੋਦੀ ਵੱਲੋਂ ਜਦੋਂ ਸਾਲ 2014 ‘ਚ ਨੇਪਾਲ ਦਾ ਦੌਰਾ ਕੀਤਾ ਗਿਆ ਤਾਂ ਇਸ ਪ੍ਰਾਜੈਕਟ ਨੂੰ ਮੁੜ ਸੁਰਜੀਤ ਕੀਤਾ ਗਿਆ।ਸਤੰਬਰ 2015 ‘ਚ ਦੋਵਾਂ ਦੇਸ਼ਾਂ ਦੀਆਂ ਪ੍ਰਮੁੱਖ ਜਨਤਕ ਤੇਲ ਕੰਪਨੀਆਂ ਦਰਮਿਆਨ ਇਸ ਸਮਝੌਤੇ ਨੂੰ ਸਹੀਬੱਧ ਕੀਤਾ ਗਿਆ। ਇਸ ਪ੍ਰਾਜੈਕਟ ਦਾ ਨੀਂਹ ਪੱਥਰ ਦੋਵਾਂ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਵੱਲੋਂ ਰਿਮੋਟ ਕੰਟਰੋਲ ਰਾਹੀਂ ਰੱਖਿਆ ਗਿਆ। ਦੱਸਣਯੋਗ ਹੈ ਕਿ ਪਿਛਲੇ ਸਾਲ ਅਪ੍ਰੈਲ ਮਹੀਨੇ ਪੀਐਮ ਓਲੀ ਭਾਰਤ ਦੇ ਦੌਰੇ ‘ਤੇ ਸਨ ਅਤੇ ਨਵੀਂ ਦਿੱਲੀ ‘ਚ ਹੈਦਰਾਬਾਦ ਭਵਨ ਵਿਖੇ ਪੀਐਮ ਮੋਦੀ ਅਤੇ ਉਨ੍ਹਾਂ ਦੇ ਨੇਪਾਲੀ ਹਮਅਹੁਦਾ ਨੇ ਇਸ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਸੀ।

ਇਸ ਪ੍ਰਾਜੈਕਟ ਨੂੰ ਮੁਕੰਮਲ ਕਰਨ ਲਈ 30 ਮਹੀਨਿਆਂ ਦਾ ਸਮਾਂ ਤੈਅ ਕੀਤਾ ਗਿਆ ਹੈ ਪਰ ਦੋਵਾਂ ਧਿਰਾਂ ਦੇ ਅਧਿਕਾਰੀਆਂ ਦੀ ਅਣਥੱਕ ਮਹਿਨਤ ਸਦਕਾ ਇਸ ਟੀਚੇ ਨੂੰ ਅੱਧੇ ਸਮੇਂ ‘ਚ ਹਾਸਿਲ ਕਰ ਲਿਆ ਗਿਆ ਹੈ।ਨੇਪਾਲ ‘ਚ ਕਿਸੇ ਵੀ ਭਾਰਤੀ ਪ੍ਰਾਜੈਕਟ ਨੂੰ ਇੰਨ੍ਹੀ ਜਲਦੀ ਮੁਕੰਮਲ ਕਰਨ ਦਾ ਇਹ ਆਪਣੇ ਆਪ ‘ਚ ਇੱਕ ਰਿਕਾਰਡ ਹੈ।ਆਮ ਤੌਰ ‘ਤੇ ਕਿਹਾ ਜਾਂਦਾ ਸੀ ਕਿ ਨੇਪਾਲ ‘ਚ ਭਾਰਤੀ ਪ੍ਰਾਜੈਕਟ ਹਮੇਸ਼ਾਂ ਹੀ ਦੇਰੀ ਨਾਲ ਪੂਰੇ ਹੁੰਦੇ ਹਨ, ਪਰ ਇਸ ਪ੍ਰਾਜੈਕਟ ਨੂੰ ਸਮੇਂ ਤੋਂ ਪਹਿਲਾਂ ਮੁਕੰਮਲ ਕਰਕੇ ਭਾਰਤ ਦੇ ਮੱਥੇ ‘ਤੇ ਲੱਗੇ ਦਾਗ ਨੂੰ ਧੌ ਦਿੱਤਾ ਗਿਆ ਹੈ।ਦੋਵਾਂ ਦੇਸ਼ਾਂ ਵੱਲੋਂ ਚੱਲ ਰਹੇ ਪ੍ਰਾਜੈਕਟਾਂ ਦੇ ਵਿਕਾਸ ਸਬੰਧੀ ਨਿਯਮਤ ਸਮੀਖਿਆਂ ਬੈਠਕਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ।ਪਿਛਲੇ ਹੀ ਮਹੀਨੇ ਭਾਰਤ-ਨੇਪਾਲ ਸੰਯੁਕਤ ਕਮਿਸ਼ਨ ਦੀ ਬੈਠਕ ਕਾਠਮੰਡੂ ‘ਚ ਹੋਈ ਸੀ, ਜਿਸ ‘ਚ ਦੋਵਾਂ ਮੁਲਕਾਂ ਦੇ ਵਿਦੇਸ਼ ਮੰਤਰੀਆਂ ਨੇ ਸ਼ਿਰਕਤ ਕੀਤੀ ਸੀ।ਇਸ ਬੈਠਕ ਦੌਰਾਨ ਦੁਵੱਲੇ ਸਬੰਧਾਂ ਦੀ ਪੂਰਨ ਸਥਿਤੀ ਦਾ ਜਾਇਜ਼ਾ ਲਿਆ ਗਿਆ ਅਤੇ ਨਾਲ ਹੀ ਸਹਿਯੋਗ ਦੇ ਨਵੇਂ ਖੇਤਰਾਂ ਦੀ ਪਛਾਣ ਵੀ ਕੀਤੀ ਗਈ।

ਦੋਵਾਂ ਪ੍ਰਧਾਨ ਮੰਤਰੀਆਂ ਨੇ ਆਪਣੇ ਦੁਵੱਲੇ ਸਬੰਧਾਂ ਦੀ ਪ੍ਰਗਤੀ ‘ਤੇ ਸੰਤੁਸ਼ਟੀ ਪ੍ਰਗਟ ਕੀਤੀ ਹੈ।ਪੀਐਮ ਓਲੀ ਨੇ ਨੇਪਾਲ ‘ਚ ਸਾਲ 2015 ‘ਚ ਆਏ ਭੂਚਾਲ ਨਾਲ ਪ੍ਰਭਾਵਿਤ ਲੋਕਾਂ ਲਈ 50,000 ਰਿਹਾਇਸ਼ੀ ਘਰਾਂ ਦੇ ਨਿਰਮਾਣ ਲਈ ਵੀ ਭਾਰਤ ਦਾ ਧੰਨਵਾਦ ਕੀਤਾ।

ਮੂਲ: ਰਤਨ ਸਾਲਦੀ, ਸਿਆਸੀ ਟਿੱਪਣੀਕਾਰ