ਤਾਲਿਬਾਨ ਨੇ ਅਮਰੀਕੀ ਫੌਜਾਂ ‘ਤੇ ਹਮਲੇ ਜਾਰੀ ਰੱਖਣ ਦੀ ਦਿੱਤੀ ਧਮਕੀ

ਅਮਰੀਕਾ ਅਤੇ ਤਾਲਿਬਾਨ ਵਿਚਾਲੇ ਹੋਣ ਵਾਲੀ ਗੱਲਬਾਤ ‘ਚ ਆਖਰੀ ਸਮੇਂ ਜੋ ਰੁਕਾਵਟ ਆਈ ਉਹ ਭਾਵੇਂ ਕਿਸੇ ਹੱਦ ਤੱਕ ਹੈਰਾਨ ਕਰਨ ਵਾਲੀ ਰਹੀ ਹੈ ਪਰ ਇਸ ਸਥਿਤੀ ਦੀ ਉਮੀਦ ਕਿਸੇ ਹੱਦ ਤੱਕ ਸੀ।ਅਸਲ ‘ਚ ਜਿਸ ਨਾਟਕੀ ਢੰਗ ਨਾਲ ਇਸ ਗੱਲਬਾਤ ਨੂੰ ਸ਼ੁਰੂ ਕੀਤੇ ਜਾਣ ਦਾ ਫ਼ੈਸਲਾ ਲਿਆ ਗਿਆ ਸੀ, ਉਸੇ ਤਰੀਕੇ ਨਾਲ ਹੀ ਇਸ ਨੂੰ ਰੱਦ ਕੀਤੇ ਜਾਣ ਦੀ ਗੱਲ ਕਹੀ ਗਈ।ਸ਼ੁਰੂ ‘ਚ ਜਦੋਂ ਵੀ ਅਮਨ ਸ਼ਾਂਤੀ ਵਾਰਤਾ ਦੀ ਗੱਲ ਹੁੰਦੀ ਸੀ ਤਾਂ ਅਮਰੀਕਾ ਦਾ ਕਹਿਣਾ ਸੀ ਕਿ ਤਾਲਿਬਾਨ ਨੂੰ ਅਫ਼ਗਾਨਿਸਤਾਨ ਸਰਕਾਰ ਨਾਲ ਗੱਲਬਾਤ ਕਰਨੀ ਚਾਹੀਦੀ ਹੈ।ਪਰ ਤਾਲਿਬਾਨ ਇਸ ਨਾਲ ਕਦੇ ਵੀ ਇਤਫ਼ਾਕ ਨਹੀਂ ਰੱਖਦਾ ਸੀ।
ਸ਼ੁਰੂ ਤੋਂ ਹੀ ਤਾਲਿਬਾਨ ਦਾ ਇਹੀ ਕਹਿਣਾ ਸੀ ਕਿ ਅਫ਼ਗਾਨ ਅਮਰੀਕੀ ਪ੍ਰਸ਼ਾਸਨ ਦੇ ਹੱਥਾਂ ਦੀ ਕੱਠਪੁਤਲੀ ਵਾਲੀ ਹਕੂਮਤ ਹੈ।ਤਾਲਿਬਾਨ ਨੂੰ ਅਮਰੀਕਾ ਨਾਲ ਗੱਲਬਾਤ ਕਰਨ ‘ਚ ਕੋਈ ਇਤਰਾਜ਼ ਨਹੀਂ ਸੀ ਪਰ ਅਫ਼ਗਾਨ ਸਰਕਾਰ ਨੂੰ ਉਹ ਇੱਕ ਅੱਖ ਵੀ ਨਹੀਂ ਸਨ ਭਾਅ ਰਹੇ।ਫਿਰ ਅਚਾਨਕ ਸੁਣਨ ‘ਚ ਆਇਆ ਕਿ ਅਮਰੀਕਾ ਤਾਲਿਬਾਨ ਨਾਲ ਸ਼ਾਂਤੀ ਵਾਰਤਾ ਲਈ ਤਿਆਰ ਹੋ ਗਿਆ ਹੈ।ਇਸ ਮਕਸਦ ਲਈ ਉਨ੍ਹਾਂ ਨੇ ਜ਼ੁਲਮੇ ਖਲੀਲ ਜ਼ਾਦ ਨੂੰ ਆਪਣਾ ਖਾਸੂਸੀ ਸਫੀਰ ਨਿਯੁਕਤ ਕੀਤਾ ।ਬਹਿਰਹਾਲ ਦੋਹਾ ‘ਚ ਦੋਵਾਂ ਧਿਰਾਂ ਦਰਮਿਆਨ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋਇਆ।ਗੁਜ਼ਿਸਤਾ ਸਾਲ ਦੇ ਆਖਰ ‘ਚ ਸ਼ਾਂਤੀ ਵਾਰਤਾ ਸ਼ੁਰੂ ਹੋਈ ਪਰ ਤਾਲਿਬਾਨ ਭਾਵੇਂ ਇਸ ਗੱਲਬਾਤ ‘ਚ ਹਿੱਸਾ ਲੈ ਰਿਹਾ ਸੀ ਪਰ ਉਨ੍ਹਾਂ ਨੇ ਆਪਣੇ ਅਮਲ ਤੋਂ ਇਹ ਸਪਸ਼ੱਟ ਕੀਤਾ ਕਿ ਉਹ ਆਪਣੇ ਕਾਰਜਾਂ ਤੋਂ ਪਿੱਛੇ ਨਹੀਂ ਹੱਟਣਗੇ।ਇੱਕ ਪਾਸੇ ਅਮਰੀਕਾ-ਤਾਲਿਬਾਨ ਵਿਚਾਲੇ ਸ਼ਾਂਤੀ ਵਾਰਤਾ ਚੱਲ ਰਹੀ ਸੀ ਅਤੇ ਦੂਜੇ ਪਾਸੇ ਤਾਲਿਬਾਨ ਵੱਲੋਂ ਅਫ਼ਗਾਨਿਸਤਾਨ ‘ਚ ਅੱਤਵਾਦੀ ਹਮਲਿਆਂ ਨੂੰ ਨਿਰੰਤਰ ਅੰਜਾਮ ਦਿੱਤਾ ਜਾ ਰਿਹਾ ਸੀ।ਇੰਨ੍ਹਾਂ ਹਮਲਿਆਂ ‘ਚ ਸੁਰੱਖਿਆ ਮੁਲਾਜ਼ਮ, ਸਰਕਾਰੀ ਅਧਿਕਾਰੀ ਅਤੇ ਆਮ ਲੋਕ ਨਿਸ਼ਾਨੇ ‘ਤੇ ਰਹੇ।ਜਵਾਬੀ ਗੋਲੀਬਾਰੀ ‘ਚ ਵੀ ਕਈ ਲੋਕ ਹਲਾਕ ਅਤੇ ਜ਼ਖਮੀ ਹੁੰਦੇ ਰਹੇ।ਯਕੀਨਨ ਅਮਰੀਕਾ ਵੱਲੋਂ ਤਾਲਿਬਾਨ ਨੂੰ ਹਮਲੇ ਨਾ ਕਰਨ ਦੀ ਹਿਦਾਇਤ ਦਿੱਤੀ ਗਈ ਹੋਵੇਗੀ ਪਰ ਉਹ ਇਸ ਦੀ ਪ੍ਰਵਾਹ ਕੀਤੇ ਬਿਨ੍ਹਾਂ ਹਮਲੇ ਕਰ ਰਹੇ ਸਨ।ਤਾਲਿਬਾਨ ਨੂੰ ਸ਼ਾਇਦ ਲੱਗਦਾ ਸੀ ਕਿ ਅਮਰੀਕਾ ਬਹੁਤ ਕੰਮਜ਼ੋਰ ਸਥਿਤੀ ‘ਚ ਰਹਿ ਕੇ ਗੱਲ ਕਰ ਰਿਹਾ ਹੈ, ਇਸ ਲਈ ਉਨ੍ਹਾਂ ਦੇ ਨਾਪਾਕ ਹੌਂਸਲੇ ਵੱਧ ਦੇ ਹੀ ਗਏ।
ਹਾਲਾਂਕਿ ਇਹ ਗੁਫ਼ਤਗੂ ਆਖਰੀ ਗੇੜ੍ਹ ‘ਚ ਪਹੁੰਚ ਗਈ ਅਤੇ ਇਹ ਵੀ ਖ਼ਬਰ ਆਈ ਕਿ ਦੋਵੇਂ ਧਿਰਾਂ ਸਮਝੌਤੇ ਲਈ ਸਹਿਮਤ ਵੀ ਹੋ ਗਈਆਂ ਹਨ ਅਤੇ ਹੁਣ ਸਿਰਫ ਬਕਾਇਦਾ ਐਲਾਨ ਦਾ ਹੀ ਇੰਤਜ਼ਾਰ ਹੈ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਤਾਲਿਬਾਨੀ ਆਗੂਆਂ ਦੀ ਅਫ਼ਗਾਨ ਮੁੱਖੀ ਅਸ਼ਰਫ ਗਨੀ ਨਾਲ ਇਕ ਮੁਲਾਕਾਤ ਹੋਣ ਵਾਲੀ ਸੀ ਪਰ ਉਸ ਤੋਂ ਕੁੱਝ ਰੋਜ਼ ਪਹਿਲਾਂ ਹੀ ਤਾਲਿਬਾਨ ਨੇ ਕਾਬੁਲ ‘ਚ ਇੱਕ ਹੋਰ ਹਮਲਾ ਹੀ ਨਹੀਂ ਕੀਤਾ ਬਲਕਿ ਖੁੱਲੇ ‘ਚ ਉਸ ਦੀ ਜ਼ਿੰਮੇਵਾਰੀ ਵੀ ਕਬੂਲ ਕੀਤੀ।ਇਸ ਹਮਲੇ ‘ਚ ਇੱਕ ਅਮਰੀਕੀ ਫੌਜੀ ਸਮੇਤ 12 ਅਫ਼ਰਾਦ ਹਲਾਕ ਅਤੇ ਕਈ ਜ਼ਖਮੀ ਹੋਏ।
ਰਾਸ਼ਟਰਪਤੀ ਟਰੰਪ ਨੇ ਇਸ ਹਮਲੇ ਤੋਂ ਬਾਅਦ ਤਾਲਿਬਾਨ ਅਤੇ ਅਫ਼ਗਾਨ ਮੁੱਖੀ ਗਨੀ ਨਾਲ ਆਪਣੀ ਬੈਠਕ ਦਾ ਪ੍ਰੋਗਰਾਮ ਮਨਸੂਖ ਕਰ ਦਿੱਤਾ।ਇਸ ਦੇ ਨਾਲ ਹੀ ਉਨ੍ਹਾਂ ਨੇ ਸ਼ਾਂਤੀ ਵਾਰਤਾ ਦੇ ਜਿੰਨ੍ਹੇ ਵੀ ਹੁਣ ਤੱਕ ਪੜਾਅ ਮੁਕੰਮਲ ਹੋ ਚੁੱਕੇ ਸਨ ਉਨ੍ਹਾਂ ਨੂੰ ਵੀ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ।ਇਸ ਵਾਰਤਾ ਨੂੰ ਰੱਦ ਕਰਨ ਦਾ ਇਹੀ ਸਿਰਫ ਕਾਰਨ ਨਹੀਂ ਸੀ ਕਿ ਤਾਲਿਬਾਨ ਦੇ ਤਾਜ਼ਾ ਹਮਲੇ ‘ਚ ਇੱਕ ਅਮਰੀਕੀ ਫੌਜੀ ਵੀ ਹਲਾਕ ਹੋ ਗਿਆ ਸੀ, ਅਸਲ ਕਾਰਨ ਤਾਂ ਇਹ ਹੈ ਕਿ ਤਾਲਿਬਾਨ ਨੇ ਗਨੀ ਹਕੂਮਤ ਨੂੰ ਹਮੇਸ਼ਾਂ ਹੀ ਜਲੀਲ ਕਰਨ ਦੇ ਯਤਨ ਕੀਤੇ ਹਨ।ਕਦਮ-ਕਦਮ ‘ਤੇ ਉਨ੍ਹਾਂ ਵੱਲੋਂ ਅਜਿਹੇ ਕਾਰਜ ਕੀਤੇ ਜਾਂਦੇ ਰਹੇ ਜਿਸ ਨਾਲ ਕਿ ਹਕੂਮਤ ਦੀ ਬੇਇਜ਼ਤੀ ਹੋਵੇ।ਪਰ ਆਖਰੀ ਸਮੇਂ ਜੋ ਸਥਿਤੀ ਬਣੀ ਉਹ ਇਹ ਸੀ ਕਿ ਅਜੇ ਵੀ ਤਾਲਿਬਾਨ ਅਫ਼ਗਾਨ ਸਰਕਾਰ ਨੂੰ ਕੋਈ ਮਾਨਤਾ ਨਹੀਂ ਦੇ ਰਹੇ ਸਨ।ਅਮਰੀਕਾ ਦੇ ਵਾਰ-ਵਾਰ ਕਹਿਣ ਦੇ ਬਾਵਜੂਦ ਉਹ ਹਕੂਮਤ ਅਤੇ ਉਸ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਰਹੇ ਸਨ।ਫਿਰ ਤਾਲਿਬਾਨ ਦੇ ਇਸ ਹਮਲੇ ਨੇ ਰਹੀ ਸਹੀ ਕਸਰ ਵੀ ਪੂਰੀ ਕਰ ਦਿੱਤੀ। ਤਾਲਿਬਾਨ ਦੀਆਂ ਇੰਨ੍ਹਾਂ ਹਰਕਤਾਂ ਤੋਂ ਸਿਰਫ ਰਾਸ਼ਟਰਪਤੀ ਟਰੰਪ ਹੀ ਨਾਰਾਜ਼ ਹੀ ਨਹੀਂ ਹੋਏ ਬਲਕਿ ਅਮਰੀਕਾ ਦੇ ਆਲਾ ਅਫ਼ਸਰ ਅਤੇ ਸਫ਼ਾਤਰਕਾਰ ਵੀ ਇਹੀ ਮਹਿਸੂਸ ਕਰ ਰਹੇ ਸਨ ਕਿ ਜੇਕਰ ਤਾਲਿਬਾਨ ਦਾ ਇਹ ਰਵੱਈਆ ਇੰਝ ਹੀ ਬਰਕਰਾਰ ਰਿਹਾ ਤਾਂ ਇਸ ਤੋਂ ਅਮਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ।ਫਿਲਹਾਲ ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਇਸ ਤੋਂ ਬਾਅਦ ਕੀ ਹੋਵੇਗਾ।ਪਰ ਤਾਲਿਬਾਨ ਨੂੰ ਇਹ ਅਹਿਸਾਸ ਕਰਵਾਉਣਾ ਬਹੁਤ ਜ਼ਰੂਰੀ ਸੀ ਕਿ ਸ਼ਾਂਤੀ ਵਾਰਤਾ ਦੇ ਕਿਸੇ ਵੀ ਦੌਰ ‘ਚ ਅੱਗੇ ਵੱਧਣ ਤੋਂ ਪਹਿਲਾਂ ਅਮਨ ਨੂੰ ਕਾਇਮ ਰੱਖਣ ਦੇ ਯਤਨਾਂ ਨੂੰ ਯਕੀਨੀ ਬਣਾਉਣਾ ਬਹੁਤ ਲਾਜ਼ਮੀ ਹੈ।ਤਾਲਿਬਾਨ ਦਾ ਇੱਕ ਹੀ ਨਜ਼ਰੀਆ ਹੈ ਕਿ ਤਸ਼ਦਦ ਹੀ ਸਭ ਕੁੱਝ ਹੈ ਅਤੇ ਉਨ੍ਹਾਂ ਦੇ ਇਸ ਨਜ਼ਰੀਏ ਦੀ ਪਾਕਿਸਤਾਨ ਫੌਜ ਅਤੇ ਆਈ.ਐਸ.ਆਈ. ਵੱਲੋਂ ਹਿਮਾਇਤ ਕੀਤੀ ਜਾਂਦੀ ਹੈ।
ਤਾਲਿਬਾਨ ਦੇ ਤਰਜਮਾਨ ਜ਼ਬੀਹੁੱਲਾ ਮੁਜਾਹਿਦ ਨੇ ਕਿਹਾ ਹੈ ਕਿ ਗੱਲਬਾਤ ਨੂੰ ਅਮਰੀਕਾ ਨੇ ਅਲਵਿਦਾ ਤਾਂ ਕਹਿ ਦਿੱਤਾ ਪਰ ਉਸ ਨੂੰ ਪਛਤਾਵਾ ਹੋਵੇਗਾ।ਸਾਡੇ ਕੋਲ ਦੋ ਹੀ ਰਸਤੇ ਸਨ।ਇੱਕ ਤਾਂ ਅਸੀਂ ਜੇਹਾਦ ਕਰੀਏ ਜਾਂ ਲੜੀਏ ਜਾਂ ਫਿਰ ਗੱਲਬਾਤ ਦੀ ਰਾਹ ‘ਤੇ ਅਗਾਂਹ ਤੁਰੀਏ।ਅਸੀਂ ਪਹਿਲਾ ਰਾਹ ਅਖ਼ਤਿਆਰ ਕੀਤਾ ਹੈ ਜਾਨਿ ਕਿ ਅਸੀਂ ਲੜਾਈ ਨੂੰ ਚੁਣਿਆ ਹੈ।ਜਲਦ ਹੀ ਅਮਰੀਕਾ ਨੂੰ ਅਹਿਸਾਸ ਹੋ ਜਾਵੇਗਾ ਕਿ ਉਸ ਨੇ ਗਲਤੀ ਕੀਤੀ ਹੈ।”
ਅਮਰੀਕਾ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ ਜਾਂ ਫਿਰ ਨਹੀਂ ਇਸ ਦਾ ਤਾਂ ਬਾਅਦ ‘ਚ ਪਤਾ ਲੱਗੇਗਾ ਪਰ ਜਿੱਥੋਂ ਤੱਕ ਤਾਲਿਬਾਨ ਦਾ ਜੰਗ ਜਾਰੀ ਰੱਖਣ ਦਾ ਸਵਾਲ ਹੈ ਤਾਂ ਇਸ ਸਿਲਸਿਲੇ ‘ਚ ਪਹਿਲਾ ਸਵਾਲ ਇਹ ਹੀ ਹੈ ਕਿ ਉਸ ਨੇ ਜੰਗ ਬੰਦ ਕੀਤੀ ਹੀ ਕਦੋਂ ਸੀ।ਉਹ ਤਾਂ ਸ਼ਾਂਤੀ ਵਾਰਤਾ ‘ਚ ਵੀ ਸ਼ਾਮਲ ਹੋ ਰਿਹਾ ਸੀ ਅਤੇ ਹਮਲੇ ਵੀ ਜਾਰੀ ਰੱਖ ਰਿਹਾ ਸੀ।ਖ਼ੈਰ ਹੁਣ ਵੇਖਣਾ ਇਹ ਹੈ ਹੋਵੇਗਾ ਕਿ ਪਛਤਾਵਾ ਕਿਸ ਨੂੰ ਹੁੰਦਾ ਹੈ।
ਅਜਿਹੀਆਂ ਖ਼ਬਰਾਂ ਵੀ ਆ ਰਹੀਆਂ ਹਨ ਕਿ ਇਸ ਸ਼ਾਂਤੀ ਵਾਰਤਾ ਦੇ ਮਨਸੂਖ ਹੋਣ ‘ਤੇ ਪਾਕਿਸਤਾਨ ਵੀ ਪ੍ਰੇਸ਼ਾਨ ਹੈ ਅਤੇ ਉਸ ਦੇ ਪਰਮ ਮਿੱਤਰ ਚੀਨ ਨੇ ਅਮਰੀਕਾ ਅਤੇ ਤਾਲਿਬਾਨ ਨੂੰ ਇਸ ਗੱਲਬਾਤ ਨੂੰ ਜਾਰੀ ਰੱਖਣ ਦੀ ਅਪੀਲ ਕੀਤੀ ਹੈ।