ਹਾਓਡੀ ਮੋਦੀ- ਬੇਮਿਸਾਲ ਘਟਨਾ

ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਹਿਊਸਟਨ ‘ਚ ਐਨ.ਆਰ.ਜੀ ਸਟੇਡੀਅਮ  ਵਿਖੇ ਆਯੋਜਿਤ ਹੋਏ ਇੱਕ ਇਤਿਹਾਸਕ ‘ਹਾਓਡੀ ਮੋਦੀ’ ਪ੍ਰੋਗਰਾਮ ਨਾਲ ਆਪਣੇ ਦੌਰੇ ਦਾ ਆਗਾਜ਼ ਕੀਤਾ।ਇਸ ਪ੍ਰੋਗਰਾਮ ਦੌਰਾਨ 50 ਹਜ਼ਾਰ ਤੋਂ ਵੀ ਵੱਧ ਭਾਰਤੀ –ਅਮਰੀਕੀ ਭਾਈਚਾਰੇ ਦੇ ਲੋਕਾਂ ਨੇ ਸ਼ਿਰਕਤ ਕੀਤੀ।ਪੀਐਮ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਸਟੇਜ ਨੂੰ ਸਾਂਝਾ ਕੀਤਾ।

ਇਸ ਤੋਂ ਪਹਿਲਾਂ ਪੀਐਮ ਮੋਦੀ ਨੇ ਸਾਲ 2014 ‘ਚ ਨਿਊਯਾਰਕ ਵਿਖੇ ਮੈਡੀਸਨ ਸਕੁਆਇਰ ਗਾਰਡਨ ਅਤੇ 2015 ‘ਚ ਸੈਨ ਜੋਸ ‘ਚ ਅਮਰੀਕਾ ‘ਚ ਭਾਰਤ-ਅਮਰੀਕੀ ਭਾਈਚਾਰੇ ਨੂੰ ਸੰਬੋਧਿਤ ਕੀਤਾ ਸੀ।ਪਰ ਇਸ ਵਾਰ ਹਿਊਸਟਨ ਵਿਖੇ ਰਾਸ਼ਟਰਪਤੀ ਟਰੰਪ ਦੀ ਮੌਜੂਦਗੀ ਨੇ ਇਸ ਪ੍ਰੋਗਰਾਮ ਦੀ ਅਹਿਮੀਅਤ ਨੂੰ ਹੋਰ ਵਧਾ ਦਿੱਤਾ।ਇਸ ਤੋਂ ਇਲਾਵਾ ਅਮਰੀਕੀ ਸੈਨੇਟਰਾਂ ਅਤੇ ਕਾਨੂੰਨ ਘਾੜ੍ਹਿਆਂ ਨੇ ਵੀ ਇਸ ਪ੍ਰੋਗਰਾਮ ‘ਚ ਸ਼ਮੂਲੀਅਤ ਕੀਤੀ।ਜਿਸ ਤੋਂ ਸਪਸ਼ੱਟ ਹੁੰਦਾ ਹੈ ਕਿ ਭਾਰਤ-ਅਮਰੀਕਾ ਭਾਈਵਾਲੀ ਮਜ਼ਬੂਤ ਹੋ ਰਹੀ ਹੈ।

ਰਾਸ਼ਟਰਪਤੀ ਟਰੰਪ ਬਾਰੇ ਬੋਲਦਿਆਂ ਪੀਐਮ ਮੋਦੀ ਨੇ ਪਹਿਲਾਂ ਤਾਂ ਉਨ੍ਹਾਂ ਵੱਲੋਂ ਇਸ ਪ੍ਰੋਗਰਾਮ ‘ਚ ਆਉਣ ‘ਤੇ ਧੰਨਵਾਦ ਪ੍ਰਗਟ ਕੀਤਾ। ਦਰਅਸਲ ਇਹ ਸਮਾਗਮ ਦੋ ਵੱਡੀਆਂ ਜਮਹੂਰੀ ਤਾਕਤਾਂ ਦੇ ਦਿਲ ਦੀ ਧੜਕਨ ਵੱਜੋਂ ਆਪਣੀ ਅਹਿਮੀਅਤ ਰੱਖਦਾ ਹੈ।ਪੀਐਮ ਮੋਦੀ ਨੇ ਸ਼੍ਰੀ ਟਰੰਪ ਨੂੰ ਆਪਣਾ, ਭਾਰਤ ਦਾ ਪੱਕਾ ਦੋਸਤ ਅਤੇ ਅਮਰੀਕਾ ਦਾ ਮਹਾਨ ਰਾਸ਼ਟਰਪਤੀ ਦੱਸਿਆ।

ਰਾਸ਼ਟਰਪਤੀ ਟਰੰਪ ਨੇ ਇਸ ਪ੍ਰੋਗਰਾਮ ਨੂੰ ‘ਇਤਿਹਾਸਕ’ ਦੱਸਿਆ ਅਤੇ ਨਾਲ ਹੀ ਭਾਰਤ ਅਤੇ ਅਮਰੀਕਾ ਨੂੰ ਨਜ਼ਦੀਕ ਅਤੇ ਏਕਤਾ ਦੇ ਸੂਤਰ ‘ਚ ਬਣਨ ਵਾਲਾ ਇਕ ਜ਼ਸ਼ਨ ਦੱਸਿਆ।ਉਨ੍ਹਾਂ ਨੇ ਪੀਐਮ ਮੋਦੀ ਦੀ ਅਗਵਾਈ ਵਾਲੇ ਪ੍ਰਸ਼ਾਸਨ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ 300 ਮਿਲੀਅਨ ਲੋਕਾਂ ਨੂੰ ਗਰੀਬੀ ਦੇ ਸ਼ਿੰਕਜੇ ਤੋਂ ਬਾਹਰ ਕੱਢਣ ਲਈ ਉਨਾਂ ਦੇ ਯਤਨਾਂ ਦੀ ਪ੍ਰਸੰਸਾ ਕੀਤੀ।ਰਾਸ਼ਟਰਪਤੀ ਟਰੰਪ ਨੇ ਚਾਰ ਮਿਲੀਅਨ ਮਜ਼ਬੂਤ ਭਾਰਤੀ-ਅਮਰੀਕੀ ਭਾਈਚਾਰੇ ਦੇ ਲੋਕਾਂ ਦੀ ਤਾਰੀਫ਼ ਕਰਦਿਆਂ ਉਨ੍ਹਾਂ ਨੂੰ ਮਿਹਨਤੀ ਦੱਸਿਆ ਜਿੰਨ੍ਹਾਂ ਨੇ ਕਈ ਨਵੇਂ ਕਾਰੋਬਾਰਾਂ ਰਾਹੀਂ ਹਜ਼ਾਰਾਂ ਹੀ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਹੈ।ਭਾਰਤ-ਅਮਰੀਕਾ ਸਬੰਧਾਂ ਬਾਰੇ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਦੋਵਾਂ ਮੁਲਕਾਂ ਦਰਮਿਆਨ ਇਹ ਰਿਸ਼ਤੇ ਪਹਿਲਾਂ ਇੰਨ੍ਹੇ ਮਜ਼ਬੂਤ ਨਹੀਂ ਸਨ , ਜੋ ਕਿ ਮੌਜੂਦਾ ਸਮੇਂ ‘ਚ ਹਨ।ਸ੍ਰੀ ਟਰੰਪ ਨੇ ਜ਼ੋਰ ਦੇ ਕੇ ਕਿਹਾ ਕਿ ਊਰਜਾ ਸਹਿਯੋਗ, ਸੁਰੱਖਿਆ ਅਤੇ ਰੱਖਿਆ ਸਹਿਯੋਗ ਅਤੇ ਪੁਲਾੜ ਸਹਿਯੋਗ ਦੋਵਾਂ ਦੇਸ਼ਾਂ ਵਿਚਾਲੇ ਸਹਿਯੋਗ ਦੇ ਅਹਿਮ ਖੇਤਰ ਹਨ।ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਦੋਵੇਂ ਮੁਲਕ ਕੱਟੜਵਾਦ ਅਤੇ ਅੱਤਵਾਦ ਦੇ ਖਿਲਾਫ਼ ਇੱਕਠੇ ਖੜ੍ਹੇ ਹਨ ਅਤੇ ਭਵਿੱਖ ‘ਚ ਵੀ ਇਹ ਸਹਿਯੋਗ ਜਾਰੀ ਰਹੇਗਾ।ਇਸ ਦੇ ਨਾਲ ਹੀ ਉਨ੍ਹਾਂ ਨੇ ਅਮਰੀਕਾ ‘ਚ ਭਾਰਤੀ ਕੰਪਨੀਆਂ ਵੱਲੋਂ ਕੀਤੇ ਜਾ ਰਹੇ ਨਿਵੇਸ਼ ਦੀ ਵੀ ਸ਼ਲਾਘਾ ਕੀਤੀ।

ਪੂਰੇ ਉਤਸ਼ਾਹ ਨਾਲ ਆਪਣੇ ਸੰਬੋਧਨ ‘ਚ ਪੀਐਮ ਮੋਦੀ ਨੇ ਭਾਰਤ ਦੇ ਵਿਕਾਸ ਸਬੰਧੀ ਆਪਣੇ ਦ੍ਰਿਸ਼ਟੀਕੋਣ ਨੂੰ ਪੇਸ਼ ਕਰਦਿਆਂ ਕਿਹਾ ਕਿ “ ਅਸੀਂ ਆਪਣੇ ਆਪ ਨੂੰ ਚੁਣੌਤੀ ਦੀ ਰਾਹ ‘ਤੇ ਅੱਗੇ ਲੈ ਕੇ ਜਾ ਰਹੇ ਹਾਂ….ਅਸੀਂ ਨਵੀਆਂ ਚੁਣੌਤੀਆਂ ਨੂੰ ਤੈਅ ਕਰਨ ਅਤੇ ਉਨ੍ਹਾਂ ਨੂੰ ਪੂਰਾ ਕਰਨ ਦੀ ਠਾਣ ਲਈ ਹੈ”। ਪੀਐਮ ਮੋਦੀ ਨੇ ਵਿਸ਼ੇਸ਼ ਤੌਰ ‘ਤੇ ਦੱਸਿਆ ਕਿ ਭਾਰਤ ‘ਚ ਪਿਛਲੇ ਪੰਜ ਸਾਲਾਂ ‘ਚ ਪੇਂਡੂ ਖੇਤਰਾਂ ‘ਚ ਸਵੱਛਤਾ ਦਾ ਪੱਧਰ 38% ਤੋਂ 99% ਤੱਕ ਪਹੁੰਚਾਇਆ ਗਿਆ ਹੈ, ਜਿਸ ‘ਚ 110 ਮਿਲੀਅਨ ਪਖਾਨਿਆਂ ਦਾ ਨਿਰਮਾਣ, 150 ਮਿਲੀਅਨ ਲੋਕਾਂ ਨੂੰ ਰਸੋਈ ਗੈਸ ਕੁਨੈਕਸ਼ਨ ਉਪਲਬਧ ਕਰਵਾਏ ਗਏ ਹਨ।ਇਸ ਤੋਂ ਇਲਾਵਾ ਪੇਂਡੂ ਸੰਪਰਕ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਨਵੀਆਂ ਸੜਕਾਂ ਦਾ ਨਿਰਮਾਣ ਅਤੇ 100% ਬੈਂਕ ਖਾਤੇ ਖੁਲਵਾਏ ਗਏ ਹਨ।

ਡਿਜੀਟਲ ਡਾਟਾ ਨੇ ਡਾਟਾ ਨੂੰ ਕਿਫਾਇਤੀ ਬਣਾ ਦਿੱਤਾ ਹੈ ਅਤੇ ਨਾਲ ਹੀ ਕਾਰੋਬਾਰੀ ਮਾਹੌਲ ਨੂੰ ਅਸਾਨ ਬਣਾਉਣ ‘ਚ ਵੀ ਮਦਦ ਕੀਤੀ ਹੈ।ਭਾਰਤੀ ਅਰਥ ਵਿਵਸਥਾ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਨੇ 5 ਲੱਖ ਕਰੋੜ ਦੀ ਅਰਥ ਵਿਵਸਥਾ ਲਈ ਆਪਣੀ ਕਮਰ ਕੱਸੀ ਹੋਈ ਹੈ।ਕਈ ਸੈਕਟਰਾਂ ‘ਚ ਅਸਾਨ ਨੇਮਾਂ ਨੇ ਭਾਰਤ ਨੂੰ ਸਿੱਧੇ ਵਿਦੇਸ਼ੀ ਨਿਵੇਸ਼ ਲਈ ਇੱਕ ਪਸੰਦੀਦਾ ਮੰਜ਼ਿਲ ਵੱਜੋਂ ਪੇਸ਼ ਕੀਤਾ ਹੈ।

ਭਾਰਤ ਨੇ ਕਈ ਪੁਰਾਣੇ ਨਿਯਮਾਂ ਅਤੇ ਅਮਲਾਂ ਨੂੰ ਅਲਵਿਦਾ ਕਹੀ ਹੈ।ਭਾਰਤ ਨੇ ਕਸ਼ਮੀਰ ਦੇ ਹਵਾਲੇ ਨਾਲ ਧਾਰਾ 370 ਨੂੰ ਵੀ ਮਨਸੂਖ ਕੀਤਾ ਹੈ, ਜਿਸ ਤੋਂ ਬਾਅਧ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਦੋ ਵੱਖ-ਵੱਖ ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ ਵੰਡਨ ਦਾ ਐਲਾਨ ਕੀਤਾ ਗਿਆ ਹੈ। ਇਸ ਖਾਸ ਧਾਰਾ ਦੇ ਰੱਦ ਹੋਣ ਤੋਂ ਬਾਅਧ ਵਾਦੀ ਨੂੰ ਅੱਤਵਾਦ ਤੋਂ ਬਚਾਇਆ ਜਾ ਸਕੇਗਾ।

ਅੱਤਵਾਦ ਨੂੰ ਹਿਮਾਇਤ ਦੇਣ ਵਾਲੇ ਦੋਸ਼ੀਆਂ ਖਿਲਾਫ਼ ਨਿਰਣਾਇਕ ਕਾਰਵਾਈ ਦੀ ਮੰਗ ਕਰਦਿਆਂ ਪੀਐਮ ਮੋਦੀ ਨੇ ਪਾਕਿਸਤਾਨ ਨੂੰ ਅਸਿੱਧੇ ਤੌਰ ‘ਤੇ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਭਾਵੇਂ ਅਮਰੀਕਾ ‘ਚ 9/11 ਦਾ ਅੱਤਵਾਦੀ ਹਮਲਾ ਹੋਵੇ ਜਾਂ ਫਿਰ ਭਾਰਤ ‘ਚ 26/11 ਦਾ ਦਹਿਸ਼ਤਗਰਦੀ ਦੇ ਖੂਨੀ ਹਮਲੇ, ਅਜਿਹੇ ਹਮਲਿਆਂ ਦੀ ਸਾਜ਼ਿਸ਼ ਰਚਨ ਵਾਲੇ ਕਿੱਥੋਂ ਮਿਲੇ ਹਨ?

ਹਾਓਡੀ ਮੋਦੀ ‘ਤੇ ਪੁੱਛੇ ਇੱਕ ਸਵਾਲ ਦੇ ਜਵਾਬ ‘ਚ ਭਾਰਤੀ ਸਭਿਆਚਾਰ ਦੀ ਵਿਲੱਖਣਤਾ ਨੂੰ ਪੇਸ਼ ਕਰਦਿਆਂ ਵੱਖ- ਵੱਖ ਭਾਰਤੀ ਭਾਸ਼ਾਵਾ ‘ਚ ਇਸ ਦਾ ਅਰਥ ‘ ਸਭ ਵਧੀਆ ਹੈ’ ਦੱਸਿਆ।ਉਨ੍ਹਾਂ ਨੇ ਕਿਹਾ ਕਿ ਇਹ ਵਿਿਭੰਨਤਾ ਅਤੇ ਵਿਲੱਖਣਤਾ ਹੀ ਭਾਰਤ ਦੇ ਲੋਕਤੰਤਰ ਦਾ ਮੁੱਖ ਧੁਰਾ ਅਤੇ ਪ੍ਰੇਰਣਾ ਹੈ।

ਹਾਓਡੀ ਮੋਦੀ ਨੇ ਰਾਸ਼ਟਰਪਤੀ ਟਰੰਪ ਅਤੇ ਪੀਐਮ ਮੋਦੀ ਵਿਚਾਲੇ ਨਿਊਯਾਰਕ ‘ਚ ਹੋਣ ਵਾਲੀ ਦੁਵੱਲੀ ਬੈਠਕ ਤੋਂ ਪਹਿਲਾਂ ਇਕ ਮਾਹੌਲ ਤਿਆਰ ਕਰ ਦਿੱਤਾ ਹੈ।ਇਸ ਤੋਂ ਪਹਿਲਾਂ ਪੀਐਮ ਮੋਦੀ ਨੇ ਹਿਊਟਸਨ ਪਹੁੰਚ ਕੇ ਊਰਜਾ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਇਕ ਗੋਲਮੇਜ਼ ਬੈਠਕ ਵੀ ਕੀਤੀ। ਇਸ ਵਿਚਾਰ ਚਰਚਾ ਦੌਰਾਨ ਊਰਜਾ ਖੇਤਰ ‘ਚ ਆਪਸੀ ਮੇਲਜੋਲ ਨਾਲ ਕੰਮ ਕਰਨ ਅਤੇ ਭਾਰਤ ਅਤੇ ਅਮਰੀਕਾ ਦਰਮਿਆਨ ਆਪਸੀ ਨਿਵੇਸ਼ ਦੇ ਮੌਕਿਆਂ ਦੇ ਵਿਸਥਾਰ ‘ਤੇ ਧਿਆਨ ਕੇਂਦਰਿਤ ਕੀਤਾ ਗਿਆ ।ਉਨ੍ਹਾਂ ਨੇ ਪ੍ਰਵਾਸੀ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਵੀ ਮੁਲਾਕਾਤ ਕੀਤੀ।

ਪੀਐਮ ਮੋਦੀ ਨਿਊਯਾਰਕ ਪਹੁੰਚੇ ਹਨ, ਜਿੱਥੇ ਉਹ ਸੰਯੁਕਤ ਰਾਸ਼ਟਰ ਦੀ 73ਵੀਂ ਮਹਾਂਸਭਾ ‘ਚ ਸ਼ਿਰਕਤ ਕਰਨਗੇ ਅਤੇ ਨਾਲ ਹੀ ਵੱਖ-ਵੱਖ ਦੁਵੱਲੀਆਂ ਬੈਠਕਾਂ ‘ਚ ਵੀ ਸ਼ਾਮਲ ਹੋਣਗੇ

ਸਕ੍ਰਿਪਟ: ਸਫ਼ੀਰ ਨਵਤੇਜ ਸਰਨਾ, ਸੰਯੁਕਤ ਰਾਸ਼ਟਰ ਲਈ ਸਾਬਕਾ ਭਾਰਤੀ ਦੂਤ