ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਦੀ 42ਵੀਂ ਬੈਠਕ ‘ਚ ਭਾਰਤ ਨੇ ਦਿੱਤਾ ਖੜਕਵਾਂ ਜਵਾਬ

ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਦੀ 42ਵੀਂ ਬੈਠਕ ‘ਚ ਕਸ਼ਮੀਰ ਮਸਲੇ ‘ਤੇ ਇੱਕ ਮਤਾ ਪਾਸ ਕਰਵਾਉਣ ਦੇ ਮਕਸਦ ਨਾਲ ਪਾਕਿ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇਸ ਮੌਜ਼ੂ ਨੂੰ ਕੌਮਾਂਤਰੀ ਪੱਧਰ ‘ਤੇ ਚੁੱਕਣ ਦੇ ਬਹੁਤ ਯਤਨ ਕੀਤੇ ਪਰ ਉਨ੍ਹਾਂ ਨੂੰ ਨਾਕਾਮੀ ਹੀ ਹੱਥ ਲੱਗੀ।ਜ਼ਿਕਰਯੋਗ ਹੈ ਕਿ ਪਾਕਿਸਤਾਨ ਨੂੰ 47 ਮੈਂਬਰੀ ਸਮੂਹ ‘ਚੋਂ 24 ਮੁਲਕਾਂ ਦੀ ਹਿਮਾਇਤ ਦੀ ਜ਼ਰੂਰਤ ਹੋਵੇਗੀ ਪਰ ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਪਾਕਿਸਤਾਨ ਨੂੰ ਮੂੰਹ ਦੀ ਖਾਣੀ ਪਈ।ਕੌਂਸਲ ‘ਚ ਇਸ ਮੁੱਦੇ ‘ਤੇ ਫੌਰੀ ਬਹਿਸ ਲਈ ਬੇਨਤੀ ਦਾਇਰ ਕਰਨ ‘ਚ ਵੀ ਸਮਰਥਨ ਹਾਸਿਲ ਕਰਨ ‘ਚ ਅਸਫਲ ਰਿਹਾ।ਇੱਥੇ ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਸੈਸ਼ਨ ਦੇ ਕਾਰਜਕਾਲ ਦੌਰਾਨ ਕਿਸੇ ਵੀ ਸਮੇਂ ਬਹਿਸ ਲਈ ਗੁਜ਼ਾਰਿਸ਼ ਕੀਤੀ ਜਾ ਸਕਦੀ ਹੈ।ਇਸ ਵਾਰ ਕਿਸੇ ਵੀ ਮਸਲੇ ‘ਤੇ ਫੌਰੀ ਬਹਿਸ ਦਾਇਰ ਕਰਨ ਦੀ ਅੰਤਿਮ ਮਿਤੀ 19 ਸਤੰਬਰ ਹੈ।ਭਾਰਤ ਨੇ ਜਨੇਵਾ ਵਿਖੇ ਆਪਣੇ ਮੰਤਰੀ ਨੂੰ ਨਾ ਭੇਜਣ ਦਾ ਫ਼ੈਸਲਾ ਦੇ ਕੇ ਇਹ ਸੰਕੇਤ ਦਿੱਤਾ ਹੈ ਕਿ ਉਸ ਲਈ ਇਹ ਮਸਲਾ ਕੁੱਝ ਅਹਿਮੀਅਤ ਨਹੀਂ ਰੱਖਦਾ ਹੈ।ਹਾਲਾਂਕਿ ਭਾਰਤ ਨੇ ਪਾਕਿਸਤਾਨ ਦੇ ਦਾਅਵਿਆਂ ਅਤੇ ਟਿੱਪਣੀਆਂ ਦਾ ਖੜਕਵਾਂ ਜਵਾਬ ਪੇਸ਼ ਕੀਤਾ ਹੈ।

ਪਾਕਿ ਵਿਦੇਸ਼ ਮੰਤਰੀ ਕੁਰੈਸ਼ੀ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਗੱਲ ਕਰਦਿਆਂ ਮੁੜ ਕਸ਼ਮੀਰ ਮੁੱਦੇ ਨੂੰ ਕੌਂਸਲ ‘ਚ ਚੁੱਕਣ ਦੀ ਕੋਸ਼ਿਸ਼ ਕੀਤੀ।ਉਨ੍ਹਾਂ ਨੇ ਨਾਲ ਹੀ ਮੰਗ ਕੀਤੀ ਕਿ ਇਸ ਮਸਲੇ ਦੀ ਸੰਯੁਕਤ ਰਾਸ਼ਟਰ ਵੱਲੋਂ ਸਾਂਝੀ ਜਾਂਚ ਕੀਤੀ ਜਾਵੇ।ਦੂਜੇ ਪਾਸੇ ਭਾਰਤ ਨੇ ਪਾਕਿਸਤਾਨ ਦੇ ਇੰਨ੍ਹਾਂ ਦਾਅਵਿਆਂ ਨੂੰ ਝੂਠਾ ਦੱਸਦਿਆਂ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਕਸ਼ਮੀਰ ਭਾਰਤ ਦਾ ਅੰਦਰੂਨੀ ਮਾਮਲਾ ਹੈ ਅਤੇ ਇਸ ਖੇਤਰ ‘ਚ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਸਰਹੱਦ ਪਾਰ ਅੱਤਵਾਦ ‘ਤੇ ਰੋਕ ਲਗਾਉਣ ਦੇ ਮਕਸਦ ਨਾਲ ਹੀ ਕੁੱਝ ਪਾਬੰਦੀਆਂ ਲਗਾਈਆਂ ਗਈਆ ਸਨ।ਪਾਕਿਸਤਾਨ ‘ਤੇ ਨਿਸ਼ਾਨਾ ਸਾਧਦਿਆਂ ਭਾਰਤੀ ਨੁਮਾਇੰਦਿਆਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਸਭ ਤੋਂ ਭੈੜਾ ਰੂਪ ਅੱਤਵਾਦ ਹੈ ਅਤੇ ਉਨ੍ਹਾਂ ਨੇ ਕੌਂਸਲ ਨੂੰ ਇਸ ਕਾਰੇ ਪ੍ਰਤੀ ਕੋਈ ਸਖ਼ਤ ਕਾਰਵਾਈ ਕਰਨ ਲਈ ਕਿਹਾ।

ਭਾਰਤੀ ਸਫੀਰ ਵਿਜੈ ਠਾਕੁਰ ਸਿੰਘ ਨੇ ਜਨੇਵਾ ਵਿਖੇ ਭਾਰਤ ਦੇ ਪਾਕਿਸਤਾਨ ਲਈ ਸਾਬਕਾ ਰਾਜਦੂਤ ਅਜੈ ਬਿਸਾਰੀਆ ਅਤੇ ਸੰਯੁਕਤ ਰਾਸ਼ਟਰ ‘ਚ ਭਾਰਤ ਦੇ ਸਥਾਈ ਪ੍ਰਤੀਨਿਧੀ ਸਫੀਰ ਰਾਜੀਵ ਚੰਦਰ ਵੱਲੋਂ ਲਗਾਏ ਗਏ ਦੋਸ਼ਾਂ ਦੀ ਅਗਵਾਈ ਕੀਤੀ।ਪਾਕਿਸਤਾਨ ਨੂੰ ਨਿਸ਼ਾਨੇ ‘ਤੇ ਲੈਂਦਿਆਂ ਉਨ੍ਹਾਂ ਕਿਹਾ, “ ਇੱਥੇ ਇਕ ਵਫ਼ਦ ਨੇ ਮੇਰੇ ਮੁਲਕ ਖਿਲਾਫ਼ ਝੂਠੇ ਦੋਸ਼ਾਂ ਅਤੇ ਬੇਬੁਨਿਆਦ ਇਲਜ਼ਾਮਾਂ ਦੀ ਤੋਮਤ ਲਗਾਈ ਹੈ। ਦੁਨੀਆ ਚੰਗੀ ਤਰ੍ਹਾਂ ਨਾਲ ਇਸ ਗੱਲ ਤੋਂ ਵਾਕਫ਼ ਹੈ ਕਿ ਇਹ ਬੇਬੁਨਿਆਦ ਟਿੱਪਣੀਆਂ ਅੱਤਵਾਦ ਦਾ ਗੜ੍ਹ ਮੰਨੇ ਜਾਂਦੇ ਦੇਸ਼ ਵੱਲੋਂ ਆਈਆਂ ਹਨ, ਜਿੱਥੇ ਦਹਿਸ਼ਤਗਰਦਾਂ ਨੂੰ ਸੁਰੱਖਿਅਤ ਪਨਾਹਗਾਹਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।”

ਭਾਰਤੀ ਵਫ਼ਦ ਦੇ ਮੈਂਬਰਾਂ ਨੇ ਬਹੁਤ ਹੀ ਸਫ਼ਲਤਾ ਨਾਲ ਪਾਕਿਸਤਾਨ ‘ਚ ਮਨੁੱਖੀ ਅਧਿਕਾਰਾਂ ਦੀ ਸਥਿਤੀ ਨੂੰ ਬਿਆਨ ਕੀਤਾ ਅਤੇ ਨਾਲ ਹੀ ਪਾਕਿ ਹਿਮਾਇਤ ਪ੍ਰਾਪਤ ਸਰਹੱਦ ਪਾਰ ਅੱਤਵਾਦ ਦੇ ਮੁੱਦੇ ਨੂੰ ਵੀ ਪੇਸ਼ ਕੀਤਾ।

ਭਾਰਤ ਦਾ ਮਾਮਲਾ ਦੋ ਕਾਰਨਾਂ ਨਾਲ ਵਧੇਰੇ ਮਜ਼ਬੂਤ ਹੋ ਗਿਆ।ਪਹਿਲਾ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਬਲਦੇਵ ਸਿੰਘ, ਜੋ ਕਿ ਭਾਰਤ ‘ਚ ਸਿਆਸੀ  ਪਨਾਹ ਦੀ ਮੰਗ ਕਰ ਰਹੇ ਹ ਨੇ ਮੀਡੀਆ ਨੂੰ ਦਿੱਤੇ ਇੱਕ ਬਿਆਨ ‘ਚ ਕਿਹਾ ਕਿ ਪਾਕਿਸਤਾਨ ‘ਚ ਘੱਟ ਗਿਣਤੀ ਤਬਕੇ ਦੀ ਬੁਰੀ ਸਥਿਤੀ ਹੈ। ਇਸ ਮੁਲਕ ‘ਚ ਹਿੰਦੂ ਅਤੇ ਸਿੱਖਾਂ ‘ਤੇ ਤਾਂ ਜ਼ੁਲਮ ਹੁੰਦਾ ਹੀ ਹੈ ਪਰ ਮੁਸਲਿਮ ਬਰਾਦਰੀ ਵੀ ਸੁਰੱਖਿਅਤ ਨਹੀਂ ਹੈ।

ਦੂਜਾ ਜਨੇਵਾ ਵਿਖੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਦੇ ਸੈਸ਼ਨ ਦੇ ਬਾਹਰ ਵਿਸ਼ਵ ਸਿੰਧੀ ਕਾਂਗਰਸ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾਣਾ ਤਾਂ ਜੋ ਸਿੰਧ, ਬਲੋਚਿਸਤਾਨ ਅਤੇ ਖੈਬਰ ਪਖਤੂਨਖਵਾ ਵਿਖੇ ਹੋ ਰਹੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵੱਲ ਪੂਰੀ ਦੁਨੀਆ ਦਾ ਧਿਆਨ ਖਿੱਚਿਆ ਜਾ ਸਕੇ।

ਇੱਥੇ ਧਿਆਨ ਦੇਣ ਦੀ ਲੋੜ ਹੈ ਕਿ ਕੌਂਸਲ ਦੇ ਸੈਸ਼ਨ ਤੋਂ ਮਹਿਜ ਕੁੱਝ ਸਮਾਂ ਪਹਿਲਾਂ ਹੀ ਜੈਸ਼-ਏ-ਮੁਹੰਮਦ ਦੇ ਦਹਿਸ਼ਤਗਰਦ ਮਸੂਦ ਅਜ਼ਹਰ ਨੂੰ ਪਾਕਿਸਤਾਨ ਵੱਲੋਂ ਰਿਹਾਅ ਕੀਤੇ ਜਾਣ ਦੀਆਂ ਖ਼ਬਰਾਂ ਆਈਆਂ।ਮਸੂਦ ਦੀ ਰਿਹਾਈ ਪਿੱਛੇ ਕਾਰਨ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਭਾਰਤ ਦੇ ਕਸ਼ਮੀਰ ਖੇਤਰ ‘ਚ ਅੱਤਵਾਦੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਹੀ ਰਿਹਾਅ ਕੀਤਾ ਗਿਆ ਹੈ।

ਪਾਕਿਸਤਾਨ ਦੋ-ਪੱਖੀ ਰਣਨੀਤੀ ਦੀ ਵਰਤੋਂ ਕਰਨਾ ਚਾਹੁੰਦਾ ਸੀ, ਪਹਿਲਾ ਤਾਂ ਉਹ ਰਾਜਸਥਾਨ-ਸਿਆਲਕੋਟ ਸੈਕਟਰ ਨਜ਼ਦੀਕ ਸੈਨਿਕਾਂ ਨੂੰ ਤੈਨਾਤ ਕਰਨਾ ਅਤੇ ਦੂਜਾ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਦੇ ਸੈਸ਼ਨ ਤੋਂ ਪਹਿਲਾਂ ਜੰਮੂ-ਕਸ਼ਮੀਰ ‘ਚ ਘੁਸਪੈਠ ਦੀਆਂ ਗਤੀਵਿਧੀਆਂ ਨੂੰ ਵਧਾਉਣਾ ਸੀ।ਅਸਲ ‘ਚ ਪਾਕਿਸਤਾਨ ਕਸ਼ਮੀਰ ਮੁੱਦੇ ਨੂੰ ਕੌਮਾਂਤਰੀ ਪੱਧਰ ‘ਤੇ ਚੁੱਕ ਕੇ ਭਾਰਤ ਦੀ ਰੁਸਵਾਈ ਕਰਨਾ ਚਾਹੁੰਦਾ ਹੈ ਪਰ ਹੋ ਇਸ ਦੇ ਉਲਟ ਰਿਹਾ ਹੈ। ਇਸਲਾਮਾਬਾਦ ਆਪ ਹੀ ਅਲੱਗ ਥਲੱਗ ਪੈ ਗਿਆ ਹੈ।ਆਲਮੀ ਭਾਈਚਾਰੇ ਵੱਲੋਂ ਇੱਕ ਪਾਸੇ ਭਾਰਤ ਦੇ ਫ਼ੈਸਲੇ ਦੀ ਹਿਮਾਇਤ ਕੀਤੀ ਜਾ ਰਹੀ ਹੈ ਉੱਥੇ ਹੀ ਪਾਕਿਸਤਾਨ ਦੇ ਦਾਅਵਿਆਂ ਨੂੰ ਸਵਾਲਾਂ ਦੇ ਘੇਰੇ ‘ਚ ਰੱਖਿਆ ਹੈ।ਕੌਂਸਲ ‘ਚ ਪਾਕਿਸਤਾਨ ਨੂੰ ਨਾਕਾਮੀ ਮਿਲੀ ਹੈ ਅਤੇ ਅੱਤਵਾਦ ਨੂੰ ਲਗਾਤਾਰ ਸਮਰਥਨ ਦੇ ਕੇ ਉਹ ਆਪਣੇ ਹੀ ਕੇਸ ਨੂੰ ਕੰਮਜ਼ੋਰ ਬਣਾ ਰਿਹਾ ਹੈ।27 ਸਤੰਬਰ ਨੂੰ ਜਦੋਂ ਪਾਕਿ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਕੌਂਸਲ ਨੂੰ ਸੰਬੋਧਨ ਕਰਨਗੇ ਤਾਂ ਉਨ੍ਹਾਂ ਕੋਲ ਆਪਣਾ ਪੱਖ ਮਜ਼ਬੂਤ ਕਰਨ ਲਈ ਕੋਈ ਵੀ ਠੋਸ ਕਾਰਨ ਨਹੀਂ ਹੋਵੇਗਾ।

ਵੈਸੇ ਤਾਂ ਪਾਕਿਸਤਾਨ ਨੇ ਹਰ ਮੰਚ ‘ਤੇ ਆਪਣੀ ਕਾਵਾਂ ਰੌਲੀ ਪਾਈ ਹੈ, ਪਰ ਕਿਸੇ ਨੇ ਵੀ ਉਸ ਦੀ ਨਹੀਂ ਸੁਣੀ। ਦੂਜੇ ਪਾਸੇ ਭਾਰਤ ਕਸ਼ਮੀਰ ਮੁੱਦੇ ‘ਤੇ ਆਪਣੇ ਫ਼ੈਸਲੇ ਦੇ ਹੱਕ ‘ਚ ਅੰਤਰਰਾਸ਼ਟਰੀ ਭਾਈਚਾਰੇ ਨੂੰ ਕਰਨ ਲਈ ਚੁੱਪ ਚਾਪ ਰਣਨੀਤੀ ‘ਤੇ ਕੰਮ ਕਰ ਰਿਹਾ ਹੈ।ਪਾਕਿਸਤਾਨ ਵਾਰ-ਵਾਰ ਕਸ਼ਮੀਰ ਮੁੱਦੇ ‘ਤੇ ਮੂੰਹ ਦੀ ਖਾ ਰਿਹਾ ਹੈ ਪਰ ਫਿਰ ਵੀ ਗਲਤ ਢੰਗ ਤਰੀਕਿਆਂ ਨਾਲ ਉਹ ਕਸ਼ਮੀਰ ਮੁੱਦੇ ਨੂੰ ਚੁੱਕ ਰਿਹਾ ਹੈ ਅਤੇ ਨਾਲ ਹੀ ਦਹਿਸ਼ਤਗਰਦੀ ਨੂੰ ਹੁਲਾਰਾ ਦੇਣ ਦੀ ਤਾਕ ‘ਚ ਹੈ।

ਪਾਕਿਸਤਾਨੀ ਪੀਐਮ ਇਮਰਾਨ ਖ਼ਾਨ ਨੇ ਪਹਿਲਾਂ ਹੀ 13 ਸਤੰਬਰ, ਸ਼ੁਕਰਵਾਰ ਨੂੰ ਮਕਬੂਜਾ ਕਸ਼ਮੀਰ ਦੇ ਮੁਜ਼ਫਰਾਬਾਦ ਵਿਖੇ ਇਕ ਵਿਸ਼ਾਲ ਜਨਤਕ ਰੈਲੀ ਦਾ ਸੱਦਾ ਦਿੱਤਾ ਹੈ।ਜਨਾਬ ਖ਼ਾਨ ਦਾ ਇਸ ਇੱਕਠ ਦੇ ਐਲਾਨ ਦਾ ਉਦੇਸ਼ ਜੰਮੂ-ਕਸ਼ਮੀਰ ਦੇ ਲੋਕਾਂ ਨਾਲ ਇੱਕਮੁਠਤਾ ਜਤਾਉਣਾ ਹੈ।

ਇਸ ਮੌਕੇ ਭਾਰਤ ਨੂੰ ਜ਼ਰੂਰਤ ਹੈ ਕਿ ਉਹ ਇਸ ਸਾਲ ਅਕਤੂਬਰ ਮਹੀਨੇ ਵਿੱਤੀ ਐਕਸ਼ਨ ਟਾਸਕ ਫੋਰਸ ਦੀ ਹੋਣ ਵਾਲੀ ਬੈਠਕ ਤੋਂ ਪਹਿਲਾਂ ਪਾਕਿਸਤਾਨ ਨੂੰ  ਕਾਲੀ ਸੂਚੀ ‘ਚ ਨਾਮਜ਼ਦ ਕਰਵਾਉਣ ਲਈ ਯਤਨ ਕਰੇ।

ਸਕ੍ਰਿਪਟ: ਡਾ.ਜ਼ੈਨਬ ਅਖ਼ਤਰ, ਪਾਕਿਸਤਾਨ ਸਬੰਧੀ ਮਾਮਲਿਆਂ ਦੇ ਵਿਸ਼ਲੇਸ਼ਕ