ਭਾਰਤ-ਇਰਾਨ ਆਪਸੀ ਸਹਿਯੋਗ ਦੀਆਂ ਨਵੀਆਂ ਰਣਨੀਤੀਆਂ ਦੀ ਕਰ ਰਹੇ ਹਨ ਪੜਚੋਲ

ਭਾਰਤ ਅਤੇ ਇਰਾਨ ਦਰਮਿਆਨ ਵਿਦੇਸ਼ੀ ਦਫ਼ਤਰ ਸਲਾਹ ਮਸ਼ਵਰਾ ਦੇ 16ਵੇਂ ਗੇੜ ਦੀ ਬੈਠਕ ਇਸ ਹਫ਼ਤੇ ਤਹਿਰਾਨ ਵਿਖੇ ਆਯੋਜਿਤ ਹੋਈ।ਭਾਰਤ ਦੇ ਵਿਦੇਸ਼ ਸਕੱਤਰ ਵਿਜੇ ਗੋਖਲੇ ਦੀ ਅਗਵਾਈ ‘ਚ ਭਾਰਤੀ ਵਫ਼ਦ ਨੇ ਇਸ ਬੈਠਕ ‘ਚ ਸ਼ਿਰਕਤ ਕੀਤੀ ਜਦਕਿ ਇਰਾਨੀ ਪੱਖ ਦੇ ਪ੍ਰਤੀਨਿਧੀ ਮੰਡਲ ਦੀ ਅਗਵਾਈ ਉਪ ਵਿਦੇਸ਼ ਮੰਤਰੀ ਡਾ. ਸਯੇਦ ਅੱਬਾਸ ਅਰਾਗਚੀ ਨੇ ਕੀਤੀ।ਸ੍ਰੀ ਗੋਖਲੇ ਨੇ ਇਰਾਨ ਦੇ ਆਪਣੇ ਹਮਅਹੁਦਾ ਡਾ.ਜਾਵੇਦ ਜ਼ਰੀਫ ਅਤੇ ਇਰਾਨ ਦੇ ਪ੍ਰਮੁੱਖ ਆਗੂ ਆਯਤੁੱਲਾ ਖਾਮੇਨੀ ਦੇ ਸੀਨੀਅਰ ਸਲਾਹਕਾਰ ਡਾ.ਅਲੀ ਅਕਬਰ ਵੇਲਾਅਤੀ ਨਾਲ ਵੀ ਮੁਲਾਕਾਤ ਕੀਤੀ।

ਦੋਵਾਂ ਧਿਰਾਂ ਨੇ ਦੁਵੱਲੇ ਸਹਿਯੋਗ ਦੇ ਸਮੁੱਚੇ ਦਾਇਰੇ ਦੀ ਮੁੜ ਸਮੀਖਿਆ ਵੀ ਕੀਤੀ , ਜਿਸ ‘ਚ ਪਹਿਲਾਂ ਤੋਂ ਚੱਲ ਰਹੇ ਸੰਪਰਕ  ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਪ੍ਰਾਜੈਕਟਾਂ ਦਾ ਮੁਲਾਂਖਣ ਸ਼ਾਮਲ ਸੀ।ਇੰਨ੍ਹਾਂ ਪ੍ਰਾਜੈਕਟਾਂ ‘ਚ ਸ਼ਾਹਿਦ ਬੇਸ਼ਤੀ ਬੰਦਰਗਾਹ ਦਾ ਵਿਕਾਸ, ਚਾਬਹਾਰ ਅਤੇ ਭਾਰਤ,ਇਰਾਨ ਅਤੇ ਅਫ਼ਗਾਨਿਸਤਾਨ ਵਿਚਾਲੇ ਹੋਏ ਤਿਕੌਣੀ ਟਰਾਂਸਿਟ ਸਮਝੌਤੇ ਨੂੰ ਪੂਰੀ ਤਰ੍ਹਾਂ ਨਾਲ ਅਮਲ ‘ਚ ਲਿਆਉਣ ਸਬੰਧੀ ਕਾਰਜ ਸ਼ਾਮਲ ਸਨ।

ਇਸ ਤੋਂ ਇਲਾਵਾ ਖੇਤਰੀ ਮਸਲਿਆਂ ਨੂੰ ਵੀ ਵਿਚਾਰਿਆ ਗਿਆ।ਦੋਵਾਂ ਦੇਸ਼ਾਂ ਨੇ ਦੁਵੱਲੇ ਆਪਸੀ ਲਾਭਕਾਰੀ ਸਹਿਯੋਗ ਅਤੇ ਵਟਾਂਦਰੇ ਦੀ ਗਤੀ ਨੂੰ ਕਾਇਮ ਰੱਖਣ ਸਬੰਧੀ ਆਪੋ ਆਪਣੀ ਵਚਨਬੱਧਤਾ ਪ੍ਰਗਟ ਕੀਤੀ।ਇਹ ਵੀ ਤੈਅ ਕੀਤਾ ਗਿਆ ਕਿ  ਵਿਦੇਸ਼ ਮੰਤਰੀ ਦੇ ਪੱਧਰ ‘ਤੇ ਸਾਂਝੇ ਕਮਿਸ਼ਨ ਦੀ ਬੈਠਕ ਦਾ ਅਗਲਾ ਗੇੜ ਇਰਾਨ ‘ਚ ਹੋਵੇਗਾ।

ਵਾਸ਼ਿੰਗਟਨ ਵੱਲੋਂ ਛੇ ਮਹੀਨਿਆਂ ਦੀ ਰਿਆਇਤ ‘ਚ ਵਾਧਾ ਨਾ ਕੀਤੇ ਜਾਣ ਦੇ ਫ਼ੈਸਲੇ ਤੋਂ ਬਾਅਦ ਮਈ 2019 ਤੋਂ ਭਾਰਤ ਵੱਲੋਂ ਇਰਾਨ ਤੋਂ ਤੇਲ ਦੀ ਦਰਾਮਦ ‘ਤੇ ਰੋਕ ਲਗਾਉਣ ਦੇ ਫ਼ੈਸਲੇ ਦੇ ਪ੍ਰਸੰਗ ‘ਚ ਵਿਦੇਸ਼ ਦਫ਼ਤਰ ਸਲਾਹ ਮਸ਼ਵਰਾ ਵੱਲੋਂ ਇਸ ਸਥਿਤੀ ਦਾ ਵਿਸ਼ਲੇਸ਼ਣ ਕੀਤਾ ਗਿਆ।ਭਾਰਤ ‘ਚ ਇਰਾਨੀ ਦੂਤ ਅਲੀ ਚੇਗੇਨੀ ਨੇ ਕਿਹਾ ਕਿ ਜਦੋਂ ਕਿ ਚੀਨ , ਤੁਰਕੀ ਅਤੇ ਰੂਸ ਨੇ ਇਰਾਨ ਨਾਲ ਆਪਣੇ ਊਰਜਾ ਸਬੰਧਾਂ ਨੂੰ ਜਾਰੀ ਰੱਖਿਆ ਹੈ ਫਿਰ ਭਾਰਤ ਨੇ ਕੁੱਝ ਹੋਰ ਫ਼ੈਸਲੇ ‘ਤੇ ਮੋਹਰ ਕਿਉਂ ਲਗਾਈ।ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਭਾਰਤ ਨੇ ਭਾਵੇਂ ਅਸਥਾਈ ਤੌਰ ‘ਤੇ ਇਰਾਨ ਤੋਂ ਤੇਲ ਦੀ ਦਰਾਮਦ ‘ਤੇ ਰੋਕ ਲਗਾ ਦਿੱਤੀ ਹੈ ਪਰ ਨਵੀਂ ਦਿੱਲੀ ਅੱਜ ਵੀ ਹੋਰ ਕਈ ਖੇਤਰਾਂ ‘ਚ ਤਹਿਰਾਨ ਨਾਲ ਵਧੀਆ ਸਬੰਧਾਂ ਨੂੰ ਬਰਕਰਾਰ ਰੱਖ ਰਹੀ ਹੈ।ਅਸਲ ‘ਚ ਕਹਿ ਸਕਦੇ ਹਾਂ ਕਿ ਭਾਰਤ ਅਤੇ ਇਰਾਨ ਦੇ ਸਬੰਧ ਤੇਲ ਵਪਾਰ ਤੋਂ ਕਿਤੇ ਪਰੇ ਹਨ।

ਦੋਵੇਂ ਮੁਲਕ ਅਫ਼ਗਾਨਿਸਤਾਨ ਸਬੰਧੀ ਆਪਣੀ ਸ਼ਮੂਲੀਅਤ ਅਤੇ ਸਲਾਹ-ਮਸ਼ਵਰੇ ਨੂੰ ਜਾਰੀ ਰੱਖ ਰਹੇ ਹਨ।ਭਾਰਤ ਇਰਾਨ ਨਾਲ ਆਪਣੇ ਆਰਥਿਕ ਅਤੇ ਵਪਾਰਕ ਸਬੰਧਾਂ ਨੂੰ ਹੁਲਾਰਾ ਦੇਣ ਦਾ ਚਾਹਵਾਨ ਹੈ।ਹਾਲ ‘ਚ ਹੀ ਆਯੋਜਿਤ ਹੋਈ ਭਾਰਤ-ਰੂਸ ਸਿਖਰ ਸੰਮੇਲਨ ‘ਚ ਨਵੀਂ ਦਿੱਲੀ ਅਤੇ ਮਾਸਕੋ ਦੋਵਾਂ ਦੇਸ਼ਾਂ ਨੇ ਇਰਾਨ ਨਾਲ ਆਪਣੇ ਆਰਥਿਕ ਅਤੇ ਵਪਾਰਕ ਸਬੰਧਾਂ ਨੂੰ ਜਾਰੀ ਰੱਖਣ ਦੀ ਸਹਿਮਤੀ  ਜ਼ਾਹਰ ਕੀਤੀ ਸੀ।ਭਾਰਤ ਨੇ ਮਾਰਚ 2019 ‘ਚ ਹੋਈ ਅੰਤਰਰਾਸ਼ਟਰੀ ਉੱਤਰ-ਦੱਖਣੀ ਟਰਾਂਸਿਟ ਗਲਿਆਰੇ ਦੀ ਤਾਲਮੇਲ ਕੌਂਸਲ ਦੀ 7ਵੀਂ ਬੈਠਕ ਦੌਰਾਨ ਸਹਿਯੋਗ ਨੂੰ ਅੱਗੇ ਵਧਾਉਣ ਦੀ ਵਚਨਬੱਧਤਾ ਪ੍ਰਗਟ ਕੀਤੀ।

ਇਸ ਸਾਲ ਮਈ ਮਹੀਨੇ ਤੋਂ ਅਮਰੀਕਾ ਅਤੇ ਇਰਾਨ ਵਿਚਾਲੇ ਵੱਧ ਰਹੇ ਤਣਾਅ ਨੇ ਭਾਰਤ ਅਤੇ ਇਰਾਨ ਨੂੰ ਮੁੜ ਨਵੀਂਆਂ ਚੁਣੌਤੀਆਂ ਦੇ ਢੇਰ ਅੱਗੇ ਖੜ੍ਹਾ ਕਰ ਦਿੱਤਾ ਹੈ।ਇਸ ਸਮੇਂ ਭਾਰਤ ਇਰਾਨ ਨਾਲ ਵਧੀਆ ਊਰਜਾ ਸਬੰਧਾਂ ਨੂੰ ਕਾਇਮ ਕਰਨ ਦੇ ਨਵੇਂ ਤਰੀਕਿਆਂ ਦੀ ਭਾਲ ਕਰ ਰਿਹਾ ਹੈ।ਸਾਲ 2006 ਤੱਕ ਇਰਾਨ ਭਾਰਤ ਲਈ ਕੱਚੇ ਤੇਲ ਦੀ ਸਪਲਾਈ ਕਰਨ ਵਾਲਾ ਦੂਜਾ ਸਭ ਤੋਂ ਵੱਡਾ ਸਪਲਾਇਰ ਰਿਹਾ ਹੈ।ਪਰ 2013-14 ਤੱਕ ਆਉਂਦੇ ਆਉਂਦੇ ਇਸ ਦਾ ਸਥਾਨ ਸੱਤਵਾਂ ਹੋ ਗਿਆ।ਹਾਲਾਂੀਕ ਭਾਰਤ ਇਰਾਨ ਤੋਂ ਕੱਚੇ ਤੇਲ ਦੀ ਦਰਾਮਦ ਕਰਨ ਵਾਲਾ ਦੂਜਾ ਸਭ ਤੋਂ ਵੱਡਾ ਖ੍ਰੀਦਦਾਰ ਬਣਿਆ ਰਿਹਾ।ਧਿਆਨ ਦੇਣ ਵਾਲੀ ਗੱਲ ਹੈ ਕਿ ਇਰਾਨ ਨੂੰ ਊਰਜਾ ਦੇ ਸਥਿਰ ਸਪਲਾਇਰ ਵੱਜੋਂ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

ਇਸ ਦੇ ਨਾਲ ਹੀ ਖਾਸ ਗੱਲ ਇਹ ਹੈ ਕਿ ਯੁਰੇਸ਼ੀਆ ਦੇ ਪ੍ਰਵੇਸ਼ ਦੁਆਰ ਵੱਜੋਂ ਇਰਾਨ ਦੀ ਖੇਤਰੀ ਮਹੱਤਤਾ, ਪੱਛਮੀ ਏਸ਼ੀਆ ਅਤੇ ਅਫ਼ਗਾਨਿਸਤਾਨ ‘ਚ ਇਸ ਦੀ ਵੱਧ ਰਹੀ ਭੂਮਿਕਾ ਦੇ ਕਾਰਨ ਹੀ ਨਵੀਂ ਦਿੱਲੀ ਨੂੰ ਇਰਾਨ ਨਾਲ ਆਪਣੇ ਸਬੰਧਾਂ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ।

ਭਾਰਤ ਨੂੰ ਆਪਣੇ ਸੰਪਰਕ ਪ੍ਰਾਜੈਕਟਾਂ- ਆਈ.ਐਨ.ਐਸ.ਟੀ.ਸੀ. ਅਤੇ ਚਾਬਹਾਰ ਲਈ ਅਤੇ ਅਫ਼ਗਾਨਿਸਤਾਨ ‘ਚ ਸਮਰਥਨ ਤੇ ਸ਼ਮੂਲੀਅਤ ਦੋਵਾਂ ਲਈ ਇਰਾਨ ਦੇ ਸਾਥ ਦੀ ਬਹੁਤ ਜ਼ਰੂਰਤ ਹੈ।ਇਸ ਤੋਂ ਇਲਾਵਾ ਚੀਨ , ਰੂਸ, ਮੱਧ ਏਸ਼ੀਆਈ ਗਣਤੰਤਰ ਮੁਲਕਾਂ ਅਤੇ ਹੋਰ ਖੇਤਰੀ ਧਿਰਾਂ ਨਾਲ ਸੰਤੁਲਿਤ ਸਬੰਧ ਕਾਇਮ ਰੱਖਣ ਲਈ ਵੀ ਇਰਾਨ ਦੀ ਹਿਮਾਇਤ ਦੀ ਲੋੜ ਹੈ।ਭੂ-ਰਾਜਨੀਤਕ ਤੌਰ ‘ਤੇ ਇਰਾਨ-ਚੀਨ-ਰੂਸ; ਇਰਾਨ-ਅਫ਼ਗਾਨਿਸਤਾਨ-ਪਾਕਿਸਤਾਨ-ਚੀਨ ਅਤੇ ਰੂਸ ਵਰਗੇ ਖੇਤਰੀ ਧਿਰਾਂ ਨਾਲ ਭਾਰਤ ਦੇ ਰੁਝੇਵੇਂ ਸਮੇਂ ਦੀ ਮੰਗ ਹਨ।

ਮਈ 2016 ‘ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਰਾਨ ਦਾ ਦੌਰਾ ਕੀਤਾ ਗਿਆ ਸੀ, ਜਿਸ ਨਾਲ ਕਿ ਦੋਵਾਂ ਦੇਸ਼ਾਂ ਦਰਮਿਆਨ ਨਵੇਂ ਸਹਿਯੋਗ ਦੇ ਅਧਿਆਇ ਨੇ ਜਨਮ ਲਿਆ।ਇਸ ਬੈਠਕ ਦੌਰਾਨ ਦੋਵਾਂ ਮੁਲਕਾਂ ਦੀ ਲੀਡਰਸ਼ਿਪ ਨੇ ਬੁਨਿਆਦੀ ਢਾਂਚੇ ਦੇ ਵਿਕਾਸ, ਵਪਾਰ, ਆਰਥਿਕ ਅਤੇ ਊਰਜਾ ਸਹਿਯੋਗ ‘ਤੇ ਧਿਆਨ ਕੇਂਦਰਿਤ ਕਰਦਿਆਂ ਵਿਆਪਕ ਰਣਨੀਤਕ ਆਰਥਿਕ ਸਹਿਯੋਗ ਨੂੰ ਵਧਾਵਾ ਦੇਣ ਦੀ ਸਹਿਮਤੀ ਪ੍ਰਗਟ ਕੀਤੀ ਸੀ।ਇਸ ਤੋਂ ਬਾਅਦ ਫਰਵਰੀ 2018 ‘ਚ ਇਰਾਨੀ ਰਾਸ਼ਟਰਪਤੀ ਹਸਨ ਰੂਹਾਨੀ ਵੱਲੋਂ ਭਾਰਤ ਦਾ ਤਿੰਨ ਦਿਨਾਂ ਦੌਰਾ ਕੀਤਾ ਗਿਆ ਅਤੇ ਇਸ ਸਾਲ ਜਨਵਰੀ ਮਹੀਨੇ ਇਰਾਨੀ ਵਿਦੇਸ਼ ਮੰਤਰੀ ਮੁਹੰਮਦ ਜਾਵੇਦ ਜ਼ਰੀਫ ਨੇ ਵੀ ਭਾਰਤ ਦਾ ਦੌਰਾ ਕੀਤਾ। ਇਮਨ੍ਹਾਂ ਉੱਚ ਪੱਧਰੀ ਦੌਰਿਆਂ ਨੇ ਦੋਵਾਂ ਮੁਲਕਾਂ ਵਿਚਾਲੇ ਚੱਲ ਰਹੀ ਗੱਲਬਾਤ ਨੂੰ ਹੋਰ ਅੱਗੇ ਤੋਰਿਆ।

ਵਿਦੇਸ਼ ਸਕੱਤਰ ਦੀ ਅਗਵਾਈ ਵਾਲੇ ਸਲਾਹ-ਮਸ਼ਵਰਾ ‘ਚ ਕੂਟਨੀਤਕ ਸਰਗਰਮੀ ਦਾ ਪ੍ਰਤੱਖ ਪ੍ਰਗਟਾਵਾ ਹੋਇਆ।ਜਿਸ ਤੋਂ ਭਾਰਤੀ ਵਿਦੇਸ਼ ਮੰਤਰੀ ਦੀ ਤਹਿਰਾਨ ਫੇਰੀ ਦੀ ਸੰਭਾਵਨਾ ਝੱਲਕਦੀ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਮੋਦੀ ਸਰਕਾਰ ਇਰਾਨ ਨਾਲ ਨਵੇਂ ਰਣਨੀਤਕ ਸਬੰਧਾਂ ਨੂੰ ਉਤਸ਼ਾਹਿਤ ਕਰਨਾ ਚਾਹੁੰਦਾ ਹੈ।ਟਰੰਪ ਪ੍ਰਸ਼ਾਸਨ ਵੱਲੋਂ ਪੁਰਜ਼ੋਰ ਲਗਾਇਆ ਜਾ ਰਿਹਾ ਹੈ ਕਿ ਇਰਾਨ ਦਾ ਪੂਰੀ ਤਰ੍ਹਾਂ ਨਾਲ ਬਾਇਕਾਟ ਕਰ ਦਿੱਤਾ ਜਾਵੇ ਪਰ ਭਾਰਤ ਇਰਾਨ ਨਾਲ ਆਪਣੇ ਸਬੰਧਾਂ ਨੂੰ ਖਰਾਬ ਨਹੀਂ ਕਰਨਾ ਚਾਹੁੰਦਾ ਹੈ।

ਸਕ੍ਰਿਪਟ: ਡਾ. ਮੀਨਾ ਸਿੰਘ ਰਾਏ-  ਰੂਸ, ਸੀ.ਆਈ.ਐਸ. ਅਤੇ ਪੱਛਮੀ ਏਸ਼ੀਆਈ ਰਣਨੀਤਕ ਮਾਮਲਿਆਂ ਦੇ ਵਿਸ਼ਲੇਸ਼ਕ