ਇਮਰਾਨ ਖ਼ਾਨ ਨੇ ਜੰਗ ਦੀ ਦਿੱਤੀ ਧਮਕੀ

ਪਾਕਿਸਤਾਨੀ ਹੂਕਮਰਾਨਾਂ ਨੂੰ ਜੰਗ ਲੜਣ ਦਾ ਕੁੱਝ ਖਾਸਾ ਹੀ ਸ਼ੌਕ ਚੜ੍ਹਿਆ ਹੋਇਆ ਹੈ।ਖਾਸ ਤੌਰ ‘ਤੇ ਭਾਰਤ ਨਾਲ ਲੜਾਈ ਝਗੜੇ ਦਾ ਬਹਾਨਾ ਲੱਭਣਾ ਅਤੇ ਸਿੱਧੇ ਤੇ ਅਸਿੱਧੇ ਤੌਰ ‘ਤੇ ਜੰਗ ਦੀ ਧਮਕੀ ਦੇਣਾ ਉਨ੍ਹਾਂ ਦਾ ਇਕ ਵਿਸ਼ੇਸ਼ ਰਵੱਈਆ ਰਿਹਾ ਹੈ।ਦੋਵਾਂ ਮੁਲਕਾਂ ਦਰਮਿਆਨ ਰਵਾਇਤੀ ਜੰਗਾਂ ਵੀ ਹੋ ਚੁੱਕੀਆਂ ਹਨ ਅਤੇ ਇੰਨ੍ਹਾਂ ਜੰਗਾਂ ਦੇ ਫਾਈਦੇ ਅਤੇ ਨੁਕਸਾਨ ਤੋਂ ਵੀ ਜਾਣੂ ਹਨ।ਇਸ ਦੇ ਨਾਲ ਹੀ ਇਸਲਾਮਾਬਾਦ ਮਹਿਸੂਸ ਕਰ ਚੁੱਕਿਆ ਹੈ ਕਿ ਅਜਿਹੀਆਂ ਜੰਗਾਂ ਪਾਕਿਸਤਾਨ ਦੀ ਤਬਾਹੀ ਦਾ ਕਾਰਨ ਬਣੀਆਂ ਹਨ।ਲਿਹਾਜ਼ਾ ਉਨ੍ਹਾਂ ਨੇ ਇਸ ਪੂਰੀ ਸਾਜਿਸ਼ ‘ਚ ਕੁੱਝ ਤਬਦੀਲੀ ਕਰਦਿਆਂ ਜੰਗਾਂ ਦਾ ਇੱਕ ਸਿਲਸਿਲਾ ਸ਼ੁਰੂ ਕਰ ਦਿੱਤਾ।ਇਸ ਰਣਨੀਤੀ ਦਾ ਬੁਨਿਆਦੀ ਅਤੇ ਪ੍ਰਮੁੱਖ ਅਧਾਰ ਇਹ ਹੈ ਕਿ ਘੁਸਪੈਠ ਨੂੰ ਉਤਸ਼ਾਹਿਤ ਕਰਕੇ ਦਹਿਸ਼ਤਗਰਦੀ ਨੂੰ ਵਧਾਇਆ ਜਾ ਸਕੇ।ਕਸ਼ਮੀਰ ‘ਚ ਉਨ੍ਹਾਂ ਵੱਲੋਂ ਇਹ ਖੇਡ ਸਾਲਾਂ ਤੋਂ ਨਹੀਂ ਬਲਕਿ ਕਈ ਦਹਾਕਿਆਂ ਤੋਂ ਜਾਰੀ ਹੈ।ਪਾਕਿਸਤਾਨ ਦੀ ਇਸ ਨਾਪਾਕ ਨੀਤੀ ਨੇ ਸਿਰਫ ਕਸ਼ਮੀਰ ਨੂੰ ਹੀ ਨਹੀਂ ਬਲਕਿ ਭਾਰਤ ਦੇ ਦੂਜੇ ਹਿੱਸਿਆਂ ‘ਚ ਵੀ ਤਬਾਹੀ ਮਚਾਈ ਹੈ।ਪਾਕਿਸਤਾਨ ਨੇ ਆਪਣੀ ਵਿਦੇਸ਼ ਨੀਤੀ ਤਹਿਤ ਅੱਤਵਾਦ ਨੂੰ ਆਪਣਾ ਸਭ ਤੋਂ ਮਹੱਤਵਪੂਰਣ ਸਾਧਨ ਬਣਾਇਆ ਹੈ। ਲਿਹਾਜ਼ਾ ਜਦੋਂ ਹਾਲ ‘ਚ ਹੀ ਭਾਰਤ ਨੇ ਜੰਮੂ-ਕਸ਼ਮੀਰ ਦੇ ਰੁਤਬੇ ਸਬੰਧੀ ਕੁੱਝ ਪ੍ਰਬੰਧਕੀ ਅਤੇ ਕਾਨੂੰਨੀ ਤਬਦੀਲੀ ਕੀਤੀ ਤਾਂ ਪਾਕਿਸਤਾਨੀ ਹਕੂਮਰਾਨ ਬੌਖਲਾ ਗਏ ਅਤੇ ਇਸ ਸਥਿਤੀ ‘ਚ ਉਨ੍ਹਾਂ ਨੇ ਅਜੀਬੋ-ਗਰੀਬ ਬਿਆਨ ਦੇਣੇ ਸ਼ੁਰੂ ਕਰ ਦਿੱਤੇ।ਭਾਰਤ ਸਰਕਾਰ ਨੇ ਧਾਰਾ 370 ਨੂੰ ਮਨਸੂਖ ਕਰਕੇ ਫੌਰੀ ਤੌਰ ‘ਤੇ ਜੰਮੂ-ਕਸ਼ਮੀਰ ਨੂੰ ਦੋ ਕੇਂਦਰ ਸਾਸ਼ਿਤ ਪ੍ਰਦੇਸ਼ਾਂ ‘ਚ ਤਕਸੀਮ ਕਰ ਦਿੱਤਾ। ਇਹ ਪੂਰੀ ਤਰ੍ਹਾਂ ਨਾਲ ਭਾਰਤ ਦਾ ਅੰਦਰੂਨੀ ਮਾਮਲਾ ਹੈ।ਪਰ ਪਾਕਿਸਤਾਨ ਨੇ ਇਸ ਮਸਲੇ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਚੁੱਕਣ ਲਈ ਸਫ਼ਾਰਤੀ ਕੋਸ਼ਿਸ਼ਾਂ ਕੀਤੀਆਂ , ਜਿਸ ‘ਚ ਉਸ ਨੂੰ ਨਾਕਾਮੀ ਹੀ ਹੱਥ ਲੱਗੀ।ਪਾਕਿਸਤਾਨ ਨੂੰ ਆਪਣੀ ਇਸ ਅਸਫਲਤਾ ਤੋਂ ਮਹਿਸੂਸ ਹੋ ਗਿਆ ਕਿ ਇਹ ਸਿਰਫ ਉਸ ਦਾ ਇੱਕ ਪਾਗਲਪਣ ਹੈ।
17 ਸਤੰਬਰ ਤੋਂ ਸੰਯੁਕਤ ਰਾਸ਼ਟਰ ਦਾ 73ਵਾਂ ਇਜਲਾਸ ਸ਼ੁਰੂ ਹੋਣ ਵਾਲਾ ਹੈ ਅਤੇ ਪਾਕਿਸਤਾਨ ਪੂਰੀ ਸ਼ਿੱਦਤ ਨਾਲ ਕਸ਼ਮੀਰ ਮੁੱਦੇ ਨੂੰ ਬੈਨੁਲ ਅਕਵਾਮੀ ਰੰਗ ਦੇ ਯਤਨ ਕਰੇਗਾ।ਉਸ ਨੂੰ ਇਹ ਵੀ ਪਤਾ ਹੈ ਕਿ ਹੁਣ ਤੱਕ ਜੋ ਉਸ ਵੱਲੋਂ ਨਾਕਾਮ ਸਫ਼ਾਰਤੀ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ , ਅਗਾਂਹ ਵੀ ਉਸ ਦੇ ਯਤਨਾਂ ਦਾ ਇਹ ਹੀ ਹਸ਼ਰ ਹੋਣਾ ਹੈ।ਪਾਕਿਸਤਾਨ ਇਹ ਵੀ ਕੋਸ਼ਿਸ਼ ਕਰ ਚੁੱਕਾ ਹੈ ਕਿ ਅਮਰੀਕਾ ਵਿਚੋਲਗੀ ਲਈ ਅੱਗੇ ਵਧੇ ਅਤੇ ਅਮਰੀਕਾ ਭਾਰਤ ਨੂੰ ਇਸ ਮਸਲੇ ‘ਚ ਵਿਚੋਲਗੀ ਲਈ ਮਨਾ ਲਵੇ।ਪਰ ਭਾਰਤ ਦੇ ਰਵੱਈਏ ‘ਚ ਬਿਲਕੁੱਲ ਵੀ ਤਬਦੀਲੀ ਨਹੀਂ ਹੋਈ ਹੈ।
ਜਨਾਬ ਇਮਰਾਨ ਖ਼ਾਨ ਦਾ ਹਿੰਦ-ਪਾਕਿ ਯੁੱਧ ਸਬੰਧੀ ਬਿਨ੍ਹਾਂ ਸਿਰ ਪੈਰ ਦੇ ਬਿਆਨ ਨੇ ਪਾਕਿਸਤਾਨ ਦੀ ਅਸਫਲਤਾ ਅਤੇ ਨਿਰਾਸ਼ਾ ਨੂੰ ਉਜਾਗਰ ਕੀਤਾ ਹੈ।ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਅਲ-ਜਜ਼ੀਰਾ ਨੂੰ ਦਿੱਤੇ ਆਪਣੇ ਇੱਕ ਇੰਟਵਿਊ ‘ਚ ਕਿਹਾ ਕਿ ਭਾਰਤ ਵੱਲੋਂ ਕਸ਼ਮੀਰ ‘ਚ ਧਾਰਾ 370 ਹਟਾਉਣ ਤੋਂ ਬਾਅਦ ਉਸ ਨਾਲ ਗੱਲਬਾਤ ਦਾ ਸਵਾਲ ਹੀ ਪੈਦਾ ਨਹੀਂ ਹੋਵੇਗਾ।ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਭਾਰਤ-ਪਾਕਿਸਤਾਨ ਵਿਚਾਲੇ ਰਵਾਇਤੀ ਜੰਗ ਦੀ ਸੰਭਾਵਨਾ ਮੌਜੂਦ ਹੈ।ਉਨ੍ਹਾਂ ਅੱਗੇ ਕਿਹਾ ਕਿ ਰਵਾਇਤੀ ਜੰਗ ਬਾਅਦ ‘ਚ ਪ੍ਰਮਾਣੂ ਜੰਗ ਦਾ ਰੂਪ ਵੀ ਅਖ਼ਤਿਆਰ ਕਰ ਸਕਦੀ ਹੈ।ਉਨ੍ਹਾਂ ਅੱਗੇ ਕਿਹਾ ਕਿ ਖੁਦਾ ਨਾ ਖਾਸਤਾ ਜੇਕਰ ਇਸ ਰਵਾਇਤੀ ਜੰਗ ‘ਚ ਪਾਕਿਸਤਾਨ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਤਾਂ ਉਨ੍ਹਾਂ ਅੱਗੇ ਦੋ ਹੀ ਵਿਕਲਪ ਹੋਣਗੇ। ਇੱਕ ਤਾਂ ਆਤਮ ਸਮਰਪਣ ਅਤੇ ਦੂਜਾ ਆਪਣੀ ਆਜ਼ਾਦੀ ਲਈ ਅੰਤ ਤੱਕ ਮੈਦਾਨ ‘ਚ ਡਟੇ ਰਹਿਣਾ। ਇਸ ਲਈ ਪਾਕਿਸਤਾਨ ਆਖਰੀ ਸਾਹ ਤੱਕ ਆਪਣੀ ਆਜ਼ਾਦੀ ਲਈ ਲੜੇਗਾ ਅਤੇ ਇਸ ਲਈ ਪ੍ਰਮਾਣੂ ਜੰਗ ਤੋਂ ਵੀ ਨਾਂਹ ਨਹੀਂ ਕੀਤੀ ਜਾ ਸਕਦੀ। ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਪ੍ਰਮਾਣੁ ਜੰਗ ਦੇ ਨਤੀਜੇ ਬਹੁਤ ਭਿਆਨਕ ਹੁੰਦੇ ਹਨ।ਹੁਣ ਜੇਕਰ ਇਹ ਸਿੱਧੀ ਧਮਕੀ ਨਹੀਂ ਤਾਂ ਫਿਰ ਹੋਰ ਕੀ ਹੈ? ਇਸ ਦੇ ਨਾਲ ਹੀ ਉਹ ਇਹ ਵੀ ਕਹਿੰਦੇ ਹਨ ਕਿ ਪਾਕਿਸਤਾਨ ਜੰਗ ਦੀ ਸ਼ੁਰੂਆਤ ਨਹੀਂ ਕਰੇਗਾ।ਜੇਕਰ ਉਨ੍ਹਾਂ ਦੀ ਇਹ ਗੱਲ ਮੰਨ ਲਈ ਜਾਵੇ ਕਿ ਪਾਕਿਸਤਾਨ ਜੰਗ ਦੀ ਪਹਿਲ ਨਹੀਂ ਕਰੇਗਾ ਤਾਂ ਇੱਥੇ ਸਵਾਲ ਇਹ ਉੱਠਦਾ ਹੈ ਕਿ ਫਿਰ ਜੰਗ ਸ਼ੁਰੂ ਕੌਣ ਕਰੇਗਾ ?
ਭਾਰਤ ਨੇ ਤਾਂ ਨਾ ਹੀ ਰਿਵਾਇਤੀ ਜੰਗ ਦੀ ਕੋਈ ਗੱਲ ਕਹੀ ਹੈ ਅਤੇ ਨਾ ਹੀ ਪ੍ਰਮਾਣੂ ਜੰਗ ਬਾਰੇ ਕੁੱਝ ਕਿਹਾ ਹੈ।ਇਮਰਾਨ ਖ਼ਾਨ ਨੇ ਖੁਦ ਹੀ ਕਿਹਾ ਹੈ ਕਿ ਧਾਰਾ 370 ਨੂੰ ਰੱਦ ਕੀਤੇ ਜਾਣ ਤੋਂ ਬਾਅਧ ਭਾਰਤ ਨਾਲ ਕਿਸੇ ਤਰ੍ਹਾਂ ਦੀ ਗੱਲਬਾਤ ਨਹੀਂ ਹੋਵੇਗੀ।ਉਨ੍ਹਾਂ ਦੇ ਇਸ ਬਿਆਨ ਤੋਂ ਕੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹੁਣ ਭਾਰਤ ਨਾਲ ਯੁੱਧ ਤੋਂ ਸਿਵਾਏ ਹੋਰ ਕੋਈ ਬਦਲ ਮੌਜੂਦ ਨਹੀਂ ਹੈ।ਜੇਕਰ ਇਮਰਾਨ ਖ਼ਾਨ ਦੀ ਅਜਿਹੀ ਮਨਸਾ ਨਹੀਂ ਹੈ ਤਾਂ ਫਿਰ ਉਹ ਆਪ ਹੀ ਦੱਸਣ ਕਿ ਕਿਸ ਬੁਨਿਆਦ ‘ਤੇ ਉਹ ਜੰਗ ਦਾ ਜ਼ਿਕਰ ਕਰ ਰਹੇ ਹਨ।ਜਿੱਥੋ ਤੱਕ ਧਾਰਾ 370 ਦਾ ਸਵਾਲ ਹੈ , ਇਹ ਪੂਰੀ ਤਰ੍ਹਾਂ ਨਾਲ ਭਾਰਤ ਦਾ ਅੰਦਰੂਨੀ ਮਾਮਲਾ ਹੈ।ਇਸ ਸਬੰਧ ‘ਚ ਪਾਕਿਸਤਾਨ ਜਾਂ ਫਿਰ ਕਿਸੇ ਹੋਰ ਮੁਲਕ ਦੀ ਦਖਲਅੰਦਾਜ਼ੀ ਭਾਰਤ ਨੂੰ ਕਾਬਿਲੇ ਕਬੂਲ ਨਹੀਂ ਹੋਵੇਗੀ।ਹੁਣ ਪਾਕਿਸਤਾਨ ਇਸ ਗੱਲ ਨੂੰ ਜਿੰਨ੍ਹੀ ਜਲਦੀ ਸਮਝ ਲਵੇ ਉਨ੍ਹਾਂ ਹੀ ਬਿਹਤਰ ਹੋਵੇਗਾ।