ਮੰਗੋਲੀਆਈ ਰਾਸ਼ਟਰਪਤੀ ਦਾ ਭਾਰਤੀ ਦੌਰਾ

ਮੰਗੋਲੀਆ ਦੇ ਰਾਸ਼ਟਰਪਤੀ ਖਾਲਟਮਾਗਿਨ ਬਟੁਲਗਾ ਭਾਰਤ ਦੇ ਪੰਜ ਰੋਜ਼ਾ ਦੌਰੇ ‘ਤੇ ਹਨ। ਉਹ ਭਾਰਤੀ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਦੇ ਸੱਦੇ ‘ਤੇ ਮੁਲਕ ਦਾ ਦੌਰਾ ਕਰ ਰਹੇ ਹਨ। ਇਕ ਦਹਾਕੇ ਸਮੇਂ ਦੌਰਾਨ ਕਿਸੇ ਮੰਗੋਲੀਆਈ ਰਾਸ਼ਟਰਪਤੀ ਦੀ ਭਾਰਤ ‘ਚ ਲਗਭਗ ਇਹ ਪਹਿਲੀ ਯਾਤਰਾ ਹੈ। ਮੰਗੋਲੀਆ ਦੇ ਰਾਸ਼ਟਰਪਤੀ ਨਾਲ ਇਕ ਉੱਚ ਪੱਧਰੀ ਵਫ਼ਦ ਵੀ ਹੈ ਜਿਸ ਵਿਚ ਸਰਕਾਰੀ ਅਧਿਕਾਰੀ ਅਤੇ ਕਾਰੋਬਾਰੀ ਨੇਤਾ ਸ਼ਾਮਲ ਹਨ।

ਭਾਰਤ ਦਾ ਦੌਰਾ ਕਰਨ ਵਾਲੇ ਰਾਸ਼ਟਰਪਤੀ ਸ੍ਰੀ ਬਟੁਲਗਾ ਨੇ ਰਾਸ਼ਟਰਪਤੀ ਕੋਵਿੰਦ ਨਾਲ ਵਿਆਪਕ ਪੱਧਰ ‘ਤੇ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਦੇ ਸਨਮਾਨ ਵਿੱਚ ਭਾਰਤੀ ਰਾਸ਼ਟਰਪਤੀ ਦੁਆਰਾ ਇੱਕ ਦਾਅਵਤ ਦੀ ਮੇਜ਼ਬਾਨੀ ਕੀਤੀ ਗਈ। ਉਪ-ਰਾਸ਼ਟਰਪਤੀ ਮ. ਵੈਂਕਈਆ ਨਾਇਡੂ ਨੇ ਵੀ ਮੰਗੋਲੀਆਈ ਰਾਸ਼ਟਰਪਤੀ ਨੂੰ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਬਟੁਲਗਾ ਨਾਲ ਵਫ਼ਦ ਪੱਧਰੀ ਗੱਲਬਾਤ ਕੀਤੀ। ਭਾਰਤ ਦੇ ਪ੍ਰਧਾਨ ਮੰਤਰੀ ਅਤੇ ਮੰਗੋਲੀਆਈ ਰਾਸ਼ਟਰਪਤੀ ਦਰਮਿਆਨ ਹੋਈ ਵਾਰਤਾਲਾਪ ਵਿਚ ਦੋਵਾਂ ਮੁਲਕਾਂ ਨੇ ਦੁਵੱਲੇ ਖੇਤਰੀ ਅਤੇ ਵਿਸ਼ਵਵਿਆਪੀ ਮੁੱਦਿਆਂ ਨੂੰ ਸ਼ਾਮਿਲ ਕੀਤਾ। ਇਸ ਵਾਰਤਾ ਦਾ ਮੁੱਖ ਮੁੱਦਾ ਸਮਰੱਥਾ ਵਧਾਉਣ, ਸੁਰੱਖਿਆ, ਬੁਨਿਆਦੀ ਢਾਂਚਾ, ਊਰਜਾ, ਆਫ਼ਤ ਪ੍ਰਬੰਧਨ ਅਤੇ ਸਭਿਆਚਾਰਕ ਵਟਾਂਦਰੇ ਵਿਚ ਦੁਵੱਲੇ ਸਹਿਯੋਗ ਦਾ ਏਜੰਡਾ ਸੀ। ਕਬੀਲੇਗੌਰ ਹੈ ਕਿ ਰਾਸ਼ਟਰਪਤੀ ਅਤੇ ਪ੍ਰਧਾਨਮੰਤਰੀ ਮੋਦੀ ਦੀ ਇਹ ਮੁਲਾਕਾਤ ਕੁਝ ਸਮੇਂ ‘ਚ ਦੂਜੀ ਬੈਠਕ ਸੀ। ਪ੍ਰਧਾਨਮੰਤਰੀ ਮੋਦੀ ਨੇ ਰੂਸ ਦੇ ਦੂਰ ਪੂਰਬ ਦੇ ਵਲਾਦੀਵੋਸਤੋਕ ਵਿਖੇ ਹੋਈ ਪੂਰਬੀ ਆਰਥਿਕ ਫੋਰਮ (ਈ.ਈ.ਐਫ.) ਦੀ ਪੰਜਵੀਂ ਬੈਠਕ ‘ਚ ਸਤੰਬਰ 2019 ਦੇ ਪਹਿਲੇ ਹਫ਼ਤੇ ਮੰਗੋਲੀਆਈ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਸੀ।

ਭਾਰਤ ਪੂਰਬ ਨਾਲ ਆਪਣੀ ਸਾਂਝ ਨੂੰ ਮੁੜ ਸੁਰਜੀਤ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ 2015 ਵਿੱਚ ਮੰਗੋਲੀਆ ਦਾ ਮਹੱਤਵਪੂਰਨ ਦੌਰਾ ਕੀਤਾ ਸੀ। ਦੋਵਾਂ ਮੁਲਕਾਂ ਨੇ ਸਾਲ 2015 ਵਿੱਚ ਇੱਕ ਰਣਨੀਤਕ ਭਾਈਵਾਲੀ ਸਥਾਪਤ ਕਰਨ ਲਈ ਇੱਕ ਸਮਝੌਤੇ ‘ਤੇ ਦਸਤਖ਼ਤ ਕੀਤੇ ਸਨ, ਜੋ ਆਜ਼ਾਦੀ ਅਤੇ ਲੋਕਤੰਤਰ ਦੇ ਆਦਰਸ਼ਾਂ ਦੇ ਨਾਲ ਨਾਲ ਸਾਂਝੀ ਬੋਧੀ ਵਿਰਾਸਤ ਦੀ ਮਜ਼ਬੂਤ ਨੀਂਹ ‘ਤੇ ਅਧਾਰਿਤ ਸੀ। ਮੰਗੋਲੀਆ ਦੇ ਰਾਸ਼ਟਰਪਤੀ ਦੇ ਪੰਜ ਰੋਜ਼ਾ ਦੌਰੇ ‘ਤੇ ਦੋਵਾਂ ਮੁਲਕਾਂ ਦਰਮਿਆਨ ਸਬੰਧ ਹੋਰ ਮਜ਼ਬੂਤ ਹੋਣ ਅਤੇ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੀ ਸੰਭਾਵਨਾ ਹੈ।

ਭਾਰਤ ਅਤੇ ਮੰਗੋਲੀਆ ਨੇ ਦਸੰਬਰ 1955 ਵਿਚ ਕੂਟਨੀਤਕ ਸਬੰਧ ਸਥਾਪਤ ਕੀਤੇ ਸਨ। ਮੰਗੋਲੀਆ ਜ਼ਮੀਨੀ ਪੱਧਰ ‘ਤੇ ਘਿਰਿਆ ਹੋਇਆ ਦੇਸ਼ ਹੈ ਅਤੇ ਇਸ ਦੇ ਸਿਰਫ਼ ਦੋ ਗੁਆਂਢੀ ਰੂਸ ਅਤੇ ਚੀਨ ਹਨ। ਮੰਗੋਲੀਆ ਆਪਣੇ ਤੀਜੇ ਗੁਆਂਢੀ ਦੀ ਦਿਲਚਸਪ ਨੀਤੀ ਰਾਹੀਂ ਦੂਜੇ ਮੁਲਕਾਂ ਤੱਕ ਪਹੁੰਚ ਕਰ ਰਿਹਾ ਹੈ। ਮੰਗੋਲੀਆ ਵਿਚ ਬਹੁਤ ਸਾਰੇ ਲੋਕ ਬੁੱਧ ਧਰਮ ਦੇ ਮਜ਼ਬੂਤ ਅਤੇ ਇਤਿਹਾਸਕ ਸਬੰਧਾਂ ਕਾਰਨ ਭਾਰਤ ਨੂੰ ਆਪਣਾ “ਅਧਿਆਤਮਕ ਗੁਆਂਢੀ” ਮੰਨਦੇ ਹਨ। ਮੰਗੋਲੀਆ ਵਿਚ ਭਾਰਤ ਦੇ ਸਾਬਕਾ ਰਾਜਦੂਤ ਬਕੁਲਾ ਰਿੰਪੋਚੇ ਨੂੰ ਪਿਆਰ ਨਾਲ ਯਾਦ ਕੀਤਾ ਜਾਂਦਾ ਹੈ। 1990-2000 ਤੋਂ ਉਲਾਨਬਾਤਰ ਵਿਖੇ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਭਾਰਤ ਨਾਲ ਬੁੱਧ ਸਬੰਧੀ ਵਿਰਾਸਤ ਨੂੰ ਮਜ਼ਬੂਤ ਕਰਨ ਵਿਚ ਮਹੱਤਵਪੂਰਨ ਯੋਗਦਾਨ ਪਾਇਆ। ਉਨ੍ਹਾਂ ਨੇ ਬਹੁਤ ਸਾਰੇ ਮੱਠਾਂ ਨੂੰ ਸੁਰਜੀਤ ਕਰਨ ਵਿੱਚ ਸਹਾਇਤਾ ਕੀਤੀ।

ਮੰਗੋਲੀਆ ਵਿਸ਼ਾਲ ਕੁਦਰਤੀ ਸਰੋਤਾਂ ਨਾਲ ਭਰਪੂਰ ਵੱਡਾ ਦੇਸ਼ ਹੈ ਪਰ ਇਸਦੀ ਆਬਾਦੀ ‘ਰਾਜਧਾਨੀ ਉਲਾਨਬਾਤਰ’ ਵਿਚ ਕੇਂਦ੍ਰਿਤ ਹੈ। ਸੰਭਾਵਨਾ ਦੇ ਬਾਵਜੂਦ ਦੋਵਾਂ ਮੁਲਕਾਂ ਦਰਮਿਆਨ ਵਪਾਰ ਘੱਟ ਹੋਇਆ ਹੈ। 2018-19 ਵਿਚ ਦੋਵਾਂ ਮੁਲਕਾਂ ਵਿਚਾਲੇ ਕੁੱਲ ਵਪਾਰ ਸਿਰਫ਼ 23.83 ਮਿਲੀਅਨ ਅਮਰੀਕੀ ਡਾਲਰ ਸੀ। ਫਿਰ ਵੀ ਹਾਲ ਹੀ ‘ਚ ਵਪਾਰ ਵਧ ਰਿਹਾ ਹੈ। ਵਪਾਰਕ ਸੰਤੁਲਨ ਦਾ ਝੁਕਾਅ ਭਾਰਤ ਵੱਲ ਹੈ। ਮੰਗੋਲੀਆ ਪੂਰਬ ਨਾਲ ਭਾਰਤ ਦੀ ਸਾਂਝ ਵਿਚ ਮਹੱਤਵਪੂਰਣ ਭੂਮਿਕਾ ਅਦਾ ਕਰ ਸਕਦਾ ਹੈ।

ਜਿਵੇਂ ਹੀ ਵਿਸ਼ਵੀ ਧੁਰਾ ਮੁੱਖ ਪੂਰਬ ਵੱਲ ਵਧ ਰਿਹਾ ਹੈ, ਉਵੇਂ ਹੀ ਭਾਰਤ ਪੂਰਬ ਵੱਲ ਵੱਧਣ ਦੀ ਕੋਸ਼ਿਸ਼ ਕਰ ਰਿਹਾ ਹੈ। ਭਾਰਤ ਸਰਗਰਮਤਾ ਨਾਲ ਆਪਣੀਆਂ “ਐਕਟ ਈਸਟ” ਅਤੇ ਹੁਣ “ਐਕਟ ਫੌਰ ਈਸਟ” ਦੀਆਂ ਨੀਤੀਆਂ ‘ਤੇ ਚੱਲ ਰਿਹਾ ਹੈ। ਇਸ ਦੀ ਘੋਸ਼ਣਾ ਇਸ ਮਹੀਨੇ ਦੇ ਆਰੰਭ ਵਿੱਚ ਪ੍ਰਧਾਨ ਮੰਤਰੀ ਦੀ ਰੂਸ ਯਾਤਰਾ ਦੌਰਾਨ ਕੀਤੀ ਗਈ ਹੈ। ਦੁਨੀਆ ਦੇ ਪੂਰਬੀ ਹਿੱਸੇ ਨਾਲ ਭਾਰਤ ਦੀ ਸ਼ਮੂਲੀਅਤ ਸਬੰਧੀ ਮੰਗੋਲੀਆ ਇੱਕ ਮਹੱਤਵਪੂਰਣ ਭੂਮਿਕਾ ਅਦਾ ਕਰ ਸਕਦਾ ਹੈ। ਭਾਰਤ 2015 ‘ਚ ਪ੍ਰਧਾਨ ਮੰਤਰੀ ਮੋਦੀ ਦੀ ਯਾਤਰਾ ਦੌਰਾਨ ਘੋਸ਼ਿਤ 1 ਬਿਲੀਅਨ ਅਮਰੀਕੀ ਡਾਲਰ ਦੀ ਰੇਖਾ ਤਹਿਤ ਇਕ ਤੇਲ ਰਿਫ਼ਾਇਨਰੀ ਪਰਿਯੋਜਨਾ ਚਲਾ ਰਿਹਾ ਹੈ। ਨਵੀਂ ਦਿੱਲੀ ਨੇ ਸਤੰਬਰ 2019 ਵਿਚ ਸ੍ਰੀ ਮੋਦੀ ਦੀ ਦੇਸ਼ ਯਾਤਰਾ ਦੌਰਾਨ ਰੂਸ ਨੂੰ 1 ਬਿਲੀਅਨ ਅਮਰੀਕੀ ਡਾਲਰ ਲਾਇਨ ਕ੍ਰੇਡਿਟ ਦਾ ਵਿਸਤਾਰ ਕੀਤਾ ਹੈ।

ਮੰਗੋਲੀਆ ਨੇ ਕੁਝ ਮਿਲਦੇ-ਜੁਲਦੇ ਵੱਡੇ ਅੰਤਰਰਾਸ਼ਟਰੀ ਮਸਲੇ ਭਾਰਤ ਨਾਲ ਸਾਂਝੇ ਕੀਤੇ ਹਨ। ਇਹ ਮੁਲਕ ਸ਼ੰਘਾਈ ਸਹਿਕਾਰਤਾ ਸੰਗਠਨ (ਐਸ.ਸੀ.ਓ.) ਦਾ ਨਿਗਰਾਨ ਵੀ ਹੈ, ਜਿਸ ਦਾ ਭਾਰਤ ਸਾਲ 2017 ਤੋਂ ਪੂਰਾ ਮੈਂਬਰ ਬਣ ਗਿਆ ਹੈ।

ਭਾਰਤ ਅਤੇ ਮੰਗੋਲੀਆ ਸੁਰੱਖਿਆ ਅਤੇ ਰੱਖਿਆ ਦੇ ਖੇਤਰਾਂ ਵਿਚ ਵੀ ਸਹਿਯੋਗ ਦੇਣਗੇ। ਭਾਰਤ-ਮੰਗੋਲੀਆ ਦਾ ਇਕ ਸੰਯੁਕਤ ਅਭਿਆਸ ‘ਨੋਮੈਡਿਕ ਏਲੀਫੈਂਟ’ ਹਰ ਸਾਲ ਆਯੋਜਿਤ ਕੀਤਾ ਜਾਂਦਾ ਹੈ। ਭਾਰਤ ਅਤੇ ਮੰਗੋਲੀਆ ਦਰਮਿਆਨ ਲੋਕਾਂ ਤੋਂ ਲੋਕਾਂ ਅਤੇ ਸਭਿਆਚਾਰਕ ਸਹਿਯੋਗ ਵੱਧ ਰਿਹਾ ਹੈ। ਇਹ ਉਮੀਦ ਕੀਤੀ ਜਾਂਦੀ ਹੈ ਕਿ ਰਾਸ਼ਟਰਪਤੀ ਬਟੁਲਗਾ ਦੀ ਰਾਜ ਫੇਰੀ ਤੋਂ ਬਾਅਦ ਭਾਰਤ ਅਤੇ ਮੰਗੋਲੀਆ ਦਰਮਿਆਨ ਰਣਨੀਤਕ ਭਾਈਵਾਲੀ ਹੋਰ ਗਹਿਰੀ ਹੋਵੇਗੀ।

 

ਸਕ੍ਰਿਪਟ: ਡਾ. ਅਥਾਰ ਜ਼ਫਰ, ਸੀ.ਆਈ.ਐਸ ‘ਤੇ ਰਣਨੀਤਕ ਵਿਸ਼ਲੇਸ਼ਕ
ਅਨੁਵਾਦਕ: ਸਿਮਰਨਜੀਤ ਕੌਰ