ਐਫ.ਏ.ਟੀ.ਐਫ. ਅਤੇ ਆਈ.ਐਮ.ਐਫ. ਦੀਆਂ ਸਖ਼ਤ ਸ਼ਰਤਾਂ ਤੋਂ ਬਚਣ ਲਈ ਪਾਕਿਸਤਾਨ ਨੇ ਅਮਰੀਕਾ ਵੱਲੋਂ ਮਦਦ ਮਿਲਣ ‘ਤੇ ਟਿਕਾਈਆਂ ਨਜ਼ਰਾਂ

ਪਾਕਿਸਤਾਨ ਦੀ ਨਾਪਾਕ ਸੋਚ ਅਤੇ ਗੁਆਂਢੀ ਮੁਲਕਾਂ ਨਾਲ ਇਸ ਦੇ ਅਜੀਬੋ-ਗਰੀਬ ਰੱਵੀਏ ਨੇ ਹਮੇਸ਼ਾਂ ਹੀ ਉਸ ਨੂੰ ਅਜਿਹੀ ਸਥਿਤੀ ‘ਚ ਲਿਆ ਖੜ੍ਹਾ ਕੀਤਾ ਜਿਸ ਨਾਲ ਕਿ ਆਲਮੀ ਭਾਈਚਾਰੇ ‘ਚ ਇਸ ਦੇ ਅਕਸ ਨੂੰ ਧੱਕਾ ਲੱਗਿਆ ਬਲਕਿ ਪਾਕਿਸਤਾਨ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ।ਪਰ ਇਸ ਤੋਂ ਵੀ ਵੱਡੀ ਹਾਸੋਹੀਣੀ ਗੱਲ ਇਹ ਹੈ ਕਿ ਵਾਰ-ਵਾਰ ਕੋਝੇ ਤਜ਼ਰਬਿਆਂ ਅਤੇ ਵਿਨਾਸ਼ਕਾਰੀ ਨਤੀਜਿਆਂ ਦੇ ਬਾਵਜੂਦ ਵੀ ਉੱਥੋਂ ਦੇ ਹੂਕਮਰਾਨ ਆਪਣੀਆਂ ਪਿਛਲੀਆਂ ਗਲਤੀਆਂ ਜਾਂ ਕਮੀਆਂ ਤੋਂ ਕਈ ਸਬਕ ਨਹੀਂ ਲੈਂਦੇ ਹਨ।ਦਰਅਸਲ ਇੱਥੇ ਸਿੱਧੇ ਜਾਂ ਅਸਿੱਧੇ ਤੌਰ ‘ਤੇ ਸੱਤਾ ਦੀ ਸ਼ਕਤੀ ਹਮੇਸ਼ਾਂ ਹੀ ਗ਼ੈਰ ਸਿਆਸੀ ਤਾਕਤਾਂ ਦੇ ਹੱਥ ਦੀ ਕਠਪੁਤਲੀ ਬਣ ਕੇ ਰਹੀ।ਇਸ ਦੇ ਨਾਲ ਹੀ ਜ਼ਿੰਮੇਵਾਰੀ ਅਤੇ ਸੂਝ ਨਾਲ ਕੰਮ ਕਰਨ ਵਾਲੇ ਸਿਆਸਤਦਾਨਾਂ ਨੂੰ ਅੱਗੇ ਆਉਣ ਦਾ ਮੌਕਾ ਹੀ ਨਹੀਂ ਦਿੱਤਾ ਗਿਆ। ਜਿਸ ਕਿਸੇ ਨੇ ਵੀ ਸਰਕਾਰ ਦੀ ਬਿਹਤਰੀ ਲਈ ਕੁੱਝ ਕਰਨ ਦੀ ਹਿਮਾਕਤ ਕੀਤੀ ਤਾਂ ਉਸ ਨੂੰ ਰਸਤੇ ‘ਚੋਂ ਹਟਾਉਣ ਦੇ ਯਤਨ ਕੀਤੇ ਗਏ।ਆਵਾਮ ਵੱਲੋਂ ਚੁਣੇ ਨੁਮਾਇੰਦਿਆਂ ਨੂੰ ਗ਼ੈਰ ਸਰਕਾਰੀ ਤਾਕਤਾਂ ਵੱਲੋਂ ਕਦੇ ਨਜ਼ਰਬੰਦ ਕੀਤਾ ਗਿਆ ਅਤੇ ਕਦੇ ਜਲਾਵਤਨੀ ਦੇ ਹੁਕਮ ਦਿੱਤੇ ਗਏ।ਕਈਆਂ ਨੂੰ ਤਾਂ ਹਮੇਸ਼ਾਂ ਲਈ ਹੀ ਜੇਲ੍ਹ ‘ਚ ਪਾ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਆਪਣੀ ਕਿਸਮਤ ਅਜ਼ਮਾਉਣ ਲਈ ਮਜ਼ਬੂਰ ਕੀਤਾ ਗਿਆ।ਗ਼ੈਰ ਸਿਆਸੀ ਤਾਕਤਾਂ ਨੂੰ ਸਿਆਸੀ ਆਗੂਆਂ ਦੀ ਲੋੜ ਉਸ ਸਮੇਂ ਪੈਨਦੀ ਹੈ ਜਦੋਂ ਕੋਈ ਵੀ ਗੱਲ ਖਰਾਬ ਹੋਣ ਲੱਗਦੀ ਹੈ ਅਤੇ ਬੇਨੁਲ ਅਕਵਾਮੀ ਪੱਧਰ ‘ਤੇ ਵਿਗੜਦੀ ਸਥਿਤੀ ਨੂੰ ਲੀਹੇ ਲਿਆਉਣ ਲਈ ਇੱਕ ਸਿਆਸੀ ਚੇਹਰੇ ਦੀ ਲੋੜ ਹੁੰਦੀ ਹੈ।ਇਸ ਦ੍ਰਿਸ਼ਟੀਕੋਣ ਨਾਲ ਜੇਕਰ ਪਾਕਿਸਤਾਨ ਦੀ ਮੌਜੂਦਾ ਸਥਿਤੀ ਵੱਲ ਵੇਖਿਆ ਜਾਵੇ ਤਾਂ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਗ਼ੈਰ ਸਿਆਸੀ ਤਾਕਤਾਂ ਲਈ ਇੱਕ ਕਰਾਮਾਤੀ ਸ਼ੈਅ ਬਣੇ ਹੋਏ ਹਨ।ਵੈਸੇ ਵੀ ਉਹ ਫੌਜ ਦੀ ਪਹਿਲੀ ਪਸੰਦ ਸਨ।ਬੀਤੇ ਸਾਲ ਜਦੋਂ ਆਮ ਚੋਣਾਂ ਹੋਈਆਂ ਸਨ ਤਾਂ ਨਵਾਜ਼ ਸਰੀਫ ਅਤੇੁ ਉਨ੍ਹਾਂ ਦੀ ਪਾਰਟੀ ਨੂੰ ਸੱਤਾ ਤੋਂ ਦੂਰ ਰੱਖਣ ਲਈ ਫੋਜ ਅਤੇ ਏਜੰਸੀਆਂ ਨੇ ਇਮਰਾਨ ਖਾਨ ਦੀ ਪਾਰਟੀ ਨੂੰ ਸੱਤਾ ‘ਚ ਲਿਆਸੁਣ ਲਈ ਅਹਿਮ ਭੂਮਿਕਾ ਨਿਭਾਈ ਸੀ।
ਕਸ਼ਮੀਰ ਦੇ ਸਬੰਧ ‘ਚ ਭਾਰਤੀ ਹਕੂਮਤ ਨੇ ਹਾਲ ‘ਚ ਹੀ ਜੋ ਕਦਮ ਚੁੱਕੇ ਹਨ ਉਸ ਦੀ ਬੁਨਿਆਦ ‘ਤੇ ਹੀ ਪਾਕਿ ਫੌਜ ਨੇ ਭਾਰਤ ਖਿਲਾਫ ਆਪਣਾ ਗੁੱਸਾ ਕੱਢਣ ਲਈ ਇਮਰਾਨ ਹਕੂਮਤ ਨੂੰ ਇਸਤੇਮਾਲ ਕਰਨ ਦੀ ਭਰਪੂਰ ਕੋਸ਼ਿਸ ਕੀਤੀ ਹੈ।ਪਾਕਿ ਹਕੂਮਤ ਨੇ ਭਾਰਤ ਖਿਲਾਫ ਜੋ ਸਫਾਰਤੀ ਮੁਹਿੰਮ ਪੂਰੀ ਸ਼ਿੱਦਤ ਨਾਲ ਸ਼ੁਰੂ ਕੀਤੀ ਉਸ ਦਾ ਮੂਲ ਉਦੇਸ਼ ਇਹ ਸੀ ਕਿ ਆਲਮੀ ਭਾਈਚਾਰੇ ਦਾ ਪਾਕਿਸਤਾਨ ਵੱਲੋਂ ਅੱਤਵਾਦ ਨੂੰ ਦਿੱਤੀ ਜਾ ਰਹੀ ਸ਼ੈਅ ਤੋਂ ਧਿਆਨ ਹੱਟ ਜਾਵੇ ਅਤੇ ਹਰ ਕਿਸੇ ਦਾ ਧਿਆਨ ਕਸ਼ਮੀਰ ‘ਤੇ ਕੇਂਦਰਿਤ ਹੋ ਜਾਵੇ।ਦੱਸਣਯੋਗ ਹੈ ਕਿ ਕਸ਼ਮੀਰ ਭਾਰਤ ਦਾ ਅੰਦਰੂਨੀ ਮਾਮਲਾ ਹੈ।ਪਾਕਿ ਦੀਆਂ ਸਾਰੀਆਂ ਸਫਾਰਤੀ ਕੋਸ਼ਿਸ਼ਾ ਨਾਕਾਮ ਰਹੀਆਂ ਅਤੇ ਭਵਿੱਖ ਅਜਿਹਾ ਕੁੱਝ ਹੋ ਵੀ ਨਹੀਂ ਸਕਦਾ ਹੈ।ਇੱਥੇ ਦੱਸਣਾ ਬਣਦਾ ਹੈ ਕਿ ਭਾਰਤ ਦੇ ਅਕਸ ਨੂੰ ਕੌਮਾਂਤਰੀ ਪੱਧਰ ‘ਤੇ ਢਾਹ ਲਗਾਉਣ ਬਾਰੇ ਸੋਚਣ ਦੀ ਸਾਜਿਸ਼ ਘੜ੍ਹਣ ਵਾਲੇ ਪਾਕਿਸਤਾਨ ਦੀ ਆਪਣੀ ਹੀ ਸਥਿਤੀ ਰਹਿਮ ਵਾਲੀ ਹੋ ਗਈ ਹੈ।ਬਹੁ-ਰਾਸ਼ਟਰੀ ਨਿਗਰਾਨ ਏਜੰਸੀ ਐਫ.ਏ.ਟੀ.ਐਫ. ਜੋ ਕਿ ਅੱਤਵਾਦ ਨੂੰ ਵਿੱਤੀ ਮਦਦ ਅਤੇ ਮਨੀ ਲਾਂਡਰਿੰਗ ਵਰਗੇ ਮਸਲਿਆਂ ਖਿਲਾਫ ਕੰਮ ਕਰਦਾ ਹੈ, ਨੇ ਕਿਹਾ ਹੈ ਕਿ ਜੇਕਰ ਪਾਕਿਸਤਾਨ ਨੇ ਦਹਿਸ਼ਤਗਰਦੀ ਖਿਲਾਫ਼ ਨਿਰਣਾਇਕ ਕਾਰਵਾਈ ਨਾ ਕੀਤੀ ਤਾਂ ਉਸ ਨੂੰ ਕਾਲੀ ਸੂਚੀ ‘ਚ ਨਾਮਜ਼ਦ ਕਰ ਦਿੱਤਾ ਜਾਵੇਗਾ।ਪਾਕਿਸਤਾਨ ਜਿਸ ਸਮੇਂ ਕਸ਼ਮੀਰ ਮੁੱਦੇ ‘ਤੇ ਭਾਰਤ ਵਿਰੁੱਧ ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਸਫਾਰਤੀ ਕਿਵਾਇਦ ‘ਚ ਰੁਝਿਆ ਹੋਇਆ ਸੀ ਉਸ ਸਮੇਂ ਹੀ ਐਫ.ਏ.ਟੀ.ਐਫ ਦੇ ਏਸ਼ੀਆ-ਪ੍ਰਸ਼ਾਂਤ ਸਮੂਹ ਨੇ ਪਾਕਿਸਤਾਨ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ ਅਤੇ ਬਹੁਤ ਸਖਤ ਸ਼ਬਦਾਂ ‘ਚ ਕਿਹਾ ਕਿ ਪਾਕਿਸਤਾਨ ਦਾ ਰਿਕਾਰਡ ਬਹੁਤ ਖਰਾਬ ਹੈ, ਜਿਸ ਤੋਂ ਭਾਵ ਹੈ ਕਿ ਉਸ ਨੂੰ ਕਾਲੀ ਸੂਚੀ ‘ਚ ਪਾਉਣ ਦੀਆਂ ਪੂਰੀਆਂ ਸੰਭਾਵਨਾਵਾਂ ਮੌਜੂਦ ਹਨ।ਅਕਤੂਬਰ ਮਹੀਨੇ ਫਰਾਂਸ ‘ਚ ਹੋਣ ਵਾਲੀ ਐਫ.ਏ.ਟੀ.ਐਫ ਦੀ ਬੈਠਕ ਦੌਰਾਨ ਇਸ ਸਬੰਧੀ ਫ਼ੈਸਲਾ ਲਿਆ ਜਾਣਾ ਹੈ।
ਦੂਜੇ ਪਾਸੇ ਆਈ.ਐਮ.ਐਫ ਦੀਆਂ ਸਖਤ ਸ਼ਰਤਾਂ ਵੀ ਪਾਸਿਕਤਾਨ ਲਈ ਘੱਟ ਪ੍ਰੇਸ਼ਾਨੀ ਦਾ ਕਾਰਨ ਨਹੀਂ ਹਨ।ਪਾਕਿਸਤਾਨ ਦੀ ਆਰਥਿਕ ਸਥਿਤੀ ਬਹੁਤ ਖਰਾਬ ਹੈ।ਬੇਨੁਲ ਅਕਵਾਮੀ ਮੁਦਰਾ ਫੰਡ ਨੇ 6 ਮਿਲੀਅਨ ਡਾਲਰ ਦੇ ਕਰਜ ਦੀ ਮੰਨਜੂਰੀ ਦਿੱਤੀ ਸੀ ਅਤੇ ਸ਼ਰਤਾਂ ਵੀ ਬਹੁਤ ਸਖਤ ਰੱਖੀਆਂ ਸਨ।ਇਤਫਾਕ ਨਾਲ ਅਕਤੂਬਰ ਮਹੀਨੇ ਹੀ ਆਈ.ਐਮ.ਐਫ. ਵੀ ਪਾਕਿਸਤਾਨ ਦੀ ਪਹਿਲੀ ਤਿਮਾਹੀ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲਵੇਗਾ।ਇਸ ਲਈ ਅਕਤੂਬਰ ਮਹੀਨੇ ਪਾਕਿਸਤਾਨ ਨੂੰ ਐਫ.ਏ.ਟੀ.ਐਫ ਅਤੇ ਆਈ.ਐਮ.ਐਫ. ਦੋਵਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪਵੇਗਾ।
ਇਮਰਾਨ ਖਾਨ ਸਮੇਤ ਉਨ੍ਹਾਂ ਦੀ ਹਕੂਮਤ ਦੇ ਦੂਜੇ ਆਗੂ ਵੀ ਖਾਸੇ ਪ੍ਰੇਸ਼ਾਨ ਹਨ।ਪਾਕਿ ਹਕੂਮਤ ਦੇ ਸੂਤਰਾਂ ਦੇ ਹਵਾਲੇ ਨਾਲ ਪਤਾ ਲੱਗਿਆ ਹੈ ਕਿ ਇਮਰਾਨ ਖਾਨ ਸੰਯੁਕਤ ਰਾਸ਼ਟਰ ਮਹਾ ਸਭਾ ਦੀ ਬੈਠਕ ‘ਚ ਸ਼ਾਮਲ ਹੋਣ ਲਈ ਅਮਰੀਕਾ ਜਾਣ ਵਾਲੇ ਹਨ ਅਤੇ ਉੱਥੇ ਉਹ ਟਰੰਪ ਪ੍ਰਸ਼ਾਸਨ ਨੂੰ ਗੁਜ਼ਾਰਿਸ਼ ਕਰਨਗੇ ਉਹ ਪਾਕਿਸਤਾਨ ਨੂੰ ਐਫ.ਏ.ਟੀ.ਐਫ ਅਤੇ ਆਈ.ਐਮ.ਐਫ. ਦੀਆਂ ਸਖਤ ਸ਼ਰਤਾਂ ਤੋਂ ਮਹਿਫੌਜ਼ ਰੱਖਣ ਦੀ ਕੋਸ਼ਿਸ ਕਰਨ।ਸੂਤਰਾਂ ਅਨੁਸਾਰ ਜਨਾਬ ਖਾਨ ਰਾਸ਼ਟਰਪਤੀ ਟਰੰਪ ਨੂੰ ਇਸ ਗੱਲ ਦੀ ਵੀ ਬੇਨਤੀ ਕਰਨਗੇ ਕਿ ਉਹ ਆਪਣੇ ਸਬੰਧਾਂ ਦੇ ਅਧਾਰ ‘ਤੇ ਐਫ.ਏ.ਟੀ.ਐਫ ਅਤੇ ਆਈ.ਐਮ.ਐਫ. ਨੂੰ  ਪਾਕਿਸਤਾਨ ਖਿਲਾਫ ਸਖਤ ਕਾਰਵਾਈ ਨਾ ਕਰਨ ਦੀ ਸਲਾਹ ਦੇਣ।ਇਸ ਤੋਂ ਇਲਾਵਾ ਉਹ ਇਹ ਵੀ ਦੱਸਣਗੇ ਕਿ ਅਫ਼ਗਾਨਿਸਤਾਨ ‘ਚੋਂ ਅਮਰੀਕੀ ਫੌਜਾਂ ਦੇ ਵਾਪਸ ਆਉਣ ‘ਚ ਪਾਕਿਸਤਾਨ ਉਨ੍ਹਾਂ ਦੀ ਮਦਦ ਕਰੇਗਾ।ਇਹ ਵੀ ਸੁਣਨ ‘ਚ ਆਇਆ ਹੈ ਕਿ ਐਫ.ਏ.ਟੀ.ਐਫ. ਦੇ ਜਬਰ ਤੋਂ ਬਚਣ ਲਈ ਪਾਕਿਸਤਾਨ ਸਾਊਦੀ ਅਰਬ, ਚੀਨ, ਤੁਰਕੀ ਅਤੇ ਮਲੇਸ਼ੀਆਂ ਨਾਲ ਆਪਣੇ ਕੂਟਨੀਤਕ ਸਬੰਧਾਂ ਦੇ ਅਧਾਰ ‘ਤੇ ਪੂਰੀ ਸਥਿਤੀ ਨੂੰ ਆਪਣੇ ਹੱਕ ‘ਚ ਕਰਨ ਦੀ ਵੀ ਕੋਸ਼ਿਸ ਕਰੇਗਾ।
ਅੰਤ ‘ਚ ਕਹਿ ਸਕਦੇ ਹਾਂ ਕਿ ਇਸ ਪੂਰੀ ਸਥਿਤੀ ਦੇ ਮੱਦੇਨਜ਼ਰ ਪਾਕਿਸਤਾਨ ਨੂੰ ਰਤਾ ਵੀ ਇਹ ਖਿਆਲ ਆਉਂਦਾ ਹੈ ਕਿ ਆਲਮੀ ਪੱਧਰ ‘ਤੇ ਆਪਣੇ ਅਕਸ ਨੂੰ ਸੁਧਾਰਨ ਲਈ  ਅਤੇ ਨਾਲ ਹੀ ਆਪਣੀ ਭਰੋਸੇਯੋਗਤਾ ਮੁੜ ਕਾਇਮ ਕਰਨ ਲਈ ਉਸ ਨੂੰ ਕੀ ਕਾਰਜ ਕਰਨੇ ਚਾਹੀਦੇ ਹਨ?